ਪੂਰਨਮਾਸ਼ੀ ਵਾਲੇ ਦਿਨ ਸਵੇਰੇ ਘਰੋਂ ਤੁਰ ਕੇ ਬਾਰਾਂ ਕੁ ਵਜੇ ਤਕ ਸੰਤਾ ਸਿੰਘ ਮਾਸੀ ਕੋਲ ਪੁੱਜ ਗਿਆ। ਮਾਸੀ ਨੂੰ ਚਾਅ ਚੜ੍ਹ ਗਿਆ। ਉਸ ਨੇ ਰੋਟੀ ਪਾਣੀ ਪੁੱਛਿਆ। ਸੰਡਾ ਸਿੰਘ ਨੇ ਆਖਿਆ, "ਸਵੇਰੇ ਪਾ ਕੇ ਤੁਰਿਆ ਸਾਂ। ਰਾਤ ਰਹਿ ਕੇ ਜਾਣਾ ਹੈ। ਉਦੋਂ ਖਾਊ ਰੋਟੀ। ਇਸ ਵੇਲੇ ਤਾਂ ਲੱਸੀ ਦਾ ਘੁੱਟ ਮਿਲ ਜੇ: ਤੇਹ ਬਹੁਤ ਲੱਗੀ ਆ।"
ਲੱਸੀ ਪੀ ਕੇ ਸੰਤਾ ਸਿੰਘ ਸ਼ਹਿਰ ਨੂੰ ਤੁਰ ਗਿਆ ਅਤੇ ਉਸ ਦੀ ਮਾਸੀ ਰਾਤ ਦੀ ਰੋਟੀ ਦਾ ਆਹਰ ਕਰਨ ਲੱਗ ਪਈ। ਉਸ ਦੇ ਚਾਅ ਦਾ ਕੋਈ ਮੇਚ-ਬੰਨਾ ਨਹੀਂ ਸੀ। ਅੱਠਾਂ ਸਾਲਾਂ ਪਿੱਛੋਂ ਮਿਲਿਆ ਸੀ ਉਸ ਦਾ ਭਣੇਵਾਂ। ਛੱਤੀ ਪ੍ਰਕਾਰ ਦੇ ਪਕਵਾਨਾਂ ਤਕ ਉਸ ਦੀ ਪਹੁੰਚ ਨਹੀਂ ਸੀ। ਸਰਦਾ ਪੁਜਦਾ ਪਕਾ ਕੇ ਬਾਕੀ ਦੀ ਘਾਟ ਚਾਵਾਂ ਨਾਲ ਪੂਰੀ ਕਰਨੀ ਸੀ।
ਮਾਲ ਮੰਡੀ ਦੀ ਭੀੜ ਤੋਂ ਉਰੇ ਹੀ ਇਕ ਚਿੱਟ ਕੱਪੜੀਆ ਗੱਭਰ ਬੜੇ ਅਦਬ ਨਾਲ ਸੋਭਾ ਸਿੰਘ ਨੂੰ ਆ ਮਿਲਿਆ ਅਤੇ ਆਖਿਆ, "ਸਾਸਰੀ ਕਾਲ, ਸਰਦਾਰ ਜੀ।” ਉਸ ਦੀ ਬੋਲੀ ਵਿਚ ਅਦਬ ਅਤੇ ਅਪਣੱਤ ਦਾ ਅਜਿਹਾ ਸੁਮੇਲ ਸੀ ਕਿ ਸੰਤਾ ਸਿੰਘ ਖੁਸ਼ ਹੋ ਗਿਆ।
ਉਸ ਨੇ ਪਿਆਰ ਨਾਲ ਸਤਿ ਸ੍ਰੀ ਅਕਾਲ ਦਾ ਉੱਤਰ ਦਿੱਤਾ। ਗੱਭਰੂ ਨੇ ਪੁੱਛਿਆ,
"ਮੇਲਾ ਗੇਲਾ ਵੇਖਣ ਆਏ ਹੋ ਜਾਂ ਕੋਈ ਗਾਂ-ਮੱਝ ਲੈਣੀ ਆਂ?"
"ਇਕ ਹਾਲੀ ਖ਼ਰੀਦਣਾ ਮੇਲਾ ਵੀ ਨਾਲ ਈ ਵੇਖਿਆ ਜਾਣਾ।"
"ਹਾਂ ਜੀ, ਜ਼ਰੂਰ ਵੇਖ ਲਵੋ। ਤੁਸੀਂ ਨਵੇਂ ਹੋ; ਮੈਂ ਚਲਨਾ ਤੁਹਾਡੇ ਨਾਲ।"
ਅੱਧਾ ਕੁ ਘੰਟਾ ਮੰਡੀ ਵਿਚ ਏਧਰ ਓਧਰ ਫਿਰਨ ਤੁਰਨ ਪਿੱਛੋਂ ਸੰਤਾ ਸਿੰਘ ਨੂੰ ਉਹ ਨੌਜੁਆਨ ਪਹਿਲਾਂ ਨਾਲੋਂ ਵੱਧ ਚੰਗਾ, ਸਿਆਣਾ ਅਤੇ ਤਜਰਬਾਕਾਰ ਜਾਪਣ ਲੱਗ ਪਿਆ। ਉਸ ਨੇ ਉਸ ਕੋਲੋਂ ਸਹਾਇਤਾ ਲੈਣ ਦੀ ਆਸ ਨਾਲ ਆਖਿਆ, "ਸਰਦਾਰ ਜੀ, ਹੈ ਤਾਂ ਖੇਚਲ ਪਰ ਮੈਨੂੰ ਕੋਈ ਚੰਗਾ ਮਾਲ ਦੁਆਓ।"