ਜੋਖਣ ਵਾਲੀ ਗਲ ਇਹ ਹੈ ਕਿ ਉਹ ਆਪਣੇ ਸਮੇਂ ਦਿਆਂ ਅਨੁਭਵਾਂ ਨੂੰ ਕਿਤਨੀ ਕੁ ਸਫਲਤਾ ਨਾਲ ਕਵਿਤਾ ਵਿਚ ਪ੍ਰਗਟ ਕਰ ਸਕਿਆ ਹੈ। ਇਹੋ ਆਖ਼ਰੀ ਕਸੌਟੀ ਹੈ; ਇਹ ਨਹੀਂ ਕਿ ਕੋਈ ਕਵਿਤਾ ਇਸ ਰੂਪ ਵਿਚ ਹੈ ਕਿ ਉਸ ਵਿਚ, ਇਸ ਵਿਸ਼ੇ ਨੂੰ ਸੰਭਾਲਦੀ ਹੈ ਕਿ ਉਸ ਨੂੰ, ਇਹ ਕੀਮਤਾਂ ਧਾਰਨ ਕਰਦੀ ਹੈ ਯਾ ਉਹ। ਮੈਂ ਜੀ. ਕੇ. ਚੈਸਟਰਟਨ ਨਾਲ ਸਹਿਮਤ ਹਾਂ ਕਿ,
ਜੋ ਕੁਝ ਵੀ ਮਹਾਨ ਤਰੀਕੇ ਨਾਲ ਸੁੰਦਰ ਤੇ ਸਤਯ ਹੈ,
ਬਹੁਤ ਸਾਦਾ ਹੁੰਦਾ ਹੈ, ਗੀਤ ਵਾਂਗ ਸਾਦਾ,
ਯਾ ਜਿਵੇਂ ਨੀਲੇ ਅਸਮਾਨ ਉਤੇ ਚਾਂਦੀ ਦੀ ਲਿਖਤ ਹੁੰਦੀ ਹੈ,
ਔਖੀ ਤੇ ਗੁੰਝਲਦਾਰ ਚੀਜ਼ ਆਮ ਤੌਰ ਤੇ ਗਲਤ ਹੁੰਦੀ ਹੈ।
ਮੋਹਨ ਸਿੰਘ ਦੇ ਹੱਕ ਵਿਚ ਵੀ ਇਹ ਗੱਲ ਆਖੀ ਜਾ ਸਕਦੀ ਹੈ, ਕਿਉਂਕਿ ਉਹ ਆਪਣੀਆਂ ਇਨ੍ਹਾਂ ਕਵਿਤਾਵਾਂ ਵਿਚ 'ਔਖਾ ਤੇ ਗੁਝਲਦਾਰ’ ਹੋਏ ਬਿਨਾਂ ਨਵਾਂਪਨ ਲਿਆ ਸਕਣ ਵਿਚ ਬਹੁਤ ਸਫਲ ਰਿਹਾ ਹੈ।
४.
ਆਪਣੀਆਂ ਪਹਿਲੀਆਂ ਕਵਿਤਾਵਾਂ ਵਿਚ, ਮੋਹਨ ਸਿੰਘ ਬਹੁਤ ਕਰਕੇ ਸ੍ਵੈ-ਪ੍ਰਕਾਸ਼ ਵਿਚ ਹੀ ਰੁਝਾ ਰਿਹਾ ਹੈ।ਪਰ ਇਹ ਕਵਿਤਾਵਾਂ ਪਕੇਰੀਆਂ ਤੇ ਅਜੋਕੇ ਸਮਿਆਂ ਦੇ ਤਿੱਖੇ ਤੇ ਤੀਬਰ ਵੇਗ ਦੇ ਮੁਤਾਬਕ ਹਨ, ਕਿਉਂਕਿ ਇਨ੍ਹਾਂ ਵਿਚ ਨਿਰੋਲ ਨਿਜੀ ਜਜ਼ਬੇ ਦੀ ਥਾਂ ਸਮਾਜਕ ਚੇਤੰਨਤਾ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਨਾਲ ਕਵਿਤਾ ਦੀ ਕੋਮਲਤਾ ਵਿਚ ਭਾਵੇਂ ਫਰਕ ਪੈ ਗਿਆ ਹੋਵੇ, ਪਰ ਨਿਰੋਏਪਨ ਦਾ ਨਿਸਚਿਤ ਤੌਰ ਤੇ ਵਾਧਾ ਹੋ ਗਿਆ ਹੈ । ਉਸ ਦੀਆਂ ਕਵਿਤਾਵਾਂ, ਨਿੱਕਾ ਰੱਬ, ਸਤਿਸੰਗ, ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ, ਮੋਹਨ ਸਿੰਘ ਦੇ ਨਵੇਂਪਨ, ਵਿਚਾਰ ਦੀ ਗਹਿਰਾਈ ਤੇ ਜਾਤੀ ਦੀ ਚੇਤੰਨਤਾ ਵਾਲੀ ਕਵਿਤਾ ਦੀਆਂ ਚੰਗੀਆਂ ਮਸਾਲਾਂ ਹਨ । ਪਰ ਘਟੋ ਘਟ ਮੈਂ, ਅਜੇ ਵੀ ਮੰਨਦਾ ਹਾਂ ਕਿ ਮੋਹਨ ਸਿੰਘ ਦੀ ਕਵਿਤਾ ਸਭ ਤੋਂ ਉੱਚੀ ਸਿਖਰ ਤੇ ਉਦੋਂ ਹੁੰਦੀ ਹੈ ਜਦ ਉਹ ਪੋਠੋਹਾਰ ਦੇ ਉੱਚੇ ਨੀਵੇਂ ਮੈਦਾਨਾਂ