ਬਾਜਰਾ ਤੇ ਮੱਕੀ ਜਦ ਹਰੀ ਹੁੰਦੀ ਸੀ, ਉਸ ਸਮੇਂ ਤਾਂ ਟੋਕਾ ਕਰਨ ਲਈ ਬਹੁਤਾ ਜ਼ੋਰ ਨਹੀਂ ਲੱਗਦਾ ਹੁੰਦਾ ਸੀ, 'ਕੱਲਾ ਬੰਦਾ ਮਸ਼ੀਨ ਗੇੜ ਲੈਂਦਾ ਸੀ ਤੇ ਦੂਸਰਾ ਬੰਦਾ ਰੁੱਗ ਲਾ ਦਿੰਦਾ ਸੀ। ਜਦ ਸੁੱਕੇ ਟਾਂਡਿਆਂ ਦਾ ਟੋਕਾ ਕਰਨਾ ਹੁੰਦਾ ਸੀ ਤਾਂ ਦੋ ਬੰਦੇ ਮਸ਼ੀਨ ਚਲਾਉਂਦੇ ਸਨ। ਇਹ ਦੋ ਬੰਦੇ ਜਾਂ ਤਾਂ ਮਸ਼ੀਨ ਦੇ ਹੱਥੇ ਨੂੰ ਆਮੋ ਸਾਹਮਣੇ ਖੜ੍ਹ ਕੇ ਫੜ ਕੇ ਚਲਾਉਂਦੇ ਸਨ ਜਾਂ ਇਕ ਦੇ ਹੱਥ ਵਿਚ ਮਸ਼ੀਨ ਦਾ ਹੱਥਾ ਹੁੰਦਾ ਸੀ ਤੇ ਦੂਸਰਾ ਬੰਦਾ ਮਸ਼ੀਨ ਦੇ ਹੱਥੇ ਵਿਚ ਰੱਸਾ ਪਾ ਕੇ ਖੜ੍ਹ ਕੇ ਜਾਂ ਬੈਠ ਕੇ ਰੱਸਾ ਖਿੱਚਦਾ ਹੁੰਦਾ ਸੀ। ਇਕ ਬੰਦਾ ਰੁੱਗ ਲਾਉਂਦਾ ਸੀ। ਸੁੱਕੇ ਟਾਂਡਿਆਂ ਦਾ ਟੋਕਾ ਕਰਨਾ ਔਖਾ ਗਿਣਿਆ ਜਾਂਦਾ ਸੀ।
ਹੱਥ ਨਾਲ ਟੋਕਾ ਕਰਨ ਵਾਲੀ ਮਸ਼ੀਨ ਤੋਂ ਪਿੱਛੋਂ ਬਲਦਾਂ ਨਾਲ ਚੱਲਣ ਵਾਲੀਆਂ ਟੋਕਾ ਮਸ਼ੀਨਾਂ ਲੱਗੀਆਂ। ਜਦ ਇੰਜਣ ਆਮ ਹੋ ਗਏ, ਉਸ ਸਮੇਂ ਸਰਦੇ ਪੁੱਜਦੇ ਜ਼ਿਮੀਂਦਾਰਾਂ ਨੇ ਟੋਕਾ ਮਸ਼ੀਨਾਂ ਇੰਜਣਾਂ 'ਤੇ ਲਾ ਲਈਆਂ। ਬਿਜਲੀ ਆਉਣ ਤੇ ਫੇਰ ਟੋਕਾ ਮਸ਼ੀਨਾਂ ਬਿਜਲੀ ਨਾਲ ਚੱਲਣ ਲੱਗ ਪਈਆਂ। ਹੁਣ ਕਿਸੇ ਕਿਸੇ ਟਾਂਵੇਂ ਘਰ ਹੀ ਹੱਥ ਨਾਲ ਚੱਲਣ ਵਾਲੀ ਟੋਕਾ ਮਸ਼ੀਨ ਤੁਹਾਨੂੰ ਮਿਲੇਗੀ।
ਹੱਥ ਨਾਲ ਟੋਕਾ ਕਰਨ ਵਾਲੀ ਮਸ਼ੀਨ ਕਿਹੋ ਜਿਹੀ ਹੁੰਦੀ ਸੀ, ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਏਸ ਮਸ਼ੀਨ ਦੀਆਂ ਚਾਰ ਇੰਗਲਾਰਨ ਦੀਆਂ ਤਿੰਨ ਕੁ ਫੁੱਟ ਲੰਮੀਆਂ ਲੱਤਾਂ ਹੁੰਦੀਆਂ ਸਨ। ਇਹ ਤਿਰਛੀਆਂ ਕਰ ਕੇ ਜੋੜੀਆਂ ਹੁੰਦੀਆਂ ਸਨ। ਇਨ੍ਹਾਂ ਲੱਤਾਂ ਵਿਚ ਵਿਚਕਾਰ ਜਿਹੇ ਕਰਾਸ ਕਰ ਕੇ ਪੱਤੀਆਂ ਲਾਈਆਂ ਹੁੰਦੀਆਂ ਸਨ ਜੋ ਇਨ੍ਹਾਂ ਲੱਤਾਂ ਨੂੰ ਜੋੜਦੀਆਂ ਸਨ। ਲੱਤਾਂ ਦੇ ਹੇਠਲੇ ਹਿੱਸੇ ਵਾਲੇ ਇੰਗਲਾਰਨ ਨੂੰ ਵਿਚਾਲੇ ਤੋਂ ਕੱਟ ਕੇ ਤਿੰਨ ਕੁ ਇੰਚ ਹਿੱਸੇ ਨੂੰ 90 ਡਿਗਰੀ ਤੇ ਮੋੜਿਆ ਹੁੰਦਾ ਸੀ। ਏਸ ਤਰ੍ਹਾਂ ਹੇਠਾਂ ਜਾ ਕੇ ਇੰਗਲਾਰਨ ਦੇ ਇਕ ਪੈਰ ਦੇ ਦੋ ਹਿੱਸੇ ਬਣ ਜਾਂਦੇ ਸਨ। ਇਨ੍ਹਾਂ ਦੋਵਾਂ ਹਿੱਸਿਆਂ ਵਿਚ ਗਲੀਆਂ ਕੱਢੀਆਂ ਹੁੰਦੀਆਂ ਸਨ। ਜਿੱਥੇ ਟੋਕੇ ਵਾਲੀ ਮਸ਼ੀਨ ਲਾਉਣੀ ਹੁੰਦੀ ਸੀ, ਉਥੇ ਪਹਿਲਾਂ ਧਰਤੀ ਵਿਚ ਲੱਕੜਾਂ ਗੱਡੀਆਂ ਜਾਂਦੀਆਂ ਸਨ। ਫੇਰ ਉਥੇ ਚਾਰੇ ਪੈਰਾਂ ਤੇ ਮਸ਼ੀਨ ਖੜਾਈ ਜਾਂਦੀ ਸੀ। ਚਾਰੇ ਪੈਰਾਂ ਹੇਠਾਂ ਮੋੜੇ ਹੋਏ ਇੰਗਲਾਰਨਾਂ ਵਿਚ ਜਿਹੜੇ 8 ਸੁਰਾਖ਼ ਬਣੇ ਹੁੰਦੇ ਸਨ, ਉਨ੍ਹਾਂ ਸੁਰਾਖਾਂ ਵਿਚ ਦੀ ਹੇਠਾਂ ਗੱਡੀਆਂ ਲੱਕੜਾਂ ਵਿਚ ਕਿੱਲ ਠੋਕੇ ਜਾਂਦੇ ਸਨ। ਇਸ ਤਰ੍ਹਾਂ ਮਸ਼ੀਨ ਗੱਡੀ ਜਾਂਦੀ ਸੀ।
ਇੰਗਲਾਰਨਾਂ ਦੇ ਫਰੇਮ ਉਪਰ ਕਾਬਲਿਆਂ ਨਾਲ ਮਸ਼ੀਨ ਦਾ ਫਰੇਮ ਫਿੱਟ ਕੀਤਾ ਹੁੰਦਾ ਸੀ। ਮਸ਼ੀਨ ਸਾਰੀ ਲੋਹੇ ਦੀ ਦੇਗ ਦੀ ਬਣੀ ਹੁੰਦੀ ਸੀ। ਮਸ਼ੀਨ ਦੇ ਫਰੇਮ ਦੇ ਅੰਦਰ ਦੋ ਵੇਲ੍ਹਣੇ ਲੱਗੇ ਹੁੰਦੇ ਸਨ। ਇਨ੍ਹਾਂ ਦੇ ਪਿਛਲੇ ਪਾਸੇ ਫਰੇਮ ਵਿਚ ਲੋਹੇ ਦੀ ਚਾਦਰ ਦਾ ਜਾਂ ਲੱਕੜ ਦਾ ਬਣਾ ਕੇ ਪਾਰਸਾ ਫਿੱਟ ਕੀਤਾ ਜਾਂਦਾ ਸੀ। ਏਸ ਪਾਰਸੇ