ਗਰਮੀ ਦੇ ਮੌਸਮ ਵਿਚ ਜਿਹੜੇ ਪਿੰਡਾਂ ਦਾ ਫ਼ਾਸਲਾ ਇਕ ਦੂਜੇ ਤੋਂ ਬਹੁਤ ਦੂਰ ਹੁੰਦਾ ਸੀ, ਉਨ੍ਹਾਂ ਪਿੰਡਾਂ ਦੇ ਰਾਹਾਂ ਦੇ ਵਿਚਕਾਰ ਜਿਹੇ ਦਰਖ਼ਤਾਂ ਦੀ ਛਾਂ ਵਿਚ ਸਲਵਾੜ ਦੀ ਝੁੱਗੀ ਬਣਾ ਕੇ ਪਾਣੀ ਪਿਉਣ ਲਈ ਪਿਆਉ ਲਗਾਏ ਜਾਂਦੇ ਸਨ। ਇਨ੍ਹਾਂ ਪਿਆਉਆਂ ਵਿਚ ਪਾਣੀ ਦੇ ਘੜੇ ਭਰ ਕੇ ਰੱਖੇ ਹੁੰਦੇ ਸਨ। ਇਨ੍ਹਾਂ ਪਿਆਉਂਆਂ ਵਿਚ ਕਈ ਵੇਰ ਭੁੱਜੇ ਛੋਲੇ ਅਤੇ ਗੁੜ ਵੀ ਰੱਖਿਆ ਹੁੰਦਾ ਸੀ, ਜਿਹੜਾ ਲੋੜਵੰਦ ਰਾਹੀ, ਪਾਂਧੀਆਂ ਨੂੰ ਦਿੱਤਾ ਜਾਂਦਾ ਸੀ। ਘੜਿਆਂ ਦਾ ਪਾਣੀ ਠੰਡਾ ਰੱਖਣ ਲਈ ਘੜਿਆਂ ਦੇ ਗਲਾਂ ਵਿਚ ਟਾਟ ਦੇ ਪਲੜੇ ਪਾਏ ਜਾਂਦੇ ਸਨ। ਉਨ੍ਹਾਂ ਤੇ ਪਾਣੀ ਛਿੜਕ ਕੇ ਗਿੱਲਾ ਰੱਖਿਆ ਜਾਂਦਾ ਹੁੰਦਾ ਸੀ, ਤਾਂ ਜੋ ਪਾਣੀ ਠੰਡਾ ਰਹੇ। ਪਾਣੀ ਨੂੰ ਠੰਡਾ ਰੱਖਣ ਲਈ ਘੜਿਆਂ ਥੱਲੇ ਗਿੱਲੀ ਕਰਕੇ ਰੇਤ ਵੀ ਰੱਖੀ ਜਾਂਦੀ ਸੀ।
ਫੇਰ ਪਿੰਡਾਂ ਵਿਚ ਹੋਰ ਖੂਹ ਲੱਗੇ। ਜਿਨ੍ਹਾਂ ਨਾਲ ਫ਼ਸਲਾਂ ਦੀ ਸੇਂਜੀ ਵੀ ਕੀਤੀ ਜਾਂਦੀ ਸੀ। ਇਨ੍ਹਾਂ ਖੂਹਾਂ ਤੋਂ ਜਨਾਨੀਆਂ ਘਰ ਵਰਤਣ ਲਈ ਪਾਣੀ ਵੀ ਭਰ ਲੈਂਦੀਆਂ ਸਨ। ਉਨ੍ਹਾਂ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਦੀਆਂ ਹੀ ਹੁੰਦੀਆਂ ਸਨ। ਫੌਜੀ ਸਾਲ ਪਿੱਛੋਂ ਛੁੱਟੀ ਆਉਂਦੇ ਸਨ, ਜਿਸ ਦਾ ਮਾਹੀ ਛੁੱਟੀ ਕੱਟ ਕੇ ਵਾਪਸ ਚਲਿਆ ਜਾਂਦਾ ਸੀ, ਉਸ ਉਪਰ ਉਦਾਸੀ ਦਾ ਆਲਮ ਹਾਵੀ ਹੁੰਦਾ ਸੀ –
ਘੜਾ ਖੂਹ ਤੇ ਛੱਡ ਆਈ ਆਂ,
ਅੱਜ ਦਿਲ ਖਫ਼ਾ ਜਿਹਾ,
ਦਿਲ ਜਾਨੀ ਟੋਰ ਆਈ ਆਂ।
ਮੌਤ ਸਮੇਂ ਵੀ ਘੜੇ ਵਿਚ ਪਾਣੀ ਪਾ ਕੇ ਅਰਥੀ ਦੇ ਨਾਲ ਲੈ ਕੇ ਜਾਂਦੇ ਹਨ। ਜਿਸ ਥਾਂ 'ਤੇ ਅਰਥੀ ਨੂੰ ਵਿਸ਼ਰਾਮ ਦਿੱਤਾ ਜਾਂਦਾ ਹੈ, ਅਗਲੇ ਕਾਨੀ ਪਿੱਛੇ ਅਤੇ ਪਿਛਲੇ ਕਾਨੀ ਅੱਗੇ ਲੱਗਦੇ ਹਨ, ਉਸ ਸਮੇਂ ਪਾਣੀ ਨਾਲ ਭਰੇ ਘੜੇ ਨੂੰ ਸਿਵਿਆਂ ਵਾਲੇ ਪਾਸੇ ਕਰ ਕੇ ਭੰਨ ਦਿੱਤਾ ਜਾਂਦਾ ਹੈ। ਏਸ ਤਰ੍ਹਾਂ ਘੜਾ ਬੱਚੇ ਦੀ ਪੈਦਾਇਸ਼ ਤੋਂ ਲੈ ਕੇ ਉਸ ਦੀ ਮੌਤ ਤੱਕ ਦਾ ਸਾਥੀ ਰਹਿੰਦਾ ਹੈ।
ਘੜੇ ਦੀ ਸਾਜ਼ ਵਜੋਂ ਵੀ ਲੋਕ ਸੰਗੀਤ ਵਿਚ ਵਰਤੋਂ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਘੜੇ ਦੇ ਮੂੰਹ ਉਪਰ ਰਬੜ ਬੰਨ੍ਹ ਕੇ ਉਸ ਨੂੰ ਅਜਿਹੇ ਢੰਗ ਨਾਲ ਵਜਾਉਂਦੇ ਹੁੰਦੇ ਸਨ, ਜਿਸ ਨੂੰ ਸੁਣ ਕੇ ਹਿਰਨ ਘੜਾ ਵਜਾਉਣ ਵਾਲੇ ਦੇ ਨੇੜੇ ਆ ਜਾਂਦਾ ਸੀ। ਫੇਰ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰ ਲੈਂਦੇ ਸਨ।
ਹੁਣ ਬਹੁਤੇ ਪਿੰਡਾਂ ਵਿਚ ਸਰਕਾਰ ਨੇ ਵਾਟਰ ਵਰਕਸ ਲਾਏ ਹੋਏ ਹਨ। ਜਿਨ੍ਹਾਂ ਪਿੰਡਾਂ ਵਿਚ ਵਾਟਰ ਵਰਕਸ ਨਹੀਂ ਹਨ, ਉਥੇ ਪੈਸੇ ਵਾਲੇ ਪਰਿਵਾਰਾਂ ਨੇ ਨਲਕਿਆਂ ਉਪਰ ਮੋਟਰਾਂ ਲਾਈਆਂ ਹੋਈਆਂ ਹਨ। ਘਰਾਂ ਉਪਰ ਪਾਣੀ ਦੀਆਂ ਟੈਂਕੀਆਂ ਬਣਾਈਆਂ ਹੋਈਆਂ ਹਨ। ਘਰ ਘਰ ਨਲਕੇ ਲੱਗੇ ਹੋਏ ਹਨ। ਏਸ ਲਈ ਪਾਣੀ ਦੀ ਸਿੱਧੀ ਵਰਤੋਂ ਵਾਟਰ ਵਰਕਸ ਦੀ ਟੂਟੀ ਤੋਂ, ਟੈਂਕੀ ਵਾਲੀ ਟੂਟੀ ਤੋਂ ਜਾਂ ਨਲਕਿਆਂ ਤੋਂ ਕੀਤੀ ਜਾਂਦੀ