Back ArrowLogo
Info
Profile

ਰੱਬ ਦੀ ਗ਼ਲਤੀ

ਸਰਬਜੀਤ ਸਿੰਘ ਸੰਧੂ ਅਤੇ ਉਸ ਦੀ ਪਤਨੀ, ਸੂਰਚਨਾ, ਕ੍ਰੇਨਬੁਕ ਰੋਡ ਅਤੇ ਕ੍ਰੇਨਬੁਕ ਰਾਇਜ਼ ਦੀ ਦੱਖਣੀ ਸੰਨ੍ਹ ਵਿਚ ਬਣੇ ਵੱਡੇ ਘਰ ਵਿੱਚੋਂ ਬਾਹਰ ਨਿਕਲ ਕੇ, ਘਰ ਦੇ ਫ੍ਰੰਟ ਗਾਰਡਨ ਵਿਚ ਖਲੋਤੀ ਸਲੋਟੀ ਮਰਸੀਡੀਜ਼ ਕੋਲ ਰੁਕ ਗਏ। ਅੱਜ ਤੋਂ ਦੋ ਕੁ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਨਿਪਰਾਜ ਅਤੇ ਉਸ ਦੀ ਜਰਮਨ ਬੀਵੀ, ਆਪਣੀ ਛੇ ਮਹੀਨਿਆਂ ਦੀ ਧੀ ਨੂੰ ਮਿਲਾਉਣ ਨਿਊਯਾਰਕ ਤੋਂ ਆਏ ਸਨ ਤਾਂ ਜਾਣ ਲੱਗਿਆਂ ਵਧਾਈ ਵਜੋਂ ਅਠਤਾਲੀ ਹਜ਼ਾਰ ਪੌਂਡ ਦੀ ਇਹ ਗੱਡੀ ਖ਼ਰੀਦ ਕੇ ਦੇ ਗਏ ਸਨ। ਉਨ੍ਹਾਂ ਦੇ ਨਿਊਯਾਰਕ ਪਰਤ ਜਾਣ ਤੋਂ ਛੇ ਕੁ ਮਹੀਨੇ ਪਿੱਛੋਂ ਸੂਰਚਨਾ ਨੂੰ ਮਾਇਲਡ ਜਿਹਾ ਸਟ੍ਰੋਕ ਹੋ ਗਿਆ ਤਾਂ ਸਪੇਨ ਵਿਚ ਵੱਸਦੀ ਉਨ੍ਹਾਂ ਦੀ ਧੀ, ਸੁਕ੍ਰਿਤੀ, ਉਨ੍ਹਾਂ ਕੋਲ ਆ ਗਈ ਅਤੇ ਉਦੋਂ ਤਕ ਆਪਣੇ ਮਾਪਿਆ ਨੂੰ ਛੱਡ ਕੇ ਨਾ ਗਈ, ਜਦੋਂ ਤਕ ਉਸ ਦੀ ਮਾਤਾ ਦਾ ਇਲਾਜ ਮੁਕੰਮਲ ਨਾ ਹੋ ਗਿਆ। ਸੁਰਚਨਾ ਦੀ ਖੱਬੀ ਲੱਤ ਨਾਕਾਰਾ ਹੋ ਗਈ ਸੀ, ਜਿਸ ਕਰਕੇ ਹੁਣ ਉਹ ਬੇਟਰੀ ਨਾਲ ਚੱਲਣ ਵਾਲੀ ਨਿੱਕੀ ਜਿਹੀ ਕਾਰ ਵਿਚ ਬੈਠ ਕੇ ਹੀ ਏਧਰ ਓਧਰ ਜਾ ਸਕਦੀ ਸੀ। ਘਰ ਵਿਚ ਥੋੜ੍ਹਾ ਬਹੁਤਾ ਤੁਰਨ ਲਈ ਉਹ ਸੋਟੀ ਦੇ ਸਹਾਰੇ ਤੋਂ ਕੰਮ ਲੈ ਲੈਂਦੀ ਸੀ। ਉਨ੍ਹਾਂ ਨੇ ਆਪਣੇ ਪੁੱਤ ਨੂੰ ਨਾ ਆਉਣ ਦੀ ਤਾਕੀਦ ਕੀਤੀ ਸੀ, ਕਿਉਂਕਿ ਉਨ੍ਹਾਂ ਦੀ ਨੂੰਹ ਗਰਭਵਤੀ ਸੀ ਅਤੇ ਸੂਰਚਨਾ ਦੀ ਬੀਮਾਰੀ ਬਹੁਤੀ ਗੰਭੀਰ ਨਹੀਂ ਸੀ। ਇਕ ਡਾਕਟਰ ਹੋਣ ਦੇ ਨਾਤੇ ਸੁਕ੍ਰਿਤੀ ਆਪਣੀ ਮਾਤਾ ਦਾ ਪੂਰਾ ਪੂਰਾ ਖਿਆਲ ਰੱਖ ਸਕਦੀ ਸੀ ਅਤੇ ਪੈਸੇ ਧੇਲੇ ਦੀ ਘਾਟ ਨਾ ਸਰਬਜੀਤ ਨੂੰ ਸੀ, ਨਾ ਉਸ ਦੇ ਧੀ-ਪੁੱਤ੍ਰ ਨੂੰ। ਆਪਣੀ ਬੈਟਰੀ-ਕਾਰ ਨੂੰ ਸਲੇਟੀ ਮਰਸੀਡੀਜ਼ ਕੋਲ ਰੋਕ ਕੇ ਸੁਰਚਨਾ ਨੇ ਸਰਬਜੀਤ ਵੱਲ ਵੇਖਿਆ ਅਤੇ ਨਿੰਮ੍ਹਾ ਜਿਹਾ ਮੁਸਕਰਾ ਕੇ ਆਖਿਆ, "ਮੇਰੀ ਬੀਮਾਰੀ ਤੁਹਾਨੂੰ ਪੈਦਲ ਤੁਰਨ ਉੱਤੇ ਮਜਬੂਰ ਕਰਦੀ ਹੈ।"

ਉਸ ਦੇ ਦੋਹਾਂ ਮੋਢਿਆਂ ਨੂੰ ਘੁੱਟ ਕੇ ਪਕੜਦਿਆਂ ਹੋਇਆਂ ਸਰਬਜੀਤ ਸਿੰਘ ਨੇ ਉੱਤਰ ਦਿੱਤਾ, "ਅਤੇ ਮੈਨੂੰ ਤੰਦਰੁਸਤ ਰੱਖਣ ਦੇ ਵਸੀਲੇ ਵੀ ਪੈਦਾ ਕਰਦੀ ਹੈ।"

ਪਿਆਰ ਅਤੇ ਸਤਿਕਾਰ ਨਾਲ ਇਕ ਦੂਜੇ ਵੱਲ ਵੇਖ ਕੇ ਦੋਵੇਂ ਥੋੜਾ ਜਿਹਾ ਮੁਸਕਰਾਏ ਅਤੇ ਘਰ ਦੇ ਗੋਟੇ ਬਾਹਰ ਹੋ ਗਏ ਸੁਰਚਨਾ ਆਪਣੀ ਬੈਟਰੀ-ਕਾਰ ਵਿਚ ਅਤੇ ਸਰਬਜੀਤ ਸਿੰਘ ਉਸ ਦੇ ਨਾਲ ਨਾਲ ਪੈਦਲ । ਪੈਡਸਟ੍ਰੀਅਨ ਕ੍ਰਾਸਿੰਗ ਉੱਤੋਂ ਕ੍ਰੇਨਬੁਕ ਰੋਡ ਪਾਰ ਕਰ ਕੇ ਦੋਵੇਂ ਵੈਲਨਟਾਇਨ ਪਾਰਕ ਵਿਚ ਦਾਖ਼ਲ ਹੋ ਗਏ। ਅੱਧ ਅਕਤੂਬਰ ਦੇ ਸੁਹਣੇ ਧੁਪੈਲੇ ਦਿਨ ਦੀ ਧੁੱਪ ਵਿੱਚੋਂ ਨਰਮ ਨਰਮ ਨਿੱਘ ਵਿਚ ਨਾਉਂਦੀਆਂ ਅਤੇ ਨੱਚਦੀਆਂ ਸਿਆਲੀ ਪੈਨਜ਼ੀਆਂ ਦੀ ਕਿਆਰੀ ਕੋਲ ਪੁੱਜ ਕੇ ਸੁਰਚਨਾ ਨੇ ਆਪਣੀ ਗੱਡੀ ਖੜੀ ਕਰ ਲਈ ਅਤੇ ਆਖਿਆ, "ਇਹ ਪੈਨਜ਼ੀਆਂ ਵੀ ਸਾਡੇ ਵਾਂਗ ਧੁੱਪ ਦਾ ਲਾਹ ਲੈ ਰਹੀਆਂ ਹਨ।"

74 / 87
Previous
Next