ਪੀਂਦੇ ਸਨ। ਚਾਹ ਨੂੰ ਉਸ ਸਮੇਂ ਕੋਈ ਜਾਣਦਾ ਹੀ ਨਹੀਂ ਸੀ। ਅੱਜ ਦੀ ਪੀੜ੍ਹੀ ਨੂੰ ਨਾ ਅੱਧ-ਰਿੜਕ ਦਾ ਪਤਾ ਹੈ ਅਤੇ ਨਾ ਹੀ ਤਿਓੜ ਦਾ। ਅੱਜ ਦੀ ਪੀੜ੍ਹੀ ਤਾਂ ਬੈਂਡ-ਟੀ ਨੂੰ ਹੀ ਜਾਣਦੀ ਹੈ। ਦਹੀਂ ਨੂੰ ਅੱਧਾ ਕੁ ਰਿੜਕੇ ਨੂੰ ਅੱਧ-ਰਿੜਕ ਕਹਿੰਦੇ ਸਨ। ਲੱਸੀ ਵਿਚ ਜਾਂ ਅੱਧ ਰਿੜਕ ਵਿਚ ਮੱਝ ਜਾਂ ਗਾਂ ਦੇ ਥਨਾਂ ਵਿਚੋਂ ਸਿੱਧੀਆਂ ਮਾਰੀਆਂ ਗਈਆਂ ਧਾਰਾਂ ਨਾਲ ਤਿਓੜ ਬਣਦੀ ਸੀ। ਇਨ੍ਹਾਂ ਨੂੰ ਪੀਣ ਲਈ ਬੜੇ ਬੜੇ ਕਾਂਸੀ ਦੇ ਛੰਨੇ, ਪਿੱਤਲ ਦੇ ਕੌਲੇ ਹੁੰਦੇ ਸਨ। ਲੋਕ ਰੱਜ ਕੇ ਖ਼ੁਰਾਕ ਖਾਂਦੇ ਸਨ। ਏਸੇ ਕਰਕੇ ਉਨ੍ਹਾਂ ਵਿਚ ਅੰਨ੍ਹਾ ਜ਼ੋਰ ਹੁੰਦਾ ਸੀ। ਸਾਰਾ ਦਿਨ ਖੇਤੀ ਦੇ ਕੰਮ ਵਿਚ ਲੱਗੇ ਰਹਿੰਦੇ ਸਨ। ਥਕਾਵਟ ਉਨ੍ਹਾਂ ਦੇ ਨੇੜੇ ਨਹੀਂ ਆਉਂਦੀ ਸੀ।
ਉਨ੍ਹਾਂ ਸਮਿਆਂ ਵਿਚ ਜਿੰਨਾ ਗਭਰੂਆਂ ਨੂੰ ਆਪਣੀ ਸਿਹਤ ਬਣਾਉਣ ਦਾ ਸ਼ੌਕ ਹੁੰਦਾ ਸੀ, ਓਨਾ ਹੀ ਸ਼ੌਕ ਉਨ੍ਹਾਂ ਦੀਆਂ ਘਰ ਵਾਲੀਆਂ ਨੂੰ ਹੁੰਦਾ ਸੀ। ਉਹ ਆਨੇ ਬਹਾਨੇ ਆਪਣੇ ਘਰ ਵਾਲੇ ਨੂੰ ਦੁੱਧ ਪਿਉਣ ਲਈ ਤਿਆਰ ਰਹਿੰਦੀਆਂ ਸਨ।
ਸਾਡੇ ਸਮਾਜ ਵਿਚ ਨੂੰਹਾਂ ਤੇ ਸੱਸਾਂ ਦੀ ਘੱਟ ਹੀ ਬਣਦੀ ਹੈ। ਸੱਸਾਂ ਹਮੇਸ਼ਾਂ ਨੂੰਹਾਂ ਦਾ ਕਿਸੇ ਨਾ ਕਿਸੇ ਬਹਾਨੇ ਨੱਕ ਵਿਚ ਦਮ ਕਰ ਕੇ ਰੱਖਦੀਆਂ ਸਨ। ਜਿਸ ਕਰ ਕੇ ਨੂੰਹਾਂ ਵੀ ਹਮੇਸ਼ਾ ਸੱਸਾ ਦਾ ਬੁਰਾ ਹੀ ਚਿਤਵਦੀਆਂ ਰਹਿੰਦੀਆਂ ਸਨ-
ਮੈਂ ਤਾਂ ਸੱਸ ਨੂੰ ਜੀ ਜੀ ਕਹਿੰਦੀ,
ਮੈਨੂੰ ਕਹਿੰਦੀ ਟੀਰੀ।
ਸੱਸ ਨੂੰ ਅੱਗ ਲੱਗ ਜਾਵੇ,
ਸਣੇ ਮਧਾਣੀ ਪੀੜ੍ਹੀ।
ਦੁੱਧ ਤੋਂ ਦਹੀਂ, ਲੱਸੀ, ਮੱਖਣ ਬਣਾਉਣ ਲਈ ਸਵੇਰੇ ਦੁੱਧ ਚ ਕੇ ਦੁੱਧ ਵਿਚ ਥੋੜ੍ਹਾ ਪਾਣੀ ਪਾ ਕੇ ਮਿੱਟੀ ਦੀ ਬਣੀ ਕਾੜ੍ਹਨੀ ਵਿਚ ਪਾ ਕੇ ਮਿੱਟੀ ਦੇ ਬਣੇ ਹਾਰੇ ਵਿਚ ਪਾਥੀਆਂ ਤੇ ਅੱਗ ਪਾ ਕੇ ਗਰਮ ਕਰਨ ਲਈ ਰੱਖਿਆ ਜਾਂਦਾ ਸੀ। ਇਹ ਦੁੱਧ ਸਾਰਾ ਦਿਨ ਕੜ੍ਹਦਾ ਰਹਿੰਦਾ ਸੀ । ਕੜ੍ਹ ਕੜ੍ਹ ਕੇ ਦੁੱਧ ਦਾ ਰੰਗ ਲਾਲ ਜਿਹਾ ਹੋ ਜਾਂਦਾ ਸੀ। ਏਸ ਕੜ੍ਹੇ ਦੁੱਧ ਤੇ ਜਿਹੜੀ ਮਲਾਈ ਆਉਂਦੀ ਸੀ, ਉਹ ਵੀ ਲਾਲ ਹੁੰਦੀ ਸੀ। ਸ਼ਾਮ ਨੂੰ ਦੁੱਧ ਦੀ ਕਾੜ੍ਹਨੀ ਨੂੰ ਹਾਰੇ ਵਿਚੋਂ ਬਾਹਰ ਕੱਢ ਲਿਆ ਜਾਂਦਾ ਸੀ ਤਾਂ ਜੋ ਦੁੱਧ ਠੰਡਾ ਹੋ ਜਾਵੇ। ਰਾਤ ਨੂੰ ਕਾੜ੍ਹਨੀ ਵਿਚੋਂ ਦੁੱਧ ਕੱਢ ਕੇ ਮਿੱਟੀ ਦੀ ਬਣੀ ਚਾਟੀ ਵਿਚ ਪਾਇਆ ਜਾਂਦਾ ਸੀ। ਕਈ ਇਲਾਕਿਆਂ ਵਿਚ ਏਸ ਮਿੱਟੀ ਦੀ ਬਣੀ ਚਾਟੀ ਨੂੰ ਤੌਲਾ ਵੀ ਕਹਿੰਦੇ ਸਨ। ਚਾਟੀ ਵਿਚ ਪਾਏ ਦੁੱਧ ਨੂੰ ਫਿਰ ਦਹੀਂ ਦਾ ਜਾਗ ਲਾਇਆ ਜਾਂਦਾ ਸੀ। ਜੇਕਰ ਗਰਮੀ ਦਾ ਮੌਸਮ ਹੁੰਦਾ ਸੀ ਤਾਂ ਚਾਟੀ ਬਾਹਰ ਰੱਖੀ ਜਾਂਦੀ ਸੀ। ਜੇਕਰ ਸਰਦੀ ਦਾ ਮੌਸਮ ਹੁੰਦਾ ਸੀ ਤਾਂ ਚਾਟੀ ਨੂੰ ਅੰਦਰ ਰੱਖਿਆ ਜਾਂਦਾ ਸੀ। ਨਾਲ ਹੀ ਚਾਟੀ ਨੂੰ ਕਿਸੇ ਮੋਟੇ ਕਪੜੇ ਨਾਲ ਚੰਗੀ ਤਰ੍ਹਾਂ ਢਕਿਆ ਜਾਂਦਾ ਸੀ ਤਾਂ ਜੋ ਦੁੱਧ ਜੰਮ