ਭਗਤ ਸਿੰਘ ਦੇ ਪਰਵਾਰ ਦੇ ਆਉਣ ਤੋਂ ਪਹਿਲਾਂ ਸੁਰੇਸ਼ ਨਾਂ ਦਾ ਇਕ ਨੌਜਵਾਨ ਉਸ ਦਾ ਕਿਰਾਏਦਾਰ ਬਣ ਗਿਆ ਸੀ। ਪਰਵਾਰ ਦੇ ਆ ਜਾਣ ਉੱਤੇ ਵੀ ਭਗਤ ਸਿੰਘ ਨੇ ਉਸ ਨੂੰ ਘਰੋਂ ਨਾ ਜਾਣ ਦਿੱਤਾ। ਸੁਰੇਸ਼ ਅਧਿਆਪਕ ਸੀ ਅਤੇ ਉਸ ਨੂੰ ਘਰ ਦੇ ਲਾਗਲੇ ਸਕੂਲ ਵਿਚ ਨੌਕਰੀ ਮਿਲੀ ਹੋਈ ਸੀ । ਉਸ ਨੂੰ ਪੜ੍ਹਾਉਣ ਦਾ ਸ਼ੌਕ ਸੀ, ਪਰ ਸਕੂਲ ਵਿਚ ਉਸਦਾ ਇਹ ਸ਼ੌਕ ਪੂਰਾ ਨਹੀਂ ਸੀ ਹੁੰਦਾ, ਕੋਈ ਵਿੱਦਿਆਰਥੀ ਪੜ੍ਹਨਾ ਹੀ ਨਹੀਂ ਸੀ ਚਾਹੁੰਦਾ। ਸਰਬਜੀਤ ਦੇ ਆਉਣ ਉੱਤੇ ਜਿਵੇਂ ਸੁਰੇਸ਼ ਦੀ ਸੱਧਰ ਪੂਰੀ ਹੋ ਗਈ। ਸਰਬਜੀਤ ਬਹੁਤ ਹੀ ਹੁਸ਼ਿਆਰ ਮੁੰਡਾ ਸੀ ਅਤੇ ਪੜ੍ਹਨ ਦਾ ਉਸ ਨੂੰ ਸ਼ੌਕ ਸੀ।
ਸੁਰੇਸ਼ ਦੀ ਦੋ ਸਾਲਾਂ ਦੀ ਮਿਹਨਤ ਨੇ ਸਰਬਜੀਤ ਨੂੰ ਗ੍ਰਾਮਰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ। ਭਗਤ ਸਿੰਘ ਨਾਲੋਂ ਸੁਰੇਸ਼ ਬਹੁਤਾ ਖੁਸ਼ ਸੀ। ਨਾ ਤਾਂ ਸੁਰੇਸ਼ ਸਰਬਜੀਤ ਨੂੰ ਛੱਡ ਕੇ ਜਾਣਾ ਚਾਹੁੰਦਾ ਸੀ ਅਤੇ ਨਾ ਹੀ ਭਗਤ ਸਿੰਘ ਉਸ ਨੂੰ ਜਾਣ ਦੇਣਾ ਚਾਹੁੰਦਾ ਸੀ। ਭਗਤ ਸਿੰਘ ਦਾ ਗੁਆਂਢੀ ਗੋਰਾ ਆਪਣਾ ਮਕਾਨ ਵੇਚਣ ਵਾਲਾ ਸੀ। ਉਸ ਨੂੰ ਭਗਤ ਸਿੰਘ ਅਤੇ ਸੁਰੇਸ਼ ਦੀ ਲੋੜ ਦਾ ਪਤਾ ਸੀ। ਇਸ ਲਈ ਉਹ ਢਾਈ ਹਜ਼ਾਰ ਦੀ ਥਾਂ ਪੌਣੇ ਤਿੰਨ ਹਜ਼ਾਰ ਉੱਤੇ ਅੜ ਗਿਆ। ਸੁਰੇਸ਼ ਸੌਦਾ ਛੱਡ ਸੀ। ਉਸ ਨੇ ਭਗਤ ਸਿੰਘ ਨੂੰ ਕਹਿ ਦਿੱਤਾ, "ਮੈਂ ਇਕ ਸ਼ਲਿੰਗ ਵੱਧ ਨਹੀਂ ਦੇਣਾ ਏਸ ਬੇਈਮਾਨ ਨੂੰ। ਇਹ ਢਾਈ ਸੌ ਪਾਊਂਡ ਦੇ ਸੁਪਨੇ ਵੇਖਦਾ।" ਭਗਤ ਸਿੰਘ ਇਕ ਦਿਨ ਉਸ ਗੋਰੇ ਨੂੰ ਵਕੀਲ ਕੋਲ ਲੈ ਗਿਆ ਅਤੇ ਢਾਈ ਸੋ ਪਾਊਂਡ ਮੇਜ਼ ਉੱਤੇ ਰੱਖ ਕੇ ਆਖਿਆ, “ਆਹ ਲੈ ਉਤਲੇ ਢਾਈ ਸੌ; ਪਰ ਸੌਦਾ ਢਾਈ ਹਜ਼ਾਰ ਦਾ ਲਿਖਿਆ ਜਾਊ। ਸੁਹੇਸ਼ ਨੂੰ ਪਤਾ ਨਾ ਲੱਗੇ।" ਸਰਬਜੀਤ ਲਾਅ ਪੜ੍ਹਨ ਲਈ ਕੈਂਬ੍ਰਿਜ ਗਿਆ। ਓਥੇ ਹੀ ਲੰਡਨ ਦੇ ਲੱਖਪਤੀ ਵਪਾਰੀ ਦੀ ਲੜਕੀ ਸੁਰਚਨਾ ਨਾਲ ਉਸ ਦੀ ਦੋਸਤੀ ਹੋ ਗਈ, ਜਿਹੜੀ ਪਿਆਰ ਵਿੱਚੋਂ ਹੁੰਦੀ ਹੋਈ ਵਿਆਹ ਵਿਚ ਵਿਲੀਨ ਹੋ ਗਈ। ਵਿਆਹ ਤੋਂ ਪਹਿਲਾਂ ਹੀ ਸੁਰਚਨਾ ਦੇ ਪਿਤਾ ਦੀ ਸਹਾਇਤਾ ਨਾਲ ਸਰਬਜੀਤ ਨੇ ਲੰਡਨ ਵਿਚ ਕਾਨੂੰਨੀ ਕਾਰੋਬਾਰ ਸ਼ੁਰੂ ਕਰ ਲਿਆ। ਸਰਬਜੀਤ ਦੀ ਸਫਲਤਾ ਨਾਲ ਸੁਰੇਸ਼ ਬਹੁਤਾ ਖੁਸ਼ ਸੀ ਜਾਂ ਸਰਬਜੀਤ ਦੇ ਮਾਤਾ-ਪਿਤਾ ਇਸ ਗੱਲ ਦਾ ਨਿਰਣਾ ਔਖਾ ਸੀ। ਇਕ ਵੇਰ ਭਗਤ ਸਿੰਘ ਅਤੇ ਸੁਰੇਸ਼ ਸਰਬਜੀਤ ਨੂੰ ਮਿਲਣ ਲੰਡਨ ਆਏ ਸਨ ਅਤੇ ਉਸ ਦੇ ਆਲੀਸ਼ਾਨ ਦਫਤਰ ਨੂੰ ਵੇਖ ਕੇ ਭਾਵਾਂ ਦੇ ਆਥਾਹ ਪਾਣੀਆਂ ਵਿਚ ਲਹਿ ਗਏ ਸਨ। ਉਨ੍ਹਾਂ ਦੀਆਂ ਅੱਖਾਂ ਦਾ ਗਰਮ ਪਾਣੀ ਉਨ੍ਹਾਂ ਦੇ ਸ਼ੁਕਰਾਨੇ ਦਾ ਲਖਾਇਕ ਸੀ। ਭਗਤ ਸਿੰਘ ਨੇ ਪੁੱਤ੍ਰ ਨੂੰ ਗਲ ਲਾ ਕੇ