ਲੱਛੀ ਕੁੜੀ ਮਹਿਰਿਆਂ ਦੀ,
ਘੜਾ ਚੁੱਕਦੀ ਨਾਗਵਲ ਪਾ ਕੇ।
X X X X
ਤੇਰੇ ਲੱਕ ਨੂੰ ਜ਼ਰਬ ਨਾ ਆਵੇ,
ਛੋਟਾ ਘੜਾ ਚੁੱਕ ਕੁੜੀਏ।
X X X
ਵੇ ਇਕ ਦੇ ਮੈਂ ਤਿੰਨ ਚੱਕ ਲਊਂ,
ਮੇਰਾ ਲੱਕ ਪਤਲਾ ਨਾ ਜਾਣੀ।
ਜਿਹੜੀਆਂ ਜਨਾਨੀਆਂ ਇਕ ਤੋਂ ਜ਼ਿਆਦਾ ਘੜੇ ਸਿਰ ਤੇ ਰੱਖ ਕੇ ਪਾਣੀ ਢੋਹਦੀਆਂ ਹੁੰਦੀਆਂ ਸਨ, ਉਨ੍ਹਾਂ ਦੇ ਉਪਰਲੇ ਘੜਿਆਂ ਨੂੰ ਕਿਸੇ ਦੂਸਰੀ ਜਨਾਨੀ, ਮਰਦ ਨੇ ਲਾਹੁਣਾ ਹੁੰਦਾ ਸੀ। ਅਜਿਹੀ ਸਥਿਤੀ ਸਬੰਧੀ ਇਕ ਭਰਜਾਈ ਦਾ ਆਪਣੇ ਦਿਉਰ ਦੇ ਵਿਆਹ ਹੋਣ ਤੇ ਹੋਏ ਵਿਗੋਚੇ ਸਬੰਧੀ ਲੋਕ ਗੀਤ ਹੈ-
ਦਿਉਰ ਵਿਆਹਿਆ ਸ਼ੁਕਰ ਮਨਾਇਆ,
ਬੁੱਕ ਬੁੱਕ ਵੰਡੇ ਪਕੌੜੇ।
ਜੇ ਤੂੰ ਅੱਡ ਹੋ ਗਿਆ,
ਕੌਣ ਲੁਹਾਊ ਤੌੜੇ।
ਪੰਜਾਬ ਦੇ ਕਈ ਹਿੱਸਿਆਂ ਵਿਚ ਘੜੇ ਨੂੰ ਮਟਕੇ ਵੀ ਕਹਿੰਦੇ ਹਨ। ਘੜੇ ਦੇ ਹੇਠਲੇ ਹਿੱਸੇ ਨੂੰ ਤਲਾ ਕਹਿੰਦੇ ਹਨ, ਵਿਚਕਾਰਲੇ ਹਿੱਸੇ ਨੂੰ ਢਿੱਡ ਕਿਹਾ ਜਾਂਦਾ ਹੈ, ਉਪਰਲੇ ਗਲ ਵਾਲੇ ਹਿੱਸੇ ਨੂੰ ਗਲਾ ਕਹਿੰਦੇ ਹਨ।
ਜਿਨ੍ਹਾਂ ਘਰਾਂ ਵਿਚ ਝਿਉਰ ਆਪ ਪਾਣੀ ਸਪਲਾਈ ਨਹੀਂ ਕਰਦੇ ਸਨ, ਉਨ੍ਹਾਂ ਘਰਾਂ ਦੀਆਂ ਜਨਾਨੀਆਂ, ਕੁੜੀਆਂ ਆਪ ਘਰੋਂ ਘੜੇ ਲੈ ਕੇ ਖੂਹੀਆਂ ਤੋਂ ਪਾਣੀ ਲੈਣ ਲਈ ਜਾਂਦੀਆਂ ਸਨ। ਖੂਹੀਆਂ ਵਿਚੋਂ ਪਾਣੀ ਝਿਉਰ ਹੀ ਕੱਢ ਕੇ ਘੜੇ ਭਰਦੇ ਸਨ। ਘੜਿਆਂ ਨੂੰ ਰੱਖਣ ਲਈ ਘਰਾਂ ਵਿਚ ਘੜਵੰਜੀਆਂ ਬਣੀਆਂ ਹੁੰਦੀਆਂ ਸਨ। ਇਹ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ। ਘੜਵੰਜੀਆਂ ਸਬੰਧੀ ਲੋਕ ਗੀਤ ਹੈ –
ਘੜੇ ਘੜਵੰਜੀਆਂ 'ਤੇ
ਮਾਹੀ ਪ੍ਰਦੇਸ ਗਿਆ
ਹੱਥ ਮਾਰਾਂ ਮੰਜੀਆਂ 'ਤੇ।
ਉਨ੍ਹਾਂ ਸਮਿਆਂ ਵਿਚ ਪਾਣੀ ਦੀ ਕਿੱਲਤ ਹੁੰਦੀ ਸੀ। ਏਸ ਕਰਕੇ ਪਾਣੀ ਨੂੰ ਬਹੁਤ ਸਰਫ਼ੇ ਨਾਲ ਵਰਤਿਆ ਜਾਂਦਾ ਸੀ। ਘੜੇ ਵਿਚੋਂ ਪਾਣੀ ਪਾਉਣ ਲਈ ਕੋਲ ਗੜਵੀ ਰੱਖੀ ਹੁੰਦੀ ਸੀ। ਕਈ ਵੇਰ ਗੜਵੀ ਦੇ ਗਲ ਦੁਆਲੇ ਪਤਲੇ ਸਰੀਏ ਦਾ ਹੈਂਡਲ ਜਿਹਾ ਪਾਇਆ ਹੁੰਦਾ ਸੀ ਤਾਂ ਜੋ ਵਰਤੋਂ ਸਮੇਂ ਪਾਣੀ ਘੱਟ ਤੋਂ ਘੱਟ ਡੁੱਲ੍ਹੇ।