ਨਵੇਂ ਸੰਬੰਧਾਂ ਅਤੇ ਨਵੀਆਂ ਯੋਗਤਾਵਾਂ ਨੇ ਜੀਵਨ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਹੀ ਬਦਲ ਦਿੱਤਾ। ਉਸ ਨੂੰ ਯਕੀਨ ਹੋ ਗਿਆ ਕਿ 'ਆਪਣਿਆਂ ਦਾ ਮੋਹ ਉਦਾਸੀ ਦਾ ਕਾਰਣ ਬਣਦਾ ਹੈ ਅਤੇ ਪਰਾਇਆਂ ਨਾਲ ਪਾਈ ਹੋਈ ਮਿੱਤ੍ਰਤਾ ਉਦਾਸੀ ਦੇ ਰੇਗਿਸਤਾਨ ਵਿਚ ਵੱਡਾ ਨਖ਼ਲਿਸਤਾਨ ਹੋ ਨਿਬੜਦੀ ਹੈ।"
ਜੰਗ ਦੀ ਸਮਾਪਤੀ ਉੱਤੇ ਕ੍ਰਿਸਟੋਫਰ ਆਪਣੇ ਸ਼ਹਿਰ ਲੰਡਨ ਆ ਗਿਆ। ਉਸ ਦਾ ਪਿਤਾ ਪੁਰਖੀ ਘਰ ਹਵਾਈ ਹਮਲਿਆਂ ਦੀ ਭੇਟਾ ਹੋ ਚੁੱਕਾ ਸੀ। ਬੇ-ਘਰ ਹੋਏ ਲੋਕਾਂ ਲਈ, ਹਜ਼ਾਰਾਂ ਦੀ ਗਿਣਤੀ ਵਿਚ, ਕੰਮ-ਚਲਾਊ ਘਰ ਬਣਾਏ ਜਾ ਰਹੇ ਸਨ। ਉਸ ਦੀ ਸੇਵਾ-ਭਾਵਨਾ ਨੇ ਉਸ ਨੂੰ ਇਸ ਕਾਰੇ ਲਾ ਦਿੱਤਾ ਅਤੇ ਇਸ ਕੰਮ ਦੇ ਬਦਲੇ ਵਿਚ, ਕੌਂਸਲ ਨੇ, ਉਸਨੂੰ ਈਸਟ ਹੈਮ ਦੀ ਇਕ ਸੜਕ, ਬਰਜਿਸ ਰੋਡ ਉੱਤੇ ਇਕ ਘਰ ਦੇ ਦਿੱਤਾ।
ਓਨ੍ਹੀਂ ਦਿਨੀਂ ਕੰਮਾਂ ਕਾਰਾਂ ਦੀ ਭਰਮਾਰ ਸੀ। ਛੇਤੀ ਹੀ ਬਿਲਡਰ ਮਰਚੈਂਟਸ ਦੀ ਇਕ ਕੰਪਨੀ, ਬਲੈਂਚਰਡਜ, ਨੇ ਉਸ ਨੂੰ ਈਸਟ ਹੇਮ ਦੀ ਹਾਈ ਸਟ੍ਰੀਟ ਵਿਚਲੀ ਆਪਣੀ ਦੁਕਾਨ ਉੱਤੇ ਸੇਲਜ਼ਮੈਨ ਦੀ ਨੌਕਰੀ ਦੇ ਦਿੱਤੀ। ਇਮਾਰਤੀ ਕੰਮ ਅਤੇ ਸਾਮਾਨ ਦੀ ਜਾਣਕਾਰੀ, ਆਪਣੀ ਮਿਹਨਤ, ਲਗਨ, ਈਮਾਨਦਾਰੀ ਅਤੇ ਮਿੱਠੇ ਸੁਭਾਅ ਕਾਰਨ ਉਹ ਪਹਿਲਾਂ ਹਰਮਨ ਪਿਆਰਾ ਅਤੇ ਪਿੱਛੋਂ ਦੁਕਾਨ ਦਾ ਇੰਚਾਰਜ ਬਣ ਗਿਆ।
ਜੰਗ ਨਾਲ ਢੱਠੇ ਲੰਡਨ ਦੀ ਮੁੜ ਉਸਾਰੀ ਲਈ ਬਾਹਰਲੇ ਦੇਸ਼ਾਂ ਵਿੱਚੋਂ ਲਿਆਂਦੇ ਜਾਣ ਵਾਲੇ ਕਾਮਿਆਂ ਵਿਚ ਭਾਰਤੀਆਂ, ਵਿਸ਼ੇਸ਼ ਕਰਕੇ ਪੰਜਾਬੀਆਂ ਦੀ ਚੋਖੀ ਗਿਣਤੀ ਸੀ, ਜਿਸ ਵਿੱਚੋਂ ਬਹੁਤ ਸਾਰੇ ਲੋਕ ਈਸਟ ਹੈਮ ਵਿਚ ਵੱਸਣੇ ਆਰੰਭ ਹੋ ਗਏ ਸਨ। ਕ੍ਰਿਸਟੋਫਰ, ਜਿਹੜਾ ਆਪਣੇ ਪਿਤਾ-ਪੁਰਖੀ ਸ਼ਹਿਰ ਵਿਚ ਆਪਣੇ ਛੋਟੇ ਨਾਂ 'ਕ੍ਰਿਸ' ਨਾਲ ਪੁਕਾਰਿਆ ਜਾਣ ਲੱਗ ਪਿਆ ਸੀ, ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਸੀ। ਉਸ ਨੂੰ ਖੁਸ਼ੀ ਸੀ ਕਿ ਇਹ ਲੋਕ ਆਪਣੇ ਮਕਾਨ ਖਰੀਦਣ ਦੀ ਕਾਹਲ ਵਿਚ ਹਨ; ਉਸ ਨੂੰ ਖ਼ੁਸ਼ੀ ਸੀ ਕਿ ਆਪਣੇ ਮਕਾਨਾਂ ਦੀ ਮੁਰੰਮਤ ਦੀ ਲੋੜ ਕਾਰਨ ਉਹ ਉਸ ਦੀ ਦੁਕਾਨ ਵਿਚ ਆਉਂਦੇ ਸਨ; ਉਸ ਨੂੰ ਖ਼ੁਸ਼ੀ ਸੀ ਕਿ ਉਸ ਦੀ ਮਿੱਤ੍ਰਤਾ ਦਾ ਘੇਰਾ ਵਿਸ਼ਾਲ ਹੋ ਰਿਹਾ ਸੀ; ਉਸ ਨੂੰ ਖ਼ੁਸ਼ੀ ਸੀ ਕਿ ਉਹ ਨਵੇਂ ਆਏ ਲੋਕਾਂ ਨਾਲ ਉਨ੍ਹਾਂ ਦੀ ਬੋਲੀ ਵਿਚ ਗੱਲ ਕਰ ਕੇ ਉਨ੍ਹਾਂ ਨੂੰ ਅਚੰਭਿਤ ਕਰ ਸਕਦਾ ਸੀ । ਉਹ ਆਪਣੇ ਨਵੇਂ ਮਿੱਤ੍ਰਾਂ ਵਿਚ ਏਸ਼ ਇੰਡੀਅਨ ਆਰਮੀ ਦੇ ਆਪਣੇ ਪੁਰਾਣੇ ਮਿੱਤ੍ਰਾਂ ਦੀ ਨੁਹਾਰ ਵੇਖ ਕੇ ਖੁਸ਼ ਸੀ। ਉਸ ਦੀ ਖ਼ੁਸ਼ੀ ਵਿਚ ਹੋਰ ਵੀ ਵਾਧਾ ਹੁੰਦਾ ਸੀ, ਜਦੋਂ ਇਹ ਨਵੇਂ ਮਿੱਤ੍ਰ ਉਸ ਨੂੰ ਕ੍ਰਿਸਟੋਫਰ, ਮਿਸਟਰ ਡੀਨ ਜਾਂ ਸਰ ਦੀ ਥਾਂ ਕੇਵਲ 'ਕ੍ਰਿਸ' ਕਹਿ ਕੇ ਬੁਲਾਉਂਦੇ ਸਨ।
ਉਹ ਪੰਜਾਬੀ ਬੋਲ ਅਤੇ ਸਮਝ ਲੈਂਦਾ ਸੀ, ਇਸ ਲਈ ਉਸ ਦੇ ਪੰਜਾਬੀ ਗਾਹਕ ਆਪਣੀਆਂ ਲੋੜਾਂ ਅਤੇ ਔਕੜਾਂ ਦੱਸਣ ਵਿਚ ਉਚੇਚੀ ਸਹੂਲਤ ਮਹਿਸੂਸ ਕਰਦੇ ਸਨ। ਜਦੋਂ ਉਸ ਨੂੰ ਪਤਾ ਲੱਗਦਾ ਸੀ ਕਿ ਉਸ ਦਾ ਕੋਈ ਗਾਹਕ ਪਲਮਿੰਗ ਜਾਂ ਬਿਜਲੀ ਦੇ ਕੰਮ ਵਿਚ ਉੱਕਾ ਅਣਜਾਣ ਹੈ ਤਾਂ ਉਹ ਉਸ ਦੇ ਘਰ ਜਾ ਕੇ ਉਸ ਦੀ ਸਹਾਇਤਾ ਕਰਨ