ਚਿਪਕੇ, ਏਸ ਲਈ ਮੂਧੇ ਮਾਰੇ ਬਰਤਨ ਉਪਰ ਪਹਿਲਾਂ ਕਪੜਾ ਜਾਂ ਕਾਗਜ਼ ਰੱਖ ਲੈਂਦੇ ਸਨ। ਫੇਰ ਏਸ ਨੂੰ ਸੁੱਕਣ ਲਈ ਧੁੱਪੇ ਰੱਖ ਦਿੰਦੇ ਸਨ। ਜਦ ਗੋਹਲਾ ਸੁੱਕ ਜਾਂਦਾ ਸੀ ਤਾਂ ਉਸ ਨੂੰ ਬਰਤਨ ਤੋਂ ਉਤਾਰ ਲੈਂਦੇ ਸਨ। ਉਤਾਰੇ ਹੋਏ ਗੋਹਲੇ ਤੇ ਫੇਰ 'ਕੱਲੀ ਗਾਚਣੀ ਦਾ ਅੰਦਰ ਬਾਹਰ ਲੇਪ ਕੀਤਾ ਜਾਂਦਾ ਸੀ ਤਾਂ ਜੋ ਗੋਹਲਾ ਸਾਫ਼, ਪੱਧਰ ਲੱਗੇ। ਜਦ ਇਹ ਲੇਪ ਸੁੱਕ ਜਾਂਦਾ ਸੀ ਤਾਂ ਗੋਹਲੇ ਉਪਰ ਰੰਗ ਨਾਲ ਲੋੜ ਅਨੁਸਾਰ ਬੇਲਾਂ, ਬੂਟੀਆਂ, ਡੀਜ਼ਇਨ ਪਾਏ ਜਾਂਦੇ ਸਨ। ਏਸ ਤਰ੍ਹਾਂ ਗੋਹਲਾ ਬਣਦਾ ਸੀ।
ਹੁਣ ਨਾ ਬੋਹੀਏ ਬਣਦੇ ਹਨ ਅਤੇ ਨਾ ਹੀ ਗੋਹਲੇ ਬਣਦੇ ਹਨ, ਨਾ ਹੀ ਹੁਣ ਕੋਈ ਬੋਹੀਆਂ, ਗੋਹਲਿਆਂ ਨੂੰ ਦਾਜ ਵਿਚ ਦਿੰਦਾ ਹੈ। ਹੁਣ ਬੋਹੀਆਂ ਤੇ ਗੋਹਲਿਆਂ ਦੀ ਥਾਂ ਪਲਾਸਟਿਕ ਦੀਆਂ ਵੱਖ-ਵੱਖ ਕਿਸਮ ਦੀਆਂ ਬਣੀਆਂ ਟੋਕਰੀਆਂ ਨੇ ਲੈ ਲਈ ਹੈ। ਬੋਹੀਏ ਤੇ ਗੋਹਲੇ ਹੁਣ ਸਾਡੇ ਅਤੀਤ ਦਾ ਵਿਰਸਾ ਬਣ ਗਏ ਹਨ।
0
ਮੰਜੇ, ਪੀੜ੍ਹੀਆਂ
ਕਿਸੇ ਸਮੇਂ ਸਾਰੀ ਇਨਸਾਨੀ ਵਸੋਂ ਧਰਤੀ ਉਪਰ ਸੌਂਦੀ ਸੀ। ਅੱਜ ਵੀ ਦੁਨੀਆਂ ਦੀ ਵਸੋਂ ਦਾ ਕਾਫ਼ੀ ਹਿੱਸਾ ਧਰਤੀ ਉਪਰ ਸੌਦਾ ਹੈ। ਜਿਵੇਂ ਜਿਵੇਂ ਮਨੁੱਖੀ ਸੂਝ ਵਧਦੀ ਗਈ, ਇਨਸਾਨ ਨੇ ਆਪਣੀ ਲੋੜ ਅਨੁਸਾਰ ਨਿੱਤ ਵਰਤੋਂ ਦੀਆਂ ਵਸਤਾਂ ਦੀ ਈਜਾਦ ਕਰਨੀ ਸ਼ੁਰੂ ਕਰ ਦਿੱਤੀ। ਮੰਜੇ, ਪੀੜ੍ਹੀਆਂ ਏਸ ਨਿੱਤ ਦੀ ਲੋੜ ਨੇ ਹੀ ਈਜਾਦ ਕੀਤੇ ਹਨ। ਫੇਰ ਇਕ ਅਜਿਹਾ ਸਮਾਂ ਆਇਆ ਕਿ ਮੰਜੇ ਹੀ ਘਰ ਦੀ ਬਹੁ- ਮੰਤਵੀ ਵਸਤ ਬਣ ਗਏ। ਬੈਠਣ, ਲੰਮੇ ਪੈਣ, ਸੌਂਣ, ਘਰ ਦਾ ਸਾਮਾਨ ਰੱਖਣ, ਲਾਂਗਾ ਢੋਣ, ਕੁੱਪ ਬੰਨ੍ਹਣ ਲਈ ਮੰਜਿਆਂ ਦੀ ਵਰਤੋਂ ਕੀਤੀ ਜਾਣ ਲੱਗੀ। ਸ਼ੁਰੂ ਸ਼ੁਰੂ ਵਿਚ ਜੰਗਲਾਂ ਵਿਚੋਂ ਜਿਹੋ ਜਿਹੀ ਲੱਕੜ ਮਿਲਦੀ ਸੀ, ਉਸ ਦੀ ਚੁਗਾਠ ਬਣਾ ਲਈ ਜਾਂਦੀ ਸੀ। ਜੰਗਲਾਂ ਵਿਚੋਂ ਜੋ ਮੁੰਜ ਜਾਂ ਘਾਹ ਮਿਲਦਾ ਹੁੰਦਾ ਸੀ, ਉਸ ਦੀ ਰੱਸੀ ਬਣਾ ਕੇ ਮੰਜਾ ਬੁਣ ਲੈਂਦੇ ਸਨ। ਪੀੜ੍ਹੀ ਮੰਜੇ ਦਾ ਹੀ ਛੋਟਾ ਰੂਪ ਹੈ, ਜੋ ਸਿਰਫ਼ ਬੈਠਣ ਦੇ ਹੀ ਕੰਮ ਆਉਂਦੀ ਸੀ।