ਪਿੱਪਲਾ ਵੇ ਹਰਿਆਲਿਆ,
ਤੇਰਾ ਪੂਜਾਂ ਮੁੱਢ।
ਤੈਨੂੰ ਪੂਜ ਕੇ ਪਿੱਪਲਾ,
ਮੈਂ ਕਦੇ ਨਾ ਪਾਵਾਂ ਦੁੱਖ।
X X X
ਪੱਤੇ ਪੱਤੇ ਗੋਬਿੰਦ ਬੈਠਾ,
ਟਾਹਣੀ ਟਾਹਣੀ ਦੇਵਤਾ।
ਮੁੱਢ ਤੇ ਸ੍ਰੀ ਕ੍ਰਿਸ਼ਨ ਬੈਠਾ,
ਧੰਨ ਬ੍ਰਹਮਾ ਦੇਵਤਾ।
ਹਿੰਦੂ ਮੱਤ ਵਾਲੇ ਪਿੱਪਲ ਵਿਚ ਤ੍ਰੈਮੂਰਤੀ ਦਾ ਨਿਵਾਸ ਮੰਨਦੇ ਹਨ। ਜੜ੍ਹ ਵਿਚ ਬ੍ਰਹਮਾ, ਤਣੇ ਵਿਚ ਵਿਸ਼ਨੂੰ, ਟਾਹਣੀਆਂ ਵਿਚ ਸ਼ਿਵ ਜੀ ਦਾ ਨਿਵਾਸ ਮੰਨਿਆ ਜਾਂਦਾ ਹੈ। ਪਿੱਪਲ ਦਾ ਰੁੱਖ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਰੁੱਖ ਮੰਨਿਆ ਜਾਂਦਾ ਹੈ। ਦਿਨ ਦੇ ਨਾਲ ਇਹ ਰਾਤ ਵੇਲੇ ਵੀ ਆਕਸੀਜਨ ਛੱਡਦਾ ਹੈ। ਪਿੱਪਲ ਦੇ ਰੁੱਖ ਨੂੰ ਬ੍ਰਹਮਾ ਵੀ ਕਹਿੰਦੇ ਹਨ। ਪਿੱਪਲ ਦੀ ਪੂਜਾ ਕਰਨ ਸਮੇਂ ਕਈ ਸੁੱਖਣਾ ਵੀ ਸੁੱਖੀਆਂ ਜਾਂਦੀਆਂ ਸਨ/ਹਨ-
ਮੈਂ ਨਿੱਤ ਬ੍ਰਹਮੇ ਜਲ ਪਾਵਾਂ
ਵੀਰ ਤੇਰੀ ਜੜ੍ਹ ਲੱਗ ਜੇ ।
ਵਿਸ਼ਵਾਸ ਹੈ ਕਿ ਜੇਕਰ ਨਿਰਸੰਤਾਨ ਜਨਾਨੀਆਂ ਸੂਰਜ ਚੜ੍ਹਦੇ ਸਾਰ ਪਿੱਪਲ ਦੀ ਜੜ੍ਹ ਵਿਚ 40 ਦਿਨ ਪਾਣੀ ਪਾਉਣ ਤਾਂ ਸੰਤਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਧੰਨ ਦੌਲਤ ਦੇ ਚਾਹਵਾਨ ਐਤਵਾਰ ਨੂੰ ਇਸ ਦੀ ਪੂਜਾ ਕਰਦੇ ਹਨ। ਪਿਤਰਾਂ ਨੂੰ ਪਾਣੀ ਵੀ ਪਿੱਪਲਾਂ ਰਾਹੀਂ ਪਹੁੰਚਾਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ।
ਲੋਕ ਆਪਣੀਆਂ ਮੰਨਤਾਂ ਮੰਨਣ ਲਈ ਪਿੱਪਲ ਦੇ ਤਣੇ ਦੁਆਲੇ ਕੱਚੇ ਸੂਤ ਦੇ ਧਾਗੇ ਲਪੇਟ ਦਿੰਦੇ ਹਨ ਜੜ੍ਹ ਵਿਚ ਸੰਧੂਰ ਭੁੱਕਦੇ ਹਨ। ਜੜ੍ਹ ਵਿਚ ਪਾਣੀ ਪਾਉਂਦੇ ਹਨ। ਇਕ ਧਾਰਨਾ ਇਹ ਵੀ ਹੈ ਕਿ ਜੇਕਰ ਕੁਆਰੀਆਂ ਕੁੜੀਆਂ ਪਿੱਪਲ ਦੀ ਪੂਜਾ ਕਰਨ ਤਾਂ ਉਨ੍ਹਾਂ ਨੂੰ ਚੰਗਾ ਪਤੀ ਮਿਲ ਜਾਂਦਾ ਹੈ। ਪਿੱਪਲ ਨੂੰ ਵੱਢਣਾ ਪਾਪ ਸਮਝਿਆ ਜਾਂਦਾ ਹੈ। ਪਿੱਪਲ ਨੂੰ ਚੁੱਲ੍ਹੇ ਵਿਚ ਜਲਾਣਾ ਵੀ ਪਾਪ ਮੰਨਿਆ ਜਾਂਦਾ ਹੈ। ਏਸੇ ਕਰਕੇ ਹੀ ਲੋਕ ਪਿੱਪਲ ਨੂੰ ਵੱਢ ਕੇ ਗੁਰੂਦੁਆਰੇ ਜਾਂ ਮੰਦਰ ਜਾਂ ਬ੍ਰਾਹਮਣ ਨੂੰ ਜਾਲਣ ਲਈ ਦਿੰਦੇ ਹਨ। ਪਿੱਪਲ ਤੇ ਨਿੰਮ ਦਾ ਵਿਆਹ ਕਰਨ ਦੀ ਧਾਰਨਾ ਵੀ ਹੈ। ਮਹਾਤਮਾ ਬੁੱਧ ਨੂੰ ਪਿੱਪਲ ਦੇ ਰੁੱਖ ਥੱਲੇ ਗਿਆਨ ਪ੍ਰਾਪਤ ਹੋਇਆ ਸੀ। ਇਸ ਲਈ ਬੁੱਧ ਧਰਮ ਵਾਲੇ ਪਿੱਪਲ ਦੇ ਰੁੱਖ ਨੂੰ ਬੋਧੀ ਰੁੱਖ ਕਹਿੰਦੇ ਹਨ। ਪਿੱਪਲ ਨੂੰ ਬਰੋਟੇ ਦੀ ਪਤਨੀ ਮੰਨਣ ਦੀ ਵੀ ਧਾਰਨਾ ਸੀ।