ਫੇਰ ਨਾਨਕਾ ਮੇਲ ਅਤੇ ਦੂਸਰੇ ਰਿਸ਼ਤੇਦਾਰ ਵਿਆਹ ਦੀ ਮਠਿਆਈ ਲੈ ਕੇ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਚਲੇ ਜਾਂਦੇ ਸਨ। ਵਿਆਹ ਵਿਚ ਦਿੱਤੀ ਮਠਿਆਈ ਨੂੰ ਭਾਜੀ ਦੇਣਾ ਕਹਿੰਦੇ ਸਨ। ਏਸੇ ਤਰ੍ਹਾਂ ਕੁੜੀ ਦੀ ਡੋਲੀ ਤੋਰਨ ਤੋਂ ਪਿਛੋਂ ਕੁੜੀ ਦਾ ਨਾਨਕਾ ਮੇਲ ਅਤੇ ਹੋਰ ਰਿਸ਼ਤੇਦਾਰ ਵਾਪਸ ਚਲੇ ਜਾਂਦੇ ਸਨ। ਨਾਨਕੇ ਮੇਲ ਵਾਲੇ ਜਿਵੇਂ ਗੀਤ ਗਾਉਂਦੇ ਆਉਂਦੇ ਹੁੰਦੇ ਸਨ, ਉਸੇ ਤਰ੍ਹਾਂ ਹੀ ਉਹ ਗੀਤ ਗਾਉਂਦੇ ਵਾਪਸ ਤੁਰ ਪੈਂਦੇ ਸਨ –
ਤਾਰਾ ਮੀਰਾ ਗਾਹੀਦਾ,
ਗੰਢਾਂ ਦੇ ਕੇ ਮੇਲ ਸਦਾਇਆ,
ਹੁਣ ਕਿਉਂ ਮੇਲ ਟਾਹੀਦਾ।
X X X X
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿਚੋਂ ਸੋਟੀ।
ਬਈ ਅੱਜ ਸਾਨੂੰ ਕੋਈ ਰੱਖ ਲਓ,
ਭਾਵੇਂ ਦੇ ਦਿਓ ਦਾਲ ਨਾਲ ਰੋਟੀ।
ਅਗਲੇ ਦਿਨ ਜਠੇਰਿਆਂ ਦੀ ਥਾਂ ਤੇ ਮੱਥਾ ਟੇਕ ਕੇ ਛਿਟੀਆਂ ਖੇਡਣ ਜਾਂਦੇ ਸਨ। ਮੁੰਡੇ ਅਤੇ ਬਹੂ ਦੇ ਹੱਥਾਂ ਵਿਚ ਤੂਤ ਦੀਆਂ ਪਤਲੀਆਂ ਛਿਟੀਆਂ ਫੜਾ ਦਿੰਦੇ ਸਨ। ਮੁੰਡਾ, ਬਹੂ ਦੇ, ਬਹੂ, ਮੁੰਡੇ ਦੇ ਪੋਲੀਆਂ ਪੋਲੀਆਂ ਸੱਤ ਸੱਤ ਛਿਟੀਆਂ ਮਾਰ ਕੇ ਰਸਮ ਪੂਰੀ ਕਰਦੇ ਸਨ। ਲਾੜੇ ਦੇ ਹੱਥ 'ਤੇ ਜੋ ਵਟਣਾ ਮਲਣ ਸਮੇਂ ਗਾਨਾ ਬੰਨ੍ਹਿਆ ਜਾਂਦਾ ਸੀ, ਉਸ ਨੂੰ ਵਹੁਟੀ ਖੋਲ੍ਹਦੀ ਸੀ। ਏਸੇ ਤਰ੍ਹਾਂ ਗਾਨਾ ਲਾੜੀ ਦੇ ਹੱਥ 'ਤੇ ਬੰਨ੍ਹਿਆ ਹੁੰਦਾ ਸੀ, ਉਸ ਨੂੰ ਲਾੜਾ ਖੋਲ੍ਹਦਾ ਸੀ। ਪਰਾਂਤ ਵਿਚ ਪਾਣੀ ਪਾ ਕੇ ਵਿਚ ਚੌਲ ਤੇ ਹਲਦੀ ਘੋਲ ਦਿੰਦੇ ਸਨ। ਏਸ ਘੋਲ ਵਿਚ ਚਾਂਦੀ ਦਾ ਰੁਪਇਆ ਸਿੱਟ ਦਿੱਤਾ ਜਾਂਦਾ ਸੀ। ਇਸ ਨੂੰ ਲਾੜਾ ਅਤੇ ਲਾੜੀ ਨੇ ਭਾਲਣਾ ਹੁੰਦਾ ਸੀ, ਇਸ ਨੂੰ ਕੰਗਣਾ ਖੇਡਣਾ ਕਹਿੰਦੇ ਸਨ।
ਇਕ ਗੋਤ ਕਨਾਲੇ ਦੀ ਰਸਮ ਹੁੰਦੀ ਸੀ। ਇਹ ਮਿੱਠੇ ਚੌਲ ਬਣਾ ਕੇ ਕੀਤੀ ਜਾਂਦੀ ਸੀ। ਚੌਲ ਬੜੀ ਸਾਰੀ ਪਰਾਂਤ ਵਿਚ ਪਾ ਲੈਂਦੇ ਸਨ। ਲਾੜੀ ਦੇ ਸਹੁਰਿਆਂ ਦੇ ਗੋਤ ਦੀਆਂ ਸਾਰੀਆਂ ਜਨਾਨੀਆਂ 'ਕੱਠੀਆਂ ਹੋ ਕੇ ਲਾੜੀ ਨਾਲ ਪਰਾਂਤ ਵਿਚੋਂ ਚੌਲ ਖਾਂਦੀਆਂ ਸਨ। ਇਸ ਰਸਮ ਨਾਲ ਨਵੀਂ ਵਹੁਟੀ ਆਪਣੇ ਸਹੁਰਿਆਂ ਦੇ ਗੋਤ ਵਿਚ ਸ਼ਾਮਲ ਹੋ ਜਾਂਦੀ ਸੀ।
ਇਹ ਸੀ ਪਹਿਲੀਆਂ ਵਿਆਹ ਦੀਆਂ ਰਸਮਾਂ।
ਹੁਣ ਤਾਂ ਝੱਟ ਮੰਗਣੀ ਅਤੇ ਪੱਟ ਵਿਆਹ ਦੀਆਂ ਰਸਮਾਂ ਚੱਲ ਪਈਆਂ ਹਨ।