ਸੰਧਿਆ ਦੀ ਲਾਲੀ
ਕ੍ਰਿਸਟੋਫਰ ਨੂੰ ਰੀਟਾਇਰ ਹੋਇਆ ਛੇ-ਸੱਤ ਸਾਲ ਹੋ ਗਏ ਸਨ। ਰੀਟਾਇਰਮੈਂਟ ਤੋਂ ਪਿਛਲੇ ਇਨ੍ਹਾਂ ਸਾਲਾਂ ਨੇ ਉਸ ਨੂੰ ਅਤੀਤ ਦਾ ਅਨੁਰਾਗੀ ਬਣਾ ਦਿੱਤਾ ਸੀ। ਸਦਾ ਅੱਗੇ ਵੱਲ ਵੇਖਣ ਵਾਲਾ ਹਰ ਨਵੀਂ ਸਵੇਰ ਨੂੰ ਉਦੇ ਹੋਣ ਵਾਲੇ ਸਨਾਤਨ ਸੂਰਜ ਨੂੰ ਸੁਨਹਿਰੀ ਸੁਪਨਿਆਂ ਦਾ ਸਿਰਜਣਹਾਰ ਸਮਝਣ ਵਾਲਾ, ਕ੍ਰਿਸਟੋਫਰ, ਬਹੱਤਰਾਂ ਦੀ ਥਾਂ ਬਿਆਸੀਆਂ ਨੂੰ ਪੁੱਜ ਗਿਆ ਜਾਪਦਾ ਸੀ। ਰੌਣਕਾਂ, ਰੰਗਾਂ, ਮਿੱਤ੍ਰਤਾਵਾਂ ਅਤੇ ਮਿਹਰਬਾਨੀਆਂ ਭਰਿਆ ਉਸ ਦਾ ਜੀਵਨ ਹੁਣ ਇਕੱਲ ਅਤੇ ਉਦਾਸੀ ਦਾ ਜੀਵਨ ਬਣ ਗਿਆ ਸੀ। ਆਪਣੇ ਜੀਵਨ ਵਿਚਲੇ ਖੇੜੇ ਉਹ ਆਪ ਉਪਜਾਉਂਦਾ ਰਿਹਾ ਸੀ, ਪਰ ਇਸ ਦੀ ਪੱਤਝੜ ਦਾ ਭੇਤ ਉਹ ਨਹੀਂ ਸੀ ਪਾ ਸਕਿਆ।
ਪਹਿਲੀ ਵੱਡੀ ਜੰਗ ਵਿਚ ਉਸ ਦਾ ਪਿਤਾ ਮਾਰਿਆ ਗਿਆ ਸੀ। ਉਦੋਂ ਕ੍ਰਿਸਟੋਫਰ ਬਹੁਤ ਛੋਟਾ ਹੋਣ ਕਰ ਕੇ ਏਹੋ ਜਹੀਆਂ ਪੀੜਾਂ ਦੇ ਅਹਿਸਾਸ ਤੋਂ ਅਭਿੱਜ ਸੀ। ਜੰਗ ਦੀ ਭਿਆਨਕਤਾ ਅਤੇ ਜੀਵਨ ਦੀਆਂ ਦੁਸ਼ਵਾਰੀਆਂ ਨੇ ਉਸ ਦੀ ਮਾਤਾ ਨੂੰ ਵੀ ਇਸ ਅਹਿਸਾਸ ਦੀ ਅਭਿਵਿਅਕਤੀ ਦੀ ਵਿਹਲ ਨਹੀਂ ਸੀ ਦਿੱਤੀ।
ਦੂਜਾ ਸੰਸਾਰ ਯੁੱਧ ਪਹਿਲੇ ਨਾਲੋਂ ਵੱਧ ਭਿਆਨਕ ਸੀ। ਕ੍ਰਿਸਟੋਫਰ ਅਤੇ ਉਸ ਦੀ ਮਾਤਾ, ਦੋਹਾਂ ਨੂੰ ਫ਼ੌਜ ਵਿਚ ਭਰਤੀ ਹੋਣਾ ਪਿਆ। ਉਸ ਸੰਸਾਰ-ਸੰਕਟ ਦੇ ਸਮੇਂ ਕ੍ਰਿਸਟੋਫਰ ਸੱਭਿਅਤਾ ਦੇ ਰਖਵਾਲਿਆਂ ਵਿਚ ਸ਼ਾਮਲ ਹੋ ਗਿਆ ਅਤੇ ਉਸ ਦੀ ਮਾਤਾ, ਜੋ ਇਕ ਨਰਸ ਸੀ, ਇਨ੍ਹਾਂ ਰਖਵਾਲਿਆਂ ਦੀ ਸੇਵਾ-ਸੰਭਾਲ ਦੇ ਕੰਮ ਵਿਚ ਜੁੱਟ ਗਈ। ਅੱਠਵੀਂ ਭਾਰਤੀ ਸੈਨਾ ਵਿਚ ਕੰਮ ਕਰਦਾ ਹੋਇਆ ਕ੍ਰਿਸਟੋਫਰ ਆਪਣੇ ਦੇਸ਼ ਬਾਹਰ ਸੀ, ਜਦੋਂ ਉਸ ਨੂੰ ਖ਼ਬਰ ਮਿਲੀ ਕਿ 'ਜਰਮਨ ਹਵਾਈ ਹਮਲੇ ਨਾਲ ਬਰਬਾਦ ਹੋਣ ਵਾਲੇ ਇਕ ਹਸਪਤਾਲ, ਦੇ ਮਲਬੇ ਹੇਠਾਂ ਦੱਬ ਕੇ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ,' ਇਹ ਖ਼ਬਰ ਉਸ ਨੂੰ ਘਟਨਾ ਤੋਂ ਮਹੀਨਾ ਭਰ ਮਗਰੋਂ ਮਿਲੀ। ਉਹ ਬਹੁਤ ਉਦਾਸ ਹੋਇਆ। ਜੀਵਨ ਵਿਚ ਪਹਿਲੀ ਵੇਰ ਉਸ ਨੇ ਉਦਾਸੀ ਅਤੇ ਇਕੱਲ ਦੇ ਅਰਥ ਸਮਝੇ। ਉਹ ਦੁਨੀਆਂ ਦੇ ਭਰੇ ਮੇਲੇ ਵਿਚ ਇਕੱਲਾ ਅਤੇ ਉਦਾਸ ਹੋ ਗਿਆ।
ਉਸ ਨੂੰ ਮਾਂ ਕੋਲੋਂ ਸੇਵਾ ਅਤੇ ਪਿਤਾ ਕੋਲੋਂ ਦੋਸਤੀ ਦਾ ਸੁਭਾਅ ਮਿਲਿਆ ਹੋਇਆ ਸੀ। ਏਥ ਇੰਡੀਅਨ ਆਰਮੀ ਵਿਚ ਕੰਮ ਕਰਨ ਵਾਲੇ ਭਾਰਤੀ ਸੈਨਿਕਾ ਨਾਲ ਮਿੱਤ੍ਰਤਾ ਅਤੇ ਸੇਵਾ ਦਾ ਸੰਬੰਧ ਸਥਾਪਤ ਕਰ ਕੇ ਉਸ ਨੇ ਆਪਣੀ ਇਕੱਲ ਅਤੇ ਉਦਾਸੀ ਨੂੰ ਰੌਣਕ ਅਤੇ ਖ਼ੁਸ਼ੀ ਵਿਚ ਉਲਥਾਅ ਲਿਆ। ਆਪਣੇ ਨਵੇਂ ਬਣੇ ਸੰਬੰਧਾਂ ਨੂੰ ਉਹ ਬੱਚਿਆਂ ਦੇ ਭੋਲੇਪਨ ਨਾਲ ਮਾਣਦਾ ਸੀ। ਡਿਊਟੀ ਤੋਂ ਵਿਹਲਾ ਹੋ ਕੇ ਉਹ ਆਪਣੇ ਸਾਥੀਆਂ ਨਾਲ