ਵਸਤਾਂ ਤਿਆਰ ਕੀਤੀਆਂ ਜਾਂਦੀਆਂ ਸਨ। ਚੂਰ ਇਕ ਕਿਸਮ ਦਾ ਚੁਲ੍ਹੇ ਦਾ ਬੜਾ ਰੂਪ ਹੁੰਦੀ ਸੀ। ਚੁਲ੍ਹੇ ਉਪਰ ਦਾਲ, ਸਬਜ਼ੀ, ਚਾਹ, ਸਾਗ ਆਦਿ ਬਣਾਇਆ ਜਾਂਦਾ ਸੀ।
ਘਰ ਵੀ ਉਨ੍ਹਾਂ ਸਮਿਆਂ ਵਿਚ ਕੱਚੇ ਹੁੰਦੇ ਸਨ। ਘਰ ਕਾਹਦੇ ਹੁੰਦੇ ਸਨ, ਇਕ ਦੋ ਲਟੈਣਾਂ ਉਪਰ 10/15 ਖਣ ਛੱਤੇ ਹੁੰਦੇ ਸਨ। ਇਕ ਦਰਵਾਜ਼ਾ ਹੁੰਦਾ ਸੀ, ਇਕ ਅੱਧ ਮੇਰੀ ਰੱਖੀ ਹੁੰਦੀ ਸੀ। ਘਰ ਵਿਚ ਹੋਰ ਚਾਨਣ ਆਉਣ ਲਈ ਛੱਤਾਂ ਵਿਚ ਇਕ ਦੋ ਮੋਘੇ ਰੱਖੇ ਹੁੰਦੇ ਸਨ, ਜਿਨ੍ਹਾਂ ਨੂੰ ਮੀਂਹ ਕਣੀ ਵੇਲੇ ਮਿੱਟੀ ਦੇ ਕੂੰਡੇ ਨੂੰ ਮੂਧਾ ਮਾਰ ਕੇ ਢਕਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਪਰਿਵਾਰਾਂ ਦੀ ਆਈ ਚਲਾਈ ਹੀ ਚਲਦੀ ਹੁੰਦੀ ਸੀ। ਮਸਾਂ ਗੁਜ਼ਾਰਾ ਹੀ ਹੁੰਦਾ ਸੀ-
ਆਇਆ ਮੁੜੇ ਨਾ।
ਆਟਾ ਥੁੜੇ ਨਾ।
ਪੈਸਾ ਜੁੜੇ ਨਾ।
X X X
ਗੁੱਲੀ, ਜੁੱਲੀ, ਕੁੱਲੀ
ਸਾਰੀ ਖ਼ਲਕਤ ਭੁੱਲੀ।
ਭੋਜਨ ਓਟਿਆਂ ਦੇ ਓਹਲੇ ਵਿਚ ਬਣਾਇਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਚੁਰਾਂ, ਚੁਲ੍ਹਿਆਂ ਵਿਚ ਘਾਹ, ਫੂਸ, ਸਲਵਾੜ, ਪਾਥੀਆਂ, ਕਪਾਹ ਦੀਆ ਛਿਟੀਆਂ, ਸੁੱਕੀਆਂ ਝਾੜੀਆਂ ਤੇ ਦਰਖ਼ਤਾਂ ਦੀਆਂ ਝਿੰਗਾਂ ਨੂੰ ਸੁਕਾ ਕੇ ਵਰਤਿਆ ਜਾਂਦਾ ਸੀ। ਓਟਿਆਂ ਉਪਰ ਛੱਤ ਤਾਂ ਹੁੰਦੀ ਨਹੀਂ ਸੀ, ਏਸ ਲਈ ਧੂੰਆਂ ਬਾਹਰ ਨਿਕਲਦਾ ਰਹਿੰਦਾ ਸੀ। ਧੁੱਪੇ ਹੀ ਰੋਟੀਆਂ ਪਕਾਈਆਂ ਜਾਂਦੀਆਂ ਸਨ। ਏਸੇ ਕਰਕੇ ਤਾਂ ਉਸ ਸਮੇਂ ਦਾ ਧੁੱਪ ਵਿਚ ਬੈਠ ਕੇ ਰੋਟੀ ਪਕਾਉਂਦੀ ਮੁਟਿਆਰ ਦੇ ਰੂਪ ਦੀ ਪ੍ਰਸੰਸਾ ਕਰਦਾ ਇਹ ਲੋਕ ਗੀਤ ਹੈ - ਰੰਗ ਚੋ ਕੇ ਪਰਾਤ ਵਿਚ ਪੈ ਗਿਆ,
ਧੁੱਪੇ ਤੈਂ ਪਕਾਈਆਂ ਰੋਟੀਆਂ।
ਓਟਿਆਂ ਨੂੰ ਬਣਾਉਣ ਲਈ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਵਿਚ ਕਾਲੀ ਚਿਉਕਣੀ ਮਿੱਟੀ ਦੇ ਟੋਏ ਹੁੰਦੇ ਸਨ, ਜਿੱਥੋਂ ਮਿੱਟੀ ਲਿਆਂਦੀ ਜਾਂਦੀ ਸੀ। ਏਸ ਮਿੱਟੀ ਵਿਚ ਤੂੜੀ ਰਲਾ ਕੇ ਘਰ ਦੀ ਘਾਣੀ ਕੀਤੀ ਜਾਂਦੀ ਸੀ । ਜਦ ਦੋ ਤਿੰਨ ਦਿਨਾਂ ਵਿਚ ਇਹ ਘਾਣੀ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਸੀ ਤਾਂ ਓਟਾ ਬਣਾਉਣਾ ਸ਼ੁਰੂ ਕੀਤਾ ਜਾਂਦਾ ਸੀ। ਜ਼ਿਆਦਾ ਤਰ ਓਟੇ ਜਿਥੇ ਘਰ ਦਾ ਦਰਵਾਜ਼ਾ ਹੁੰਦਾ ਸੀ, ਉਸ ਦੇ ਨੇੜੇ ਹੀ ਬਣਾਏ ਜਾਂਦੇ ਸਨ। ਇਕ ਪਾਸੇ ਘਰ ਦੀ ਕੰਧ ਹੁੰਦੀ ਸੀ ਤੇ ਦੂਜੇ ਪਾਸੇ ਓਟੇ ਦੀ