ਜੀਵਨ ਨੂੰ ਸੁਹਣਾ ਸੁਖਾਵਾਂ ਬਣਾਉਣ ਦੀ ਇੱਛਾ, ਸੰਤਾ ਸਿੰਘ ਦੇ ਮਨ ਵਿਚ ਜਮਾਂਦਰੂ ਸੀ। ਇਸ ਦੇ ਜਤਨ ਦੀ ਪ੍ਰੇਰਣਾ ਉਸ ਨੂੰ ਬਖਤਪੁਰੀਏ ਨਿਹੰਗ, ਸ਼ਾਮ ਸਿੰਘ ਕੋਲੋਂ ਮਿਲੀ ਸੀ। ਨਿਹੰਗ ਦੇ ਪੁਰਖੇ ਜੁੱਤੀਆਂ ਸਿਊਣ ਦਾ ਕੰਮ ਕਰਦੇ ਸਨ। ਉਸ ਦੀ ਮਿਹਨਤ, ਲਗਨ ਅਤੇ ਉਸ ਦੇ ਭਰਾਵਾਂ ਦੇ ਸਹਿਯੋਗ ਦਾ ਸਦਕਾ ਹੁਣ ਸਤਾਰਾਂ ਕਿੱਲੇ ਤੋਂ ਉਸ ਦੇ ਹਲਾਂ ਹੇਠਾਂ ਸੀ । ਫ਼ੌਜੀ ਨੌਕਰੀ ਨੇ ਸੰਤਾ ਸਿੰਘ ਵਿਚ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਸਮਰੱਥਾ ਵੀ ਪੈਦਾ ਕਰ ਦਿੱਤੀ ਸੀ। ਉਸ ਨੇ ਦ੍ਰਿੜ ਇਰਾਦਾ ਬਣਾ ਲਿਆ ਸੀ ਕਿ ਭੇਜ ਦੀ ਨੌਕਰੀ ਪਿੱਛੋਂ ਉਹ ਵਾਹੀ ਕਰੇਗਾ।
ਵੱਡੀ ਜੰਗ ਦੇ ਖ਼ਾਤਮੇ ਸਮੇਂ ਸੰਤਾ ਸਿੰਘ ਯੌਰਪ ਵਿਚ ਸੀ। ਉਹ 1946 ਵਿਚ ਦੇਸ਼ ਵਾਪਸ ਗਿਆ। ਅਗਲੇ ਸਾਲ ਦੇਸ਼ ਆਜ਼ਾਦ ਹੋ ਗਿਆ। ਸੰਤਾ ਸਿੰਘ ਦੀ ਰਜਮੈਂਟ ਨੂੰ ਆਬਾਦੀ ਦੇ ਤਬਾਦਲੇ ਦੇ ਕੰਮ ਉੱਤੇ ਲਾਇਆ ਗਿਆ। ਇਸ ਸਮੇਂ ਮਨੁੱਖਤਾ ਦੀ ਜੋ ਦੁਰਦਸ਼ਾ ਹੋਈ ਉਹ ਸੰਤਾ ਸਿੰਘ ਦੇ ਖ਼ਾਬੋ-ਖ਼ਿਆਲ ਵਿਚ ਨਹੀਂ ਸੀ: ਹਾਂ, ਇਹ ਗੱਲ ਉਸ ਦੇ ਮੰਨਣ ਵਿਚ ਆਉਂਦੀ ਸੀ ਕਿ 'ਇਸ ਸਾਰੀ ਬਰਬਾਦੀ ਦੇ ਜ਼ਿੰਮੇਦਾਰ ਅੰਗ੍ਰੇਜ਼ ਹਨ।' ਇਹ ਸੋਚਣ ਦੀ ਉਸ ਨੂੰ ਲੋੜ ਨਹੀਂ ਸੀ ਕਿ ਅੰਗ੍ਰੇਜ਼ਾਂ ਨੂੰ ਇਸ ਬਰਬਾਦੀ ਨਾਲ ਕੀ ਲਾਭ ਹੋਵੇਗਾ। ਉਸ ਸਹਿਮ ਦੇ ਸਾਹਮਣੇ ਸੋਚ ਸਕਣਾ ਸੰਭਵ ਹੀ ਨਹੀਂ ਸੀ।
ਆਬਾਦੀ ਦੇ ਤਬਾਦਲੇ ਦਾ ਕੰਮ ਖ਼ਤਮ ਹੋਇਆ ਤਾਂ ਸੰਤਾ ਸਿੰਘ ਦੀ ਰਜਮੈਂਟ ਨੂੰ ਕਾਗੋ ਭੇਜ ਦਿੱਤਾ ਗਿਆ। ਇਨ੍ਹਾਂ ਉਥਲ ਪੁਥਲਾਂ ਵਿਚ ਉਹ ਛੁੱਟੀ ਨਾ ਆ ਸਕਿਆ। ਛੁੱਟੀ ਦੀ ਉਸ ਨੂੰ ਕਾਹਲ ਵੀ ਨਹੀਂ ਸੀ। ਉਸ ਦੀ ਨੌਕਰੀ ਪੂਰੀ ਹੋਣ ਵਾਲੀ ਸੀ। ਉਹ ਪੈਨਸ਼ਨ ਲੈ ਕੇ ਹੀ ਘਰ ਜਾਣਾ ਚਾਹੁੰਦਾ ਸੀ ਤਾਂ ਜੁ ਟਿਕ ਕੇ ਵਾਹੀ ਦੇ ਕੰਮ ਵੱਲ ਧਿਆਨ ਦੇ ਸਕੇ। ਕਾਂਗੋ ਵਿਚ ਹੀ ਉਸ ਨੇ ਆਪਣੀ ਪੈਨਸ਼ਨ ਦੇ ਕਾਗਜ਼ਾਂ ਉੱਤੇ ਦਸਤਖ਼ਤ ਕੀਤੇ। ਪੈਨਸ਼ਨ ਆ ਕੇ ਉਸ ਨੇ ਆਪਣੇ ਪਿਤਾ ਦੇ ਮਿੱਤਰ, ਸ਼ਾਮ ਸਿੰਘ ਨਿਹੰਗ ਦੀ ਸਹਾਇਤਾ ਨਾਲ ਤਿੰਨ ਘੁਮਾਂ ਜ਼ਮੀਨ ਠੇਕੇ ਉੱਤੇ ਲੈ ਲਈ। ਘਰ ਦਾ ਇਕ ਝੋਟਾ ਉਸ ਕੋਲ ਹੈ ਸੀ; ਜੋਗ ਲਈ ਦੂਜੇ ਪਸ਼ੂ ਦੀ ਉਸ ਨੂੰ ਲੋੜ ਸੀ। ਉਸ ਦੀ ਮਾਤਾ ਨੇ ਸਲਾਹ ਦਿੱਤੀ, “ਸੰਤਾ ਸਿੰਹਾਂ, ਬਹੁਤੀਆਂ ਸਲਾਹਾਂ ਛੱਡ ਤੇ ਚੁੱਪ ਕਰ ਕੇ ਆਪਣੀ ਮਾਸੀ ਕੋਲ ਚਲੇ ਜਾ। ਪੁੰਨਿਆ ਦੀ ਪੁੰਨਿਆ ਉਨ੍ਹਾਂ ਦੇ ਲਾਗੇ ਮੰਡੀ ਲਗਦੀ ਆ। ਆਪਣੇ ਭਰਾ ਨੂੰ ਨਾਲ ਲੈ ਲਵੀਂ।