ਲਈ ਤੁਰੇ ਹੀ ਰਹਿੰਦੇ ਸਨ। ਕਿਹੜੀ ਬੇਰੀ ਦੇ ਬੇਰ ਕੱਚੇ ਹੁੰਦੇ ਸਨ? ਕਿਹੜੀ ਬੇਰੀ ਦੇ ਬੇਰ ਪੱਕ ਗਏ ਹੁੰਦੇ ਸਨ? ਕਿਹੜੀ ਬੇਰੀ ਦੇ ਬੇਰ ਬੜੇ ਬੜੇ ਹੁੰਦੇ ਸਨ? ਹਰ ਇਕ ਨੂੰ ਪਤਾ ਹੁੰਦਾ ਸੀ। ਛੜੇ ਕਿਉਂਕਿ ਜ਼ਿਆਦਾ ਵਿਹਲੇ ਰਹਿੰਦੇ ਹੁੰਦੇ ਸਨ, ਇਸ ਲਈ ਛੜਿਆਂ ਨੂੰ ਬੇਰਾਂ ਬਾਰੇ ਕੁਝ ਜ਼ਿਆਦਾ ਹੀ ਪਤਾ ਹੁੰਦਾ ਸੀ। ਉਸ ਸਮੇਂ ਦਾ ਲੋਕਗੀਤ ਹੈ –
ਕਿਹੜੀ ਬੇਰੀ ਨੂੰ ਕੱਚੇ ਬੇਰ ਲੱਗਦੇ,
ਕਿਹੜੀ ਨੂੰ ਲੱਗਦੇ ਗੜੌਂਦੇ,
ਪੁੱਛੋ ਛੜਿਆਂ ਨੂੰ,
ਸਾਰੀ ਰਾਤ ਨੀਂ ਸੌਂਦੇ।
ਬੇਰਾਂ ਨੂੰ ਸੋਟੀ ਨਾਲ ਜਾਂ ਢਾਂਗੇ ਨਾਲ ਝਾੜਿਆ ਜਾਂਦਾ ਸੀ। ਬੇਰੀਆਂ ਉਪਰ ਚੜ੍ਹ ਕੇ ਟਾਹਣਿਆਂ ਨੂੰ ਹਲੂਣਾ ਦੇ ਵੀ ਬੇਰ ਝਾੜਦੇ ਸਨ। ਝੋਲੇ ਭਰ ਕੇ ਜਾਂ ਝੱਗਿਆਂ (ਕੁੜਤਿਆਂ) ਦੇ ਅਗਲੇ ਪੱਲਿਆਂ ਵਿਚ ਬੇਰ 'ਕੱਠੇ ਕਰਕੇ ਘਰਾਂ ਨੂੰ ਲਿਆਉਂਦੇ ਸਨ। ਖਾਣ ਪਿਛੋਂ ਜਿਹੜੇ ਬੇਰ ਬਚੇ ਰਹਿੰਦੇ ਸਨ, ਉਨ੍ਹਾਂ ਨੂੰ ਸੁਕਾ ਲੈਂਦੇ ਸਨ। ਸੀਜ਼ਨ ਲੰਘਣ ਤੋਂ ਪਿਛੋਂ ਲੋੜ ਅਨੁਸਾਰ ਖਾਂਦੇ ਰਹਿੰਦੇ ਸਨ। ਜੇ ਕਿਸੇ ਦੇ ਗੋਰੇ ਮੂੰਹ 'ਤੇ ਝਰੀਟਾਂ ਆਈਆਂ ਹੁੰਦੀਆਂ ਸਨ ਤਾਂ ਉਨ੍ਹਾਂ ਨੂੰ ਬੇਰ ਖਾਣ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ-
ਗੋਰੇ ਰੰਗ 'ਤੇ ਝਰੀਟਾਂ ਆਈਆਂ,
ਬੇਰੀਆਂ ਦੇ ਬੇਰ ਖਾਣੀਏ।
ਜੇਕਰ ਕਿਸੇ ਦੇ ਵਿਆਹ ਹੋਏ ਨੂੰ ਕਾਫ਼ੀ ਸਾਲ ਹੋ ਜਾਂਦੇ ਸਨ, ਪਰ ਕੋਈ ਬੱਚਾ ਨਹੀਂ ਹੁੰਦਾ ਸੀ ਤਾਂ ਉਸ ਮੁਟਿਆਰ ਨੂੰ ਮਿੱਠੀ ਜਿਹੀ ਟਕੋਰ ਲਾਈ ਜਾਂਦੀ ਸੀ-
ਬੇਰੀਆਂ ਨੂੰ ਬੇਰ ਲੱਗ ਗੇ,
ਤੈਨੂੰ ਕੁਝ ਨਾ ਲੱਗਾ ਮੁਟਿਆਰੇ?
ਬੇਰੀਆਂ ਦੇ ਬੇਰਾਂ ਦੇ ਨਾਲ ਬੇਰੀਆਂ ਦੇ ਪੱਤੇ ਵੀ ਕੰਮ ਆਉਂਦੇ ਸਨ। ਬੇਰੀਆਂ ਦੇ ਪੱਤੇ ਬੱਕਰੀਆਂ ਦੀ ਮਨ ਭਾਉਂਦੀ ਖ਼ੁਰਾਕ ਹੁੰਦੇ ਸਨ। ਏਸ ਲਈ ਜਿਹੜੀ ਮੁਟਿਆਰ ਦਾ ਬੱਕਰੀ ਖਰੀਦਣ ਨੂੰ ਮਨ ਕਰਦਾ ਹੁੰਦਾ ਸੀ, ਉਹ ਪਹਿਲਾਂ ਆਪਣੇ ਪਤੀ ਨੂੰ ਬੇਰੀਆਂ ਲਾਉਣ ਦੀ ਸਿਫ਼ਾਰਿਸ਼ ਕਰਦੀ ਹੁੰਦੀ ਸੀ-
ਚਿੱਤ ਬੱਕਰੀ ਲੈਣ ਨੂੰ ਕਰਦਾ,
ਬੰਨੇ ਬੰਨੇ ਲਾ ਦੇ ਬੇਰੀਆਂ।
ਹੁਣ ਤੁਹਾਨੂੰ ਪੰਜਾਬ ਵਿਚ ਕਿਸੇ ਦੇ ਖੇਤ ਵਿਚ ਵੀ ਬੇਰੀ ਦਾ ਰੁੱਖ ਨਜ਼ਰ ਨਹੀਂ ਆਵੇਗਾ। ਹਾਂ, ਪਿਉਂਦੀ ਬੇਰੀਆਂ ਦੇ ਬਾਗ਼ ਲੋਕਾਂ ਨੇ ਵਪਾਰਕ ਤੌਰ 'ਤੇ ਜ਼ਰੂਰ ਲਾਏ ਹੋਏ ਹਨ। ਬੇਰੀ ਸਬੰਧੀ ਪ੍ਰੋ. ਮੋਹਨ ਸਿੰਘ ਦੀ ਮਸ਼ਹੂਰ ਕਵਿਤਾ 'ਛੱਤੋ ਦੀ ਬੇਰੀ' ਦੀਆਂ