"ਥੈਂਕਯੂ: ਪਰ ਜ਼ਰਾ ਪਿੱਛੇ ਪਰਤ ਕੇ ਵੀ ਦੇਖੋ।"
ਦੂਰ, ਬੈਂਚਾਂ ਉੱਤੇ ਬੈਠੇ ਕੁਝ ਇਸਤ੍ਰੀ-ਪੁਰਸ਼ ਉਨ੍ਹਾਂ ਨੂੰ ਵੇਖ ਰਹੇ ਸਨ। ਸਰਬਜੀਤ ਸਾਵਧਾਨ ਹੋ ਗਿਆ; ਦਿਲ ਦੀ ਦੁਨੀਆਂ ਵਿੱਚੋਂ ਨਿਕਲ ਕੇ ਦਿਮਾਗ਼ ਦੇ ਦੇਸ ਵਿਚ ਆ ਗਿਆ। ਇਕ ਕਿਯੂ.ਸੀ. (ਸਰਕਾਰੀ ਵਕੀਲ) ਲਈ ਦਿਲ ਦੀ ਦੁਨੀਆਂ ਕੁਝ ਓਪਰੀ ਵੀ ਹੁੰਦੀ ਹੈ, ਖ਼ਾਸ ਤੌਰ ਉੱਤੇ ਇਸ ਉਮਰ ਵਿਚ।
ਪਿਛਲੇ ਪੰਦਰਾਂ-ਵੀਹ ਸਾਲਾਂ ਵਿਚ ਲੰਡਨ ਦੇ ਇਸ ਹਿੱਸੇ ਵਿਚ ਪੰਜਾਬੀਆਂ ਦੀ ਗਿਣਤੀ ਵਧ ਗਈ ਸੀ; ਕਿੰਨੀ ਕੁ ਵਧ ਗਈ ਸੀ ? ਇਸ ਗੱਲ ਦਾ ਕੁੱਝ ਆਭਾਸ ਸਰਬਜੀਤ ਸਿੰਘ ਨੂੰ ਬੈਂਚਾਂ ਉੱਤੇ ਬੈਠੇ ਅੱਠ-ਦਸ ਬਿਰਧ ਇਸਤ੍ਰੀ-ਪੁਰਸ਼ਾਂ ਨੂੰ ਵੇਖ ਕੇ ਹੋਇਆ। ਉਹ ਅੱਜ ਪਹਿਲੀ ਵੇਰ ਇਸ ਪਾਰਕ ਵਿਚ ਆਇਆ ਸੀ। ਉਸ ਨੂੰ ਕਦੇ ਲੋੜ ਹੀ ਨਹੀਂ ਸੀ ਪਈ। ਉਸ ਦੇ ਵੱਡੇ ਸਾਰੇ ਘਰ ਦੇ ਪਿਛਵਾੜੇ ਸਵਾ ਸੌ ਫੁੱਟ ਲੰਮਾ, ਪੰਜਤਾਲੀ ਫੁੱਟ ਚੌੜਾ ਅਤੇ ਇਕ ਸੁਸਿੱਖਿਅਤ ਮਾਲੀ ਦੁਆਰਾ ਸਾਂਭਿਆ-ਸੁਵਾਰਿਆ ਹੋਇਆ ਬੈਂਕ ਗਾਰਡਨ ਹੈ। ਬੈਡਮਿਨਟਨ ਦੀ ਗ੍ਰਾਉਂਡ ਹੈ; ਗ੍ਰਾਸੀ ਲਾਨ ਹੈ; ਸੁਹਣਾ ਸੁਖਾਵਾਂ ਗਾਰਡਨ ਕਰਨੀਚਰ ਹੈ। ਆਪਣੀ ਜਵਾਨੀ ਦੇ ਦਿਨਾਂ ਵਿਚ ਆਪਣੇ ਮਿਤਾਂ ਨਾਲ ਅਤੇ ਫਿਰ ਆਪਣੇ ਅਤੇ ਆਪਣੇ ਮਿੱਤ੍ਰਾਂ ਦੇ ਬੱਚਿਆਂ ਨਾਲ ਉਹ ਇਸ ਗਾਰਡਨ ਵਿਚ ਖੇਡਦਾ ਰਿਹਾ ਸੀ। ਉਸ ਦੇ ਮਿੱਤ੍ਰਾਂ ਦੀ ਗਿਣਤੀ ਬਹੁਤੀ ਨਹੀਂ ਸੀ, ਦੋ-ਤਿੰਨ ਹੀ ਸਨ ਅਤੇ ਉਹ ਵੀ ਅੰਗ੍ਰੇਜ਼ ਜੋ ਇਸ ਇਲਾਕੇ ਵਿਚ ਪੰਜਾਬੀਆਂ ਦੀ ਗਿਣਤੀ ਵਧਦੀ ਵੇਖ ਕੇ ਹੁਣ ਲੰਡਨ ਤੋਂ ਜ਼ਰਾ ਬਾਹਰਵਾਰ ਜਾ ਵੱਸੇ ਸਨ । ਸਰਬਜੀਤ ਸਿੰਘ ਦੇ ਕਾਨੂੰਨੀ ਪੇਸੇ, ਉਸ ਦੇ ਰੁਤਬੇ ਅਤੇ ਉਸ ਦੀ ਉਮਰ ਨੇ, ਉਸ ਨੂੰ ਨਵੀਆਂ ਦੋਸਤੀਆਂ ਪਾਉਣ ਦੀ ਆਗਿਆ ਨਹੀਂ ਸੀ ਦਿੱਤੀ। ਕਿੰਨੇ ਪਰਬਲ ਹਨ ਇਹ ਸੂਖਮ ਬੰਧਨ॥
ਬੈਂਚਾਂ ਉੱਤੇ ਬੈਠੇ ਸਾਰੇ ਵਿਅਕਤੀ ਬਿਰਧ ਸਨ। ਹਫ਼ਤੇ ਦੇ ਦਿਨਾਂ ਵਿਚ ਕੇਵਲ ਬਿਰਧ ਹੀ ਪਾਰਕਾਂ ਵਿਚ ਜਾ ਸਕਦੇ ਸਨ। ਨੌਜਵਾਨਾਂ ਨੇ ਕੰਮੀ ਕਾਰੀ ਜਾਣਾ ਹੁੰਦਾ ਹੈ। ਸਨਿਚਰ-ਐਤ ਨੂੰ ਨੌਜਵਾਨ ਲੋਕ ਪਾਰਕਾਂ ਵਿਚ ਆਉਂਦੇ ਹਨ, ਪਰ ਓਨੇ ਨਹੀਂ। ਹਾਂ, ਗਰਮੀਆਂ ਦੀ ਰੁੱਤੇ ਲੰਡਨ ਦੀਆਂ ਵੱਡੀਆਂ ਵੱਡੀਆਂ ਪਾਰਕਾਂ ਅੰਗ੍ਰੇਜ਼ ਯੁਵਕ-ਯੁਵਤੀਆਂ ਨਾਲ ਭਰ ਜਾਂਦੀਆਂ ਹਨ। ਧੁੱਪ ਦੇ ਲੋਭੀ ਹਨ ਇਹ ਲੋਕ; ਪੂਰਾ ਲਾਹ ਲੈਂਦੇ ਹਨ ਧੁੱਪ ਦਾ; ਇੱਛਾ ਇਹ ਹੁੰਦੀ ਹੈ ਕਿ ਸਮੁੱਚਾ ਸਰੀਰ ਸੂਰਜ ਨਾਲ ਸਿੱਧੀ ਸਾਂਝ ਪਾ ਸਕੇ।
ਵੈਲਨਟਾਇਨ ਪਾਰਕ ਵਿਚ ਬੈਠੇ ਪੰਜਾਬੀ ਇਸਤ੍ਰੀ-ਪੁਰਸ਼ਾਂ ਨਾਲ ਅੱਠ-ਦਸ ਬੱਚੇ ਵੀ ਸਨ। ਸਕੂਲਾਂ ਵਿਚ ਛੁੱਟੀਆਂ ਹੋਣ ਕਰ ਕੇ ਇਹ ਬੱਚੇ ਪਾਰਕ ਵਿਚ ਆਏ ਸਨ, ਵਰਨਾ ਇਸ ਸਮੇਂ ਸਕੂਲਾਂ ਵਿਚ ਹੁੰਦੇ। ਏਧਰ ਓਧਰ ਦੌੜਦੇ-ਭੱਜਦੇ, ਪੀਂਘਾਂ ਝੂਟਦੇ ਅਤੇ ਸਲਾਇਡਾਂ ਉਤੋਂ ਤਿਲਕ ਕੇ ਹੇਠਾਂ ਆਉਂਦੇ ਬੱਚਿਆਂ ਦੀ ਭਲੀ ਭਾਂਤ ਨਿਗਰਾਨੀ ਕਰਦੇ ਹੋਏ ਸਾਰੇ ਬਿਰਧ ਵਿਅਕਤੀ ਆਪਣੀ ਵਾਰਤਾਲਾਪ ਵਿਚ ਵੀ ਚੇਤਨ ਹਿੱਸਾ ਪਾ ਰਹੇ ਸਨ। ਅਦਾਲਤ ਤੋਂ ਬਾਹਰ, ਆਮ ਜੀਵਨ ਵਿਚ ਵੀ ਏਨੀ ਦਿਲਚਸਪੀ ਅਤੇ ਗਰਮਜੋਸ਼ੀ ਨਾਲ ਗੱਲ-ਬਾਤ ਕੀਤੀ ਜਾਂਦੀ ਹੈ, ਇਸ ਸੱਚ ਦਾ ਸਰਬਜੀਤ ਅਤੇ ਸੁਰਚਨਾ ਨੂੰ ਪਹਿਲੀ ਵੇਰ ਅਨੁਭਵ ਹੋਇਆ। ਸਰਬਜੀਤ ਸਿੰਘ ਦਾ ਇਹ ਜਾਣਨ ਨੂੰ ਜੀਅ ਕੀਤਾ ਕਿ ਉਹ