ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ –
ਛੇ ਮਹੀਨੇ ਸੁਨਿਆਰ ਬਿਠਾਇਆ,
ਚਾਂਦੀ ਦੇ ਗਹਿਣਿਆਂ ਤੇ ਪਾਣੀ ਫਿਰਾਇਆ।
ਪਿੱਤਲ ਪਾਉਣਾ ਸਈ,
ਨਿਜੱਲਿਓ! ਲੱਜ ਤੁਹਾਨੂੰ ਨਹੀਂ।
ਏਸੇ ਤਰ੍ਹਾਂ ਬਰੀ ਦੇ ਸੂਟਾਂ ਨੂੰ ਪੁਰਾਣੇ ਦੱਸ ਕੇ ਠਿੱਠ ਕੀਤਾ ਜਾਂਦਾ ਸੀ –
ਚੁੱਪ ਕੀਤੜਿਆ, ਮੂੰਹ ਮੀਤੜਿਆ,
ਤੈਂ ਬਰੀ ਪੁਰਾਣੀ ਲਿਆਂਦੀ ਵੇ,
ਚੁੱਪ ਕੀਤੜਿਆ।
ਫੇਰ ਦੁਪਹਿਰ ਦੀ ਰੋਟੀ ਲਈ ਬਰਾਤ ਸਮੇਤ ਲਾੜੇ ਪਹੁੰਚਦੀ ਸੀ। ਰੋਟੀ ਵਰਤਾਉਂਦੇ ਸਮੇਂ ਹੀ ਕੁੜੀਆਂ ਜੰਨ ਬੰਨ੍ਹ ਦਿੰਦੀਆਂ ਸਨ। ਜੰਨ ਬੰਨ੍ਹਣ ਉਹ ਰਸਮ ਹੁੰਦੀ ਸੀ, ਜਦ ਬਰਾਤੀਆਂ ਨੂੰ ਵਰਤਾਈ ਜਾਂਦੀ ਰੋਟੀ ਨੂੰ ਕੁੜੀਆਂ ਗੀਤ ਗਾ ਕੇ ਖਾਣ ਤੋਂ ਵਰਜਿਤ ਕਰ ਦਿੰਦੀਆਂ ਸਨ-
ਲੈ ਕੇ ਨਾਮ ਗੁਪਾਲ ਦਾ,
ਬੰਨ੍ਹੀ ਜੰਨ ਮੈਂ ਆਪ।
ਖੋਲ੍ਹੇ ਬਿਨਾਂ ਜੇ ਖਾਓਗੇ,
ਖਾਣਾ ਹੋਊ ਸਰਾਪ।
ਗੀਤਾਂ ਰਾਹੀਂ ਬਰਾਤ ਨੂੰ ਵਰਤਾਈ ਗਈ ਹਰ ਮਠਿਆਈ, ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਬੰਨ੍ਹ ਦਿੱਤਾ ਜਾਂਦਾ ਸੀ –
ਭੋਜਨ ਬੰਨ੍ਹਤਾ, ਜੰਨ ਬੰਨ੍ਹੀ, ਕਿਤੇ ਨਾ ਜਾਇਓ ਖਾ।
ਥੋਡੇ ਵਿਚੋਂ ਕੋਈ ਚਤਰ ਜੇ, ਭੋਜਨ ਲਵੇ ਛੁਡਾ।
ਆਮ ਤੌਰ 'ਤੇ ਬਰਾਤੀ ਆਪਣੇ ਨਾਲ ਬੰਨ੍ਹੀ ਜੰਨ ਛੁਡਾਉਣ ਲਈ ਕਿਸੇ ਕੱਚ ਕਰੜ ਕਵੀਸ਼ਰ ਜਾਂ ਚਿੱਠੇ/ਕਿੱਸੇ ਪੜ੍ਹਣ ਵਾਲੇ ਨੂੰ ਜਾਨੀ ਬਣਾ ਕੇ ਲਿਆਉਂਦੇ ਸਨ। ਉਹ ਬੰਦਾ ਥਾਲ ਵਿਚ ਪਰੋਸੀ ਹੋਈ ਰੋਟੀ ਨੂੰ ਰੇਸ਼ਮੀ ਰੁਮਾਲ ਨਾਲ ਢਕ ਕੇ ਜੰਨ੍ਹ ਛੁਡਾਉਣੀ ਸ਼ੁਰੂ ਕਰਦਾ ਸੀ –
ਈਸ਼ਵਰ ਰਿਦੇ ਧਿਆਏ ਕੇ, ਗੰਗਾਜਲੀ ਉਠਾਏ।
ਬੱਧੀ ਖੋਲ੍ਹਾਂ ਜੰਨ ਮੈਂ, ਆਦਿ ਗਣੇਸ਼ ਮਨਾਏ।
ਬਰਫ਼ੀ, ਪੇੜਾ, ਅੰਮ੍ਰਿਤੀ, ਖੁਲ੍ਹੇ ਚੌਲ, ਕੜਾਹ।
ਪੂੜੀ ਭਾਜੀ ਖੁਲ੍ਹ ਗਈ, ਖੁਲ੍ਹਾ ਜ਼ਰਦ ਪਲਾ।
ਖੁਲ੍ਹੇ ਜਾਨੀ ਬੈਠੜੇ, ਖੁਲ੍ਹਾ ਸਕਲ ਸਰੀਰ।
ਖੁਲ੍ਹ ਗਈਆਂ ਸਭ ਥਾਲੀਆਂ, ਖੁਲ੍ਹ ਗਿਆ ਜੇ ਨੀਰ।
ਰੋਟੀ ਖਾਓ ਪ੍ਰੇਮ ਸੇ, ਖੁਲ੍ਹੇ ਅਸੀਂ ਤਮਾਮ।