ਹੱਜ*
ਤੈ ਬਾਝੋਂ ਮੈਂ ਪ੍ਯਾਰਿਆ ! ਜੀਵਣ ਦਾ ਨਹੀਂ ਹੱਜ।
ਨਾ ਹਜ ਪਹਿਨਣ ਖਾਣ ਦਾ, ਪੀਵਣ ਦਾ ਨਹੀਂ ਹੱਜ।
ਘਰ ਘਰ ਦੁਬਿਧਾ ਪੈ ਰਹੀ, ਦੇਸ਼ ਦੇਸ਼ ਵਿਚ ਜੰਗ,
ਕੰਮ ਕੰਮ ਵਿਚ ਬੇ-ਸੁਰੀ 'ਥੀਵਣ ਦਾ ਕੀਹ ਹੱਜ?
ਫਰਦ ਫਰਦ ਹਨ ਲੜ ਰਹੇ, ਜੀ ਜੀ ਵਿੱਚ ਦਗਾ,
ਵੱਸਣ ਇਹਨਾਂ ਵਿਚ ਹੈ ਬਿਨ ਹਜ, ਹਾਂ, ਬੇ ਹੱਜ।
ਜੇ ਤੂੰ ਪ੍ਰੀਤਮ ਆਪਣੇ ! ਸਦਾ ਵੱਸੇਂ ਮੈਂ ਨਾਲ,
ਬੇ-ਹੱਜੀ ਵਿਚ ਪ੍ਯਾਰਿਆ ! ਅਪਣਾ ਲਾ ਦੇ ਹੱਜ।
ਤੇਰੇ ਹੱਜ ਵਿਚ ਰੱਤਿਆਂ ਵੰਡਦਿਆਂ ਤੇਰਾ ਹੱਜ,
ਬੇ-ਲੁਤਫ਼ੀ ਇਸ ਜਗਤ ਦੀ ਬਹੂੰ ਨ ਕਰੇ ਬਿਹੱਜ !
ਰੰਗ ਰਤੜੇ ਤੈਂ ਪ੍ਯਾਰ ਦੇ ਸੂਰਜ ਬੱਦਲ ਵਾਂਙ
ਦੇਣ ਦੇਣ ਵਿਚ ਸਮਝੀਏ: ਇਹ ਹੈ ਅਸਲੀ ਹੱਜ।
ਭਲਾ ਜਿ ਇਸ ਇਨਸਾਨ ਨੂੰ ਇਨਸਾਨਿਯਤ ਜਏ ਆਇ.
ਜੀਵਨ ਇਸ ਰਸ ਭਰੇ ਹੈ ਖ਼ੁਦ ਨਾ ਕਰੇ ਬਿਹੱਜ। ੨੨
-------------
ਹਜ (ਹੇ ਜਏ) ਪਦ ਅਰਬੀ ਦਾ ਹੈ। ਅਰਥ ਹਨ ਨਸੀਬ, ਲਾਭ ਆਦਿ, ਪਰ ਫਾਰਸੀ ਵਿਚ ਅਕਸਰ ਖੁਸ਼ੀ ਮਜ਼ਾ, ਸੁਆਦ ਆਦਿ ਅਰਥਾਂ ਵਿਚ ਵਰਤੀਦਾ ਹੈ। ਪੰਜਾਬੀ ਵਿਚ ਇਹੋ ਪਦ ਹੱਜ ਕਰਕੇ ਵਰਤੀਦਾ ਹੈ, ਜਿਵੇਂ ਕਹੀਦਾ ਹੈ, ਹੁਣ ਮੇਲੇ ਮੁਸਾਹਬੇ ਜਾਣ ਦਾ ਕੋਈ ਹੱਜ ਨਹੀਂ ਰਹਿ ਗਿਆ। ਇਸ ਕਵਿਤਾ ਵਿਚ ਬੀ ਏਹੋ ਅਰਥ ਵਰਤੇ ਗਏ ਹਨ।