Back ArrowLogo
Info
Profile
ਕਿਸ ਵਿਸ਼ੇ ਉੱਤੇ ਗੱਲਾਂ ਕਰ ਰਹੇ ਹਨ। ਉਸ ਨੇ ਸੁਰਚਨਾ ਨੂੰ ਆਖਿਆ, "ਆਓ ਲਾਗੇ ਜਾ ਕੇ ਇਨ੍ਹਾਂ ਦੀਆਂ ਗੱਲਾਂ ਵਿਚ ਹਿੱਸਾ ਲਈਏ।"

"ਨਹੀਂ; ਆਓ ਘਰ ਚੱਲੀਏ," ਕਹਿ ਕੇ ਸੁਰਚਨਾ ਨੇ ਆਪਣੀ ਬੈਟਰੀ-ਗੱਡੀ ਘਰ ਵਲ ਤੋਰ ਲਈ। ਸਾਰਾ ਰਸਤਾ ਦੋਵੇਂ ਚੁੱਪ ਰਹੇ। ਰਸਤਾ ਬਹੁਤਾ ਲੰਮਾ ਵੀ ਨਹੀਂ ਸੀ। ਘਰ ਪੁੱਜ ਕੇ ਸੁਰਚਨਾ ਨੂੰ ਸੋਫ਼ੇ ਉੱਤੇ ਬਿਠਾਉਂਦਿਆਂ ਸਰਬਜੀਤ ਸਿੰਘ ਨੇ ਪੁੱਛਿਆ, "ਉਦਾਸ ਹੋ ਗਏ ਹੋ ?"

"ਹਾਂ,ਸਰਬੀ ।"

"ਅਕਤੂਬਰ ਦੀਆਂ ਧੁੱਪਾਂ ਵਰਗੀ ਹੈ ਸਾਡੇ ਜੀਵਨ ਦੀ ਖ਼ੁਸ਼ੀ: ਜੇ ਇਸ ਨੇ ਵੀ ਉਦਾਸੀਆਂ ਓੜ੍ਹ ਲਈਆਂ ਤਾਂ.... ।"

"ਇਹ ਸਾਡੇ ਵੱਸ ਵਿਚ ਨਹੀਂ, ਸਰਬੀ।" ਸੁਰਚਨਾ ਨੇ ਸਰਬਜੀਤ ਵੱਲ ਇਕ ਟੱਕ ਵੇਖਦਿਆਂ ਆਖਿਆ। ਸਰਬਜੀਤ ਉਸ ਦੀਆਂ ਅੱਖਾਂ ਸਾਹਮਣਿਉਂ ਪਰ੍ਹੇ ਹੋ ਜਾਣਾ ਚਾਹੁੰਦਾ ਸੀ। ਟੈਲੀਫੂਨ ਦੀ ਘੰਟੀ ਨੇ ਉਸ ਦੀ ਸਹਾਇਤਾ ਕੀਤੀ। ਨਿਊਯਾਰਕ ਤੋਂ ਉਨ੍ਹਾਂ ਦੇ ਪੁੱਤ ਨਿਪਰਾਜ ਸਿੰਘ ਦਾ ਫੋਨ ਸੀ ਕੋਈ ਖ਼ੁਸ਼ਖ਼ਬਰੀ ਸੀ। ਸੁਣ ਕੇ ਸਰਬਜੀਤ ਸਿੰਘ ਦੇ ਚਿਹਰੇ ਉੱਤੇ ਚਮਕ ਜਿਹੀ ਆ ਗਈ। "ਕਾਨਗ੍ਰੈਚੂਲੇਸ਼ਨਜ, ਬੇਟਾ, ਲਉ ਆਪਣੀ ਮਾਮਾ ਨੂੰ ਆਪ ਖ਼ਬਰ ਸੁਣਾਓ," ਸੁਰਚਨਾ ਨੂੰ ਟੈਲੀਫੂਨ ਦਿੰਦਿਆਂ ਉਸ ਨੇ ਆਖਿਆ। ਸੁਰਚਨਾ ਨੇ ਆਪਣੇ ਪੁੱਤ੍ਰ ਦੀ ਖ਼ੁਸ਼ੀ ਵਿਚ ਭਰਪੂਰ ਹਿੱਸਾ ਲਿਆ: ਆਪਣੀ ਨੂੰਹ ਦੀ ਰਾਜ਼ੀ ਖ਼ੁਸ਼ੀ ਪੁੱਛੀ ਅਤੇ ਨਵਜਨਮੇ ਪੋਤ੍ਰ ਬਾਰੇ ਗੱਲਾਂ ਕੀਤੀਆਂ। ਗੱਲ ਬਾਤ ਦੇ ਖ਼ਤਮ ਹੁੰਦਿਆਂ ਹੀ ਸੁਰਚਨਾ ਮੁੜ ਉਦਾਸ ਹੋ ਗਈ। ਸਰਬਜੀਤ ਸਿੰਘ ਨੇ ਪੁੱਛਿਆ, "ਸਭ ਠੀਕ ਠਾਕ ਹੈ ਨਾ ?"

"ਹਾਂ, ਸਭ ਠੀਕ ਠਾਕ ਹੈ।"

"ਪਰ ਤੁਸੀਂ ਠੀਕ ਠਾਕ ਨਹੀਂ ਲੱਗਦੇ।"

"ਸਰਬੀ, ਨਿਪਰਾਜ ਦੇ ਜਨਮ ਉੱਤੇ ਅਸੀਂ ਵੀ ਉਵੇਂ ਹੀ ਖ਼ੁਸ਼ ਹੋਏ ਸਾਂ, ਜਿਵੇਂ ਅੱਜ ਉਹ ਹੈ।"

"ਹਾਂ, ਇਸ ਵਿਚ ਓਪਰੀ ਕਿਹੜੀ ਗੱਲ ਹੈ ?"

"ਸਰਬੀ, ਤੁਹਾਡੇ ਜਨਮ ਉੱਤੇ ਬਾਪੂ ਜੀ ਵੀ ਓਨੇ ਹੀ ਖੁਸ਼ ਹੋਏ ਹੋਣਗੇ, ਜਿੰਨੇ ਖ਼ੁਸ਼ ਅਸੀਂ ਨਿਪਰਾਜ ਦੇ ਜਨਮ ਉੱਤੇ ਹੋਏ ਸਾਂ।"

“ਉਸ ਸਮੇਂ ਬਾਪੂ ਜੀ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਉਣ ਜੋਗਾ ਮੈਂ ਨਹੀਂ ਸਾਂ: ਹਾਂ ਨਿਪਰਾਜ ਦੇ ਜਨਮ ਉੱਤੇ ਖੁਸ਼ੀ ਤੋਂ ਅਨੁਮਾਨ ਲਾ ਕੇ ਕਹਿ ਸਕਦਾ ਹਾਂ ਕਿ ਉਹ ਵੀ ਮੇਰੇ ਜਿੰਨੇ ਹੀ ਖ਼ੁਸ਼ ਹੋਏ ਹੋਣਗੇ।"

"ਨਹੀਂ, ਸਰਬੀ, ਤੁਹਾਡੇ ਜਿੰਨੇ ਨਹੀਂ ਤੁਹਾਡੇ ਤੋਂ ਕਈ ਗੁਣਾ ਵੱਧ। ਨਿਪਰਾਜ ਦੇ ਜਨਮ ਸਮੇਂ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਸੀ; ਤੁਹਾਡੇ ਜਨਮ ਦੀ ਖ਼ੁਸ਼ੀ ਤਾਂ ਬਾਪੂ ਜੀ ਲਈ ਮੌਨਸੂਨ ਦੀ ਪਹਿਲੀ ਬਰਸਾਤ ਵਰਗੀ ਸੀ। ਜਿਵੇਂ ਧਰਤੀ ਦੀ ਐੜ ਬਰਸਾਤ ਦੀਆਂ ਪਹਿਲੀਆਂ ਬੂੰਦਾਂ ਦੀ ਸੀਤਲਤਾ ਨੂੰ ਪਰਗਟ ਨਹੀਂ ਹੋਣ ਦਿੰਦੀ, ਉਦੋਂ ਹੀ ਬਾਪੂ ਜੀ ਦੇ ਜੀਵਨ ਦੇ ਹਾਲਾਤ ਨੇ ਤੁਹਾਡੇ ਜਨਮ ਦੀ ਖ਼ੁਸ਼ੀ ਨੂੰ ਪੂਰੀ ਤਰ੍ਹਾਂ ਪਰਗਟ ਨਹੀਂ ਹੋਣ ਦਿੱਤਾ ਹੋਵੇਗਾ; ਪਰ ਖ਼ੁਸ਼ ਉਹ ਬਹੁਤ ਹੋਏ ਹੋਣਗੇ।"

ਸੁਰਚਨਾ ਠੀਕ ਕਹਿ ਰਹੀ ਸੀ । ਸਰਬਜੀਤ ਦੇ ਜਨਮ ਉੱਤੇ ਉਸ ਦਾ ਪਿਤਾ, ਭਗਤ ਸਿੰਘ ਬਹੁਤ ਖੁਸ਼ ਹੋਇਆ ਸੀ, ਪਰ ਉਸ ਦੀ ਇਹ ਖ਼ੁਸ਼ੀ ਵੀ, ਹੋਰ ਸਾਰੀਆਂ ਵਾਂਗ

76 / 87
Previous
Next