ਕੋਲ ਨਾ ਹੀ ਨਾਲੇ ਬੁਣਨ ਲਈ ਟਾਈਮ ਹੈ, ਨਾ ਹੀ ਨਾਲੇ ਹੁਣ ਦਹੇਜ ਵਿਚ ਦਿੱਤੇ ਜਾਂਦੇ ਹਨ। ਹੁਣ ਤਾਂ ਬਾਜ਼ਾਰ ਵਿਚੋਂ ਬਣੇ ਬਣਾਏ ਨਾਲੇ ਮਿਲ ਜਾਦੇ ਹਨ।
0
ਬੋਹੀਏ, ਗੋਹਲੇ
ਬਹੀਏ, ਗੋਹਲੇ ਕਿਸੇ ਸਮੇਂ ਦਾਜ ਦਾ ਹਿੱਸਾ ਹੁੰਦੇ ਸਨ। ਕੁੜੀਆਂ ਦੀ ਪੈਦਾਇਸ਼ ਤੋਂ ਹੀ ਕੁੜੀਆਂ ਦੀਆਂ ਮਾਵਾਂ ਦਾਜ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਸਨ। ਜਦ ਕੁੜੀਆਂ ਬੜੀਆਂ ਹੋ ਜਾਂਦੀਆਂ ਸਨ ਤਾਂ ਉਹ ਆਪਣਾ ਦਾਜ ਆਪ ਤਿਆਰ ਕਰਦੀਆਂ ਸਨ। ਉਨ੍ਹਾ ਸਮਿਆਂ ਵਿਚ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ। ਕੁੜੀਆਂ ਚਰਖਾ ਕੱਤਦੀਆਂ ਸਨ, ਦਰੀਆਂ ਬੁਣਦੀਆਂ ਸਨ. ਫੁਲਕਾਰੀਆਂ, ਬਾਗ਼ ਕੱਢਦੀਆਂ ਸਨ, ਵਿਛਾਈਆਂ, ਸਰਹਾਣੇ, ਝੋਲੇ ਆਦਿ ਕੱਢਦੀਆਂ ਸਨ, ਪੱਖੀਆਂ ਬਣਾਉਂਦੀਆਂ ਸਨ। ਗੱਲ ਕੀ, ਦਾਜ ਦੀ ਹਰ ਵਸਤ ਹੱਥੀਂ ਤਿਆਰ ਕੀਤੀ ਜਾਂਦੀ ਸੀ। ਵੈਸੇ ਵੀ ਪੰਜਾਬੀਆਂ ਦਾ ਮਿਹਨਤ ਕਰਨ ਦਾ ਸੁਭਾਅ ਹੈ। ਕੁਦਰਤ ਨੇ ਵੀ ਪੰਜਾਬੀਆਂ ਨੂੰ ਕੰਮ ਕਰਨ ਦੇ ਤੱਤਾਂ ਦੀ ਭਰਪੂਰ ਬਖਸ਼ਸ਼ ਕੀਤੀ ਹੈ। ਪੰਜਾਬੀ ਟਿਕ ਕੇ ਵੀ ਨਹੀਂ ਬੈਠ ਸਕਦੇ। ਪੰਜਾਬੀ ਮੰਗ ਵੀ ਨਹੀਂ ਕਰਦੇ। ਪੰਜਾਬੀ ਲੜ ਸਕਦੇ ਹਨ, ਭਿੜ ਸਕਦੇ ਹਨ-
ਪੰਜਾਬੀ ਨਾ ਪਿੜ ਛੱਡਣ,
ਨਾ ਹੱਥ ਟੱਡਣ।
ਏਸੇ ਕਰਕੇ ਉਨ੍ਹਾਂ ਸਮਿਆਂ ਵਿਚ ਜਿਹੜੀ ਜਨਾਨੀ ਵਿਹਲੀ ਰਹਿੰਦੀ ਸੀ, ਉਸ ਦੀ ਨਿੰਦਾ ਕੀਤੀ ਜਾਂਦੀ ਸੀ, ਬਦਖੋਈ ਕੀਤੀ ਜਾਂਦੀ ਸੀ-
ਵਿਹਲੀ ਰੰਨ ਕੰਮ ਨਾ ਕਾਰ,
ਅੱਗੇ ਭਾਬੋ ਨੱਚਣੀ,
ਪਿੱਛੇ ਢੋਲਾਂ ਦੀ ਖੜਕਾਰ।