ਸਰਬਜੀਤ ਅਤੇ ਸੁਰਚਨਾ ਦਾ ਵਿਆਹ ਧੂਮ ਧਾਮ ਨਾਲ ਲੰਡਨ ਵਿਚ ਹੋਇਆ। ਸੁਰਚਨਾ ਦੇ ਪਿਤਾ ਨੇ ਭਗਤ ਸਿੰਘ ਦੇ ਸਨੇਹੀਆਂ ਸੰਬੰਧੀਆਂ ਦੇ ਆਦਰ ਮਾਣ ਵਿਚ ਕੋਈ ਕਸਰ ਨਾ ਰਹਿਣ ਦਿੱਤੀ। ਆਪਣੀ ਹੈਸੀਅਤ ਅਨੁਸਾਰ ਜੰਞ ਦੀ ਰੋਟੀ ਦਾ ਪ੍ਰਬੰਧ ਉਸ ਨੇ ਪ੍ਰਸਿੱਧ ਹਿੰਦੁਸਤਾਨੀ ਹੋਟਲ ਅੰਬੈਸਡਰ ਵਿਚ ਕੀਤਾ। ਹੋਟਲ ਦੇ ਤੌਰ ਤਰੀਕਿਆਂ ਤੋਂ ਵਾਕਿਫ਼ ਨਾ ਹੋਣ ਕਰਕੇ ਭਗਤ ਸਿੰਘ ਨੂੰ ਪਹਿਲੀ ਵੇਰ ਇਹ ਮਹਿਸੂਸ ਹੋਇਆ ਕਿ ਉਸ ਨੂੰ ਮਿਲਣ ਵਾਲੀਆਂ ਇਨ੍ਹਾਂ ਖ਼ੁਸ਼ੀਆਂ ਵਿਚ ਉਦਾਸੀ ਦੀ ਬੇ-ਮਲੂਮੀ ਜਹੀ ਮਿਲਾਵਟ ਵੀ ਹੈ ।
ਸਰਬਜੀਤ ਸਿੰਘ ਨੇ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਇਲਫਰਡ ਵਿਚ ਮਕਾਨ ਖ਼ਰੀਦ ਲਿਆ ਹੋਇਆ ਸੀ। ਇਸ ਲਈ ਭਗਤ ਸਿੰਘ ਦੀ ਨੂੰਹ ਦਾ ਝੋਲਾ ਬਰਮਿੰਘਮ ਨਾ ਗਿਆ। ਵਿਆਹ ਤੋਂ ਤੀਜੇ ਦਿਨ ਨੂੰਹ-ਪੁੱਤ ਹਨੀਮੂਨ ਲਈ ਸਵਿਟਜ਼ਰਲੈਂਡ ਚਲੇ ਗਏ ਅਤੇ ਭਗਤ ਸਿੰਘ, ਉਸ ਦੀ ਪਤਨੀ ਕਰਮ ਕੌਰ, ਸੁਰੇਸ਼ ਅਤੇ ਉਸ ਦੀ ਪਤਨੀ ਰੰਜਨਾ ਮੁੜ ਆਪਣੇ ਘਰ ਬਰਮਿੰਘਮ ਆ ਗਏ। ਉਹ ਹੈਰਾਨ ਸਨ; ਇਹ ਕਿਸ ਢੰਗ ਦਾ ਵਿਆਹ ਹੋਇਆ।
ਸਰਬਜੀਤ ਅਤੇ ਸੁਰਚਨਾ ਹਨੀਮੂਨ ਤੋਂ ਸਿੱਧੇ ਬਰਮਿੰਘਮ ਆਏ। ਭਗਤ ਸਿੰਘ, ਕਰਮ ਕੌਰ, ਸੁਰੇਸ਼ ਅਤੇ ਰੰਜਨਾ ਨੂੰ ਚਾਅ ਚੜ੍ਹ ਗਏ। ਸੁਰਚਨਾ ਕੇਵਲ ਨਾਂ ਦੀ ਸੁਰਚਨਾ ਨਹੀਂ ਸੀ, ਸਗੋਂ ਰਚਣਹਾਰ ਦੀ ਰੀਝ ਸੀ ਉਹ। ਕੋਈ ਕੋਮਲਤਾ ਸੀ ਉਸ ਦੇ ਸੁਭਾਅ ਵਿਚ: ਕੋਈ ਮਿਠਾਸ ਸੀ ਉਸ ਦੀ ਬੋਲੀ ਵਿਚ ਕੋਈ ਸੁੰਦਰਤਾ ਸੀ ਉਸਦੇ ਵਤੀਰੇ ਵਿਚ ਕਰਮ ਕੌਰ ਅਤੇ ਭਗਤ ਸਿੰਘ ਧੰਨ ਹੋ ਗਏ। ਦੋ ਹਫਤਿਆ ਪਿੱਛੋਂ ਸਰਬਜੀਤ ਲੰਡਨ ਮੁੜ ਆਇਆ, ਪਰੰਤੂ ਸੁਰਚਨਾ ਆਪਣੇ ਘਰ ਰਹਿ ਕੇ ਖ਼ੁਸ਼ ਸੀ। ਜਦੋਂ ਹਫਤੇ ਕੁ ਪਿੱਛੋਂ ਉਹ ਲੰਡਨ ਆਈ ਤਾਂ ਭਗਤ ਸਿੰਘ ਅਤੇ ਕਰਮ ਕੌਰ ਨੂੰ ਵੀ ਨਾਲ ਲੈ ਆਈ। ਭਗਤ ਸਿੰਘ ਕਹਿੰਦਾ ਰਿਹਾ ਕਿ ਉਸ ਨੇ ਕੰਮ ਉੱਤੇ ਜਾਣਾ ਹੈ, ਇਸ ਲਈ ਉਹ ਨਾਲ ਨਹੀਂ ਜਾ ਸਕਦਾ। ਪਰ ਸੁਰਚਨਾ ਨੇ ਇਕ ਨਾ ਸੁਣੀ; ਨਾਲ ਨਾਲ ਇਹ ਤਾਕੀਦ ਵੀ ਕੀਤੀ ਕਿ ਅੱਗੇ ਤੋਂ ਉਹ ਕੰਮ ਨਹੀਂ ਕਰੇਗਾ।
ਲੰਡਨ ਆਉਣ ਉੱਤੇ ਨਿਓਦਿਆਂ ਦਾ ਦੌਰ ਚੱਲ ਪਿਆ। ਹਰ ਸਨਿਚਰ ਅਤੇ ਐਤਵਾਰ ਨਵੇਂ ਵਿਆਹੇ ਜੋੜੇ ਨੂੰ ਕਿਸੇ ਨਾ ਕਿਸੇ ਸੰਬੰਧੀ ਜਾਂ ਮਿੱਤ੍ਰ ਪਰਵਾਰ ਵਲੋਂ ਨਿਓਂਦਾ ਦਿੱਤਾ ਜਾਂਦਾ। ਸੁਰਚਨਾ ਦੇ ਪਿਤਾ ਦੇ ਮਿਲਣ ਵਾਲੇ ਸਾਰੇ ਦੇ ਸਾਰੇ ਵਾਪਾਰੀ ਲੋਕ ਸਨ। ਉਨ੍ਹਾਂ ਦੇ ਰਹਿਣ-ਸਹਿਣ ਅਤੇ ਗੱਲ ਬਾਤ ਦਾ ਢੰਗ ਬਿਲਕੁਲ ਵੱਖਰਾ ਸੀ। ਜੇ ਸੁਰਚਨਾ, ਭਗਤ ਸਿੰਘ ਅਤੇ ਕਰਮ ਕੌਰ ਦੇ ਮਾਨ ਸਨਮਾਨ ਦੀ ਰੱਬ ਵਰਗੀ ਰੱਖਵਾਲੀ, ਨਾਲ ਨਾ ਹੁੰਦੀ ਤਾਂ ਉਨ੍ਹਾਂ ਨੇ ਇਕ ਤੋਂ ਪਿੱਛੋਂ ਦੂਜੇ ਨਿਓਂਦੇ ਉੱਤੇ ਨਹੀਂ ਸੀ ਜਾਣਾ। ਭਾਰਤੀਆਂ ਦੇ ਨਿਓਂਦਿਆਂ ਦਾ ਸਿਲਸਿਲਾ ਮੁੱਕਣ ਉੱਤੇ ਸਰਬਜੀਤ ਦੇ ਹਮ ਪੇਸ਼ਾ ਗੋਰਿਆਂ ਵਲੋਂ ਸੱਦੇ ਆਏ ਤਾਂ ਸੁਰਚਨਾ ਨੇ ਆਪਣੇ ਸੱਸ-ਸਹੁਰੇ ਨੂੰ ਨਾਲ ਨਾ ਲੈ ਜਾਣਾ ਹੀ ਠੀਕ ਜਾਤਾ।
ਫੈਂਡਰੀ ਵਿਚ ਕੰਮ ਕਰਨ ਵਾਲੇ ਭਗਤ ਸਿੰਘ ਲਈ ਇਹ ਜੀਵਨ-ਜਾਲ ਓਪਰੀ ਸੀ। ਅਜੀਬ ਕਿਸਮ ਦੇ ਲੋਕ ਆਉਂਦੇ ਸਨ, ਉਸ ਦੇ ਪੁੱਤ ਨੂੰ ਮਿਲਨ: ਉਸ ਤੋਂ ਸਲਾਹਾਂ ਲੈਣ; ਉਸ ਨੂੰ ਆਪਣੇ ਦੁੱਖ ਦੱਸਣ। ਬਹੁਤੇ ਗੋਰੇ ਹੁੰਦੇ ਸਨ। ਉਹ ਅਨੋਖੇ ਜਹੇ ਢੰਗ ਨਾਲ