ਸਮੇਂ ਦੇ ਗੁਜ਼ਰਨ ਨਾਲ ਤੇ ਆਉਣ ਜਾਣ ਦੇ ਸਾਧਨਾਂ ਵਿਚ ਤਰੱਕੀ ਹੋਣ ਨਾਲ ਮੰਜੇ ਅਤੇ ਪੀੜ੍ਹੀਆਂ ਦੀਆਂ ਚੁਗਾਠਾਂ ਵਿਚ ਚੰਗੀਆਂ ਲੱਕੜਾਂ ਲੱਗਣ ਲੱਗ ਪਈਆਂ। ਬਾਂਸ ਦੀਆਂ ਲੱਕੜਾਂ ਦੇ ਮੰਜੇ, ਪੀੜ੍ਹੀਆਂ ਬਣਨ ਲੱਗੇ। ਮੰਜੇ ਅਤੇ ਪੀੜ੍ਹੀਆਂ ਦੇ ਪਾਵਿਆਂ ਵਿਚ ਵੰਨ-ਸਵੰਨਤਾ ਆਉਣ ਲੱਗੀ। ਟਾਹਲੀ ਦੇ ਖਰਾਦੇ ਹੋਏ ਪਾਵੇ ਚੰਗੇ ਮੰਨੇ ਜਾਣ ਲੱਗੇ। ਮੁੰਜ ਦੀ ਥਾਂ ਮੰਜਿਆਂ ਨੂੰ ਸਣ ਦੀ ਰੱਸੀ ਨਾਲ, ਸੂਤ ਤੇ ਨੁਮਾਰ ਨਾਲ ਬੁਣਿਆ ਜਾਣ ਲੱਗਿਆ। ਜਿਹੜੇ ਮੰਜੇ ਸਬਾਤਾਂ, ਬੈਠਕਾਂ ਜਾਂ ਇਕ ਥਾਂ ਪੱਕੇ ਤੌਰ ਤੇ ਰੱਖੇ ਜਾਂਦੇ ਸਨ, ਉਨ੍ਹਾਂ ਦੀਆਂ ਚੁਗਾਠਾਂ ਤੇ ਪਾਵੇ ਬੜੇ ਅਕਾਰ ਦੇ ਤੇ ਵਧੀਆ ਲੱਕੜ ਦੇ ਹੁੰਦੇ ਸਨ। ਰੰਗ ਬਰੰਗੇ ਸੂਤ ਤੇ ਨੁਮਾਰ ਨਾਲ ਬੁਣੇ ਹੁੰਦੇ ਸਨ। ਪਰ ਵਿਚਾਰੇ ਛੜਿਆਂ ਦੇ ਹਿੱਸੇ ਤਾਂ ਮੁੰਜ ਦੀ ਮੰਜੀ ਹੀ ਆਉਂਦੀ ਹੁੰਦੀ ਸੀ-
ਰੰਨਾਂ ਵਾਲਿਆਂ ਦੇ ਪਲੰਘ ਨਮਾਰੀ,
ਛੜਿਆਂ ਦੀ ਮੁੰਜ ਦੀ ਮੰਜੀ।
ਪਹਿਲੇ ਸਮਿਆਂ ਵਿਚ ਅਤੇ ਅੱਜ ਵੀ ਮੁੰਡੇ ਕੁੜੀਆ ਦੇ ਵਿਆਹਾਂ ਲਈ ਸਾਰੇ ਪਿੰਡ ਵਿਚੋਂ ਮੰਜੇ 'ਕੱਠੇ ਕਰਨ ਦਾ ਰਿਵਾਜ ਹੈ। ਵਿਆਹਾਂ ਵਿਚ ਨਾਨਕੀਆਂ ਜਦ ਜਾਗੋ ਕੱਢਦੀਆਂ ਸਨ, ਉਸ ਸਮੇਂ ਜੇ ਕਰ ਰਸਤੇ ਵਿਚ ਕੋਈ ਮੰਜੇ ਤੇ ਪਿਆ ਮਿਲ ਜਾਂਦਾ ਸੀ ਤਾਂ ਉਸ ਦਾ ਮੰਜਾ ਮੂਧਾ ਮਾਰ ਦਿੰਦੀਆਂ ਸਨ। ਸਾਡੇ ਸਮਾਜ ਵਿਚ ਜੀਜੇ ਅਤੇ ਸਾਲੀ ਦਾ ਰਿਸ਼ਤਾ ਬਹੁਤ ਰੁਮਾਂਚਿਕ ਰਿਹਾ ਹੈ। ਵਿਆਹਾਂ ਵਿਚ ਸਾਲੀਆਂ ਆਪਣੇ ਜੀਜੇ ਤੋਂ ਛੰਦ ਸੁਣਦੀਆਂ ਹੁੰਦੀਆਂ ਸਨ। ਉਸ ਨੂੰ ਸਿੱਠਣੀਆਂ ਵੀ ਦਿੰਦੀਆਂ ਹੁੰਦੀਆਂ ਸਨ-
ਜੀਜਾ ਜੁੜ ਗਿਆ ਮੰਜੇ ਦੇ ਨਾਲ,
ਜੀਜਾ, ਮੰਜਾ ਤੇਰਾ ਕੀ ਲੱਗਦਾ?
ਪਹਿਲੇ ਸਮਿਆਂ ਵਿਚ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਕਈ ਕਈ ਸਾਲਾਂ ਬਾਅਦ ਮੁੰਡੇ ਕੁੜੀ ਦੇ ਜੁਆਨ ਹੋਣ ਤੇ ਮੁਕਲਾਵਾ ਦਿੱਤਾ ਜਾਂਦਾ ਸੀ। ਨਵੀਂ ਵਹੁਟੀ ਨੂੰ ਰੱਥ ਵਿਚੋਂ ਲਾਹ ਕੇ, ਚੌਕੀ ਚੜਾਉਣ ਦੀ ਰਸਮ ਕਰਨ ਪਿਛੋਂ ਰੰਗ ਬਰੰਗੇ ਸੂਤ ਦੀ ਬੁਣੀ ਤੇ ਰੰਗ ਬਰੰਗੇ ਪਾਵਿਆਂ ਵਾਲੀ ਪੀੜ੍ਹੀ ਤੇ ਬਿਠਾਉਣ ਦਾ ਰਿਵਾਜ ਸੀ। ਉਨ੍ਹਾਂ ਸਮਿਆਂ ਵਿਚ ਘੁੰਡ ਕੱਢਣ ਦਾ ਰਿਵਾਜ ਵੀ ਹੁੰਦਾ ਸੀ। ਪੀੜ੍ਹੀ ਉਪਰ ਬੈਠੀ ਨਵੀਂ ਬਹੂ ਦਾ ਸਾਰੀਆਂ ਮੇਲਣਾਂ, ਸ਼ਰੀਕੇ ਵਾਲੀਆਂ ਜਨਾਨੀਆਂ, ਕੁੜੀਆਂ ਘੁੰਡ ਚੁੱਕ ਕੇ ਮੂੰਹ ਵੇਖਦੀਆਂ ਹੁੰਦੀਆਂ ਸਨ-
ਨਵੀਂ ਬਹੂ ਮੁਕਲਾਵੇ ਆਈ,
ਬਹਿ ਗਈ ਪੀੜ੍ਹਾ ਡਾਹ ਕੇ।
ਲਹਿੰਗਾ ਜਾਮਣੀ, ਕੁੜਤੀ ਵਰੀ ਦੀ,