Back ArrowLogo
Info
Profile

ਆਮ ਤੌਰ ਤੇ ਟੋਕਰਾ 3 ਕੁ ਫੁੱਟ ਗੋਲ ਆਕਾਰ ਦਾ ਹੁੰਦਾ ਸੀ/ਹੈ। ਟੋਕਰੇ ਦਾ ਤਾਣਾ ਪਾਉਣ ਲਈ 6 ਕੁ ਫੁੱਟ ਲੰਮੀਆਂ ਮੋਟੀਆਂ ਛਿਟੀਆਂ ਨੂੰ ਦੋਫਾੜ ਕਰ ਲਿਆ ਜਾਂਦਾ ਹੈ। ਇਨ੍ਹਾ ਦੋਫਾੜ ਕੀਤੀਆਂ ਛਿਟੀਆਂ ਨੂੰ ਚਾਰ ਚਾਰ ਇਕ ਥਾਂ 'ਕੱਠੀਆਂ ਕਰਕੇ ਵਿਚਾਲੇ ਤੋਂ ਇਕ ਦੂਜੀ ਦੇ ਉਪਰ ਰੱਖ ਕੇ ਧਰਤੀ ਤੇ ਰੱਖਿਆ ਜਾਂਦਾ ਹੈ। ਏਸ ਤਰ੍ਹਾਂ ਰੱਖਣ ਨਾਲ ਵਿਚਾਲੇ ਤਾਂ ਇਨ੍ਹਾਂ ਛਿਟੀਆਂ ਵਿਚ ਕੋਈ ਫ਼ਾਸਲਾ ਨਹੀਂ ਰਹਿੰਦਾ, ਪਰ ਜਿਉਂ ਜਿਉਂ ਇਹ ਛਿਟੀਆਂ ਪਿੱਛੇ ਵੱਲ ਨੂੰ ਹੁੰਦੀਆਂ ਜਾਂਦੀਆਂ ਹਨ, ਇਨ੍ਹਾਂ ਵਿਚਾਲੇ ਫ਼ਾਸਲਾ ਹੌਲੀ ਹੌਲੀ ਵਧਦਾ ਜਾਂਦਾ ਹੈ। ਸਿਰੇ ਤੇ ਆ ਕੇ ਛਿਟੀਆਂ ਦਾ ਆਪਸ ਵਿਚ ਦਾ ਇਹ ਫ਼ਾਸਲਾ 4 ਕੁ ਇੰਚ ਤੱਕ ਬਣ ਜਾਂਦਾ ਹੈ। ਤਾਣੇ ਵਿਚ ਚਾਰ ਚਾਰ ਛਿਟੀਆਂ ਦੇ ਇਹ ਸੈੱਟ ਆਮ ਤੌਰ 'ਤੇ 16 ਤੋਂ 20 ਤੱਕ ਦੇ ਪੈ ਜਾਂਦੇ ਹਨ। ਵੱਡਾ ਟੋਕਰਾ ਬਣਾਉਣਾ ਹੋਵੇ ਤਾਂ ਹੋਰ ਵੀ ਵੱਧ ਪੈ ਜਾਂਦੇ ਹਨ। ਛੋਟੀ ਟੋਕਰੀ ਬਣਾਉਣੀ ਹੋਵੇ ਤਾਂ ਘੱਟ ਪੈਂਦੇ ਹਨ।

ਫੇਰ ਟੋਕਰੇ ਦੀ ਬੁਣਤੀ, ਬੁਣਾਈ ਵਿਚਕਾਰ ਤੋਂ ਸ਼ੁਰੂ ਕੀਤੀ ਜਾਂਦੀ ਹੈ। ਜੇ ਦੋਫਾੜ ਛਿਟੀਆਂ ਦਾ ਟੋਕਰਾ ਬਣਾਉਣਾ ਹੋਵੇ ਤਾਂ ਦੋਫਾੜ ਛਿਟੀ ਲੈ ਕੇ, ਜੋ ਚਾਰ- ਚਾਰ ਛਿਟੀਆਂ ਦਾ ਤਾਣੇ ਦਾ ਸੈੱਟ ਹੁੰਦਾ ਹੈ, ਉਸ ਦੇ ਇਕ ਦੇ ਉਪਰ ਦੀ ਤੇ ਦੂਸਰੇ ਦੇ ਹੇਠ ਦੀ ਲੰਘਾ ਕੇ ਬੁਣਤੀ ਸ਼ੁਰੂ ਕੀਤੀ ਜਾਂਦੀ ਹੈ। ਜੇ ਪਤਲੀਆਂ ਛਿਟੀਆਂ ਹੁੰਦੀਆਂ ਸਨ ਤਾਂ ਉਸ ਨਾਲ ਬੁਣਤੀ ਕੀਤੀ ਜਾਂਦੀ ਹੈ। ਜਦ ਇਕ ਛਿਟੀ ਖ਼ਤਮ ਹੋ ਜਾਂਦੀ ਹੈ ਤਾਂ ਉਸੇ ਥਾਂ ਤੇ ਦੁਸਰ ਛਿਟੀ ਲਾ ਕੇ ਬੁਣਤੀ ਅੱਗੇ ਤੋਰ ਲਈ ਜਾਂਦੀ ਹੈ। ਏਸ ਤਰ੍ਹਾ ਛਿਟੀਆਂ ਲਾ ਲਾ ਕੇ 3 ਕੁ ਫੁੱਟ ਗੋਲ ਆਕਾਰ ਦਾ ਟੋਕਰਾ ਬਣਾ ਲਿਆ ਜਾਂਦਾ ਹੈ। ਜਿਹੜੀਆਂ ਤਾਣੇ ਦੀਆਂ ਉਪਰ ਛਿਟੀਆਂ ਰਹਿ ਜਾਂਦੀਆਂ ਹਨ, ਉਨ੍ਹਾਂ ਛਿਟੀਆਂ ਨੂੰ ਦੋ ਇਕ ਪਾਸੇ ਨੂੰ ਤੇ ਦੋ ਦੂਸਰੇ ਪਾਸੇ ਨੂੰ ਕਰਕੇ ਟੋਕਰੇ ਦਾ ਉਪਰਲਾ ਹਿੱਸਾ ਬੁਣਿਆ, ਬਣਾਇਆ ਜਾਂਦਾ ਹੈ। ਟੋਕਰੇ ਦੇ ਉਪਰਲੇ ਹਿੱਸੇ ਦੇ ਦੋ ਤਿੰਨ ਗੇੜ ਮੋਟੀਆਂ ਛਿਟੀਆਂ ਦੇ ਦਿੱਤੇ ਜਾਂਦੇ ਹਨ। ਏਸ ਤਰ੍ਹਾ ਟੋਕਰੇ ਦਾ ਉਪਰਲਾ ਹਿੱਸਾ ਹੋਰ ਮਜ਼ਬੂਤ ਬਣ ਜਾਂਦਾ ਹੈ। ਏਸੇ ਤਰ੍ਹਾਂ ਹੀ ਤਾਣਾ ਪੇਟਾ ਪਾ ਕੇ ਟੋਕਰੀਆਂ, ਛਾਬੇ, ਛਿਕੂ ਆਦਿ ਬਣਾਏ ਜਾਂਦੇ ਹਨ।

ਹੁਣ ਪਿੰਡਾਂ ਵਿਚ ਕੋਈ ਕੋਈ ਘਰ ਹੀ ਤੂਤ ਦੇ ਦਰਖ਼ਤ ਲਾਉਂਦਾ ਹੈ। ਏਸ ਲਈ ਬਹੁਤੇ ਘਰਾਂ ਵਿਚ ਘਰੀਂ ਜਾ ਕੇ ਟੋਕਰੇ ਬਣਨੇ ਬੰਦ ਹੋ ਗਏ ਹਨ। ਹੁਣ ਲੋਕੀਂ ਟੋਕਰੇ, ਟੋਕਰੀਆਂ, ਛਾਬੇ ਆਦਿ ਬਣੇ ਬਣਾਏ ਬਾਜ਼ਾਰ ਵਿਚੋਂ ਖ਼ਰੀਦਦੇ ਹਨ। ਟੋਕਰੀਆਂ ਪਲਾਸਟਿਕ ਦੀਆਂ ਵੀ ਮਿਲ ਜਾਂਦੀਆਂ ਹਨ। ਏਸ ਤਰ੍ਹਾਂ ਹੀ ਟੋਕਰੇ, ਟੋਕਰੀਆਂ ਬਣਾਉਣ ਦਾ ਪਿੰਡਾਂ ਦਾ ਘਰੇਲੂ ਉਦਯੋਗ ਵੀ ਹੁਣ ਦਿਨੋ ਦਿਨ ਘਟਦਾ ਜਾ ਰਿਹਾ ਹੈ।  

52 / 361
Previous
Next