ਜਿਸ ਨੂੰ ਜੰਨ ਦਾ ਡੇਰਾ ਕਹਿੰਦੇ ਸਨ। ਜਿਹੜਾ ਕਿ ਆਮ ਤੌਰ 'ਤੇ ਧਰਮਸਾਲਾ ਵਿਚ ਹੁੰਦਾ ਸੀ। ਧਰਮਸਾਲਾ/ਡੇਰੇ ਵਿਚ ਜੰਨ ਦੇ ਰਹਿਣ ਲਈ ਸਾਰੇ ਪਿੰਡ ਵਿਚੋਂ ਮੰਜੇ ਬਿਸਤਰੇ 'ਕੱਠੇ ਕਰ ਕੇ ਰੱਖੇ ਹੁੰਦੇ ਸਨ। ਧਰਮਸਾਲਾ ਵਿਚ ਹੀ ਆਈ ਬਰਾਤ ਨੂੰ ਲੱਡੂ, ਬਦਾਨਾ ਅਤੇ ਲੂਣ ਵਾਲੀਆਂ ਪਕੌੜੀਆਂ ਨੂੰ ਕੌਲੀਆਂ ਵਿਚ ਪਾ ਕੇ ਦੁੱਧ/ਚਾਹ ਪਿਆਈ ਜਾਂਦੀ ਸੀ।
ਉਨ੍ਹਾਂ ਸਮਿਆਂ ਵਿਚ ਰਾਹ ਕੱਚੇ ਹੁੰਦੇ ਸਨ, ਜਿਸ ਕਰ ਕੇ ਬਰਾਤੀਆਂ ਉਪਰ ਮਿੱਟੀ ਘੱਟਾ ਪਿਆ ਹੁੰਦਾ ਸੀ। ਇਸ ਲਈ ਦੁੱਧ/ਚਾਹ ਪੀਣ ਤੋਂ ਪਿੱਛੋਂ ਜਿਹੜੇ ਬਰਾਤੀ ਨਹਾਉਣਾ ਚਾਹੁੰਦੇ ਸਨ, ਉਹ ਨਹਾ ਲੈਂਦੇ ਸਨ। ਜਿਹੜੇ ਹੱਥ ਮੂੰਹ ਧੋਣਾ ਚਾਹੁੰਦੇ ਸਨ, ਉਹ ਹੱਥ ਮੂੰਹ ਧੋ ਲੈਂਦੇ ਸਨ। ਖੁੱਲ੍ਹੇ ਥਾਂ ਵਿਚ ਹੀ ਲੱਕੜ ਦੇ ਪਟੜੇ ਤੇ ਬੈਠ ਕੇ ਨੁਹਾਉਂਦੇ ਸਨ। ਸਰਦੀਆਂ ਦੇ ਮੌਸਮ ਵਿਚ ਨਹਾਉਣ ਲਈ ਬੜੇ ਕੜਾਹੇ ਵਿਚ ਪਾਣੀ ਗਰਮ ਹੁੰਦਾ ਰਹਿੰਦਾ ਸੀ। ਜਿੱਥੋਂ ਲੋੜ ਅਨੁਸਾਰ ਬਾਲਟੀਆਂ ਵਿਚ ਪਾਣੀ ਲੈ ਕੇ ਵਰਤਦੇ ਰਹਿੰਦੇ ਸਨ। ਰਥ ਅਤੇ ਗੱਡਿਆਂ ਦੇ ਬਲਦਾਂ, ਘੋੜੀਆਂ ਅਤੇ ਊਠਾਂ ਲਈ ਵਧੀਆ ਦਾਣਾ ਅਤੇ ਪੱਠੇ ਖਾਣ ਨੂੰ ਦਿੱਤੇ ਜਾਂਦੇ ਸਨ।
ਰਾਤ ਦੀ ਰੋਟੀ ਬਰਾਤੀਆਂ ਨੂੰ ਧਰਮਸਾਲਾ/ਡੇਰੇ ਵਿਚ ਖਵਾਈ ਜਾਂਦੀ ਸੀ। ਏਸ ਰੋਟੀ ਨੂੰ ਕੱਚੀ ਰੋਟੀ ਕਹਿੰਦੇ ਸਨ। ਕਈ ਇਲਾਕਿਆਂ ਵਿਚ ਏਸ ਨੂੰ ਕੁਆਰੀ ਰੋਟੀ ਵੀ ਕਿਹਾ ਜਾਂਦਾ ਸੀ। ਅਗਲੇ ਦਿਨ ਸਵੇਰ ਦਾ ਚਾਹ ਪਾਣੀ ਫੇਰ ਧਰਮਸਾਲਾ ਵਿਚ ਹੀ ਕੋਲੀਆਂ ਵਿਚ ਮਠਿਆਈ ਪਾ ਕੇ ਪਿਆਇਆ ਜਾਂਦਾ ਸੀ। ਦੁਪਹਿਰ ਦੀ ਰੋਟੀ ਖਾਣ ਲਈ ਬਰਾਤ ਕੁੜੀ ਵਾਲਿਆਂ ਦੇ ਘਰ ਜਾਂਦੀ ਸੀ। ਬਰਾਤ ਨਾਲ ਲਾੜਾ ਨਹੀਂ ਜਾਂਦਾ ਸੀ। ਲਾੜੇ ਨੂੰ ਧਰਮਸਾਲਾ ਵਿਚ ਹੀ ਰੋਟੀ ਖਵਾਈ ਜਾਂਦੀ ਸੀ । ਰੋਟੀ ਲੱਡੂ, ਜਲੇਬੀਆਂ, ਬੂਰਾ ਖੰਡ, ਘਿਉ, ਕੜਾਹ ਆਦਿ ਨਾਲ ਖਵਾਉਂਦੇ ਸਨ। ਬਰਾਤ ਨੂੰ ਵੇਖਣ ਲਈ ਮੇਲਣਾਂ, ਆਂਢਣਾਂ-ਗੁਆਂਢਣਾਂ ਕੋਠਿਆਂ ਦੇ ਬਨੇਰਿਆਂ 'ਤੇ ਜਾਂ ਜਿਥੇ ਵੀ ਕਿਸੇ ਨੂੰ ਥਾਂ ਮਿਲਦੀ ਸੀ, ਦਾ ਝੁਰਮਟ ਪਿਆ ਹੁੰਦਾ ਸੀ। ਆਈ ਬਰਾਤ ਦਾ ਗੀਤਾਂ ਨਾਲ ਸੁਆਗਤ ਕੀਤਾ ਜਾਂਦਾ ਸੀ। ਨਾਲ ਦੀ ਨਾਲ ਸਿੱਠਣੀਆਂ ਦੇ ਕੇ ਠਿੱਠ ਵੀ ਕੀਤਾ ਜਾਂਦਾ ਸੀ –
ਸਾਡੇ ਨਵੇਂ ਸੱਜਣ ਘਰ ਆਏ, ਸਲੋਨੀ ਦੇ ਨੈਣ ਭਲੇ।
ਸਾਨੂੰ ਕੀ ਕੀ ਵਸਤ ਲਿਆਏ, ਸਲੋਨੀ ਦੇ ਨੈਣ ਭਲੇ।
X X X X
ਸਾਡੇ ਨਵੇਂ ਸੱਜਣ ਘਰ ਆਏ, ਵੱਜ ਰਹੀਆਂ ਬੰਸਰੀਆਂ।
ਸਾਡੀ ਸੀਤਾ ਨੂੰ ਵਿਆਹੁਣ ਆਏ, ਵੱਜ ਰਹੀਆ ਬੰਸਰੀਆਂ।
ਸ਼ਾਮ ਦੀ ਰੋਟੀ ਖਾਣ ਲਈ ਬਰਾਤ ਫੇਰ ਕੁੜੀ ਵਾਲਿਆਂ ਦੇ ਘਰ ਜਾਂਦੀ ਸੀ,