ਸੱਚੇ ਈਸ਼ਵਰ ਸਾਡੜੇ, ਆਣ ਸਵਾਰੇ ਕਾਮ।
ਜਦ ਰੋਟੀ ਛੁਡਾ ਲਈ ਜਾਂਦੀ ਸੀ, ਤਾਂ ਜੰਨ ਛੁਡਾਉਣ ਵਾਲਾ ਵਿਅਕਤੀ ਜੰਨ ਬੰਨ੍ਹਣ ਵਾਲੀ ਮੁਟਿਆਰ, ਉਸ ਦੀਆਂ ਸਹੇਲੀਆਂ, ਭੈਣਾਂ ਭਤੀਜੀਆਂ ਨੂੰ ਬੰਨ੍ਹ ਦਿੰਦਾ ਸੀ –
ਨਾਰੇ ਚੰਚਲ ਹਾਰੀਏ, ਸਭ ਨੂੰ ਸਮਝੇਂ ਟਿੱਚ।
ਹੁਣ ਕਿਉਂ ਲੁਕ ਕੇ ਬੈਠਦੀ, ਤੂੰ ਨਾਰਾਂ ਦੇ ਵਿੱਚ?
ਜੇ ਕਰ ਬਰਾਤ ਵਿਚ ਕੋਈ ਜੰਨ ਛੁਡਾਉਣ ਵਾਲਾ ਨਹੀਂ ਹੁੰਦਾ ਸੀ ਤਾਂ ਫੇਰ ਲਾੜੇ ਦੀ ਗੀਤਾਂ ਰਾਹੀਂ ਸ਼ਾਮਤ ਆ ਜਾਂਦੀ ਸੀ-
ਜੇ ਲਾੜਿਆ ਤੇਰਾ ਹੋਵੇ ਕਬੀਲਾ,
ਬੱਧੀ ਜੰਨ ਛੁਡਾਵੇ।
ਹੁਣ ਕੌਣ ਛੁਡਾਵੇ?
ਲਾਗੀ ਤੱਥੀ ਆਏ,
ਜੰਨ ਕੌਣ ਛੁਡਾਵੇ?
ਫੇਰ ਬੰਨ੍ਹੀ ਹੋਈ ਰੋਟੀ ਨੂੰ ਖਾਂਦੇ ਜਾਨੀਆਂ ਤੇ ਗੀਤਾਂ ਦੀ ਬੁਛਾੜ ਸ਼ੁਰੂ ਹੋ ਜਾਂਦੀ ਸੀ-
ਜਾਨੀ ਠੇਠਾਂ ਦੇ ਠੇਠ, ਭੈਣਾਂ ਦੇ ਜੇਠ,
ਬੱਧੀ ਰੋਟੀ ਖਾ ਨੀ ਗਏ।
ਫੇਰ ਲਾੜੇ ਨੂੰ, ਲਾੜੇ ਦੀ ਭੈਣ, ਮਾਂ, ਪਿਉ, ਭਾਈ ਤੇ ਬਰਾਤੀਆਂ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ । ਲਾੜਾ ਚਾਹੋ ਟੀਸੀ ਦਾ ਬੇਰ ਹੁੰਦਾ ਸੀ, ਪਰ ਸਿੱਠਣੀਆਂ ਵਿਚ ਮੇਲਣਾਂ ਉਸ ਨੂੰ ਘੁਮਿਆਰ ਬਣਾ ਦਿੰਦੀਆਂ ਸਨ। ਕੁੜੀ ਚਾਹੇ ਚੌੜ ਚਾਨਣ ਹੋਵੇ, ਉਸ ਨੂੰ ਤਿੱਲੇ ਦੀ ਤਾਰ ਬਣਾ ਦਿੰਦੀਆਂ ਸਨ-
ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਵੇ,
ਮੁੰਡਾ ਤਾਂ ਜਾਪੇ ਨਿਰਾ ਘੁਮਿਆਰ ਵੇ।
ਜੋੜੀ ਤਾਂ ਫੱਬਦੀ ਨਹੀਂ,
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਲਾੜੇ ਤੋਂ ਬਾਅਦ ਫੇਰ ਲਾੜੇ ਦੇ ਪਿਉ ਦੀ ਵਾਰੀ ਆ ਜਾਂਦੀ ਸੀ-
ਸਾਡੇ ਤਾਂ ਵਿਹੜੇ ਤਾਣਾ ਤਣੀ ਦਾ,
ਲਾੜੇ ਦਾ ਪਿਉ ਕਾਣਾ ਸੁਣੀਂਦਾ।
ਐਨਕ ਲਾਉਣੀ ਪਈ,
ਨਿਲੱਜਿਓ, ਲੱਜ ਤੁਹਾਨੂੰ ਨਹੀਂ।