ਤੂਤ ਦਾ ਦਰਖ਼ਤ ਬਹੁਮੰਤਵੀ ਕੰਮ ਦਿੰਦਾ ਸੀ। ਤੂਤ ਦੀ ਸੰਘਣੀ ਛਾਂ ਹੋਣ ਕਰ ਕੇ ਹਰ ਇਸਤਰੀ, ਪੁਰਸ਼, ਰਾਹੀ, ਪਾਂਧੀ ਦੁਸਰੇ ਰੁੱਖਾਂ ਦੀ ਥਾਂ ਤੂਤ ਦੇ ਰੁੱਖ ਥੱਲੇ ਬੈਠਣਾ ਜ਼ਿਆਦਾ ਪਸੰਦ ਕਰਦੇ ਸਨ। ਤੂਤ ਦਾ ਫ਼ਲ ਤੂਤੀਆਂ ਖਾਣ ਦੇ ਕੰਮ ਆਉਂਦੀਆਂ ਸਨ। ਤੂਤ ਦੀਆਂ ਤੂਤੀਆਂ ਦਾ ਗੀਤ 'ਤੂਤਕ ਤੂਤਕ ਤੂਤਕ ਤੂਤੀਆਂ, ਆਜਾ ਤੂਤਾਂ ਵਾਲੇ ਖੂਹ ਤੇ' ਗਾ ਕੇ ਮਲਕੀਤ ਸਿੰਘ ਗਾਇਕ ਸਾਰੇ ਪੰਜਾਬੀਆਂ ਦਾ ਚਹੇਤਾ ਗਾਇਕ ਬਣ ਗਿਆ ਹੈ। ਮਲਕੀਤ ਸਿੰਘ ਲਈ ਤੁਤੀਆਂ ਸੋਨੇ ਦੀਆਂ ਮੋਹਰਾਂ ਬਣ ਗਈਆਂ ਸਨ। ਤੂਤ ਦੀਆਂ ਛਿਟੀਆਂ ਵੱਢ ਕੇ ਇਨ੍ਹਾਂ ਦੇ ਟੋਕਰੇ, ਟੋਕਰੀਆਂ, ਰੋਟੀਆਂ ਰੱਖਣ ਵਾਲੇ ਛਾਬੇ, ਛਿੱਕੂ ਆਦਿ ਬਣਾਏ ਜਾਂਦੇ ਸਨ। ਟੋਕਰੇ ਖੇਤੀ ਵਿਚ ਕੰਮ ਆਉਂਦੇ ਸਨ। ਟੋਕਰੇ ਨਾਲ ਪਸ਼ੂਆਂ ਨੂੰ ਪੱਠੇ ਤੇ ਨੀਰਾ ਪਾਇਆ ਜਾਂਦਾ ਸੀ। ਮੁਰਗੀਆਂ ਨੂੰ ਰਾਤ ਨੂੰ ਟੋਕਰੇ ਥੱਲੇ ਰੱਖਣ ਦਾ ਰਿਵਾਜ ਹੁੰਦਾ ਸੀ। ਟੋਕਰੇ ਨਾਲ ਗੋਹਾ ਕੂੜਾ ਕਰਨ ਸਬੰਧੀ ਇਹ ਲੋਕ ਗੀਤ ਵੀ ਸੁਣੋ –
ਇਕ ਜੋ ਤੇਰੀ ਭਾਬੀ ਆ,
ਜੀ ਸਾਡੀ ਜੇਠਾਣੀ ਆ,
ਜੀ ਸਾਨੂੰ ਬਹੁਤ ਸਤਾਵੇ।
ਭਰ ਭਰ ਦਿੰਦੀ ਟੋਕਰੇ,
ਜੀ ਸਾਥੋਂ ਗੋਹਾ ਸੁਟਾਵੇ।
ਇਸ ਤਰ੍ਹਾਂ ਟੋਕਰੇ, ਟੋਕਰੀਆਂ ਆਦਿ ਤੋਂ ਅਨੇਕਾਂ ਕੰਮ ਲਏ ਜਾਂਦੇ ਸਨ। ਟੋਕਰੇ, ਟੋਕਰੀਆਂ ਵਿਚ ਖੇਤੀਂ ਕੰਮ ਕਰਦੇ ਬੰਦਿਆਂ ਲਈ ਰੋਟੀ ਵੀ ਲੈ ਕੇ ਜਾਂਦੇ ਸਨ। ਹਰ ਰੋਜ਼ ਟੋਕਰੇ ਟੋਕਰੀਆਂ, ਛਾਬੇ, ਬੋਹੀਏ ਦੀ ਵਰਤੋਂ ਹੁੰਦੀ ਸੀ । ਹੁਣ ਮੈਂ ਤੁਹਾਨੂੰ ਟੋਕਰੇ, ਟੋਕਰੀਆਂ, ਛਾਬੇ ਆਦਿ ਕਿਵੇਂ ਬਣਦੇ ਸਨ, ਉਹਨਾਂ ਬਾਰੇ ਦੱਸਦਾ ਹਾਂ।
ਝਿਉਰ ਟੋਕਰੇ, ਟੋਕਰੀਆਂ ਜ਼ਿਮੀਂਦਾਰਾਂ ਦੇ ਘਰੀਂ ਜਾ ਕੇ ਬਣਾਉਂਦੇ ਸਨ। ਇਨ੍ਹਾਂ ਨੂੰ ਬਣਾਉਣ ਲਈ ਸਿਰਫ਼ ਇਕ ਦਾਤ (ਛਿਟੀਆਂ ਵੱਢਣ, ਪਾੜਣ ਤੇ ਛਿੱਲਣ ਵਾਲਾ ਸੰਦ) ਦੀ ਹੀ ਲੋੜ ਹੁੰਦੀ ਸੀ। ਤੂਤ ਦੀਆਂ ਛਿਟੀਆਂ ਵੱਢ ਲੈਂਦੇ ਸਨ। ਛਿਟੀਆਂ ਲਚਕਦਾਰ ਹੁੰਦੀਆਂ ਸਨ, ਜਿਵੇਂ ਮਰਜ਼ੀ ਮੋੜੀਆਂ ਜਾ ਸਕਦੀਆਂ ਸਨ। ਜਿਹੜੀਆਂ ਛਿਟੀਆਂ ਜ਼ਿਆਦਾ ਮੋਟੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਵਿਚਾਲੋਂ ਦੋਫਾੜ ਕਰ ਲੈਂਦੇ ਸਨ। ਪਤਲੀਆਂ ਛਿਟੀਆਂ ਉਸੇ ਤਰ੍ਹਾਂ ਵਰਤ ਲਈਆਂ ਜਾਂਦੀਆਂ ਸਨ। ਦੋਫਾੜ ਤੇ ਮੋਟੀਆਂ ਛਿਟੀਆਂ ਦੇ ਟੋਕਰੇ ਬਣਾਉਂਦੇ ਸਨ। ਉਸ ਤੋਂ ਘੱਟ ਮੋਟੀਆਂ ਦੀਆਂ ਟੋਕਰੀਆਂ ਬਣਦੀਆਂ ਸਨ। ਉਸ ਤੋਂ ਘੱਟ ਮੋਟੀਆਂ ਤੇ ਪਤਲੀਆਂ ਛਿਟੀਆਂ ਦੇ ਛਾਬੇ, ਬੋਹੀਏ, ਛਿੱਕੂ ਅਤੇ ਹੋਰ ਘਰ ਵਿਚ ਵਰਤੋਂ ਵਾਸਤੇ ਵਸਤਾਂ ਬਣਾਈਆਂ ਜਾਂਦੀਆਂ ਸਨ। ਛਿਟੀਆਂ ਨੂੰ ਬਾਲਣ ਦੇ ਤੌਰ ਤੇ ਵੀ ਵਰਤਿਆ ਜਾਂਦਾ ਸੀ।