ਪੂਰਨਮਾਸ਼ੀ ਵਾਲੇ ਦਿਨ ਸਵੇਰੇ ਤਿਆਰ ਹੋ ਕੇ ਸੰਤਾ ਸਿੰਘ ਘਰੋਂ ਤੁਰਨ ਲੱਗਾ ਤਾਂ ਪਿਤਾ ਨੇ ਆਖਿਆ, "ਮੈਂ ਤੇਰੇ ਨਾਲ ਜਾਣ ਜੋਗਾ ਹੁੰਦਾ ਤਾਂ ਚੰਗਾ ਸੀ । ਤੈਨੂੰ ਮਾਲ ਢਾਂਡੇ ਦੀ ਕੋਈ ਪਰਖ ਨਹੀਂ। ਮੰਡੀਆਂ ਵਿਚ ਧੋਖੇ ਹੋ ਜਾਂਦੇ ਨੇ।"
ਸੰਤਾ ਸਿੰਘ ਤੋਂ ਪਹਿਲਾਂ ਹੀ ਉਸ ਦੀ ਮਾਤਾ ਨੇ ਕਹਿਣਾ ਸ਼ੁਰੂ ਕਰ ਦਿੱਤਾ, "ਨਾ ਪੁੱਤ, ਕੋਈ ਡਰ ਨਹੀਂ। ਤੇਰਾ ਭਰਾ ਤੇਰੇ ਨਾਲ ਹੋਊ; ਵੀਹਾਂ ਦੇ ਕੰਨ ਕੁਤਰਦਾ ਉਹ। ਤੂੰ ਸਿੱਧਾ ਮਾਸੀ ਕੋਲ ਚਲਾ ਜਾਵੀ। ਓਥੋਂ ਭਰਾ ਨੂੰ ਨਾਲ ਲੈ ਕੇ ਅਗਾਂਹ ਜਾਵੀਂ । ਜੋ ਕੋਈ ਸੌਦਾ ਬਣ ਗਿਆ ਤਾਂ ਰਾਤ ਮਾਸੀ ਕੋਲ ਰਹਿ ਕੇ ਅਗਲੇ ਦਿਨ ਆਵੀਂ। ਐਵੇਂ ਕਾਹਲ ਨਾ ਕਰੀਂ; ਦੂਰ ਦਾ ਪੈਂਡਾ, ਵਾਗਰੂ ਆਖ ਕੇ ਜਾਹ, ਮੇਰਾ ਪੁੱਤ।"
ਮਾਤਾ ਪਿਤਾ ਦੀ ਅਸ਼ੀਰਵਾਦ ਲੈ ਕੇ ਸੰਤਾ ਸਿੰਘ ਘਰੋਂ ਤੁਰ ਪਿਆ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਬੱਚਿਆਂ ਦੀ ਹਾਜ਼ਰੀ ਲਾ ਰਹੇ ਸਨ । ਆਪਣੇ ਬੀਤੇ ਜੀਵਨ ਬਾਰੇ ਸੋਚਦਾ ਸੰਤਾ ਸਿੰਘ ਗੋਸਲੀ ਪੁੱਜ ਗਿਆ। ਏਥੋਂ ਅੱਗੇ ਸੜਕ ਦਾ ਪੈਂਡਾ ਸੀ ਅਤੇ ਗੁਰਦਾਸਪੁਰ ਨੂੰ ਟਾਂਗ ਰਿਕਸ਼ੇ ਮਿਲ ਜਾਂਦੇ ਸਨ। ਉਸ ਦੀ ਮਾਸੀ ਦਾ ਪਿੰਡ, ਖੋਖਰ, ਰਾਹ ਵਿਚ ਹੀ ਸੀ। ਟਾਂਗੇ ਵਿਚ ਬੈਠਾ ਸੰਤਾ ਸਿੰਘ ਹੁਣ ਮਾਲ-ਮੰਡੀ ਬਲਦ ਅਤੇ ਆਪਣੀ ਵਾਹੀ ਬਾਰੇ ਸੋਚਣ ਲੱਗ ਪਿਆ। ਭਵਿੱਖ ਬਾਰੇ ਸੋਚਣਾ ਉਸ ਨੂੰ ਬੀਤੇ ਹੋਏ ਸਮੇਂ ਬਾਰੇ ਸੋਚਣ ਨਾਲੋਂ ਵਧੇਰੇ ਚੰਗਾ ਲੱਗਾ।
2
ਸਰਦਾਰਾਂ ਦਾ ਕਾਰ-ਮੁਖਤਾਰ ਅਤੇ ਲਾਗੇ ਬਾਹਰੇ ਵਿਚ ਹੁਸ਼ਿਆਰ ਮੰਨਿਆ ਜਾਣ ਵਾਲਾ ਬਚਨਾ ਕੁਝ ਮਹੀਨਿਆਂ ਤੋਂ ਸ਼ਰਮਿੰਦਾ ਅਤੇ ਉਦਾਸ ਦਿੱਸਦਾ ਸੀ। ਜੇ ਕੋਈ ਵੱਡੀ ਗੱਲ ਹੁੰਦੀ ਤਾਂ ਸ਼ਾਇਦ ਉਹ ਉਦਾਸ ਨਾ ਹੁੰਦਾ। ਇਕ ਨਿੱਕਾ ਜਿਹਾ ਕੰਮ ਉਸ ਅੱਗੇ ਅੜ ਗਿਆ ਸੀ। ਸਰਦਾਰਾਂ ਦੇ ਦਰਸ਼ਣੀ ਵਹਿੜਕੇ ਨੂੰ ਵੇਚਣ ਵਿਚ ਉਹ ਛੇ ਵਾਰ ਨਾਕਾਮਯਾਬ ਹੋ ਚੁੱਕਾ ਸੀ। ਪਿੰਡ ਦੇ ਮੁੰਡੇ ਉਸ ਨੂੰ ਮਸ਼ਕਰੀਆਂ ਕਰਨ ਲੱਗ ਪਏ ਸਨ ਅਤੇ ਸਰਦਾਰ ਨੇ ਉਸ ਦੀ ਅਕਲ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਸਨ।
ਬੜੀ ਰੀਝ ਨਾਲ ਪਾਲਿਆ ਸੀ ਸਰਦਾਰ ਨੇ ਇਹ ਵਹਿੜਕਾ। ਇਸ ਦੀ ਸੇਵਾ ਦੀਆਂ ਬਾਹਰੇ ਵਿਚ ਧੁੰਮਾਂ ਪੈ ਗਈਆਂ ਸਨ। ਦਸ ਦਸ ਕੋਹ ਤੋਂ ਲੋਕ ਇਸ ਨੂੰ ਵੇਖਣ ਆਉਂਦੇ ਸਨ ਅਤੇ ਸਿਫਤਾਂ ਕਰਦੇ ਵਾਪਸ ਜਾਂਦੇ ਸਨ । ਉਨ੍ਹੀਂ ਦਿਨੀਂ ਟ੍ਰੈਕਟਰ ਅਜੇ ਨਹੀਂ ਸਨ ਆਏ ਅਤੇ ਹਾਲੀਆਂ ਦੀ ਕਦਰ ਸੀ। ਲੋਕ ਘਰ ਦੇ ਪਾਲੇ ਬਲਦਾਂ ਨੂੰ ਸੱਤ ਸੱਤ ਮੱਸਿਆ ਨਹਾਉਣ ਦੀਆਂ ਸਖਣਾ ਸੁੱਖਦੇ ਸਨ। ਹਾਰ ਹਮੇਲਾਂ ਅਤੇ ਮੁਖੇਰਨੇ ਪਾ ਕੇ ਵਹਿੜਕਿਆਂ ਨੂੰ ਸ਼ਿੰਗਾਰ ਕੇ ਮੱਸਿਆ ਦੇ ਮੇਲੇ ਲੈ ਜਾਂਦੇ ਸਨ। ਮੇਲਿਆਂ ਵਿਚ ਪਸ਼ੂਆਂ ਦੇ ਇਨ੍ਹਾਂ ਗਹਿਣਿਆਂ ਦੀ ਚੰਗੀ ਵਿੱਕਰੀ ਹੁੰਦੀ ਸੀ। ਸਰਦਾਰਾਂ ਦਾ ਵਹਿੜਕਾ ਜਦੋਂ ਮੇਲੇ ਵਿਚ ਆਉਂਦਾ ਸੀ ਤਾਂ ਉਸ ਨੂੰ ਵੇਖਣ ਲਈ ਲੋਕ ਪਿੜ ਬੰਨ੍ਹ ਕੇ ਖਲੋ ਜਾਂਦੇ ਸਨ।
"ਏਹਨੂੰ ਹਾਲੀ ਕਦੋਂ ਕਰਨਾ, ਬਚਨ ਸਿੰਹਾ ?"
“ਤਾਇਆ, ਆਉਂਦੀ ਮਾਘੀ ਵਾਲੇ ਦਿਨ।" ਮੇਲੇ ਵਿਚ ਆਖੀ ਹੋਈ ਇਹ ਗੱਲ ਦੂਰ ਦੂਰ ਤਕ ਫੈਲ ਗਈ ਅਤੇ ਮਾਘੀ ਵਾਲੇ ਦਿਨ ਵੇਖਣ ਵਾਲਿਆਂ ਦੀ ਗਿਣਤੀ