ਹੱਥੀਂ ਉਡਾ ਕੇ ਦਾਣੇ ਕੱਢੇ ਜਾਂਦੇ ਸਨ। ਏਸ ਤਰ੍ਹਾਂ ਜੇਠ, ਹਾੜ ਦੀ ਗਰਮੀ ਜ਼ਿਮੀਂਦਾਰਾਂ ਦੇ ਸਿਰ ਉੱਤੋਂ ਦੀ ਲੰਘਦੀ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਘਰ ਤੇ ਦਰਖ਼ਤਾਂ ਦੀ ਛਾਂ ਹੀ ਥੋੜੀ ਬੱਚਤ ਗਰਮੀ ਤੋਂ ਕਰਦੀ ਹੁੰਦੀ ਸੀ।
ਪੱਖੀਆਂ ਦੀ ਹਵਾ ਹੀ ਥੋੜ੍ਹੀ ਰਾਹਤ ਦਿੰਦੀ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਗਰਮੀ ਤੋਂ ਡਰਦੀਆਂ ਸੱਜ-ਵਿਆਹੀਆ ਵੀ ਸਹੁਰੇ ਜਾਣ ਤੋਂ ਟਾਲ ਮਟੋਲੇ ਕਰਦੀਆਂ ਹੁੰਦੀਆਂ ਸਨ-
ਹਾੜ ਦੇ ਮਹੀਨੇ, ਜੀਅ ਕਰੇ ਨਾ ਸਹੁਰੀਂ ਜਾਣ ਨੂੰ,
ਮੁੰਡਾ ਫਿਰੇ ਨੀ ਗੱਡੀ ਜੋੜ ਕੇ ਲਿਜਾਣ ਨੂੰ।
ਕਈ ਤਾਂ ਗਰਮੀ ਤੋਂ ਐਨੀਆਂ ਦੁਖੀ ਹੋ ਜਾਂਦੀਆਂ ਸਨ ਕਿ ਵਿਆਹੀ ਨਾਲੋਂ ਕੁਆਰੀ ਰਹਿਣਾ ਹੀ ਚੰਗਾ ਸਮਝਦੀਆਂ ਹੁੰਦੀਆਂ ਸਨ-
ਹਾੜ ਦੇ ਮਹੀਨੇ, ਧੁੱਪਾਂ ਪੈਣ ਨੀ ਕਰਾਰੀਆਂ,
ਨਿਜ ਨੂੰ ਵਿਆਹੀ, ਬੁੱਲੇ ਲੈਣ ਨੀ ਕੁਆਰੀਆਂ।
ਪਹਿਲੇ ਸਮਿਆਂ ਵਿਚ ਜਦ ਪੱਖੀ ਦੀ ਬਣਤਰ ਸਬੰਧੀ ਆਮ ਜਾਣਕਾਰੀ ਨਹੀਂ ਸੀ, ਉਸ ਸਮੇਂ ਪੱਖੀਆਂ ਬਾਜ਼ਾਰ ਵਿਚੋਂ ਖਰੀਦੀਆਂ ਜਾਂਦੀਆਂ ਸਨ। ਛੋਟੇ ਕੁਛੜ ਵਾਲੇ ਬੱਚੇ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਵਹੁਟੀ ਆਪਣੇ ਮਾਹੀ ਤੋਂ ਪੱਖੀ ਦੀ ਮੰਗ ਕਰਦੀ ਹੁੰਦੀ ਸੀ-
ਲਿਖ ਪਰਵਾਨਾ ਭੇਜਾਂ ਵੇ, ਘਰ ਪੱਖੀ ਦੀ ਲੋੜ।
ਢੋਲ ਮੇਰਿਆ ਮਾਹੀ ਵੇ, ਘਰ ਪੱਖੀ ਦੀ ਲੋੜ।
ਕੁਛੜ ਬਾਲ ਨਿਆਣਾ ਵੇ, ਗਰਮੀ ਕਰਦੀ ਏ ਜ਼ੋਰ।
ਫੇਰ ਮਨੁੱਖੀ ਸੂਝ ਵਧੀ। ਘਰ ਘਰ ਪੱਖੀਆਂ ਬਣਨ ਲੱਗੀਆਂ। ਪੱਖੀਆਂ ਫੇਰ ਦਾਜ ਦਾ ਹਿੱਸਾ ਬਣ ਗਈਆਂ। ਭਾਂਤ ਭਾਂਤ ਦੀਆਂ ਪੱਖੀਆਂ ਦਾਜ ਵਿਚ ਦਿੱਤੀਆਂ ਜਾਂਦੀਆਂ ਸਨ। ਪੱਖੀਆਂ ਕਈ ਕਿਸਮ ਦੀਆਂ ਬਣਦੀਆਂ ਹੁੰਦੀਆਂ ਸਨ। ਕੋਈ ਕਰੋਸ਼ੀਏ ਨਾਲ ਬੁਣੀ ਜਾਂਦੀ ਸੀ, ਕੋਈ ਕੱਪੜੇ 'ਤੇ ਕਢਾਈ ਕੱਢ ਕੇ ਬਣਾਈ ਜਾਂਦੀ ਸੀ, ਕੋਈ ਛੀਂਟ ਦੀ ਬਣਾਈ ਜਾਂਦੀ ਸੀ। ਕਈ ਪੱਖੀਆਂ ਵਿਚ ਮਣਕੇ ਵੀ ਪਰੋਏ ਹੁੰਦੇ