ਤੁਰ ਤੁਰ, ਖਲ੍ਹ ਖਲ੍ਹ, ਲੱਖਾਂ ਤਾਰੇ,
ਟੁਟ ਗਏ ਅੰਤ ਵਿਚਾਰੇ ;
ਅੰਬ ਗਏ ਪਰਬਤ ਦੇ ਪਾਸੇ,
ਜੰਗਲ ਖੜੇ ਉਦਾਸੇ,
ਗੂੜ੍ਹ ਸਮਾਧੀ ਦੇ ਵਿਚ ਬਹਿ ਬਹਿ,
ਇਕ-ਟੰਗ ਖੜਿਆਂ ਰਹਿ ਰਹਿ ;
ਸਾਗਰ ਨੇ ਕਈ ਟਾਪੂ ਤ੍ਰੂਏ,
ਧਰਤੀ ਨੇ ਕਈ ਝੀਲਾਂ ;
ਕੀੜੀਉਂ ਬ੍ਰਹਿਮੰਡ ਤੀਕਰ ਗ੍ਰਸਿਆ,
ਜੰਮਣ ਮਰਣ ਦੀਆਂ ਪੀੜਾਂ ;
ਸੌਂ ਸੌਂ ਆਦਮ ਦਾ ਪੁਤ ਹਾਰਿਆ,
ਸੂ ਸੂ ਧੀ ਆਦਮ ਦੀ,
ਸੋਚ ਸੋਚ ਕੇ ਦੋਵੇਂ ਹਾਰੇ,
ਬਿਨ ਸੋਚੋਂ ਵੀ ਮਾਰੇ;
ਵਗ ਵਗ ਮਾਂਦੀ ਪਈ ਅਹਿੰਸਾ,
ਵੀਟ ਵੀਟ ਕੇ ਹਿੰਸਾ ;
ਬੇਸਮਝੀ ਦਾ ਉਵੇਂ ਹਨੇਰਾ,
ਨਜ਼ਰ ਨਾ ਆਏ ਸਵੇਰਾ ;