ਘੜੇ, ਘੜੌਜੀਆਂ
ਕੋਈ ਸਮਾਂ ਸੀ ਜਦ ਸਾਰੀ ਮਨੁੱਖੀ ਵਸੋਂ ਮਿੱਟੀ ਦੇ ਬਰਤਨਾਂ ਨੂੰ ਵਰਤਣ ਤੱਕ ਹੀ ਸੀਮਤ ਸੀ। ਮਿੱਟੀ ਦੇ ਬਰਤਨਾਂ ਦੀ ਹਰ ਪਾਸੇ ਪ੍ਰਧਾਨਤਾ ਹੁੰਦੀ ਸੀ। ਪਾਣੀ ਢੋਣ ਲਈ, ਪਾਣੀ ਰੱਖਣ ਲਈ, ਪਾਣੀ ਗਰਮ ਕਰਨ ਲਈ ਮਿੱਟੀ ਦੇ ਘੜੇ ਹੀ ਇਕੋ ਇਕ ਬਰਤਨ ਹੁੰਦੇ ਸਨ। ਕਈ ਇਲਾਕਿਆਂ ਵਿਚ ਘੜੇ ਨੂੰ ਤੌੜਾ ਵੀ ਕਿਹਾ ਜਾਂਦਾ ਹੈ। ਮਟਕਾ ਵੀ ਕਿਹਾ ਜਾਂਦਾ ਸੀ। ਦੁੱਧ ਕਾੜ੍ਹਣ ਲਈ ਮਿੱਟੀ ਦੀਆਂ ਕਾੜ੍ਹਣੀਆਂ ਹੁੰਦੀਆਂ ਸਨ। ਦੁੱਧ ਰਿੜਕਣ ਲਈ ਮਿੱਟੀ ਦੀਆਂ ਚਾਟੀਆਂ ਹੁੰਦੀਆਂ ਸਨ। ਮੱਖਣ ਕੱਢਣ ਲਈ ਮਿੱਟੀ ਦੇ ਕੁੱਜੇ ਹੁੰਦੇ ਸਨ। ਮੱਖਣ ਤੋਂ ਘੀ ਬਣਾ ਕੇ ਰੱਖਣ ਲਈ ਮਿੱਟੀ ਦੀਆਂ ਬਲ੍ਹਣੀਆਂ, ਚਾਟੀਆਂ ਤੇ ਘੜੇ ਹੁੰਦੇ ਸਨ। ਘੜਿਆਂ ਵਿਚ ਘਿਉ ਰੱਖਣ ਸਬੰਧੀ ਇਕ ਅਖਾਣ ਹੈ-
'ਘੜੇ ਦਾ ਘਿਉ, ਕੁੜੀ ਦਾ ਪਿਉ, ਜਟਕਾ ਸ਼ਾਹ,
ਇਨ੍ਹਾਂ ਤਿੰਨਾਂ ਦਾ ਨਾ ਵਸਾਹ।'
ਖੇਤ ਰੋਟੀ ਲਈ ਲੱਸੀ ਲੈ ਕੇ ਜਾਣ ਲਈ ਝੱਕਰੇ ਤੇ ਬਲ੍ਹਣੀਆਂ ਹੁੰਦੀਆਂ ਸਨ। ਹਾਰਿਆਂ ਵਿਚ ਦਾਲ ਧਰਨ ਲਈ ਤਪਲੇ ਵੀ ਮਿੱਟੀ ਦੇ ਹੁੰਦੇ ਸਨ। ਆਟਾ ਗੁੰਨ੍ਹਣ ਲਈ ਮਿੱਟੀ ਦੀਆਂ ਹੀ ਪਰਾਤਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਕੁਨਾਲੀ ਕਹਿੰਦੇ ਸਨ। ਗੱਲ ਕੀ, ਖਾਣਾ ਪਕਾਉਣ, ਵਰਤਾਉਣ ਵਿਚ ਮਿੱਟੀ ਦੇ ਬਰਤਨਾਂ ਨੂੰ ਹੀ ਵਰਤਿਆ ਜਾਂਦਾ ਸੀ।
ਪਾਣੀ ਨੂੰ ਲਿਆਉਣ, ਵਰਤਾਉਣ ਤੇ ਸੰਭਾਲਣ ਲਈ ਮਿੱਟੀ ਦਾ ਘੜਾ ਹੁੰਦਾ ਸੀ। ਵੱਡੇ ਪਰਿਵਾਰਾਂ ਵਿਚ ਕਈ ਵੇਰ ਪਾਣੀ ਰੱਖਣ ਲਈ, ਆਟਾ, ਗੁੜ ਤੇ ਸ਼ੱਕਰ ਰੱਖਣ ਲਈ ਬੜੇ ਬੜੇ ਮਿੱਟੀ ਦੇ ਮੱਟ ਵੀ ਰੱਖੇ ਹੁੰਦੇ ਸਨ। ਇਹ ਮੱਟ ਘੜੇ ਦੇ ਵੱਡੇ ਰੂਪ ਹੀ ਹੁੰਦੇ ਸਨ। ਇਨ੍ਹਾਂ ਵਿਚ ਘੜੇ ਨਾਲੋਂ 2/3 ਗੁਣਾਂ ਜ਼ਿਆਦਾ ਪਾਣੀ, ਆਟਾ, ਗੁੜ ਤੇ ਸ਼ੱਕਰ ਪੈ ਜਾਂਦੀ ਸੀ। ਚਾਹ ਦੁੱਧ ਦੀਆਂ ਦੁਕਾਨਾਂ ਤੇ ਵੀ ਇਹ ਮੱਟ ਆਮ ਰੱਖੇ ਹੁੰਦੇ ਸਨ। ਊਠਾਂ ਉਪਰ ਲੱਦ ਕੇ ਜਿਹੜੇ ਘੜਿਆਂ ਰਾਹੀਂ ਪਾਣੀ ਢੋਇਆ ਜਾਂਦਾ ਸੀ, ਉਸ ਨੂੰ ਲੋਟ ਕਹਿੰਦੇ ਸਨ। ਏਸ ਦੀ ਬਣਤਰ ਆਮ ਘੜੇ ਨਾਲੋਂ ਵੱਖਰੀ ਹੁੰਦੀ ਸੀ। ਘੜਾ ਸਾਡੀ ਹਸਤ ਕਲਾ ਦਾ ਵਧੀਆ ਨਮੂਨਾ ਰਿਹਾ ਹੈ। ਘੜਾ ਸੋਹਣੀ ਮਹੀਂਵਾਲ ਦੇ ਇਸ਼ਕ ਪਿਆਰ ਦੀ ਕਹਾਣੀ ਦਾ ਹਿੱਸਾ ਵੀ ਰਿਹਾ ਹੈ –
ਰਾਤ ਹਨੇਰੀ ਲਿਸ਼ਕਣ ਤਾਰੇ,
ਕੱਚੇ ਘੜੇ ਤੇ ਮੈਂ ਤਰਦੀ।
ਵੇਖੀਂ ਰੱਬਾ ਖ਼ੈਰ ਕਰੀਂ,
ਤੇਰੀ ਆਸ ਤੇ ਮੂਲ ਨਾ ਡਰਦੀ।