ਕੇ ਸ਼ਤੀਰ ਨਾਲ ਜਾਂ ਲਟੈਣ ਨਾਲ ਲਮਕਾਇਆ ਹੁੰਦਾ ਸੀ, ਜਿਸ ਉਪਰ ਰਜਾਈਆਂ, ਗਦੈਲੇ ਲਟਕਾਏ ਹੁੰਦੇ ਸਨ। ਇਨ੍ਹਾਂ ਰਜਾਈਆਂ ਗਦੈਲਿਆਂ ਨੂੰ ਮਿੱਟੀ ਘੱਟੇ ਤੋਂ ਬਚਾਉਣ ਲਈ ਖੇਸ ਜਾਂ ਦੁਪੱਟਾ ਉੱਤੇ ਦਿੱਤਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਘਰ ਕੱਚੇ ਹੁੰਦੇ ਸਨ। ਇਨ੍ਹਾਂ ਖੇਸ ਜਾਂ ਦੁਪੱਟੇ ਦੇ ਹੇਠਲੇ ਲੜਾਂ ਨੂੰ ਆਪਸ ਵਿਚ ਬੰਨ੍ਹਿਆ ਹੁੰਦਾ ਸੀ ਜਾਂ ਸਿਉਂਤਾ ਹੁੰਦਾ ਸੀ। ਘਰਾਂ ਵਿਚ ਕੱਚੀਆਂ ਕੋਠੀਆਂ ਬਣਾਈਆਂ ਹੁੰਦੀਆਂ ਸਨ। ਇਹ ਕੋਠੀਆਂ ਜਨਾਨੀਆਂ ਆਪ ਹੀ ਬਣਾਉਂਦੀਆਂ ਹੁੰਦੀਆਂ ਸਨ। ਇਨ੍ਹਾਂ ਕੋਠੀਆਂ ਵਿਚ ਵੀ ਰਜਾਈ, ਗਦੈਲੇ ਅਤੇ ਕਪੜਿਆਂ ਦੀਆਂ ਗਠੜੀਆਂ ਰੱਖ ਦਿੰਦੇ ਸਨ।
ਫੇਰ ਨਹਿਰਾਂ ਨਿਕਲੀਆਂ, ਖੂਹ ਲੱਗੇ। ਖੇਤੀ ਦੀ ਨਿਰਭਰਤਾ ਬਾਰਸ਼ਾਂ ਤੇ ਘਟੀ। ਲੋਕਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਇਆ। ਉਸ ਸਮੇਂ ਲੋਕਾਂ ਨੇ ਵਿਆਹਾਂ ਵਿਚ ਸੰਦੂਖ ਦੇਣੇ ਸ਼ੁਰੂ ਕੀਤੇ। ਉਨ੍ਹਾਂ ਸਮਿਆਂ ਵਿਚ ਹਰ ਕੁੜੀ ਦੀ ਇੱਛਾ ਹੁੰਦੀ ਸੀ ਕਿ ਉਸਦਾ ਰਿਸ਼ਤਾ ਚੰਗੇ ਖਾਂਦੇ ਪੀਂਦੇ ਪਰਿਵਾਰ ਵਿਚ ਹੋਵੇ। ਏਸ ਲਈ ਆਨੀ ਬਹਾਨੀ ਉਹ ਆਪਣੇ ਬਾਬਲ ਨੂੰ ਕਹਿੰਦੀ ਹੁੰਦੀ ਸੀ-
ਦੇਵੀਂ ਵੇ ਬਾਬਲ ਉਸ ਘਰੇ,
ਜਿੱਥੇ ਦਰਜੀ ਸੀਵੇ ਪੱਟ।
ਇਕ ਪਾਵਾਂ ਇਕ ਲਾਹਵਾਂ,
ਵੇ ਮੇਰਾ ਵਿਚ ਸੰਦੂਖਾਂ ਦੇ ਹੱਥ,
ਬਾਬਲ ਤੇਰਾ ਪੁੰਨ ਹੋਵੇ।
ਸੰਦੂਖ ਤੇ ਕਾਫ਼ੀ ਖ਼ਰਚ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਜਦ ਮੁੰਡਾ ਕੁੜੀ ਜੁਆਨ ਹੁੰਦੇ ਸਨ, ਉਸ ਸਮੇਂ ਹੀ ਮੁਕਲਾਵਾ ਦਿੱਤਾ ਜਾਂਦਾ ਸੀ। ਕਈਆਂ ਦੇ ਮੁਕਲਾਵੇ ਫ਼ਸਲ ਮਾੜੀ ਹੋਣ ਕਰ ਕੇ ਅਗਲੀ ਫ਼ਸਲ ਤੇ ਪਾਏ ਜਾਂਦੇ ਸਨ-
ਹਾੜੀ ਆਈ ਤੋਂ ਦੇਊਂ ਮੁਕਲਾਵਾ,
ਨੱਤੀਆਂ ਦੀ ਪਹੁੰਚ ਨਹੀਂ।
ਕਈ ਵੇਰ ਬਹੁਤੇ ਭਰਾ ਵੀ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਆਪਣੀ ਇਕੋ ਇਕ ਭੈਣ ਨੂੰ ਸੰਦੂਖ ਦੇਣ ਤੋਂ ਅਸਮਰਥ ਹੁੰਦੇ ਸਨ, ਜਿਸ ਕਰਕੇ ਭਰਾਵਾਂ ਨੂੰ ਲੋਕਾਂ ਦੀਆਂ ਟਕੋਰਾਂ ਵੀ ਸਹਿਣੀਆਂ ਪੈਂਦੀਆਂ ਸਨ-
ਗੱਡੀ ਜਾਂਦੀ ਆ ਸੰਦੂਖੋਂ ਖ਼ਾਲੀ,
ਬਹੁਤੇ ਭਰਾਵਾਂ ਵਾਲੀਏ।
ਕਈ ਵੇਰ ਭਰਾਵਾਂ ਕੋਲ ਚੰਗੀ ਜ਼ਮੀਨ ਹੋਣ ਦੇ ਬਾਵਜੂਦ ਵੀ ਸੰਦੂਖ ਨਾ ਦੇਣ ਦਾ ਅਰਮਾਨ ਭੈਣ ਦੇ ਦਿਲ ਵਿਚ ਰਹਿ ਜਾਂਦਾ ਸੀ-
ਭੈਣ ਤੁਰ ਗਈ ਸੰਦੂਖੋਂ ਖ਼ਾਲੀ,
ਵੀਰਾ ਵੇ ! ਮੁਰੱਬੇ ਵਾਲਿਆ!
ਪਹਿਲੇ ਸਮਿਆਂ ਵਿਚ ਵੀਰਾਂ ਤੇ ਭੈਣਾਂ ਦਾ ਬਹੁਤ ਪਿਆਰ ਹੁੰਦਾ ਸੀ। ਕਈ ਵੇਰ ਵੀਰ ਆਪਣੀ ਭੈਣ ਦੀ ਸੰਦੂਖ ਦੀ ਮੰਗ ਪੂਰੀ ਕਰਦਿਆਂ ਬਾਪ ਨੂੰ ਕਰਜ਼ਾਈ ਵੀ ਕਰ ਦਿੰਦਾ ਸੀ-
ਮੇਰੇ ਵੀਰ ਨੇ ਸੰਦੂਖ ਬਣਾਇਆ,
ਬਾਪ ਕਰਜ਼ਾਈ ਹੋ ਗਿਆ।
ਆਮ ਤੌਰ 'ਤੇ ਮੁਕਲਾਵੇ ਵੇਲੇ ਹੀ ਸੰਦੂਖ ਦਿੱਤੇ ਜਾਂਦੇ ਸਨ। ਕਈ ਮਨਚਲੇ ਮੁਕਲਾਵੇ ਜਾਂਦੀ ਮੁਟਿਆਰ ਨੂੰ ਸਹੁਰਿਆਂ ਦੇ ਪਿੰਡ ਬਾਰੇ ਪੁੱਛਣ ਤੋਂ ਗੁਰੇਜ਼ ਨਹੀਂ ਕਰਦੇ ਹੁੰਦੇ ਸਨ-
ਕਿਹੜੇ ਪਿੰਡ ਮੁਕਲਾਵੇ ਜਾਣਾ,
ਨਿੰਮ ਦੇ ਸੰਦੂਖ ਵਾਲੀਏ।
ਜ਼ਿੰਦਗੀ ਵਿਚ ਪਤੀ ਪਤਨੀ ਦਾ ਤਕਰਾਰ ਹੋਣਾ ਕੁਦਰਤੀ ਹੈ। ਜੇਕਰ ਇਹ ਹੱਦ ਤੋਂ ਵੱਧ ਜਾਂਦਾ ਸੀ ਤਾਂ ਕਈ ਵੇਰ ਜਾਬਰ ਜੱਟੀ ਸੰਦੂਖ ਦੇ ਓਹਲੇ ਜੱਟ ਨੂੰ ਕੁੱਟਣ ਦੀ ਵਿਉਂਤ ਵੀ ਬਣਾ ਲੈਂਦੀ ਸੀ-
ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਖਾਂ ਓਹਲੇ।