ਬਜ਼ੁਰਗ ਕਹਿੰਦੇ ਸਨ ਕਿ ਹਰ ਮਨੁੱਖ ਨੂੰ ਘੱਟੋ ਘੱਟ ਦੋ ਰੁੱਖ ਜ਼ਰੂਰ ਲਾਉਣੇ ਚਾਹੀਦੇ ਹਨ। ਇਕ ਰੁੱਖ ਉਸ ਨੂੰ ਆਪਣੇ ਘਰ ਦੇ ਵਿਹੜੇ ਵਿਚ ਛਾਂ ਲਈ ਲਾਉਣਾ ਚਾਹੀਦਾ ਹੈ। ਇਕ ਰੁੱਖ ਉਸ ਦੇ ਮਰਨ ਉਪਰੰਤ ਦਾਹ ਸੰਸਕਾਰ ਲਈ ਲਾਉਣਾ ਚਾਹੀਦਾ ਹੈ। ਸਿਆਣੇ ਇਹ ਵੀ ਕਹਿੰਦੇ ਹਨ ਕਿ ਰੁੱਖਾਂ ਨੂੰ ਲਾਉਣਾ ਤੇ ਰੁੱਖਾਂ ਦੀ ਪਾਲਣਾ ਕਰਨਾ ਧੀਆਂ ਪੁੱਤਰਾਂ ਦੀ ਪਾਲਣਾ ਕਰਨ ਵਰਗਾ ਹੁੰਦਾ ਹੈ। ਰੁੱਖਾਂ ਨੂੰ ਵੱਢਣਾ ਬੰਦੇ ਨੂੰ ਕਤਲ ਕਰਨ ਦੇ ਬਰਾਬਰ ਸਮਝਿਆ ਜਾਂਦਾ ਹੈ। ਸਾਰੀ ਦੁਨੀਆਂ ਜਲ ਅਤੇ ਥਲ ਤੇ ਆਧਾਰਤ ਹੈ। ਥਲ ਕਿਸੇ ਸਮੇਂ ਸਾਰਾ ਜੰਗਲ ਹੀ ਹੁੰਦਾ ਸੀ। ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ, ਬਿਲਕੁਲ ਇਸੇ ਤਰ੍ਹਾਂ ਕਿਸੇ ਸਮੇਂ ਰੁੱਖ/ਜੰਗਲ ਮਨੁੱਖਤਾ ਨੂੰ ਪਾਲਦੇ ਰਹੇ ਹਨ। ਰੁੱਖ ਜੀਵਨ ਦਾਤਾ ਹਨ। ਰੁੱਖ ਪੰਛੀਆਂ ਦੇ ਰੈਣ ਬਸੇਰੇ ਹਨ। ਪੰਜਾਬ ਵੀ ਕਿਸੇ ਸਮੇਂ ਸਾਰਾ ਜੰਗਲ ਹੁੰਦਾ ਸੀ। ਬਠਿੰਡੇ ਵੱਲ ਦੇ ਏਰੀਏ ਨੂੰ ਜੰਗਲ ਦਾ ਇਲਾਕਾ ਕਿਹਾ ਜਾਂਦਾ ਸੀ। ਰੋਪੜ, ਮਾਛੀਵਾੜੇ ਦੇ ਏਰੀਏ ਨੂੰ ਵੀ ਜੰਗਲ ਕਹਿੰਦੇ ਸਨ।
ਮਨੁਖੀ ਹੋਂਦ ਦੇ ਸ਼ੁਰੂ ਦੇ ਸਮੇਂ ਵਿਚ ਮਨੁਖ ਜੰਗਲਾਂ ਵਿਚ ਪੈਦਾ ਹੁੰਦੇ ਫਲ ਖਾ ਕੇ ਗੁਜ਼ਾਰਾ ਕਰਦਾ ਹੁੰਦਾ ਸੀ। ਜੰਗਲ ਦੀ ਲੱਕੜ ਤੋਂ ਹੀ ਧਰਤੀ ਨੂੰ ਆਬਾਦ ਕਰਨ ਦੇ ਸੰਦ ਬਣੇ। ਜੰਗਲ ਦੀ ਲੱਕੜ ਤੋਂ ਹੀ ਝੁੱਗੀਆਂ ਬਣੀਆਂ। ਕੱਚੇ ਘਰ ਬਣੇ। ਫੇਰ ਪੱਕੇ ਘਰਾਂ ਵਿਚ ਵੀ ਜੰਗਲ ਵਿਚੋਂ ਪੈਦਾ ਹੁੰਦੀ ਲੱਕੜੀ ਲੱਗੀ। ਪਿੰਡਾਂ ਵਿਚ ਸ਼ਾਮਲਾਟ ਜ਼ਮੀਨਾਂ ਵਿਚ ਰੁੱਖਾਂ ਦੇ ਝੁੰਡਾਂ ਦੇ ਝੁੰਡ ਹੁੰਦੇ ਸਨ, ਜਿਨ੍ਹਾਂ ਨੂੰ ਕਈ ਇਲਾਕਿਆਂ ਵਿਚ ਝਿੜ੍ਹੀ ਅਤੇ ਬੰਨ੍ਹੇ ਵੀ ਕਹਿੰਦੇ ਹਨ। ਜ਼ਿਮੀਂਦਾਰਾਂ ਦੇ ਖੇਤਾਂ ਵਿਚ ਵੀ ਬਹੁਤ ਰੁੱਖ ਹੁੰਦੇ ਸਨ, ਜਿਨ੍ਹਾਂ ਵਿਚ ਪਿੱਪਲ, ਬਰੋਟੇ, ਕਿੱਕਰਾਂ, ਬੇਰੀਆਂ, ਟਾਹਲੀਆਂ, ਜੰਡ, ਨਿੰਮਾਂ ਆਦਿ ਹੁੰਦੇ ਸਨ। ਹਰ ਘਰ ਵਿਚ ਰੁੱਖ ਲੱਗੇ ਹੁੰਦੇ ਸਨ, ਜਿਹੜੇ ਗਰਮੀਆਂ ਤੋਂ ਬਚਾਉਂਦੇ ਸਨ। ਉਨ੍ਹਾਂ ਸਮਿਆਂ ਵਿਚ ਜਨਾਨੀਆਂ ਘਰਾਂ ਵਿਚ ਤ੍ਰਿਵੈਣੀ ਲਾਉਣ ਲਈ ਕਹਿੰਦੀਆਂ ਹੁੰਦੀਆਂ ਸਨ-
ਵਿਹੜੇ ਲਾ ਤ੍ਰਿਵੈਣੀ
ਛਾਵੇਂ ਬਹਿ ਕੇ ਕੱਤਿਆ ਕਰੂੰ।
ਦਿਨੋ ਦਿਨ ਵਧ ਰਹੀ ਆਬਾਦੀ ਤੇ ਉਦਯੋਗੀਕਰਨ ਨੇ ਜੰਗਲਾਂ, ਰੁੱਖਾਂ ਨੂੰ ਸਭ ਤੋਂ ਵੱਧ ਨੁਕਸਾਨ ਪੁੰਚਾਇਆ ਹੈ। ਰੁੱਖ ਨਾਲੋਂ ਤਾਂ ਜੇਕਰ ਟਾਹਣੀ ਵੀ ਤੋੜੀ ਜਾਵੇ ਤਾਂ ਵੀ ਰੁੱਖ ਰੋਂਦਾ ਹੈ। ਅਸੀਂ ਤਾਂ ਰੁੱਖਾਂ ਦਾ ਪੰਜਾਬ ਵਿਚੋਂ ਖੁਰਾ ਖੋਜ ਮਿਟਾਉਣ ਦੇ ਨੇੜੇ ਹੀ ਪਹੁੰਚ ਗਏ ਹਾਂ।
ਪਿੱਪਲ : ਸਾਡੇ ਧਰਮ ਗ੍ਰੰਥ ਪਿੱਪਲ ਦੇ ਰੁੱਖ ਨੂੰ ਪਵਿੱਤਰ ਮੰਨਦੇ ਹਨ। ਪਿੱਪਲ ਦੇ ਰੁੱਖ ਦੀ ਪਹਿਲਾਂ ਵੀ ਪੂਜਾ ਕੀਤੀ ਜਾਂਦੀ ਸੀ ਅਤੇ ਅੱਜ ਵੀ ਕੀਤੀ ਜਾਂਦੀ ਹੈ, ਪਰ ਪਹਿਲਾਂ ਨਾਲੋਂ ਘੱਟ-