ਬਹਿ ਗਈ ਚੌਂਕ ਚੰਦ ਲਾ ਕੇ।
ਪਿੰਡ ਦੀਆਂ ਕੁੜੀਆਂ ਚਾਵਾਂ ਮੱਤੀਆਂ,
ਆਈਆਂ ਹੁੰਮ ਹਮਾ ਕੇ।
ਨਵੀਂ ਵਿਆਹੁਲੀ ਦਾ,
ਨਾਂ ਪੁੱਛਣ ਘੁੰਡ ਚੁਕਾ ਕੇ।
ਨੂੰਹ ਸੱਸ ਦੀ ਸਾਡੇ ਸਮਾਜ ਵਿਚ ਕਦੇ ਵੀ ਮੀਚੋ ਨਹੀਂ ਮਿਲੀ। ਸੱਸ, ਨੂੰਹ ਨੂੰ ਆਨੇ ਬਹਾਨੇ ਨਿੰਦਦੀ ਰਹਿੰਦੀ ਸੀ। ਜਦ ਨੂੰਹ ਦਾ ਦਾਅ ਲੱਗਦਾ ਸੀ, ਭਲੀ ਉਹ ਵੀ ਨਹੀਂ ਕਰਦੀ ਸੀ। ਕਈ ਵੇਰ ਜਦ ਸੱਸ ਆਪਣੇ ਨੌਕਰੀ ਕਰਦੇ ਪੁੱਤ ਨੂੰ ਮਿਲਣ ਜਾਂਦੀ ਸੀ ਤਾਂ ਨੂੰਹ ਵੀ ਸੱਸ ਨੂੰ ਉੱਨੀਆਂ ਦੇ ਇੱਕੀ ਪਾਉਣ ਤੇ ਉਤਰ ਆਉਂਦੀ ਸੀ-
ਵੇ ਠਾਣੇਦਾਰਾ! ਉੱਚੀ ਹਵੇਲੀ ਪਾ।
ਵੇ ਠਾਣੇਦਾਰਾ! ਦੋ ਮੰਜਿਆਂ ਦੀ ਥਾਂ।
ਅਸੀਂ ਵੀ ਸੌਂ ਗਏ, ਤੁਸੀਂ ਵੀ ਸੌਂ ਗਏ,
ਭੁੰਜੇ ਸਉਂਗੀ ਤੇਰੀ ਮਾਂ।
ਵਿਆਹ ਤੋਂ ਪਿਛੋਂ ਜਦ ਪਹਿਲੀ ਵਾਰ ਪ੍ਰਾਹੁਣਾ ਆਪਣੇ ਸਹੁਰਿਆਂ ਤੋਂ ਵਹੁਟੀ ਲੈਣ ਆਉਂਦਾ ਸੀ ਤਾਂ ਉਸ ਦਾ ਮੰਜਾ ਡਿਉੜੀ ਵਿਚ ਡਾਹਿਆ ਜਾਂਦਾ ਸੀ। ਡਿਉੜੀ ਦਰਵਾਜ਼ੇ ਨੂੰ ਕਹਿੰਦੇ ਸਨ। ਕਿਉਂ ਜੋ ਉਨ੍ਹਾਂ ਸਮਿਆਂ ਵਿਚ ਆਂਢ ਗੁਆਂਢ ਦੀਆਂ ਜਨਾਨੀਆਂ, ਵਿਸ਼ੇਸ਼ ਤੌਰ ਤੇ ਸਾਲੀਆਂ ਪ੍ਰਾਹੁਣੇ ਆਏ ਨੂੰ ਵੇਖਣ ਆਉਂਦੀਆਂ ਹੁੰਦੀਆਂ ਸਨ-
ਤੈਨੂੰ ਦੇਖਣ ਕਈਆਂ ਨੇ ਆਉਣਾ,
ਡਿਉੜੀ ਵਿਚ ਡਾਹ ਮੰਜੜੀ।
ਉਸ ਦੀਆਂ ਸਾਲੀਆਂ ਉਸ ਨਾਲ ਬਹੁਤ ਸਾਰੇ ਮਸ਼ਕੂਲੇ, ਟਿੱਚਰਾਂ ਕਰਦੀਆਂ ਹੁੰਦੀਆਂ ਸਨ। ਜੀਜੇ ਦਾ ਕਈ ਢੰਗਾਂ ਨਾਲ ਜਲੂਸ ਕੱਢਣ, ਨੀਵਾਂ ਵਿਖਾਉਣ, ਠਿੱਠ ਕਰਨ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ ਸਨ। ਜਿਨ੍ਹਾਂ ਵਿਚੋਂ ਇਕ ਮੰਜੇ ਨਾਲ ਵੀ ਸਬੰਧਿਤ ਹੁੰਦੀ ਸੀ। ਮੰਜੇ ਦੀ ਚੁਗਾਠ ਵਿਚ ਥੋੜ੍ਹਾ ਜਿਹਾ ਤਾਣਾ ਪੇਟਾ ਪਾ ਕੇ ਉਸ ਉਪਰ ਕੱਪੜਾ ਏਸ ਤਰ੍ਹਾਂ ਸਿਉਂ ਦਿੰਦੇ ਸਨ ਜਿਵੇਂ ਸੂਤ ਦੇ ਬਣੇ ਹੋਏ ਮੰਜੇ ਤੇ ਕਪੜਾ ਸਿਉਂਤਾ ਹੁੰਦਾ ਸੀ। ਉਸ ਉਪਰ ਬਿਸਤਰਾ ਵਿਛਾ ਦਿੱਤਾ ਜਾਂਦਾ ਸੀ। ਵਿਛਾਈ ਲੰਮੇ ਚੌੜੇ ਅਰਜ਼ ਦੀ ਵਿਛਾਈ ਜਾਂਦੀ ਸੀ, ਜਿਹੜੀ ਕਿ ਮੰਜੇ ਦੇ ਚਾਰੇ ਪਾਸਿਆਂ ਤੋਂ ਧਰਤੀ ਦੇ ਨੇੜੇ ਤੱਕ ਪਹੁੰਚਦੀ ਹੁੰਦੀ ਸੀ। ਮੰਜੇ ਦੇ ਹੇਠਾਂ ਕਿੱਕਰ ਦੀ ਜਾਂ ਬੋਰੀ ਦੀ ਸੂਲਾਂ ਵਾਲੀ ਟਾਹਣੀ ਰੱਖ ਦਿੱਤੀ ਜਾਂਦੀ ਸੀ। ਜਿਹੜੇ ਪ੍ਰਾਹੁਣੇ ਤਾਂ ਚੁਸਤ,