ਸੰਤਾ ਸਿੰਘ ਨੂੰ ਉਸ ਆਦਮੀ ਦੀਆਂ ਗੱਲਾਂ ਵਿਚ ਸੱਚ ਸੁਣਾਈ ਦਿੱਤਾ। ਉਹ ਆਖੀ ਗਿਆ, "ਸਰਦਾਰ ਜੀ, ਏਥੇ ਤਾਂ ਵੱਡੇ ਵੱਡੇ ਲੋਕ ਧੋਖਾ ਦਿੰਦੇ ਆ। ਸਰਦਾਰਾਂ ਦਾ ਵਹਿੜਕਾ ਛੇ ਵਾਰ ਮੁੜਿਆ ਮੰਡੀਓ। ਮੈਂ ਨਹੀਂ ਵਿਕਣ ਦਿੱਤਾ: ਨਾ ਮੈਂ ਵਿਕਣ ਦੇਣਾ। ਉਨ੍ਹਾਂ ਨੂੰ ਲੱਗ ਗਿਆ ਪਤਾ: ਅੱਜ ਮੰਡੀ ਨਹੀਂ ਆਏ। ਤੁਸੀਂ ਇਹ ਦੱਸੋ ਕਿ ਕਿੰਨੇ ਕੁ ਤਾਈਂ ਖ਼ਰਚੋਗੇ ?"
ਸੰਤਾ ਸਿੰਘ ਨੇ ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਪਿਆਰ ਨਾਲ ਉਸ ਵੱਲ ਵੇਖਦਿਆਂ ਆਖਿਆ, "ਚਾਰ ਪੰਜ ਸੋ।"
"ਏਨੇ ਨਾਲ ਤਾਂ ਮੰਡੀ ਦੀ ਜਾਨ ਕੱਢ ਲਈਏ ਭਾਵੇਂ। ਆ ਜਾਓ। ਮਾਲ ਵੇਖ ਕੇ ਦਿਲ ਖੁਸ਼ ਨਾ ਹੋਵੇ ਤਾਂ ਮੈਨੂੰ ਆਖਿਓ।"
ਬਲਦ ਵੇਖ ਕੇ ਸੰਤਾ ਸਿੰਘ ਦਾ ਦਿਲ ਖੁਸ਼ ਹੋ ਗਿਆ। ਉਸ ਨੇ ਮੁੱਲ ਤਾਰ ਕੇ ਰਾਹਦਾਰੀ ਅਤੇ ਰਸੀਦ ਲਈ ਅਤੇ ਬਲਦ ਦਾ ਰੱਸਾ ਫੜੀ ਮੰਡੀਓ ਬਾਹਰ ਹੋ, ਆਪਣੀ ਮਾਸੀ ਦੇ ਪਿੰਡ ਨੂੰ ਤੁਰ ਪਿਆ।
ਸਦਾ ਵਾਂਗ ਅੱਜ ਵੀ ਦੇਸੀ ਸ਼ਰਾਬ ਦੇ ਠੇਕੇ ਲਾਗਲੀ ਪਕੌੜਿਆਂ ਦੀ ਦੁਕਾਨ ਵਿਚ ਕੁਰਸੀ ਉੱਤੇ ਬੈਠਾ ਸਰਦਾਰ ਜਵਾਲਾ ਸਿੰਘ ਬਚਨੋ ਦੀ ਨਾਕਾਮੀ ਅਤੇ ਆਪਣੀ ਨਾਉਮੀਦੀ ਦੇ ਸੁਨੇਹੇ ਦੀ ਉਡੀਕ ਕਰ ਰਿਹਾ ਸੀ। ਇਸ ਵਾਰ ਸ਼ਾਮ ਨੂੰ ਸਚਨੇ ਨੇ ਸਵਾ ਚਾਰ ਸੋ ਰੁਪਏ ਦੇ ਨੋਟਾਂ ਦੀ ਸ਼ਕਲ ਵਿਚ ਕਾਮਯਾਥੀ ਸਰਦਾਰ ਦੀ ਹਥੇਲੀ ਉੱਤੇ ਰੱਖ ਦਿੱਤੀ। ਹੈਰਾਨ ਹੋਏ ਸਰਦਾਰ ਨੇ ਆਖਿਆ, "ਹੱਛਾ; ਹੋ ਗਿਆ ਕੰਮ। ਵਾਹ ਓਏ ਬਚਨਿਆਂ ਧੋਣੇ ਧੋ ਦਿੱਤੇ ਈ। ਆ ਲੈ ਪੰਝੀ ਰੁਪਏ; ਖਾ, ਪੀ ਮੋਜ ਕਰ । ਪਰ ਇਹ ਹੋ ਕਿਵੇਂ ਗਿਆ ?"
"ਸਾਡੇ ਕੰਮ ਰੱਬ ਕਰਦਾ, ਸਰਦਾਰ ਜੀ। ਮੰਡੀਓ ਬਾਹਰ ਹੀ ਮਿਲ ਗਿਆ ਸੀ ਗਾਹਕ ਅੱਜ।"
ਬਚਨੇ ਨੇ ਖੂਬ ਖਾਧਾ ਪੀਤਾ; ਆਪਣੇ ਸਾਥੀਆਂ ਨੂੰ ਮੌਜ ਕਰਵਾਈ। ਕਾਮਯਾਬੀ ਦੇ ਨਸ਼ੇ ਉੱਤੇ ਠੇਕੇ ਦੀ ਸ਼ਰਾਬ। ਬਲਦੀ ਉੱਤੇ ਤੇਲ ਵਾਲੀ ਗੱਲ ਹੋ ਗਈ। ਅੱਜ ਉਹ ਬਹੁਤ ਖੁਸ਼ ਸੀ; ਏਨਾ ਖੁਸ਼ ਜਿੰਨਾ ਜਮਰੌਦ ਜਿੱਤ ਕੇ ਸ਼ਾਇਦ ਨਲੂਆ ਵੀ ਨਹੀਂ ਹੋਇਆ ਹੋਣਾ। ਸਰਦਾਰ ਦੇ ਸਾਰੇ ਮਿਹਣੇ ਮੁੱਕ ਗਏ। ਬਚਨੇ ਦੀਆਂ ਸਾਰੀਆਂ ਨਮੋਸ਼ੀਆਂ ਹੈਂਕੜ ਵਿਚ ਬਦਲ ਗਈਆਂ। ਪੂਰਨਮਾਸ਼ੀ ਦੀ ਰਾਤ ਵਿਚ ਚਹਿਕਦਾ ਬਚਨਾ ਆਪਣੇ ਘਰ ਪੁੱਜਾ। ਵਿਹੜੇ ਵਿਚ ਆਪਣੀ ਖੁਰਲੀ ਉੱਤੇ ਸਰਦਾਰਾਂ ਦਾ ਬਹਿਕਲ ਵਹਿੜਕਾ ਬੱਚਾ ਵੇਖ ਕੇ ਉਸ ਦਾ ਸਾਰਾ ਨਸ਼ਾ ਉਤਰ ਗਿਆ। "ਹੈ, ਇਹ ਕੀ ਹੋ ਗਿਆ? ਇਸ ਨੂੰ ਤਾਂ ਅੱਜ ਹੀ ਵੇਚ ਕੇ ਆਇਆਂ। ਇਹ ਏਥੇ ਕਿਵੇਂ ਆ ਗਿਆ ?" ਇਨ੍ਹਾਂ ਸੋਚਾਂ ਵਿਚ ਪਏ ਬਚਨੇ ਨੂੰ ਉਸ ਦੀ ਮਾਂ ਨੇ ਉੱਚੀ ਆਵਾਜ਼ ਮਾਰ ਕੇ ਆਖਿਆ, "ਵੇ ਬਚਨਿਆਂ, ਬਾਹਰ ਖਲੋਤਾ ਕੀ ਕਰਨਾ ? ਅੰਦਰ ਆ, ਤੇਰਾ ਵੱਡਾ ਵੀਰ, ਸੰਤਾ ਸਿੰਘ, ਆਇਆ ਈ। ਆ ਕੇ ਪੈਰੀਂ ਹੱਥ ਲਾ।"