ਪਹਿਲੇ ਸਮਿਆਂ ਵਿਚ ਪਿੰਡ ਵਿਚ ਆਮ ਤੌਰ ਤੇ ਇਕ ਹੀ ਖੂਹ ਹੁੰਦਾ ਸੀ, ਜਿਸ ਤੋਂ ਸਾਰੇ ਪਿੰਡ ਦੀਆਂ ਜਨਾਨੀਆਂ ਪਾਣੀ ਢੋਂਦੀਆਂ ਹੁੰਦੀਆਂ ਸਨ। ਸਿਰ ਉਪਰ ਪਹਿਲਾਂ ਈਨੂੰ ਰੱਖਿਆ ਜਾਂਦਾ ਸੀ। ਈਨੂੰ ਉਪਰ ਘੜਾ/ਘੜੇ ਰੱਖੇ ਜਾਂਦੇ ਸਨ। ਏਸੇ ਲਈ ਤਾਂ ਪ੍ਰੋਫ਼ੈਸਰ ਮੋਹਨ ਸਿੰਘ ਆਪਣੀ ਕਵਿਤਾ 'ਖੂਹ ਦੀ ਗਾਧੀ ਉੱਤੇ' ਪਾਣੀ ਭਰਦੀਆਂ ਮੁਟਿਆਰਾਂ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-
ਥੱਲੇ ਖੇਨੂੰ ਜੜੇ ਸਤਾਰੇ,
ਉਤੇ ਤਿੰਨ ਤਿੰਨ ਘੜੇ ਉਸਾਰੇ,
ਪਿਆ ਲੱਕ ਖਾਵੇ ਲਚਕਾਰੇ,
ਉਹ ਫਿਰ ਵੀ ਲਾਣ ਨਾ ਪੱਬ ਨੀ,
ਸਾਡੇ ਖੂਹ ਤੇ ਵਸਦਾ ਰੱਬ ਨੀ।
ਈਨੂੰ ਨੂੰ ਕਈ ਇਲਾਕਿਆਂ ਵਿਚ ਖੇਨੂੰ ਵੀ ਕਹਿੰਦੇ ਸਨ। ਜਿੱਥੇ ਪਹਿਲੇ ਸਮਿਆਂ ਦੀਆਂ ਮੁਟਿਆਰਾਂ ਤਿੰਨ-ਤਿੰਨ ਘੜੇ ਸਿਰ 'ਤੇ ਰੱਖ ਕੇ ਪਾਣੀ ਢੋ ਲੈਂਦੀਆਂ ਸਨ, ਗੋਹਾ ਕੂੜਾ ਕਰ ਲੈਂਦੀਆਂ ਸਨ, ਖੇਤੀ ਦੇ ਕੰਮ ਵਿਚ ਹਿੱਸਾ ਵੰਡਾਉਂਦੀਆਂ ਸਨ, ਦੁੱਧ ਚੌਂਦੀਆਂ ਸਨ, ਦੁੱਧ ਰਿੜਕਦੀਆਂ ਸਨ, ਖੇਤੀ ਰੋਟੀ ਲੈ ਕੇ ਜਾਂਦੀਆਂ ਸਨ, ਉਥੇ ਅੱਜ ਕਲ੍ਹ ਦੀਆਂ ਮੁਟਿਆਰਾਂ ਇਹ ਸਾਰੇ ਕੰਮ ਛੱਡ ਗਈਆਂ ਹਨ, ਜਿਸ ਕਰਕੇ ਮੁਟਿਆਰਾਂ ਨੂੰ ਬੀਮਾਰੀਆਂ ਨੇ ਘੇਰਿਆ ਹੋਇਆ ਹੈ-
ਛੱਡ ਛੁਡਾ ਕੇ ਮਾਹੀ ਵੇ,
ਘਰ ਦੇ ਕੰਮ ਕਾਰ ਢੋਲਾ।
ਰੋਗੀ ਹੋਈਆਂ ਮਾਹੀ ਵੇ,
ਨਵੀਆਂ ਮੁਟਿਆਰਾਂ ਢੋਲਾ।
ਛੜਿਆਂ ਨੂੰ ਟਕੋਰ ਲਾਉਣ ਲਈ, ਵਿਅੰਗ ਕਰਨ ਲਈ ਵੀ ਈਨੂੰ ਦਾ ਸਹਾਰਾ ਲਿਆ ਜਾਂਦਾ ਸੀ-
ਆਉਂਦੀ ਕੁੜੀਏ ਜਾਂਦੀ ਕੁੜੀਏ,
ਭਰ ਲਿਆ ਟੋਕਰਾ ਸੁੱਕ ਦਾ ਨੀ,
ਈਨੂੰ ਕਰ ਲੈ ਛੜੇ ਦੀ ਮੁੱਛ ਦਾ ਨੀ।
ਕਿਸੇ ਸਮੇਂ ਈਨੂੰ ਕੁੜੀਆਂ ਦੇ ਦਾਜ ਦਾ ਹਿੱਸਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਪਰ ਕੁੜੀਆਂ ਨੂੰ ਕਤਾਈ, ਕਢਾਈ, ਬੁਣਾਈ, ਸਿਲਾਈ ਵਿਚ ਮਾਹਰ ਕੀਤਾ ਜਾਂਦਾ ਸੀ। ਕੁੜੀਆਂ ਆਪਣੇ ਵਿਆਹ ਦਾ ਦਾਜ ਆਪ ਤਿਆਰ ਕਰਦੀਆਂ ਸਨ।
ਹੁਣ ਮੈਂ ਤੁਹਾਨੂੰ ਈਨੂੰ ਕਿਵੇਂ ਬਣਾਏ ਜਾਂਦੇ ਸਨ, ਉਹ ਦੱਸਣ ਲੱਗਿਆ ਹਾਂ।