ਯਾਦ ਦੇ ਨੁਕਤੇ ਉਹਲੇ
ਰਾਤ ਅਰਸ਼ਾਂ ਤੋਂ ਪਲਮਦੀ ਇਕ ਵੇਲ ਜੁ ਆਈ,
ਹੋ ਚੰਦ ਗ੍ਯਾ ਪੰਨੇ ਦਾ ਤਕ ਏਸ ਦੀ ਹਰਿਆਈ।
ਭਰ ਨਾਲ ਅੰਗੂਰਾਂ ਦੇ ਰੰਗ ਲਾਲ ਅੰਗਾਰਾ
ਲਾਲੀ ਲਈ ਲਬਿ ਖੂਬਾਂ ਨੇ ਉਸ ਰੰਗੁ ਚੁਰਾਈ।
ਜਿਉਂ ਤ੍ਰੇਲ ਪਏ ਭਿੰਨੀ ਤਿਉਂ ਅੰਗੂਰ ਓ ਚੋਂਦੇ,
ਰਸ ਤੁਪਕਿਆਂ ਤੋਂ ਲੈ ਲੈ ਲਾਅਲਾਂ ਨੇ ਲਾਲੀ ਲਾਈ।
ਰਸ ਤੁਪਕੇ ਬਣੇ ਆਪੇ ਹੀ ਸਾਕੀ ਅਤੇ ਪਿਆਲਾ
ਲਬਾਂ ਨਾਲ ਲਗੇ ਉ ਆਪੇ ਹੀ ਰਸ ਦੇਣ ਚੁਆਈ।
ਰਸ ਦੇ ਕੇ ਉ ਅੰਗੂਰ, ਨ ਟੁੱਟਣ ਤਿ ਨਾ ਸੁੱਕਣ,
ਲਹਿ ਲਹਿ ਕਰਨ ਉ ਗੁੱਛੇ ਤਿ ਓ ਵੇਲ ਸਵਾਈ।
ਰਸ ਲੰਘ ਗਿਆ ਨਾਲੇ ਲਬਾਂ ਦੇ ਛੁਹਦਾ ਆਪੇ,
ਆਪੇ ਦੇ ਜਾ ਦੇਸ਼ ਇਨ੍ਹੇ ਇਕ ਝਰਨ ਛਿੜਾਈ।
ਨ ਨਸ਼ਾ, ਨੀਂਦ, ਨ ਮਸਤੀ ਨ ਸਰੂਰ ਹੀ ਭਾਸੇ,
ਕੁਈ ਦੇਖੀ ਨਾ ਸੁਣੀ ਰੰਗਤ ਜੁ ਅੰਦਰ ਆ ਛਾਈ।
ਸੀ ਉਹ ਹੋਸ਼ ਦੀ ਹੋਸ਼ ਕਿ ਮਦਹੋਸ਼ਿ ਮਦਹੋਸ਼ੀ,
ਆਪਾ ਗਿਆ ਆਪੇ ਤੋਂ ਉਡ ਖੰਭ ਲਗਾਈ।