Back ArrowLogo
Info
Profile

ਪੈੜਾਂ ਦੇ ਆਲੇ-ਦੁਆਲੇ ਤਾਂ ਵਿਸ਼ੇਸ਼ ਤੌਰ 'ਤੇ ਤੂਤ ਤੇ ਟਾਹਲੀਆਂ ਹੀ ਲਾਈਆਂ ਜਾਂਦੀਆਂ ਸਨ। ਇਨ੍ਹਾਂ ਦੀ ਛਾਂ ਬੜੀ ਸੰਘਣੀ ਹੁੰਦੀ ਸੀ। ਤੂਤ ਦੇ ਦਰਖ਼ਤ ਦੀਆਂ ਛਿਟੀਆਂ ਦੀ ਲੰਬਾਈ 7/8 ਫੁੱਟ ਤੱਕ ਚਲੀ ਜਾਂਦੀ ਸੀ । ਏਸੇ ਕਰਕੇ ਹੀ ਜੇਕਰ ਕੋਈ ਲੰਮੀ ਲੰਙੀ ਮੁਟਿਆਰ ਮਧਰੇ ਕੱਦ ਵਾਲੇ ਨਾਲ ਵਿਆਹੀ ਜਾਂਦੀ ਸੀ ਤਾਂ ਉਸ ਮੁਟਿਆਰ ਦੇ ਮਨ ਵਿਚ ਹਮੇਸ਼ਾ ਕਸਕ ਰਹਿੰਦੀ ਸੀ-

ਖੱਟਣ ਗਿਆ ਸੀ ਕੀ ਖੱਟ ਲਿਆਂਦਾ?

ਖੱਟ ਕੇ ਲਿਆਂਦੀ ਰਾਈ ਵੇ।

ਨੀ ਮੈਂ ਲਗਰ ਤੂਤ ਦੀ,

ਲੜ ਮਧਰੇ ਦੇ ਲਾਈ ਵੇ।

ਮਧਰੇ ਹੋਣ ਦੇ ਨਾਲ ਨਾਲ ਜੇਕਰ ਉਸ ਦੇ ਮਾਹੀ ਦਾ ਰੰਗ ਵੀ ਕਾਲਾ ਹੁੰਦਾ ਸੀ ਤਾਂ ਉਸ ਮੁਟਿਆਰ ਦੀਆਂ ਸਹੇਲੀਆਂ ਉਸਨੂੰ ਚੋਭਾਂ ਲਾਉਂਦੀਆਂ ਸਨ-

ਨੀ ਲਗਰੇ ਤੂਤ ਦੀਏ।

ਤੈਨੂੰ ਜੁੜਿਆ ਕਿੱਕਰ ਦਾ ਜਾਤੂ।

ਪਹਿਲੇ ਸਮਿਆਂ ਵਿਚ ਨਵੀਂ ਵਿਆਹੀ ਵਹੁਟੀ ਤੇ ਲਾੜੇ ਦਾ ਛਿਟੀਆਂ ਖੇਡਣ ਦਾ ਰਿਵਾਜ ਹੁੰਦਾ ਸੀ। ਲਾੜੇ ਦੇ ਦੁਪੱਟੇ/ਪਰਨੇ/ਸਾਫੀ ਦੇ ਲੜ ਨਾਲ ਲਾੜੀ ਦੀ ਚੁੰਨੀ ਦੀ ਗੱਠ ਦਿੱਤੀ ਜਾਂਦੀ ਸੀ । ਲਾੜਾ ਮੂਹਰੇ ਤੁਰਦਾ ਸੀ। ਲਾੜੀ ਲਾੜੇ ਦਾ ਲੜ ਫੜ ਕੇ ਪਿਛੇ ਪਿਛੇ ਆਉਂਦੀ ਸੀ। ਲਾੜੀ ਦੇ ਘੱਗਰਾ ਪਾਇਆ ਹੁੰਦਾ ਸੀ। ਮੇਲਣਾਂ ਅੱਗੇ ਅੱਗੇ ਗੀਤ ਗਾਉਂਦੀਆਂ ਜਾਂਦੀਆਂ ਸਨ। ਲਾੜਾ ਲਾੜੀ ਦੇ ਹੱਥਾਂ ਵਿਚ ਤੂਤ ਦੀਆਂ ਨਰਮ ਜਿਹੀਆਂ ਚਾਰ ਕੁ ਫੁੱਟ ਦੀਆਂ ਛਿਟੀਆਂ ਫੜੀਆਂ ਹੁੰਦੀਆਂ ਸਨ। ਲਾੜਾ ਅਤੇ ਲਾੜੀ ਇਕ ਦੂਜੇ ਦੇ ਪੰਜ ਪੰਜ ਜਾਂ ਸੱਤ ਸੱਤ ਪੋਲੀਆਂ ਪੋਲੀਆਂ ਛਿਟੀਆਂ ਮਾਰਦੇ ਸਨ। ਇਹ ਛਿਟੀਆਂ ਖੇਡਣ ਦੀ ਰਸਮ ਹੁੰਦੀ ਸੀ।

Page Image

50 / 361
Previous
Next