ਦਿਲਦਾਰ ਰੁਖ਼
ਧੂਹ ਕਲੇਜਾ ਲੈ ਗਿਆ
ਪਹਿਲੇ ਹੀ ਝਲਕੇ ਯਾਰ-ਰੁਖ,
ਬੇਤਿਆਰੀ ਵਿੱਚ ਸਹੀਓ !
ਕਰ ਗਿਆ ਉਹ ਵਾਰ ਰੁਖ਼।
ਦਿਲ ਨ ਅਪਣੇ ਪਾਸ ਹੈ
ਜਿਸ ਮੱਤ ਸੁਣਕੇ ਮੰਨਣੀ,
ਹੁਣ ਨਸੀਹਤ ਵਲ ਤੁਸਾਂ ਦੇ
ਕਿੰਝ ਕਰਾਂ ਮੈਂ ਪ੍ਯਾਰ-ਰੁਖ਼?
ਦਿਲ ਜੁ ਸੀ ਜ਼ਖ਼ਮੀ ਹੁਯਾ
ਉਹ ਤਾਂ ਹੁਣ ਹੈਵੇ ਪਾਸ ਯਾਰ,
ਕੀ ਕਰੇਗਾ ਵੈਦ ਦਾ ਹੁਣ
ਆਣ ਕੇ ਹੁਸ਼ਿਆਰ ਰੁਖ਼।
ਵਾਪਸ ਲਿਆਵਣ ਦਿਲ ਮੇਰਾ
ਗਈਓ ਤੁਸੀਂ ਜੇ ਪਾਸ ਯਾਰ,
ਖੱਸ ਲਏਗਾ ਦਿਲ ਤੁਸਾਂ ਦਾ
ਓਸ ਦਾ ਠਗਹਾਰ ਰੁਖ਼।
'ਚੁੰਬਕ-ਗ੍ਰਸੀ ਨੂੰ, ਸੁਣ ਸਖੀ !
ਜੋ ਜੋ ਛੁਡਾਵਣ ਲੱਗਸੀ,
ਆਪ ਗ੍ਰਸਿਆ ਜਾਵਸੀ,
ਐਸਾ ਹੈ ਉਹ ਖਿਚਦਾਰ ਰੁਖ਼।