ਕਰਮ ਕੌਰ ਠੀਕ ਹੀ ਕਹਿੰਦੀ ਸੀ 'ਨਿਪੂ ਦੇ ਬਾਪੂ, ਤੂੰ ਇਕੱਲਾ ਕਿਵੇਂ ਜੀਵੇਗਾ।" ਇਸਤ੍ਰੀ ਅੰਤਰ ਦ੍ਰਿਸ਼ਟੀ ਨਾਲ ਇਹ ਜਾਣਦੀ ਹੈ ਕਿ ਮਰਦ ਲਈ ਆਪਣੀ ਸਾਥਣ ਤੋਂ ਬਿਨਾ ਜੀਣਾ ਮੁਸ਼ਕਿਲ ਹੈ। ਹੈ ਤਾਂ ਉਸ ਲਈ ਵੀ ਮੁਸ਼ਕਿਲ, ਪਰ ਉਹ ਜੀ ਲੈਂਦੀ ਹੈ: ਆਪਣੀ ਸਹਿਨਸ਼ੀਲਤਾ ਦੇ ਸਹਾਰੇ, ਆਪਣੇ ਹਨ ਦੇ ਸਹਾਰੇ ਆਪਣੇ ਪਤੀ ਦੇ ਪਰਵਾਰ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ। ਜਦੋਂ ਕਰਮ ਕੌਰ ਨੇ ਭਗਤ ਸਿੰਘ ਨੂੰ ਕਿਹਾ ਸੀ 'ਇਕੱਲਾ ਕਿਵੇਂ ਜੀਵੇਗਾ' ਉਦੋਂ ਉਸ ਵਿਚ ਇਕ ਪਤਨੀ ਨਹੀਂ ਸੀ ਬੋਲ ਰਹੀ ਸਗੋਂ ਉਸ ਦਾ ਅਸਲਾ, ਉਸ ਵਿਚਲੀ 'ਮਾਂ' ਬੋਲ ਰਹੀ ਸੀ।
ਜਦੋਂ ਭਗਤ ਸਿੰਘ ਜ਼ਰਾ ਜ਼ਿਆਦਾ ਕਮਜ਼ੋਰ ਹੋ ਗਿਆ ਤਾਂ ਉਸ ਦੇ ਨੂੰਹ-ਪੁੱਤ੍ਰ ਨੇ ਉਸ ਨੂੰ ਲੰਡਨ ਲੈ ਜਾਣ ਦੀ ਜ਼ਿਦ ਕੀਤੀ। ਉਹ ਚਲੇ ਗਿਆ, ਪਰ ਇਹ ਸੌਦਾ ਉਸ ਨੂੰ ਪੁੱਗਿਆ ਨਾ। ਸਰਬਜੀਤ ਦੇ ਅੰਗ੍ਰੇਜ਼ ਮਿੱਤ੍ਰ ਸ਼ਾਮ ਨੂੰ ਉਸ ਦੇ ਗਾਰਡਨ ਵਿਚ ਟੈਨਿਸ ਬੈਡਮਿੰਟਨ ਆਦਿਕ ਖੇਡਣ ਆਉਂਦੇ ਤਾਂ ਉਹ ਅੰਦਰ ਬੈਠਾ ਖਿੜਕੀ ਦੇ ਸ਼ੀਸ਼ਿਆਂ ਰਾਹੀਂ ਬਾਹਰ ਵੇਖਦਾ ਰਹਿੰਦਾ। ਵੈਂਡਰੀ ਦੇ ਨਿੱਘ ਅਤੇ ਸੱਜਣਾਂ ਦੇ ਸਾਥ ਦੀ ਯਾਦ ਆਉਣ ਉਤੇ ਉਸ ਨੂੰ ਪੰਝੀ ਡਿਗਰੀ ਸੈਂਟੀ ਗ੍ਰੇਡ ਦੇ ਤਾਪਮਾਨ ਵਾਲਾ ਕਮਰਾ ਠੰਢਾ ਲੱਗਣ ਲੱਗ ਪੈਂਦਾ। ਮਿੱਤ੍ਰਾਂ ਨਾਲ ਗੁਰਦਵਾਰੇ ਵਿਚ ਗੁਜ਼ਾਰੀਆਂ ਸਵੇਰਾਂ ਅਤੇ ਪੱਬ ਵਿਚ ਬਿਤਾਈਆਂ ਸ਼ਾਮਾਂ ਦੀਆਂ ਯਾਦਾਂ ਉਸ ਨੂੰ ਇੱਕੋ ਜਿਹਾ ਉਦਾਸ ਕਰਦੀਆਂ। ਉਸ ਨੂੰ ਕਰਮ ਕੌਰ ਉੱਤੇ ਗੁੱਸਾ ਆਉਂਦਾ ਸੀ, ਜੋ ਮਰ ਕੇ ਉਸ ਨੂੰ ਓਪਰੀ ਦੁਨੀਆਂ ਵਿਚ ਵੱਸਣ ਲਈ ਛੱਡ ਗਈ ਸੀ। ਉਹ ਛੇਤੀ ਹੀ ਬਰਮਿੰਘਮ ਚਲੇ ਗਿਆ। ਉਸ ਨੂੰ ਪਰਤਿਆ ਵੇਖ ਕੇ ਬੂਟਾ ਸਿੰਘ ਨੇ ਆਖਿਆ ਸੀ, "ਭਗਤ ਸਿੰਹਾਂ, ਤੇਰਾ ਕੋਈ ਕਸੂਰ ਨਹੀਂ; ਰੱਬ ਨੇ ਤੇਰਾ ਹਾਜ਼ਮਾ ਕਮਜ਼ੋਰ ਬਣਾਇਆ; ਤੈਨੂੰ ਸੁੱਖ ਹਜ਼ਮ ਨਹੀਂ ਹੋਇਆ।" ਅੱਗੋਂ ਭਗਤ ਸਿੰਘ ਨੇ ਉੱਤਰ ਵਿਚ ਆਖਿਆ ਸੀ, "ਮੇਰਾ ਹਾਜ਼ਮਾ ਤਾਂ ਕਮਜ਼ੋਰ ਆ, ਪਰ ਤੇਰਾ ਡਮਾਕ ਬਹੁਤ ਤੇਜ਼ ਬਣਾਇਆ ਰੱਬ ਨੇ; ਓਸੇ ਦੀਆਂ ਗ਼ਲਤੀਆਂ ਕੱਢੀ ਜਾਂਦਾ ।"
ਮਿਤ੍ਰਾਂ ਦੀ ਨੋਕ-ਝੋਕ ਸੁਰਚਨਾ ਨੂੰ ਚੰਗੀ ਲੱਗੀ ਸੀ।
ਬੱਚੇ ਦੀ ਅਵਸਥਾ ਨੂੰ ਪਹੁੰਚਿਆ ਹੋਇਆ ਭਗਤ ਸਿੰਘ ਬਹੁਤਾ ਚਿਰ ਜੀ ਨਾ ਸਕਿਆ। ਉਸਦੀ ਇਕੱਲ ਅਤੇ ਉਦਾਸੀ ਦਾ ਅੰਤ ਨੇੜੇ ਆ ਗਿਆ। ਉਸ ਨੇ ਲੰਡਨ ਜਾਣ ਤੋਂ ਇਨਕਾਰ ਕਰਦਿਆਂ ਹੋਇਆਂ, ਓਸੇ ਹਸਪਤਾਲ ਵਿਚ ਭਰਤੀ ਹੋਣਾ ਚਾਹਿਆ ਜਿਸ ਵਿਚ ਕਰਮ ਕੌਰ ਪੂਰੀ ਹੋਈ ਸੀ। ਬੱਚਿਆਂ ਨੂੰ ਨਾਨਕਿਆਂ ਵੱਲ ਛੱਡ ਕੇ ਸਰਬਜੀਤ