ਪਿੱਪਲ ਦੀਆਂ ਗੋਲ੍ਹਾਂ (ਫਲ) ਨੂੰ ਜਾਨਵਰ ਬੜਾ ਖ਼ੁਸ਼ ਹੋ ਕੇ ਖਾਂਦੇ ਹਨ। ਪਿੱਪਲ ਦੇ ਪੱਤਿਆਂ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ। ਪਿੱਪਲ ਦੀਆਂ ਟਾਹਣੀਆਂ ਤੇ ਪੱਤੇ ਹਾਥੀਆਂ ਦਾ ਮਨਭਾਉਂਦਾ ਖਾਜਾ ਹੈ। ਪਿੱਪਲ ਦੇ ਸੱਕ ਤੋਂ ਕੱਪੜੇ ਰੰਗਣ ਲਈ ਰੰਗ ਬਣਾਏ ਜਾਂਦੇ ਹਨ। ਦਵਾਈਆਂ ਬਣਾਈਆਂ ਜਾਂਦੀਆਂ ਹਨ। ਜਦ ਨਵੀਂ ਵਿਆਹੀ ਵਹੁਟੀ ਘਰ ਆਉਂਦੀ ਹੈ ਤਾਂ ਸੱਸ ਗੜਵੀ ਵਿਚ ਪਾਣੀ ਪਾ ਕੇ ਵਿਚ ਪਿੱਪਲ ਦੀ ਟਾਹਣੀ ਰੱਖ ਕੇ ਸ਼ਗਨ ਕਰਦੀ ਹੈ, ਜਿਸ ਦਾ ਮਤਲਬ ਹੁੰਦਾ ਹੈ ਕਿ ਪਰਿਵਾਰ ਦੀ ਪਿੱਪਲ ਵਾਂਗ ਹੀ ਜੜ੍ਹ ਲੱਗ ਜਾਵੇ, ਪਿੱਪਲ ਵਾਂਗ ਹੀ ਪਰਿਵਾਰ ਵਧੇ ਫੁਲੇ। ਪਹਿਲੇ ਸਮਿਆਂ ਵਿਚ ਫੁੱਲ ਗੰਗਾ ਵਿਚ ਪਾਉਣ ਤੋਂ ਪਹਿਲਾਂ ਕੁਝ ਦਿਨ ਪਿੱਪਲ ਨਾਲ ਬੰਨ੍ਹ ਕੇ ਰੱਖੇ ਜਾਂਦੇ ਸਨ। ਪੁਰਾਣੇ ਗਹਿਣਿਆਂ ਵਿਚ ਇਕ ਮਸ਼ਹੂਰ ਗਹਿਣਾ ਪਿੱਪਲ ਪੱਤੀਆਂ ਦਾ ਹੁੰਦਾ ਸੀ-
ਆਹ ਲੈ ਨੱਤੀਆਂ, ਕਰਾ ਲੀਂ ਪਿੱਪਲ ਪੱਤੀਆਂ,
ਕਿਸੇ ਕੋਲ ਗੱਲ ਨਾ ਕਰੀਂ।
ਪਿੱਪਲ ਸਬੰਧੀ ਸਾਡੇ ਸਮਾਜ ਵਿਚ ਇਕ ਧਾਰਨਾ ਹੈ, ਜੇਕਰ ਕਿਸੇ ਦੀ ਰਾਸ਼ੀ ਮੰਗਲੀਕ ਹੈ, ਰਾਸ਼ੀਆਂ ਨੂੰ ਮੰਨਣ ਵਾਲੇ ਉਸ ਦਾ ਵਿਆਹ ਮੰਗਲੀਕ ਰਾਸ਼ੀ ਵਾਲੇ ਨਾਲ ਹੀ ਕਰਦੇ ਹਨ। ਜੇ ਲੜਕੀ ਮੰਗਲੀਕ ਹੋਵੇ, ਲੜਕਾ ਮੰਗਲੀਕ ਨਾ ਹੋਵੇ ਤਾਂ ਸਮਾਜ ਵਿਚ ਰਿਵਾਜ ਪ੍ਰਚਲਿਤ ਹੈ, ਮੰਗਲੀਕ ਲੜਕੀ ਦੀ ਸ਼ਾਦੀ ਪਹਿਲਾਂ ਪਿੱਪਲ ਦੇ ਰੁੱਖ ਨਾਲ ਕਰ ਦਿੱਤੀ ਜਾਂਦੀ ਹੈ। ਏਸ ਤਰ੍ਹਾਂ ਮੰਗਲੀਕ ਹੋਣ ਦੇ ਸਾਰੇ ਬੁਰੇ ਅਸਰ ਖ਼ਤਮ ਹੋ ਜਾਂਦੇ ਹਨ। ਫੇਰ ਮੰਗਲੀਕ ਲੜਕੀ ਦੀ ਸ਼ਾਦੀ ਗ਼ੈਰ ਮੰਗਲੀਕ ਲੜਕੇ ਨਾਲ ਕਰ ਦਿੱਤੀ ਜਾਂਦੀ ਹੈ।
ਤੀਆਂ ਸਮੇਂ ਕੁੜੀਆਂ ਪਿੱਪਲ ਦੇ ਰੁੱਖ ਤੇ ਪੀਂਘਾਂ ਪਾਉਂਦੀਆਂ ਸਨ।
ਵਾਰੀ ਜਾਵਾਂ ਪਿੱਪਲਾਂ ਤੋਂ,
ਜਿਥੇ ਝੂਟੇ ਲਵੇ ਜਵਾਨੀ।
X X X
ਸੁਣ ਪਿੱਪਲਾ ਵੇ ਮੇਰੇ ਪਿੰਡ ਦਿਆ,
ਪੀਘਾਂ ਤੇਰੇ 'ਤੇ ਪਾਈਆਂ।
ਦਿਨ ਤੀਆਂ ਦੇ ਆ ਗੇ ਨੇੜੇ,
ਉਠ ਪੇਕਿਆਂ ਨੂੰ ਆਈਆਂ।
ਹਾੜ ਮਹੀਨੇ ਬੈਠਣ ਛਾਵੇਂ,
ਪਿੰਡ ਦੀਆਂ ਮੱਝਾਂ ਗਾਈਆਂ।
ਪਿੱਪਲਾ ਸਹੁੰ ਤੇਰੀ,
ਝੱਲੀਆਂ ਨਾ ਜਾਣ ਜੁਦਾਈਆਂ।