ਅੰਮ੍ਰਿਤਾ-ਇਮਰੋਜ਼
ਇੱਕ ਪਿਆਰ ਕਹਾਣੀ
ਉਮਾ ਤ੍ਰਿਲੋਕ
ਅਨੁਵਾਦ : ਜਸਬੀਰ ਭੁੱਲਰ
ਕਹਾਣੀ ਇਸ਼ਕ ਹਕੀਕੀ ਦੀ
ਉਮਾ ਤ੍ਰਿਲੋਕ ਦੀ ਲਿਖੀ 'ਅੰਮ੍ਰਿਤਾ-ਇਮਰੋਜ਼’ ਅੰਮ੍ਰਿਤਾ ਪ੍ਰਤੀ ਪਿਆਰ ਅਤੇ ਸ਼ਰਧਾ ਦੀ ਇਕ ਭਾਵੁਕ ਪ੍ਰਤੀਕਿਰਿਆ ਤੋਂ ਸ਼ੁਰੂ ਹੁੰਦੀ ਹੈ, ਪਰ ਅੱਗੇ ਚਲ ਕੇ ਅੰਮ੍ਰਿਤਾ ਇਮਰੋਜ਼ ਦੇ ਰਿਸ਼ਤੇ, ਇਸ ਰਿਸ਼ਤੇ ਪ੍ਰਤੀ ਸਮਾਜਿਕ ਰੋਸ, ਘਰ-ਪਰਿਵਾਰ ਵੱਲੋਂ ਮੰਗੀ ਗਈ ਕੀਮਤ ਅਤੇ ਅੰਮ੍ਰਿਤਾ ਦੀ ਸਿਰਜਣਾਤਮਿਕਤਾ ਦੇ ਨਾਲ ਇਹਨਾਂ ਗੱਲਾਂ ਦੇ ਗਹਿਰੇ ਸੰਬੰਧਾਂ ਨੂੰ ਉਮਾ ਤ੍ਰਿਲੋਕ ਨੇ ਸਿਰਫ਼ ਸਮਝਿਆ ਅਤੇ ਪਛਾਣਿਆ ਹੀ ਨਹੀਂ ਸਗੋਂ ਇਹਨਾਂ ਸਾਰੀਆਂ ਗੱਲਾਂ ਦੀ ਸਹੀ ਪਛਾਣ ਕਰਾਉਣ ਲਈ ਉਹਨੇ ਇਸ ਕਿਤਾਬ ਵਿਚ ਅੰਮ੍ਰਿਤਾ ਅਤੇ ਇਮਰੋਜ਼ ਨੂੰ ਵਿਸਥਾਰ ਨਾਲ ਰੂਪਮਾਨ ਕੀਤਾ ਹੈ।
ਹੀਰ ਦੇ ਸਮੇਂ ਤੋਂ ਜਾਂ ਉਸ ਤੋਂ ਵੀ ਪਹਿਲੋਂ ਵੇਦਾਂ-ਉਪਨਿਸ਼ਦਾਂ ਦੇ ਸਮੇਂ ਤੋਂ, ਗਾਰਗੀ ਤੋਂ ਲੈ ਕੇ ਹੁਣ ਤਕ ਕਈ ਔਰਤਾਂ ਨੇ ਆਪਣੀ ਮਰਜ਼ੀ ਨਾਲ ਜੀਣ ਅਤੇ ਆਪਣੇ ਢੰਗ ਨਾਲ ਸੋਚਣ ਦੀ ਜੁਰਅਤ ਤਾਂ ਕੀਤੀ ਹੈ, ਪਰ ਉਹਨਾਂ ਦੀ ਜੁਰਅਤ ਨੂੰ ਪਰਵਾਨ ਨਹੀਂ ਚੜ੍ਹਨ ਦਿੱਤਾ ਗਿਆ ਅਤੇ ਅੰਤ ਦੁਖਦਾਈ ਹੀ ਹੋਇਆ। ਗਾਰਗੀ ਦਾ ਸਿਰਫ਼ ਨਾਮ ਹੀ ਸਾਡੇ ਤਕ ਪਹੁੰਚਿਆ ਹੈ, ਉਸਦੀ ਕੋਈ ਰਚਨਾ ਨਹੀਂ। ਹੀਰ ਨੂੰ ਤਾਂ ਜ਼ਹਿਰ ਹੀ ਪੀਣਾ ਪੈ ਗਿਆ।
ਅੱਜ ਦੀ ਔਰਤ ਦਾ ਇਹ ਸੁਪਨਾ ਹੈ ਕਿ ਉਹ ਸਿਰਫ਼ ਸੌਂਪੇ ਹੋਏ 'ਰੋਲ ਨੂੰ ਹੀ ਨਾ ਨਿਭਾਉਂਦੀ ਰਹੇ, ਸਗੋਂ 'ਆਪ' ਬਣ ਕੇ ਜਿਊ ਵੀ ਸਕੇ। ਹਾਲਾਤ ਦੀਆਂ ਤਲਖ਼ੀਆਂ ਤੇ ਮਜਬੂਰੀਆਂ ਦੇ ਕਾਰਨ ਅਤੇ ਹਿੰਮਤ-ਹੌਂਸਲੇ ਦੀ ਘਾਟ ਦੇ ਕਾਰਨ ਉਸਦਾ ਇਹ ਸੁਪਨਾ ਸਿਰਫ਼ ਸੁਪਨਾ ਬਣ ਕੇ ਹੀ ਰਹਿ ਜਾਂਦਾ ਹੈ। ਉਹ ਅੰਮ੍ਰਿਤਾ-ਇਮਰੋਜ਼ ਵਿਚ ਆਪਣੇ ਸੁਪਨੇ ਦੀ ਪੂਰਤੀ ਵੇਖਦੀ ਹੈ।
ਅੰਮ੍ਰਿਤਾ ਦੀਆਂ ਜੜ੍ਹਾਂ ਵੀ ਪਰੰਪਰਾ ਵਿਚ ਸਨ, ਇਸੇ ਕਾਰਨ ਉਹ ਵਿਦਰੋਹ ਤੋਂ ਘਬਰਾ ਕੇ ਖ਼ੁਦ ਹੀ ਇਸ ਦਾ ਕਾਰਨ ਕਦੀ ਕਦੀ ਹੱਥਾਂ ਦੀਆਂ ਲਕੀਰਾਂ, ਗ੍ਰਹਿ ਚੱਕਰਾਂ ਜਾਂ ਜਨਮਾਂ ਦੇ ਲੇਖੇ-ਜੋਖਿਆਂ ਵਿਚੋਂ ਲੱਭਣ ਲੱਗ ਪੈਂਦੀ ਸੀ। ਅੱਜ ਤੋਂ ਸੱਠ-ਪੈਂਹਠ ਵਰ੍ਹੇ ਪਹਿਲਾਂ, ਅੰਮ੍ਰਿਤਾ-ਇਮਰੋਜ਼ ਦੀ ਨੌਜਵਾਨੀ ਦੇ ਵੇਲੇ ਇਹਨਾਂ ਗੱਲਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾਂਦਾ ਸੀ, ਪਰ ਅੱਜ ਉਮਾ ਤ੍ਰਿਲੋਕ ਵਰਗੀਆਂ ਸੁਆਣੀਆਂ ਆਪਣੇ ਘਰ-ਬਾਰ ਦੀ ਨਰਾਜ਼ਗੀ ਝੱਲਣ ਤੋਂ ਬਿਨਾਂ ਹੀ ਅੰਮ੍ਰਿਤਾ-ਇਮਰੋਜ਼ ਦੇ ਗ਼ੈਰ- ਸਮਾਜਿਕ ਰਿਸ਼ਤੇ ਦੀ ਸਿਫ਼ਤ ਕਰ ਸਕਦੀਆਂ ਨੇ।
ਹੁਣ ਤਕ ਜੋ ਵੀ ਅਤੇ ਜਿੰਨਾ ਵੀ ਅੰਮ੍ਰਿਤਾ ਦੇ ਬਾਰੇ ਲਿਖਿਆ ਗਿਆ ਹੈ, ਉਹਨਾਂ ਦੀ ਜੀਵਨ-ਸ਼ੈਲੀ ਅਤੇ ਗੁਣ-ਔਗਣਾਂ ਤੋਂ ਬਿਨਾਂ, ਉਹਨਾਂ ਦੀਆਂ ਰਚਨਾਵਾਂ ਦੇ ਬਾਰੇ, ਉਹਨਾਂ ਦੀ ਰਚਨਾ ਪ੍ਰਕਿਰਿਆ ਦੇ ਬਾਰੇ, ਰਚਨਾ ਦੇ ਸਰੋਕਾਰਾਂ ਬਾਰੇ, ਰਚਨਾ ਦੇ ਮੁੱਲਾਂ ਬਾਰੇ, ਉਹਨਾਂ ਸਭ ਵਿਚ ਕਦੀ ਕਦਾਈਂ ਨਾਲ ਤੁਰਦੇ ਇਮਰੋਜ਼ ਦਾ ਵੀ ਥੋੜ੍ਹਾ ਜਿਹਾ ਜ਼ਿਕਰ ਹੋਇਆ ਹੈ। ਇਸ ਰਿਸ਼ਤੇ ਬਾਰੇ ਇਮਰੋਜ਼ ਕੀ ਸਮਝਦੇ ਨੇ, ਕੀ ਸੋਚਦੇ ਨੇ, ਇਸਦਾ ਕੀ ਮੁੱਲ ਹੈ ਅਤੇ ਉਸ ਮੁੱਲ ਨੂੰ ਉਹ ਕਿੰਨਾ ਕੁ ਠੀਕ ਸਮਝਦੇ ਨੇ ? ਇਸ ਬਾਰੇ ਬਹੁਤਾ ਕੁਝ ਸੋਚਿਆ ਵਿਚਾਰਿਆ ਨਹੀਂ ਗਿਆ। ਉਮਾ ਤ੍ਰਿਲੋਕ ਨੇ ਅੰਮ੍ਰਿਤਾ ਦੇ ਇਸ ਸਫ਼ਰ ਵਿਚ ਇਮਰੋਜ਼ ਨੂੰ ਸ਼ਾਮਲ ਕਰਕੇ ਵੇਖਿਆ ਹੈ ਕਿ ਕਿਸਤਰ੍ਹਾਂ ਉਸਨੇ ਪੂਰੇ ਸਪਰਪਣ ਦੀ ਭਾਵਨਾ ਨਾਲ ਇਸ ਰਿਸ਼ਤੇ ਨੂੰ ਨਿਭਾਇਆ ਹੈ। ਲੋਕੀਂ ਭਾਵੇਂ ਕੁਝ ਵੀ ਕਹਿਣ ਉਸ ਨੂੰ ਆਪਣੇ ਫੈਸਲੇ ਉੱਤੇ ਕੋਈ ਪਛਤਾਵਾ ਨਹੀਂ। ਇਸ ਫੈਸਲੇ ਨਾਲ ਜੋ ਕੁਝ ਵੀ ਹਾਸਲ ਹੋਇਆ ਜਾਂ ਗੁਆਚਾ ਇਮਰੋਜ਼ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ। ਅੰਮ੍ਰਿਤਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਉਸਦੀ ਕੋਈ ਮਜਬੂਰੀ ਨਹੀਂ ਸੀ, ਸਗੋਂ ਖੁਸ਼ੀ ਸੀ। ਆਪਣੇ ਧੁਰ ਅੰਦਰ ਕਿਧਰੇ ਉਹ ਇਸ਼ਕ ਮਜਾਜ਼ੀ ਨੂੰ ਇਸ਼ਕ ਹਕੀਕੀ ਤਕ ਲੈ ਗਿਆ ਸੀ। ਉਮਾ ਨੇ ਇਮਰੋਜ਼ ਨਾਲ ਹੋਈ ਗੱਲਬਾਤ ਵਿਚ ਇਹ ਸਪਸ਼ਟ ਕੀਤਾ ਹੈ।
ਇਹ ਕਿਤਾਬ ਅੰਗਰੇਜ਼ੀ, ਹਿੰਦੀ ਅਤੇ ਉਰਦੂ ਵਿਚ ਇਕੋ ਵੇਲੇ ਪ੍ਰਕਾਸ਼ਿਤ ਹੋਣ ਕਾਰਨ ਵੱਡੇ ਸਰਕਲ ਤਕ ਪਹੁੰਚੇਗੀ ਅਤੇ ਇਤਿਹਾਸ ਵਿਚ ਅੰਮ੍ਰਿਤਾ ਤੋਂ ਵਧ ਅੰਮ੍ਰਿਤਾ- ਇਮਰੋਜ਼ ਦੇ ਰਿਸ਼ਤੇ ਦੀ ਗਵਾਹ ਬਣੇਗੀ।
...ਤੇ ਹੁਣ ਇਸ ਪੁਸਤਕ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਸਾਡੇ ਲੇਖਕ ਜਸਬੀਰ ਭੁੱਲਰ ਨੇ ਆਮ-ਖ਼ਾਸ ਲਈ ਪਹੁੰਚ ਦਾ ਇਕ ਹੋਰ ਬੂਹਾ ਖੋਲ੍ਹਿਆ ਹੈ।
ਡਾ. ਦਲੀਪ ਕੌਰ ਟਿਵਾਣਾ
ਗੁਲਜ਼ਾਰ
ਅੱਲਾਹ ਕੀ ਗਵਾਹੀ ਪੈਗੰਬਰ ਦੇ ਤੋ ਪੈਗੰਬਰ ਕਾ ਗਵਾਹ ਕੌਨ ?
ਅੰਮ੍ਰਿਤਾ ਜੀ ਅਪਨੇ ਆਪ ਮੇਂ ਏਕ ਬੜੀ ਲੀਜੈਂਡ ਹੈਂ।
ਪੰਜਾਬੀ ਸ਼ਾਇਰੀ ਮੇਂ ਬਟਵਾਰੇ ਕੇ ਬਾਅਦ ਕੀ ਆਧੀ ਸਦੀ ਕੀ ਨੁਮਾਇੰਦਾ ਸ਼ਾਇਰਾ ਹੈਂ।
ਸ਼ਾਇਰੀ ਕੇ ਇਲਾਵਾ ਦੁਪੱਟੇ ਕੀ ਏਕ ਗੀਠਾ ਮੇਂ ਨਾਵਲ ਔਰ ਅਫਸਾਨੇ ਬੰਦ ਕਰ ਵੋਹ ਭੀ ਕੰਧੋ ਪਰ ਫੂਕ ਲਿਆ ਹੈ, ਔਰ ਮੁਹੱਬਤ ਕਾ ਏਕ ਏਸਾ ਦੁਸ਼ਾਲਾ ਓੜ ਲਿਆ ਹੈ, ਜੋ ਇਮਰੋਜ਼ ਕੀ ਨਿਘ ਸੇ ਮਹਕਤਾ ਰਹਤਾ ਹੈ। ਅਬ ਕੌਨ ਬਤਾਏ ਕੇ ਦੁਸ਼ਾਲੇ ਨੇ ਉਨਹੇ ਲਪੇਟ ਰਖਾ ਹੈ, ਯਾ ਵੋਹ ਦੁਸ਼ਾਲੇ ਕੋ ਜਢੀ ਮਾਰੇ ਰਹਤੀ ਹੈਂ।
ਇਮਰੋਜ਼ ਏਕ ਔਰ ਲੀਜੈਂਡ ਹੈ, ਜੋ ਪਹਲੇ ਇੰਦਰਜੀਤ ਕੇ ਨਾਮ ਸੇ ਰੋਸ਼ਨ ਥਾ। ਉਸ ਕੇ ਸਰਵਰਕ (cover pages) ਦੇਖ ਕਰ ਲੋਗੋਂ ਨੇ ਉਸ ਕਲਮ ਔਰ ਕੁਰਸੀ ਕੀ ਪਰਸਤਿਸ਼ ਸ਼ੁਰੂ ਕਰ ਦੀ ਜਿਸ ਸੇ ਡ੍ਰਾਇੰਗ ਕਿਆ ਕਰਤਾ ਥਾ। ਮੈਂ ਉਸ ਜ਼ਮਾਨੇ ਮੇਂ ਮਿਲਾ ਥਾ ਉਸੇ ਲੇਕਿਨ ਉਸਨੇ ਉਸ ਰੋਸ਼ਨੀ ਕੋ ਅੰਮ੍ਰਿਤਾ ਜੀ ਕੀ ਦੋਸਤੀ ਔਰ ਮੁਹੱਬਤ ਮੇਂ ਯੂੰ ਤੇਹਲੀਲ ਕਰ ਦਿਆ ਕਿ ਏਕ ਔਰ ਚਿਰਾਗ ਜਲਾ-ਉਨ ਦੋਨੋਂ ਕੀ ਦੋਸਤੀ ਕਾ।
ਅਬ ਵੋਹ ਦੋਸਤੀ ਅਪਨੇ ਆਪ ਮੇਂ ਤੀਸਰਾ ਲੀਜੈਂਡ ਹੈ... ਮਰਹਬਾ।
ਉਨ ਕਾ ਰਿਸ਼ਤਾ ਨਜ਼ਮ ਔਰ ਇਮੇਜ਼ ਕਾ ਰਿਸ਼ਤਾ ਹੈ।
ਆਪ ਬਤਾ ਨਹੀਂ ਸਕਤੇ ਕਿ ਤਖ਼ਲੀਕ ਕੇ ਜਨਮ ਕੇ ਲਿਏ ਕਿਸ ਨੇ ਪਹਲ ਕੀ।
ਨਜ਼ਮ ਹੁਈ ਤੋ ਇਮੇਜ਼ ਬਨੀ।
ਯਾ
ਇਮੇਜ਼ ਆਈ ਤੋ ਨਜ਼ਮ ਹੁਈ।
ਅੰਮ੍ਰਿਤਾ ਜੀ ਕੀ ਨਜ਼ਮੇਂ ਪੇਂਟਿੰਗ ਕੀ ਤਰਹ ਹੈਂ। ਵੋਹ ਦਰਦ ਕੀ ਆਵਾਜ਼ ਹੋ ਯਾ ਦਿਲਾਸੇ ਕੀ। ਇਸੀ ਤਰਰਾਂ ਇਮਰੋਜ਼ ਕੀ ਪੇਂਟਿੰਗਸ ਨਜ਼ਮੋਂ ਕੇ ਆਬੋਹਯਾਤ ਪਰ ਤੈਰਤੀ ਹੈਂ।
ਬੋਸਕੀਆਨਾ
ਮੁੰਬਈ
ਮੇਰੀ ਗੱਲ
ਜਦੋਂ ਵੀ ਮੈਂ ਅੰਮ੍ਰਿਤਾ ਅਤੇ ਇਮਰੋਜ਼ ਨੂੰ ਮਿਲਦੀ, ਉਹਨਾਂ ਦਾ ਇਕ-ਦੂਸਰੇ ਦੇ ਹਮਰਾਹ ਹੋਣਾ, ਇਕ-ਦੂਸਰੇ ਲਈ ਉਹਨਾਂ ਦੀ ਦੋਸਤੀ, ਉਹਨਾਂ ਦਾ ਅਣਕਿਹਾ ਪਿਆਰ ਮੇਰੇ ਮਨ ਨੂੰ ਛੂਹ ਲੈਂਦਾ ਸੀ। ਮੇਰੇ ਦਿਲ ਵਿਚ ਇਕ ਗੀਤ ਗੁਣਗੁਣਾਉਣ ਲੱਗ ਪੈਂਦਾ। ਉਸ ਕੀਮਤੀ ਅਹਿਸਾਸ ਨੂੰ ਸ਼ਾਇਦ ਮੈਂ ਕਿਤੇ ਸੰਭਾਲ ਕੇ ਲੁਕਾ ਕੇ ਰੱਖਣਾ ਚਾਹੁੰਦੀ ਸਾਂ, ਇਸੇ ਲਈ ਸ਼ਾਇਦ ਉਹ ਅਨੁਭਵ ਮੈਂ ਕਾਗ਼ਜ਼ ਉੱਤੇ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹਾਂ।
ਇਹ ਕਿਤਾਬ ਆਮ ਕਿਤਾਬਾਂ ਵਰਗੀ ਨਹੀਂ। ਇਹ ਕਿਸੇ ਖੋਜ ਦਾ ਮੁੱਦਾ ਵੀ ਨਹੀਂ ਹੈ, ਨਾ ਹੀ ਇਹਦੇ ਵਿਚ ਕੋਈ ਤਰਤੀਬ ਹੈ ਤੇ ਨਾ ਹੀ ਕੋਈ ਅੰਦਾਜ਼। ਇਹ ਤਾਂ ਬੱਸ ਦੋ ਪਿਆਰ ਕਰਨ ਵਾਲਿਆਂ ਦੀ, ਉਹਨਾਂ ਦੀ ਅਪ੍ਰਭਾਸਿਤ ਮੁਹੱਬਤ ਅਤੇ ਦੋਸਤੀ ਦੀ ਦਾਸਤਾਨ ਹੈ ਜੋ ਅਚਨਚੇਤੀ ਮੇਰੇ ਮਨ ਵਿਚ ਪੈਦਾ ਹੋਈ। ਇਹ ਤਾਂ ਉਹਨਾਂ ਪ੍ਰਤੀ ਮੇਰੀ ਭਾਵੁਕਤਾ ਦਾ ਮਹਿਜ਼ ਇਕ ਬਿਆਨ ਹੈ, ਅੰਮ੍ਰਿਤਾ ਅਤੇ ਇਮਰੋਜ਼ ਨਾਲ ਮੇਰੀ ਦਸ ਸਾਲ ਪੁਰਾਣੀ ਦੋਸਤੀ ਦੇ ਦੌਰਾਨ ਹੋਈ ਗੱਲਬਾਤ ਦਾ ਸੰਖੇਪ ਵਰਨਣ ਹੈ।
ਇਹ ਇਕ ਲੇਖਕਾ ਅਤੇ ਇਕ ਕਲਾਕਾਰ ਦੀ ਕਹਾਣੀ ਹੈ। ਇਹ ਲੇਖਕਾ, ਇਕ ਕਵਿਤਰੀ, ਜੀਹਨੇ ਆਪਣੀ ਸਮਰੱਥ ਲੇਖਣੀ, ਆਪਣੀ ਅਦਾਇਗੀ ਅਤੇ ਆਪਣੇ ਰਹਿਣ ਸਹਿਣ ਨਾਲ ਸਾਰੇ ਪੰਜਾਬ ਨੂੰ ਹੀ ਨਹੀਂ, ਸਗੋਂ ਉਸ ਤੋਂ ਪਰ੍ਹਾਂ ਸਭ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਇਕ ਕਲਾਕਾਰ ਜਿਸਨੇ ਰਿਸ਼ਤਿਆਂ ਦੀ ਰੂਹ ਦੇ ਵੱਖ ਵੱਖ ਪੱਖਾਂ ਨੂੰ ਕੈਨਵਸ ਉੱਤੇ ਉਤਾਰ ਦਿੱਤਾ।
ਏਨੀ ਵੱਡੀ ਲੇਖਕਾ ਅਤੇ ਉਹਨਾਂ ਦੇ ਦੋਸਤ, ਜਿਹੜੇ ਕਿ ਉਹਨਾਂ ਦੀ ਜ਼ਿੰਦਗੀ ਦਾ ਧੁਰਾ ਹਨ, ਬਾਰੇ ਲਿਖਣ ਲਈ ਉਹਨਾਂ ਦੇ ਮਿਆਰ ਦੀ ਸਿਰਜਣ-ਕੌਸ਼ਲਤਾ ਦੀ ਲੋੜ ਹੈ, ਜੋ ਸ਼ਾਇਦ ਮੇਰੇ ਵਿਚ ਨਹੀਂ। ਮੇਰੀ ਕਾਬਲੀਅਤ ਮਹਿਜ਼ ਏਨੀ ਕੁ ਹੈ ਕਿ ਮੈਨੂੰ ਅੰਮ੍ਰਿਤਾ ਅਤੇ ਇਮਰੋਜ਼ ਦੀ ਦੋਸਤ ਹੋਣ ਦਾ ਮਾਣ ਹਾਸਲ ਹੈ ਅਤੇ ਇਸੇ ਕਾਰਨ ਮੈਨੂੰ ਇਹਨਾਂ ਦੋਹਾਂ ਸ਼ਖਸੀਅਤਾਂ ਨੂੰ ਜਾਨਣ ਅਤੇ ਪਛਾਨਣ ਦਾ ਮੌਕਾ ਹਾਸਲ ਹੋਇਆ ਹੈ।
ਨਿਸ਼ਚੇ ਹੀ ਇਸ ਪੁਸਤਕ ਵਿਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ, ਪਰ ਮੈਂ
ਦੋਸਤੀ ਦੀ ਮਰਿਆਦਾ ਨੂੰ ਨਿਭਾਉਂਦਿਆਂ, ਬਹੁਤ ਹੀ ਸੁਹਿਰਦਤਾ ਨਾਲ ਉਹ ਸਭ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੋ ਮਹਿਸੂਸ ਕੀਤਾ ਹੈ।
ਅੰਮ੍ਰਿਤਾ ਜੀ ਲਈ ਬਚਪਨ ਤੋਂ ਹੀ ਮੇਰੇ ਦਿਲ ਵਿਚ ਇੱਜ਼ਤ ਸੀ, ਜਿਹੜੀ ਉਹਨਾਂ ਨੂੰ ਮਿਲਣ ਤੋਂ ਪਿੱਛੋਂ ਦੋਸਤੀ ਅਤੇ ਡੂੰਘੇ ਸਤਿਕਾਰ ਵਿਚ ਬਦਲ ਗਈ। ਮੈਂ ਉਹਨਾਂ ਨੂੰ ਇਕ ਦੋਸਤ, ਇਕ ਲੇਖਕਾ, ਇਕ ਮਾਰਗ-ਦਰਸ਼ਕ, ਇਕ ਸੁਹਿਰਦ ਸਲਾਹਕਾਰ ਦੇ ਰੂਪ ਵਿਚ ਜਾਣਿਆਂ, ਪਛਾਣਿਆਂ ਅਤੇ ਮਹਿਸੂਸ ਕੀਤਾ।
ਇਸ ਕਿਤਾਬ ਦੀ ਸਿਰਜਣਾ ਵਿਚ ਸਿੱਧੇ ਅਤੇ ਅਸਿੱਧੇ ਰੂਪ ਵਿਚ ਕਈ ਲੋਕਾਂ ਦੀਆਂ ਕੋਸ਼ਿਸ਼ਾਂ, ਹਿੰਮਤ-ਅਫ਼ਜ਼ਾਈ ਅਤੇ ਸਹਿਯੋਗ ਸ਼ਾਮਲ ਹੈ।
ਮੈਂ ਆਪਣੇ ਰੇਕੀ ਗੁਰੂ ਡਾਕਟਰ ਨਲਿਨ ਨਰੂਲਾ ਅਤੇ ਸ੍ਰੀਮਤੀ ਰੇਣੂ ਨਰੂਲਾ ਦੀ ਅਤੀ ਧੰਨਵਾਦੀ ਹਾਂ। ਜਦੋਂ ਵੀ ਮੈਨੂੰ ਇਸਤਰ੍ਹਾਂ ਮਹਿਸੂਸ ਹੋਇਆ ਕਿ ਅੰਮ੍ਰਿਤਾ ਜੀ ਦੇ ਇਲਾਜ ਵਿਚ ਮੈਨੂੰ ਆਪਣੇ ਗੁਰੂਆਂ ਦੀ ਸਹਾਇਤਾ ਦੀ ਲੋੜ ਹੈ ਤਾਂ ਰੇਣੂ ਜੀ ਮੇਰੀ ਬੇਨਤੀ ਉੱਤੇ ਕਈ ਵਾਰ ਉਹਨਾਂ ਨੂੰ ਵੇਖਣ ਆਏ। ਉਹ ਮੇਰਾ ਮਾਰਗ-ਦਰਸ਼ਨ ਕਰਦੇ ਰਹੇ ਤੇ ਮੈਨੂੰ ਹੌਸਲਾ ਵੀ ਦਿੰਦੇ ਰਹੇ।
ਕਿਤਾਬ ਦੇ ਕੰਮ ਨੂੰ ਪੂਰਾ ਕਰਨ ਵਿਚ ਮੇਰੀ ਧੀ ਸੋਮਿਆ ਦਾ ਬਹੁਤ ਯੋਗਦਾਨ ਹੈ। ਆਪਣੀ ਪੀ-ਐੱਚ.ਡੀ. ਦੀ ਪੜ੍ਹਾਈ ਵਿਚ ਰੁੱਝੇ ਹੋਣ ਦੇ ਬਾਵਜੂਦ ਉਹ ਉਥੇ ਵਿਦੇਸ਼ ਵਿਚ ਬੈਠੀ ਮੈਨੂੰ ਪ੍ਰੇਰਤ ਅਤੇ ਉਤਸ਼ਾਹਿਤ ਕਰਦੀ ਰਹੀ। ਮੇਰੇ ਪਤੀ ਡਾ. ਤ੍ਰਿਲੋਕ ਨੇ ਖਰੜੇ ਨੂੰ ਸੁਧਾਰਨ ਲਈ ਪਰਖ-ਪੜਚੋਲ ਕਰਨ ਵਿਚ ਮੇਰੀ ਬਹੁਤ ਸਹਾਇਤਾ ਕੀਤੀ।
ਮੈਂ ਅਹਿਸਾਨਮੰਦ ਹਾਂ ਆਪਣੀ ਸ਼ਾਇਰਾ ਦੋਸਤ ਤਰੱਨੁੰਮ ਰਿਆਜ਼ ਦੀ ਅਤੇ ਲੇਖਕ-ਕਵੀ ਰਖ਼ਸ਼ਤ ਪੁਰੀ, ਇੰਦਰ ਬੱਤਰਾ 'ਸਾਹਿਲ ਅਤੇ ਜੈਪਾਲ ਨਾਂਗੀਆ ਦੀ, ਜਿਨ੍ਹਾਂ ਗਾਹੇ-ਬਗਾਹੇ ਮੇਰਾ ਹੌਸਲਾ ਵਧਾਇਆ।
ਅਸਲ ਵਿਚ ਜਿਸ ਸ਼ਖਸ ਦੀ ਬਦੌਲਤ ਇਹ ਕਿਤਾਬ ਤਾਮੀਰ ਹੋ ਸਕੀ ਹੈ, ਉਹ ਹੈ ਇਮਰੋਜ਼ ! ਉਹਨਾਂ ਇਕ ਵਾਰ ਕਿਹਾ ਸੀ :
''ਰੱਬ ਨੇ ਬੰਦੇ ਬਣਾਏ ਤੇ ਬੰਦਿਆਂ ਨੇ ਦੋਸਤੀਆਂ। ਮੇਰੀ ਅਤੇ ਅੰਮ੍ਰਿਤਾ, ਦੋਹਾਂ ਦੀ ਦੋਸਤ ਹੈ ਉਮਾ। ਸਾਡਾ ਨੇੜੇ ਦਾ ਦੋਸਤ ਉਹ ਹੈ ਜਿਸ ਦੇ ਕੋਲ ਹੋਣ ਦਾ ਅਸੀਂ ਪੂਰਾ ਆਨੰਦ ਲੈਂਦੇ ਹਾਂ। ਸਾਡੀਆਂ ਗੱਲਾਂ-ਬਾਤਾਂ ਅਤੇ ਸੁਣਨ-ਸੁਨਾਉਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ, ਟੈਲੀਫ਼ੋਨ ਉੱਤੇ ਵੀ ਤੇ ਮਿਲ ਕੇ ਵੀ। ਦੋਸਤੀ ਦਾ ਵੀ ਇਕ ਦਰਿਆ ਹੁੰਦਾ ਹੈ ਜਿਹੜਾ ਦੋਸਤਾਂ ਨੂੰ ਜਰਖੇਜ਼ ਕਰਦਾ ਰਹਿੰਦਾ ਹੈ।"
ਇਮਰੋਜ਼ ਖ਼ੁਦ ਇਕ ਖੁਲ੍ਹੀ ਕਿਤਾਬ ਹੈ। ਉਹ ਹਸਦੇ-ਹਸਦੇ ਗੱਲਾਂ ਕਰਦੇ ਆਪਣੇ ਜਜ਼ਬਾਤ ਤੇ ਤਜ਼ਰਬੇ ਖੁਲ੍ਹੇ ਦਿਲ ਨਾਲ ਵੰਡਦੇ ਰਹੇ, ਚਾਹ ਦੇ ਪਿਆਲੇ ਉੱਤੇ, ਜਿਹੜੀ ਆਮਤੌਰ ਉੱਤੇ ਉਹ ਖੁਦ ਹੀ ਬਣਾਉਂਦੇ ਸਨ। ਪੁੱਛਣ ਉੱਤੇ ਉਹ ਆਪਣੀਆਂ ਤਸਵੀਰਾਂ ਬਾਰੇ ਵੀ ਤਪਸਰਾ ਕਰਦੇ। ਜਦੋਂ ਕਦੀ ਵੀ ਮੈਂ ਉਹਨਾਂ ਨੂੰ ਕੋਈ ਨਿੱਜੀ ਸੁਆਲ ਪੁੱਛਿਆ, ਤਾਂ ਵੀ ਉਹ ਬਿਨਾਂ ਝਿਜਕ ਜੁਆਬ ਦਿੰਦੇ ਰਹੇ।
ਇਮਰੋਜ਼ ! ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ।
ਹੁਣ ਅੰਮ੍ਰਿਤਾ ਵਰਗੀ ਦੋਸਤ ਦਾ ਸ਼ੁਕਰੀਆ ਕੋਈ ਕਿਸ ਤਰ੍ਹਾਂ ਕਰੇ ਜਿਹੜੇ ਪਹਿਲਾਂ ਮੇਰੇ ਲਈ ਅੰਮ੍ਰਿਤਾ ਜੀ ਸਨ ਤੇ ਫੇਰ ਅੰਮ੍ਰਿਤਾ ਹੋ ਗਏ।
ਮੈਂ ਵਿਸ਼ੇਸ਼ ਤੌਰ 'ਤੇ ਸੁਕਰਗੁਜ਼ਾਰ ਹਾਂ ਗੁਲਜ਼ਾਰ ਜੀ ਦੀ, ਜੋ ਖੁਦ ਇਕ ਲੀਜੈਂਡ ਹਨ। ਉਹਨਾਂ ਨੇ ਦੋ ਲੀਜੈਂਡਸ ਅੰਮ੍ਰਿਤਾ ਅਤੇ ਇਮਰੋਜ਼ ਦੀ ਤੁਹਾਡੇ ਨਾਲ ਖੂਬ ਜਾਣ- ਪਛਾਣ ਕਰਾਈ ਹੈ।
ਆਖ਼ਰ ਵਿਚ, ਮੈਂ ਸ਼ੁਕਰਗੁਜ਼ਾਰ ਹਾਂ ਉਸ ਰੱਬ ਦੀ ਜੀਹਨੇ ਮੈਨੂੰ ਇਸਤਰ੍ਹਾਂ ਦੇ ਦੇ ਮਨੁੱਖਾਂ ਨਾਲ ਗੁਫ਼ਤਗੂ ਕਰਨ ਦਾ ਅਵਸਰ ਦਿੱਤਾ, ਜਿਹੜੇ ਪਿਆਰ-ਮੁਹੱਬਤ ਅਤੇ ਦੋਸਤੀ ਦੀ ਇਕ ਅਨੋਖੀ ਮਿਸਾਲ ਹਨ।
—ਉਮਾ ਤ੍ਰਿਲੋਕ
ਇਕ
1996 ਵਿਚ ਦੇਹਰਾਦੂਨ ਤੋਂ ਦਿੱਲੀ ਪਰਤਦਿਆਂ ਮੈਂ ਅੰਮ੍ਰਿਤਾ ਪ੍ਰੀਤਮ ਦੀ ਕਿਤਾਬ 'ਸਮਟਾਈਮਜ਼ ਆਈ ਟੈੱਲ ਦਿਸ ਟੂ ਦਿ ਰਿਵਰ' ਜਿਸਦਾ ਅਨੁਵਾਦ ਆਰਲੀਨ ਜਾਇਦੇ ਨੇ ਕੀਤਾ ਹੈ, ਖ਼ਰੀਦ ਲਈ।
ਮੈਂ ਬਿਨਾਂ ਅਟਕੇ ਸਾਰੇ ਰਾਹ ਉਹ ਕਿਤਾਬ ਪੜ੍ਹਦੀ ਰਹੀ। ਉਹਨਾਂ ਦੇ ਸ਼ਬਦਾਂ ਨੇ ਜਿਵੇਂ ਮੈਨੂੰ ਬੰਨ੍ਹ ਲਿਆ ਹੋਵੇ। ਉਹਨਾਂ ਦੀ ਕਵਿਤਾ 'ਅਰਲੀ ਸਪ੍ਰਿੰਗ' ਵਿਚ ਉਹਨਾਂ ਦੇ ਸ਼ਬਦ 'ਬੈਗਿੰਗ ਫ਼ਾਰਏ ਪਿੰਚ ਆਫ਼ ਚੈਟ ਮਸਕ' ਅਤੇ 'ਸੰਨ ਆਸਕਿੰਗ ਫਾਰ ਐਨ ਐਂਬਰ ਟੂ ਕਿੰਡਲ ਹਿਜ਼ ਫਾਇਰ' ਨੇ ਮੇਰੇ ਮਨ ਦੇ ਤਾਰਾਂ ਨੂੰ ਝੁਣਝੁਣੀ ਲਾ ਦਿੱਤੀ। ਉਹਨਾਂ ਦੀ ਕਵਿਤਾ 'ਵਿੰਡੋ' ਵਿਚ 'ਟਾਈਮ ਗਾਟ ਬੂਜ਼ਡ ਐਂਡ ਬਲੇਡ' ਵਰਗੇ ਸ਼ਬਦਾਂ ਨੇ ਮੈਨੂੰ ਵਕਤ ਦੇ ਕਿਸੇ ਦੂਸਰੇ ਦਾਇਰੇ ਵਿਚ ਪਹੁੰਚਾ ਦਿੱਤਾ। ਉਹਨਾਂ ਦੀ ਕਵਿਤਾ 'ਏ ਮੀਟਿੰਗ' ਮੈਨੂੰ ਇਕ ਅਨੋਖੇ ਆਲਮ ਵਿਚ ਲੈ ਗਈ। ਇਕ ਇਹੋ ਜਿਹੇ ਮਹੌਲ ਵਿਚ ਜੋ ਦੁਨਿਆਵੀ ਨਹੀਂ ਸੀ, ਸਗੋਂ ਇਸ ਜਹਾਨ ਫਾਨੀ ਤੋਂ ਵੀ ਪਰ੍ਹਾਂ ਸੀ।
ਉਹਨਾਂ ਲਿਖਿਆ ਸੀ :
ਫੇਰ ਸਵੇਰੇ ਸਵੇਰੇ
ਅਸੀਂ ਕਾਗ਼ਜ਼ ਦੇ ਪਾਟੇ ਹੋਏ ਟੁਕੜਿਆਂ ਵਾਂਗ ਮਿਲੇ
ਮੈਂ ਆਪਣੇ ਹੱਥ ਵਿਚ ਉਸਦਾ ਹੱਥ ਲਿਆ
ਉਹਨੇ ਆਪਣੀਆਂ ਬਾਹਵਾਂ ਵਿਚ ਮੈਨੂੰ ਘੁੱਟ ਲਿਆ
ਤੇ ਫਿਰ ਅਸੀਂ ਦੋਵੇਂ ਇਕ ਸੈਂਸਰ ਵਾਂਗ ਹੱਸੇ
ਤੇ ਫਿਰ ਕਾਗ਼ਜ਼ ਨੂੰ ਇਕ ਠੰਢੇ ਮੇਜ਼ ਉੱਤੇ ਰੱਖ ਕੇ
ਉਸ ਸਾਰੀ ਨਜ਼ਮ ਉੱਤੇ ਲੀਕ ਫੇਰ ਦਿੱਤੀ।
ਇਕ ਹੋਰ ਥਾਂ ਉਹ ਲਿਖਦੇ ਨੇ :
"ਤਵਾਰੀਖ ਅੱਜ ਚੌਂਕੇ ਵਿਚੋਂ ਭੁੱਖਣ ਭਾਣੀ ਉੱਠ ਗਈ ਹੈ।"
ਉਹ ਆਪਣੇ ਤਜ਼ਰਬੇ ਨੂੰ ਜਿਵੇਂ ਕਿਸੇ ਮੁਸੱਵਰ ਦੀ ਤਰ੍ਹਾਂ ਆਪਣੇ ਬੁਰਸ਼ ਛੋਹਾਂ ਨਾਲ ਵਿਖਾ-ਦਰਸਾ ਰਹੇ ਹੋਣ।
"ਵਕਤ ਨੇ ਉਸਦੀ ਜ਼ਿੰਦਗੀ ਕੋਲੋਂ ਅੰਗਿਆਰ ਖੋਹ ਲਏ ਤੇ ਆਪਣੀਆਂ ਉਂਗਲਾਂ ਲੂਹ ਬੈਠਾ।"
ਉਹਨਾਂ ਦੇ ਇਹੋ ਜਿਹੇ ਫਲਸਫ਼ੇ ਭਰੇ ਅਲਫ਼ਾਜ਼ ਮੈਨੂੰ ਅਧਿਆਤਮ ਉਚਾਈ ਤਕ ਲੈ ਗਏ। ਮੈਂ ਜਿਉਂ ਜਿਉਂ ਸਫੇ ਉਥੱਲਦੀ ਗਈ, ਮੈਨੂੰ ਲੇਖਕਾ ਆਪਣੇ ਹੋਰ ਨੇੜੇ ਆਉਂਦੀ ਮਹਿਸੂਸ ਹੋਈ। ਕਿਤਾਬ ਦੇ ਆਖਰੀ ਪੰਨੇ ਤਕ ਪਹੁੰਚਦਿਆਂ ਅੰਮ੍ਰਿਤਾ ਜੀ ਨਾਲ ਮੁਲਾਕਾਤ ਦੀ ਪ੍ਰਬਲ ਇੱਛਾ ਨੇ ਮੈਨੂੰ ਘੇਰ ਲਿਆ।
ਹੁਣ ਮੈਂ ਦਿੱਲੀ ਵਿਚ ਉਹਨਾਂ ਦੀ ਤਲਾਸ਼ ਕਰ ਰਹੀ ਸਾਂ। ਮੈਂ ਲਗਾਤਾਰ ਇਕ ਇਹੋ ਜਿਹੇ ਸਖਸ਼ ਦੀ ਖੋਜ ਵਿਚ ਸਾਂ ਜਿਹੜਾ ਅੰਮ੍ਰਿਤਾ ਜੀ ਨਾਲ ਮੇਰੀ ਵਾਕਫ਼ੀਅਤ ਕਰਾ ਦੇਵੇ। ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ, ਇਕ ਸਾਹਿਤਕ ਗੋਸ਼ਟੀ ਦੌਰਾਨ ਮੇਰੀ ਮੁਲਾਕਾਤ ਅੰਮ੍ਰਿਤਾ ਜੀ ਦੇ ਇਕ ਲੇਖਕ ਦੋਸਤ ਨਾਲ ਹੋ ਗਈ। ਮੈਂ ਉਹਨਾਂ ਨੂੰ ਕਿਹਾ ਕਿ ਉਹ ਅੰਮ੍ਰਿਤਾ ਜੀ ਨਾਲ ਮੇਰੀ ਮੁਲਾਕਾਤ ਕਰਾ ਦੇਣ।
"ਉਹਨਾਂ ਦੀ ਸਿਹਤ ਅੱਜ ਕਲ੍ਹ ਠੀਕ ਨਹੀਂ। ਇਸ ਲਈ ਉਹ ਕਿਸੇ ਨੂੰ ਮਿਲਦੇ ਜੁਲਦੇ ਵੀ ਨਹੀਂ।" ਉਹਨਾਂ ਕਿਹਾ। ਮੇਰੇ ਬਜ਼ਿਦ ਹੋਣ 'ਤੇ ਉਹਨਾਂ ਝਿਜਕਦਿਆਂ ਹੋਇਆ ਮੈਨੂੰ ਅੰਮ੍ਰਿਤਾ ਜੀ ਦਾ ਪਤਾ ਅਤੇ ਟੈਲੀਫ਼ੋਨ ਨੰਬਰ ਦੇ ਦਿੱਤਾ।
ਦਿਨ-ਬਦਿਨ ਅੰਮ੍ਰਿਤਾ ਜੀ ਨੂੰ ਮਿਲਣ ਦੀ ਮੇਰੀ ਇੱਛਾ ਜ਼ੋਰ ਫੜਦੀ ਜਾ ਰਹੀ ਸੀ। ਮੈਂ ਸੋਚਦੀ ਰਹਿੰਦੀ ਸਾਂ ਕਿ ਉਹਨਾਂ ਨੂੰ ਮਿਲਣ ਦਾ ਕੀ ਢੰਗ ਲੱਭਿਆ ਜਾਵੇ।
ਇਸੇ ਦੌਰਾਨ ਮੇਰਾ ਦੂਸਰਾ ਕਵਿਤਾ ਸੰਗ੍ਰਹਿ ਛਪ ਕੇ ਆ ਗਿਆ ਅਤੇ ਨਾਲ ਹੀ ਮੇਰੀਆਂ ਕਵਿਤਾਵਾਂ ਦੀ ਆਡੀਓ ਕੈਸਟ ਵੀ। ਮੇਰੀ ਇਕ ਦੋਸਤ ਨੇ ਸਲਾਹ ਦਿੱਤੀ ਕਿ ਮੈਨੂੰ ਆਪਣੀ ਕਿਤਾਬ ਤੇ ਆਡੀਓ ਕੈਸਟ ਅੰਮ੍ਰਿਤਾ ਜੀ ਨੂੰ ਭੇਟ ਕਰਨੀ ਚਾਹੀਦੀ ਹੈ ਤਾਂਕਿ ਉਹਨਾਂ ਕੋਲੋਂ ਮਾਰਗਦਰਸ਼ਨ ਹਾਸਲ ਕਰ ਸਕਾਂ। ਉਹਦੀ ਸਲਾਹ ਮੈਨੂੰ ਬਹੁਤ ਪਸੰਦ ਆਈ।
ਹੁਣ ਮੈਂ ਅੰਮ੍ਰਿਤਾ ਜੀ ਦੇ ਸਿਹਤਯਾਬ ਹੋਣ ਦੀ ਉਡੀਕ ਕਰਨ ਲੱਗ ਪਈ।
ਦੋ
ਮੈਂ ਬਚਪਨ ਤੋਂ ਹੀ ਅੰਮ੍ਰਿਤਾ ਜੀ ਬਾਰੇ ਜਾਣਦੀ ਸਾਂ। ਮੈਂ ਉਹਨਾਂ ਦੇ ਲਿਖੇ ਹੋਏ ਕਈ ਗੀਤ ਗਾਏ ਸਨ। ਸ਼ਾਇਦ ਮੈਂ ਸਿਰਫ਼ ਬਾਰਾਂ ਸਾਲ ਦੀ ਸਾਂ ਜਦੋਂ ਉਹਨਾਂ ਦਾ ਲਿਖਿਆ ਹੋਇਆ ਇਕ ਗੀਤ ਇਕ ਮਹਿਫ਼ਲ ਵਿਚ ਗਾਇਆ ਸੀ। ਉਦੋਂ ਮੈਂ ਉਹਨਾਂ ਦੇ ਗੀਤਾਂ ਦੀ ਗਹਿਰਾਈ ਅਤੇ ਅਰਥਾਂ ਤਕ ਨਹੀਂ ਸਾਂ ਪਹੁੰਚ ਸਕਦੀ, ਪਰ ਉਹਨਾਂ ਵਿਚ ਰਚੀ ਹੋਈ ਲੈਅ-ਤਾਲ ਮੈਨੂੰ ਖੂਬ ਆਨੰਦ ਦਿੰਦੀ ਸੀ। ਵਕਤ ਬੀਤਣ ਨਾਲ ਉਹਨਾਂ ਦੇ ਗੀਤਾਂ ਨੇ ਮੇਰੇ ਦਿਲ ਵਿਚ ਇਕ ਖਾਸ ਥਾਂ ਬਣਾ ਲਿਆ ਸੀ। ਜਦੋਂ ਵੀ ਮੈਂ ਕਦੀ ਉਹਨਾਂ ਦੀਆਂ ਕਿਤਾਬਾਂ ਪੜ੍ਹਦੀ ਜਾਂ ਉਹਨਾਂ ਨੂੰ ਰੇਡੀਓ ਉੱਤੇ ਸੁਣਦੀ, ਟੀ ਵੀ ਉੱਤੇ ਵੇਖਦੀ ਤਾਂ ਮੇਰੇ ਦਿਲ ਵਿਚ ਜਜ਼ਬਾਤ ਦੀ ਇਕ ਅਜੀਬ ਜਿਹੀ ਤਰੰਗ ਛਿੜ ਪੈਂਦੀ ਜਿਹੜੀ ਮੈਨੂੰ ਉਹਨਾਂ ਦੇ ਹੋਰ ਕਰੀਬ ਲੈ ਜਾਂਦੀ।
ਸਕੂਲ ਅਤੇ ਕਾਲਜ ਦੇ ਦਿਨਾਂ ਵਿਚ ਮੈਂ ਨਿਰੰਤਰ ਉਹਨਾਂ ਦੇ ਗੀਤਾਂ ਨੂੰ ਗਾਉਂਦੀ ਰਹੀ। ਅੱਜ ਵੀ ਮੈਨੂੰ ਉਸ ਸਭਾ ਦਾ ਸੰਨਾਟਾ, ਸੰਵੇਦਨਾ ਨਾਲ ਲਬਰੇਜ਼ ਮਾਹੌਲ, ਸੁਣਨ ਵਾਲਿਆਂ ਦੀਆਂ ਅੱਖਾਂ ਵਿਚ ਤੈਰਦੀ ਨਮੀਂ ਅਤੇ ਮੇਰੀਆਂ ਆਪਣੀਆਂ ਪਲਕਾਂ ਉੱਤੇ ਠਹਿਰੇ ਅੱਥਰੂ ਯਾਦ ਨੇ, ਜਦੋਂ ਮੈਂ ਉਹਨਾਂ ਦਾ ਮਸ਼ਹੂਰ ਗੀਤ 'ਵਾਰਸ ਸ਼ਾਹ' ਗਾਇਆ ਸੀ ਜਿਹੜਾ ਉਹਨਾਂ ਭਾਰਤ-ਪਾਕ ਦੀ ਵੰਡ ਵੇਲੇ ਲਿਖਿਆ ਸੀ।
ਇਹ ਗੀਤ ਜਦੋਂ ਵੀ ਕਿਤੇ ਗਾਇਆ ਜਾਂਦਾ ਹੈ ਤਾਂ ਸਭਾ ਵਿਚ ਇਹੋ ਜਿਹਾ ਸੰਨਾਟਾ ਹੀ ਪੱਸਰ ਜਾਂਦਾ ਹੈ, ਕੁਝ ਸਰੋਤੇ ਤਾਂ ਭਾਵੁਕ ਹੋ ਕੇ ਰੋਣ ਵੀ ਲੱਗ ਪੈਂਦੇ ਹਨ।
...ਅਤੇ ਬਾਅਦ ਵਿਚ ਨਜ਼ਮ ਅਤੇ ਉਹਦੀ ਸ਼ਾਇਰਾ ਲਈ ਮੱਠੀਆਂ ਮੱਠੀਆਂ ਤਾੜੀਆਂ ਵਜਦੀਆਂ ਨੇ। ਉਹਨਾਂ ਦੇ ਬੋਲ ਅਤੇ ਭਾਵ ਸਰੋਤੇ ਨੂੰ ਵੀ ਰੁਕਣ, ਸੁਣਨ, ਮਹਿਸੂਸ ਕਰਨ ਅਤੇ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ। ਖ਼ਾਸ ਕਰ ਵੰਡ ਦਾ ਦਰਦ, ਤਕਲੀਫ਼ ਤੇ ਦੁੱਖ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ।
ਮੈਨੂੰ ਯਾਦ ਸੀ, ਅੰਮ੍ਰਿਤਾ ਜੀ ਦਾ ਜਨਮ ਦਿਨ 31 ਅਗਸਤ ਨੂੰ ਹੁੰਦਾ ਹੈ। ਉਹਨਾਂ ਨੂੰ ਮਿਲਣ ਦਾ ਇਹ ਇਕ ਚੰਗਾ ਅਵਸਰ ਸੀ। ਮੈਂ ਉਹਨਾਂ ਦੇ ਇਕ ਲੇਖਕ ਦੋਸਤ ਨੂੰ ਫੋਨ ਕੀਤਾ। ਮੈਨੂੰ ਪਤਾ ਸੀ ਕਿ ਉਹ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਜ਼ਰੂਰ ਜਾਣਗੇ। ਮੈਂ ਉਹਨਾਂ ਨੂੰ ਅੰਮ੍ਰਿਤਾ ਜੀ ਨਾਲ ਇਕ ਛੋਟੀ ਜਿਹੀ ਮੁਲਾਕਾਤ
ਕਰਵਾਉਣ ਦੀ ਗੁਜਾਰਿਸ਼ ਕੀਤੀ। ਉਹਨਾਂ ਨੇ ਅੰਮ੍ਰਿਤਾ ਜੀ ਨੂੰ ਫੋਨ ਕੀਤਾ ਤੇ ਉਹ ਮੰਨ ਗਏ।
ਮੈਂ ਬਹੁਤ ਖੁਸ਼ ਸਾਂ, ਬਹੁਤ ਉਤੇਜਿਤ ਸਾਂ। ਅੰਮ੍ਰਿਤਾ ਜੀ ਨੂੰ ਮਿਲਣ ਜਾਣਾ ਮੇਰੇ ਲਈ ਇਕ ਵਿਸ਼ੇਸ਼ ਅਵਸਰ ਸੀ। ਮੈਂ ਉਚੇਚੀ ਤਿਆਰ ਹੋਈ। ਫੁੱਲਾਂ ਵਾਲੀ ਦੁਕਾਨ ਤੋਂ ਸਭ ਤੋਂ ਵੱਧ ਸੁਹਣਾ ਦਿਸਦਾ ਗੁਲਦਸਤਾ ਖਰੀਦ ਲਿਆ। ਹੌਜ਼ ਖ਼ਾਸ ਸਥਿਤ ਉਹਨਾਂ ਦੇ ਘਰ ਅਸੀਂ ਲਗਪਗ ਸਾਢੇ ਗਿਆਰਾਂ ਵਜੇ ਪਹੁੰਚ ਗਏ।
ਚਹੁੰ ਪਾਸਿਆਂ ਤੋਂ ਰੁੱਖਾਂ ਨਾਲ ਘਿਰਿਆ ਉਹਨਾਂ ਦਾ ਤਿੰਨ ਮੰਜ਼ਿਲਾ ਮਕਾਨ, ਗਮਲਿਆਂ ਵਿਚ ਬਹੁਤ ਸਾਰੇ ਬੂਟੇ, ਵੇਲਾਂ ਨਾਲ ਸੱਜਿਆ ਹੋਇਆ ਕਾਰੀਡੋਰ, ਇਕ ਵੱਡੇ ਰੁੱਖ ਦੀ ਛਾਂ ਨਾਲ ਢੱਕਿਆ ਹੋਇਆ ਘਰ ਅਤੇ ਪੱਥਰਾਂ ਦੀ ਦੀਵਾਰ, ਜਿਸ ਉੱਤੇ ਬੜੇ ਕਲਾਤਮਕ ਢੰਗ ਨਾਲ ਗੇਰੂਏ ਰੰਗ ਵਿਚ ਲਿਖਿਆ ਹੈ : ਅੰਮ੍ਰਿਤਾ ਪ੍ਰੀਤਮ !
ਮੇਰੇ ਅੰਦਰ ਝੁਣਝੁਣੀ ਜਿਹੀ ਛਿੜੀ। ਪੋਰਚ ਨੂੰ ਪਾਰ ਕਰਦਿਆਂ ਹੀ ਸੱਜੇ ਪਾਸੇ ਲਕੜੀ ਦਾ ਦਰਵਾਜ਼ਾ ਹੈ ਜਿਸਨੂੰ ਪੀਲੇ-ਗੇਰੂਏ ਰੰਗ ਨਾਲ ਰੰਗਿਆ ਹੋਇਆ ਹੈ। ਇਸ ਦਰਵਾਜ਼ੇ ਦੇ ਸੱਜੇ ਪਾਸੇ ਬਹੁਤ ਹੀ ਛੋਟੇ ਸ਼ਬਦਾਂ ਵਿਚ ਲਿਖਿਆ ਹੈ, 'ਅੰਮ੍ਰਿਤਾ-ਇਮਰੋਜ਼ ਅਤੇ ਨਾਲ ਹੀ ਘੰਟੀ ਦਾ ਬਟਨ ਹੈ।
ਅੰਮ੍ਰਿਤਾ ਜੀ ਦੇ ਘਰ ਦੇ ਬਾਹਰ ਪੌਦਿਆਂ ਨੂੰ ਵੇਖ ਕੇ ਮੈਨੂੰ ਯਾਦ ਆਇਆ ਕਿ ਉਹਨਾਂ ਆਪਣੀ ਇਕ ਕਿਤਾਬ ਵਿਚ ਇਕ ਗੁਜਰਾਤੀ ਗਾਣੇ ਦਾ ਜ਼ਿਕਰ ਕੀਤਾ ਹੈ :
"ਸਈਆਂ ਰੇ ਮੇਰੀ ਗਲੀ ਕੋ ਛੈਲਕੜੀ ਪਹਿਨਾ ਦੇ...
ਇਥੇ ਉਹਨਾਂ ਕਲਪਨਾ ਕੀਤੀ ਹੈ ਇਕ ਕਹਾਣੀ ਦੀ, ਮਿੱਟੀ ਦੇ ਬਣੇ ਘਰਾਂ ਦੀ, ਟਾਈਲਾਂ ਨਾਲ ਢੱਕੀਆਂ ਛੱਤਾਂ ਦੀ, ਜਿਥੇ ਇਕ ਹੁਸਨ ਮੌਲਦਾ ਹੈ ਅਤੇ ਇਕ ਸ਼ਹਿਰੀ ਮੁੰਡੇ ਉੱਤੇ ਮਰ ਮਿਟਦਾ ਹੈ। ਕੁੜੀ ਆਪਣੀ ਸਾਧਾਰਨ ਬਸਤੀ ਵੱਲ ਵੇਖ ਕੇ ਹੀਨ- ਭਾਵਨਾ ਨਾਲ ਭਰੀ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਉਹ ਛੈਲਕੜੀ ਦਾ ਇਕ ਪੌਦਾ ਉਹਦੀ ਗਲੀ ਵਿਚ ਲੁਆ ਦੇਵੇ ਤਾਂਕਿ ਉਸ ਗਲੀ ਦੀ, ਉਸ ਬਸਤੀ ਦੀ ਸ਼ਾਨ ਵਧ ਜਾਵੇ।
ਜਿਉਂ ਹੀ ਮੈਂ ਘਰ ਵਿਚ ਦਾਖ਼ਲ ਹੋਈ, ਮੇਰੀ ਨਜ਼ਰ ਫੈਲਕੜੀ ਦੇ ਉਹੀ ਹਰੇ ਪੱਤੇ ਤੇ ਗੂੜ੍ਹੇ ਲਾਲ ਰੰਗ ਦੇ ਫੁੱਲਾਂ ਨੂੰ ਲੱਭਣ ਲੱਗ ਪਈ। ਅੰਮ੍ਰਿਤਾ ਜੀ ਨੇ ਇਕ ਵਾਰ ਲਿਖਿਆ ਸੀ ਕਿ ਉਹਨਾਂ ਨੂੰ ਯਾਦ ਨਹੀਂ ਕਿ ਕਦੋਂ ਉਹਨਾਂ ਨੇ ਇਮਰੋਜ਼ ਨੂੰ ਛੈਲਕੜੀ ਦਾ ਇਕ ਬੂਟਾ ਲਾਉਣ ਲਈ ਆਖਿਆ ਸੀ ਅਤੇ ਕਦੋਂ ਇਮਰੋਜ਼ ਜੀ ਨੇ ਉਹਨਾਂ ਦੀ ਇਹ ਗੱਲ ਸੁਣ ਲਈ ਅਤੇ ਉਹਨਾਂ ਦੇ ਘਰ ਦੇ ਵਿਹੜੇ ਵਿਚ ਤੇ ਛੱਤ ਦੇ ਚਹੁੰ ਕੋਨੀ ਛੈਲਕੜੀ ਦੇ ਪੌਦੇ ਲਗਵਾ ਦਿੱਤੇ।
ਹੁਣ ਉਹ ਆਪਣੀ ਜ਼ਿੰਦਗੀ ਦੀ ਸ਼ਾਮ ਵੇਲੇ ਇਮਰੋਜ਼ ਦਾ ਹੱਥ ਫੜ ਕੇ, ਛੈਲਕੜੀ ਦੇ ਪੌਦੇ ਨੂੰ ਆਪਣੇ ਬੁਲ੍ਹਾਂ ਨਾਲ ਛੂਹਣ ਲਈ, ਹੌਲੀ ਹੌਲੀ ਪੌੜੀਆਂ ਚੜ੍ਹ ਕੇ ਛੱਤ ਉੱਤੇ ਜਾਂਦੀ ਹੈ।
ਤਿੰਨ
ਅੰਮ੍ਰਿਤਾ ਜੀ ਘਰ ਦੀ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਹਨ। ਅਸੀਂ ਪੌੜੀਆਂ ਰਾਹੀ ਉਪਰ ਜਾ ਰਹੇ ਸਾਂ। ਇਮਰੋਜ਼ ਜੀ ਦੀਆਂ ਪੇਂਟਿੰਗਸ ਨਾਲ ਉਹ ਰਾਹ ਫਬਿਆ ਹੋਇਆ ਸੀ। ਉਹਨਾਂ ਪੌੜੀਆਂ ਰਾਹੀਂ ਉਪਰ ਜਾਣਾ ਆਪਣੇ ਆਪ ਵਿਚ ਅਨੂਠਾ ਅਨੁਭਵ ਸੀ। ਅਤੇ ਦਿਲਚਸਪ ਵੀ। ਹਰ ਪੇਂਟਿੰਗ ਵਿਚ ਅੰਮ੍ਰਿਤਾ ਜੀ ਸਨ ਅਤੇ ਹਰ ਪੇਂਟਿੰਗ ਦਾ ਇਕ ਵੱਖਰਾ ਅੰਦਾਜ਼ ਸੀ, ਉਹਨਾਂ ਦੀ ਸ਼ਖਸੀਅਤ ਦਾ ਇਕ ਵੱਖਰਾ ਪਹਿਲੂ ਝਾਕ ਰਿਹਾ ਸੀ।
ਮੈਂ ਪੇਂਟਿੰਗਸ ਨੂੰ ਥੋੜ੍ਹਾ ਥੋੜ੍ਹਾ ਰੁਕ ਕੇ ਵੇਖਣਾ ਚਾਹੁੰਦੀ ਸਾਂ ਤਾਂਕਿ ਉਹਨਾਂ ਦੀ ਸ਼ਖਸੀਅਤ ਨੂੰ ਕੁਝ ਹੋਰ ਨੇੜਿਓਂ ਜਾਣ ਸਕਾਂ, ਪਹਿਚਾਣ ਸਕਾਂ।
ਕਲਾਕਾਰ ਇਮਰੋਜ਼ ਨੇ ਪੌੜੀਆਂ ਦੀ ਕੰਧ, ਲੈਂਪ ਸ਼ੇਡਸ ਆਦਿ ਸਭ ਥਾਈਂ ਆਪਣੀ ਪੈੜ ਛੱਡੀ ਹੋਈ ਸੀ। ਰੰਗੋਲੀ ਨਾਲ ਸੱਜਿਆ ਪੌੜੀਆਂ ਦਾ ਫਰਸ਼, ਉਸ ਉਪਰ ਕਿਧਰੇ ਕਿਧਰੇ ਰੱਖੇ ਹੋਏ ਸੱਜੇ-ਫ਼ਬੇ ਘੜੇ, ਸਭ ਦਾ ਤੁਅਲਕ ਵੇਖਣ ਨਾਲ ਹੀ ਸੀ। ਸਭ ਪਾਸੇ ਅੰਮ੍ਰਿਤਾ ਹੀ ਅੰਮ੍ਰਿਤਾ ਸੀ, ਜਿਵੇਂ ਇਮਰੋਜ਼ ਨੇ ਆਪਣੇ ਮਨ ਦੀ ਫੱਟੀ ਉਤੇ ਉਹਨਾਂ ਦੀ ਤਸਵੀਰ ਵਾਹੀ ਹੋਈ ਹੋਵੇ। ਜਿਵੇਂ ਇਕ ਜਿਸਮ ਤੇ ਇਕ ਰੂਹ, ਇਕ ਬੁੱਤ ਤੇ ਬਲਿਹਾਰੀ ਕੁਦਰਤ ਮਿਲ ਕੇ ਇਕ-ਆਕਾਰ ਹੋ ਰਹੇ ਹੋਣ।
ਹਾਲਾਂਕਿ ਅਸੀਂ ਹਾਲੇ ਘਰ ਅੰਦਰ ਦਾਖ਼ਲ ਨਹੀਂ ਸਾਂ ਹੋਏ, ਫਿਰ ਵੀ ਇਸਤਰ੍ਹਾਂ ਲੱਗ ਰਿਹਾ ਸੀ ਜਿਵੇਂ ਅੰਮ੍ਰਿਤਾ ਜੀ ਨਾਲ ਟੁਕੜਿਆਂ ਵਿਚ ਮੇਰੀ ਮੁਲਾਕਾਤ ਹੋ ਗਈ ਹੋਵੇ। ਜਿਵੇਂ ਉਹਨਾਂ ਦੀ ਭਿੰਨੀ ਭਿੰਨੀ ਖੁਸ਼ਬੂ ਮੈਨੂੰ ਆਉਣ ਲੱਗ ਪਈ ਸੀ, ਮੈਨੂੰ ਲੱਗ ਰਿਹਾ ਸੀ, ਜਿਵੇਂ ਉਹ ਮੇਰੇ ਨੇੜੇ ਹੀ ਕਿਤੇ ਸਨ, ਉਹ ਅੰਮ੍ਰਿਤਾ ਜਿਹੜੇ ਆਪਣੇ ਕਿਰਦਾਰਾਂ ਦਾ ਵੀ ਕੁਝ ਕੁਝ ਹਿੱਸਾ ਸਨ।
ਪੌੜੀਆਂ ਲੰਘ ਕੇ ਅਸੀਂ ਇਕ ਕਮਰੇ ਵਿਚ ਦਾਖਲ ਹੋ ਗਏ। ਉਸ ਕਮਰੇ ਦੇ ਖੱਬੇ ਪਾਸੇ ਸ਼ਾਇਦ ਭੋਜਨ ਵਾਲਾ ਕਮਰਾ ਸੀ। ਅਸੀਂ ਸੱਜੇ ਪਾਸੇ ਮੁੜੇ ਅਤੇ ਇਕ ਹੋਰ ਵੱਡੇ ਸਾਰੇ ਕਮਰੇ ਅੰਦਰ ਚਲੇ ਗਏ। ਉਥੇ ਬਹੁਤ ਸਾਰੀਆਂ ਪੇਂਟਿੰਗਸ ਅਤੇ ਕੈਲੀਗ੍ਰਾਫੀ ਦੀਆਂ ਤਸਵੀਰਾਂ ਸਨ। ਇਸ ਕਮਰੇ ਦੇ ਬਾਹਰ ਇਕ ਵੱਡੀ ਮੇਜ਼ ਸੀ, ਉਸ ਉੱਤੇ ਸੀਸਾ ਲੱਗਾ ਹੋਇਆ ਸੀ ਅਤੇ ਸ਼ੀਸ਼ੇ ਉਤੇ ਇਕ ਰੁੱਖ ਦੀ ਬਹੁਤ ਵੱਡੀ ਟਾਹਣੀ ਰੱਖੀ ਹੋਈ
ਸੀ। ਮੇਜ਼ ਉੱਤੇ ਰੱਖੀ ਟਾਹਣੀ ਅਤੇ ਉਸਦਾ ਪਰਛਾਵਾਂ ਦੋਵੇਂ ਇਕੱਠੇ ਵਿਖਾਈ ਦੇ ਰਹੇ ਸਨ। ਬੜਾ ਹੀ ਖੂਬਸੂਰਤ ਨਜ਼ਾਰਾ ਸੀ।
ਉਹ ਕੀਹ ਸੀ ? ਕਿਉਂ ਰੱਖੀ ਹੋਈ ਸੀ ? ਉਸਦੀ ਅਹਿਮੀਅਤ ਕੀ ਸੀ ? ਮੇਰੇ ਲਈ ਇਹ ਜਾਣਨਾ ਬਾਕੀ ਸੀ।
ਹੁਣ ਅਸੀਂ ਅੰਮ੍ਰਿਤਾ ਜੀ ਦੇ ਕਮਰੇ ਵਿਚ ਦਾਖਲ ਹੋਏ। ਉਹ ਆਪਣੇ ਬਿਸਤਰੇ ਦੇ ਇਕ ਪਾਸੇ ਬੈਠੇ ਹੋਏ ਸਨ। ਹਾਲਾਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਉਹ ਫੇਰ ਵੀ ਬਹੁਤ ਸੁਹਣੇ ਲੱਗ ਰਹੇ ਸਨ। ਮੋਹ ਅਤੇ ਆਦਰ ਵੱਸ ਮੈਥੋਂ ਆਪਣੀਆਂ ਨਜ਼ਰਾਂ ਉਹਨਾਂ ਦੇ ਚਿਹਰੇ ਤੋਂ ਪਰ੍ਹਾਂ ਹੀ ਨਹੀਂ ਸਨ ਹੋ ਰਹੀਆਂ।
ਮੇਰਾ ਸਤਿਕਾਰ ਸਵੀਕਾਰ ਕਰਦੇ ਹੋਏ ਉਹ ਮੁਸਕਰਾਉਣ ਲੱਗ ਪਏ। ਮੈਨੂੰ ਉਹਨਾਂ ਦੇ ਮੋਹ ਭਰੇ ਵਤੀਰੇ ਅਤੇ ਸਲੀਕੇ ਨੇ ਸਹਿਜੇ ਹੀ ਛੂਹ ਲਿਆ। ਮੈਂ ਹੌਲੀ ਜਿਹੀ ਉਹਨਾਂ ਦੀ ਗੋਦ ਵਿਚ ਗੁਲਦਸਤਾ ਰੱਖਦਿਆਂ ਕਿਹਾ, "ਹੈਪੀ ਬਰਥ ਡੇ!"
ਮੈਂ ਵੇਖਿਆ, ਉਹਨਾਂ ਦੇ ਕੋਮਲ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ ਸੀ। ਉਜਲੀ ਰੰਗਤ, ਕੱਟੇ ਹੋਏ ਨਿੱਕੇ ਨਿੱਕੇ ਵਾਲ, ਗਲ੍ਹ ਉੱਤੇ ਤਿਣ, ਨਾਜ਼ੁਕ ਬਦਨ, ਨੰਨੇ ਨੰਨੇ ਹੱਥ, ਸੁਹਣੀਆਂ ਜਿਹੀਆਂ ਪਤਲੀਆਂ ਉਂਗਲਾਂ ! ਮੈਂ ਹੈਰਾਨ ਸਾਂ ਕਿ ਨਾਜ਼ਕ ਜਿਹੀ ਇਸ ਔਰਤ ਨੇ ਏਨੇ ਸਮਰੱਥ ਅਤੇ ਵਿਆਪਕ ਰੂਪ ਵਿਚ ਸਾਹਿਤ ਦੀ ਸਿਰਜਣਾ ਕਿਸਤਰ੍ਹਾਂ ਕਰ ਦਿੱਤੀ ਸੀ।
ਅੰਮ੍ਰਿਤਾ ਜੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਹੈ। ਗਿਆਨਪੀਠ ਵਰਗੇ ਪ੍ਰਤਿਸ਼ਟਾ ਵਾਲੇ ਪੁਰਸਕਾਰ ਨਾਲ ਸਨਮਾਨਿਤ, ਪਹਿਲੋਂ ਪਦਮਸ਼ਿਰੀ ਅਤੇ ਫੇਰ ਪਦਮ-ਵਿਭੂਸ਼ਨ ਨਾਲ ਨਿਵਾਜੀ ਗਈ ਸੀ। ਦੇਸ਼-ਵਿਦੇਸ਼ ਤੋਂ ਕਈ ਵੱਡੇ ਸਨਮਾਨ ਉਹਨਾਂ ਨੂੰ ਪ੍ਰਾਪਤ ਹੋਏ ਸਨ ਅਤੇ ਛੇ ਵਿਸ਼ਵ-ਵਿਦਿਆਲਿਆਂ ਨੇ ਡਾਕਟਰ ਆਫ ਲਿਟਰੇਚਰ ਦਾ ਸਨਮਾਨ ਉਹਨਾਂ ਨੂੰ ਦਿੱਤਾ ਸੀ। ਇਸਤੋਂ ਇਲਾਵਾ ਅੰਮ੍ਰਿਤਾ ਜੀ ਨੂੰ 'ਪੰਜਾਬ ਦੀ ਆਵਾਜ਼' ਅਤੇ 'ਪੋਇਟ ਆਫ਼ ਦਿ ਮਿਲੇਨਿਅਮ' ਵਰਗੀਆਂ ਉਪਾਧੀਆਂ ਵੀ ਮਿਲੀਆਂ ਸਨ।
ਉਹਨਾਂ ਦੀਆਂ ਭੂਰੀਆਂ ਅੱਖਾਂ ਵਿਚ ਆਸ ਦੀ ਕਿਰਨ ਵਰਗੀ ਇਕ ਖ਼ਾਸ ਚਮਕ ਸੀ ਅਤੇ ਚਿਹਰੇ ਉਤੇ ਇਕਦਮ ਸ਼ਾਂਤ ਅਤੇ ਸੰਤੁਸ਼ਟਤਾ ਦਾ ਭਾਵ ਸੀ। ਕਿਸੇ ਪ੍ਰੇਸ਼ਾਨੀ ਜਾਂ ਸ਼ਕਾਇਤ ਦਾ ਕੋਈ ਚਿੰਨ ਨਹੀਂ ਸੀ। ਵਗਦੀ ਨਦੀ ਵਰਗੀ ਰਹੱਸਪੂਰਨ, ਧੀਮੀ, ਸ਼ਾਂਤ ਅਤੇ ਹਰ ਪੱਖੋਂ ਭਰੀ-ਪੂਰੀ ਸੀ ਅੰਮ੍ਰਿਤਾ।
ਮੈਂ ਇਸ ਅਨੁਭਵ ਨੂੰ, ਜਿਸਦੀ ਮੈਂ ਕਲਪਣਾ ਕੀਤੀ ਸੀ ਅਤੇ ਉਸ ਅਨੁਭਵ ਨੂੰ, ਜਿਸਦੀ ਮੈਂ ਕਲਪਣਾ ਤਕ ਵੀ ਨਹੀਂ ਸੀ ਕੀਤੀ, ਦੋਹਾਂ ਨੂੰ ਆਪਣੇ ਅੰਦਰ ਸਮੋਅ ਲੈਣਾ ਚਾਹੁੰਦੀ ਸੀ।
ਮੈਂ ਛੇਤੀ ਨਾਲ ਉੱਠ ਕੇ ਉਹਨਾਂ ਨੂੰ ਆਪਣੀ ਕਿਤਾਬ ਅਤੇ ਆਡੀਓ ਕੈਸਟ ਭੇਟ ਕਰ ਦਿੱਤੀ। ਕਿਤਾਬ ਨੂੰ ਹੱਥਾਂ ਵਿਚ ਲੈ ਕੇ ਉਹਨਾਂ ਗੰਭੀਰ ਤੇ ਤਹੱਮਲ ਭਰੀ ਆਵਾਜ਼
ਵਿਚ ਉਸ ਕਿਤਾਬ ਦਾ ਨਾਂ ਪੜ੍ਹਿਆ "ਖਿਆਲੋਂ ਕੇ ਸਾਏ। ਉਹਨਾਂ ਕਿਤਾਬ ਦੇ ਸਰਵਰਕ ਨੂੰ ਪ੍ਰਸੰਸਾਮਈ ਨਜ਼ਰ ਨਾਲ ਵੇਖਿਆ ਤੇ ਬੋਲੇ, "ਚੰਗਾ ਨਾਂ ਹੈ ਤੇ ਕਵਰ ਵੀ ਖੂਬਸੂਰਤ ਹੈ। ਚਿੱਟੇ ਅਤੇ ਕਾਲੇ ਰੰਗ ਦੀ ਵਰਤੋਂ ਚੰਗੀ ਹੋਈ ਹੈ।"
ਕਿਤਾਬ ਦੇ ਵਰਕੇ ਉਥੱਲਦਿਆਂ ਉਹਨਾਂ ਪੁੱਛਿਆ, "ਕੀ ਟੇਪ ਵਿਚਲੀਆਂ ਨਜ਼ਮਾਂ ਤੇਰੀ ਆਪਣੀ ਆਵਾਜ਼ ਵਿਚ ਨੇ ?”
ਮੈਂ 'ਹਾਂ' ਵਿਚ ਹੁੰਗਾਰਾ ਭਰਿਆ।
"ਕਵਿਤਾਵਾਂ ਨੂੰ ਟੇਪ ਵਿਚ ਪੇਸ਼ ਕਰਨ ਦਾ ਆਈਡੀਆ ਚੰਗਾ ਹੈ।" ਸੋਚ ਵਿਚ ਡੁੱਬੇ ਲਹਿਜ਼ੇ ਨਾਲ, ਉਹਨਾਂ ਕੁਝ ਮੁਗਧ ਹੋ ਕੇ ਮੇਰੇ ਵੱਲ ਵੇਖਿਆ ਤੇ ਬੋਲੇ।
ਅੰਮ੍ਰਿਤਾ ਜੀ ਦੀ ਆਵਾਜ਼ ਬਹੁਤ ਕੋਮਲ ਅਤੇ ਮਧੁਰ ਸੀ, ਕੋਈ ਕਾਹਲ ਜਾਂ ਕਲੇਸ਼ ਨਹੀਂ ਸੀ। ਉਹਨਾਂ ਦੇ ਧੁਰ ਅੰਦਰ ਜੇ ਕੋਈ ਬੇਚੈਨੀ ਜਾਂ ਹਰਖ ਹੋਵੇਗਾ ਵੀ ਤਾਂ ਉਹ ਜਾਂ ਤਾਂ ਲੁਕਿਆ ਹੋਇਆ ਹੋਵੇਗਾ ਤੇ ਜਾਂ ਫਿਰ ਉਸ ਤੋਂ ਨਿਜਾਤ ਪਾ ਲਈ ਹੋਵੇਗੀ।
ਉਸੇ ਵੇਲੇ ਸਫ਼ੈਦ ਕੁੜਤੇ-ਪਜਾਮੇ ਵਾਲਾ ਇਕ ਲੰਮੇ ਕੱਦ ਦਾ ਵਿਅਕਤੀ ਕਮਰੇ ਵਿਚ ਆਇਆ। ਅੰਮ੍ਰਿਤਾ ਜੀ ਦਾ ਲੇਖਕ ਮਿੱਤਰ ਖਲੋ ਕੇ ਉਸਨੂੰ ਮਿਲਿਆ ਤੇ ਫੇਰ ਮੇਰੀ ਵੱਲ ਵੇਖ ਕੇ ਉਹਦੀ ਜਾਣ-ਪਛਾਣ ਕਰਾਈ, "ਉਮਾ! ਇਹ ਇਮਰੋਜ਼ ਨੇ।"
'ਇਮਰੋਜ਼’ ਇਸ ਨਾਂ ਨਾਲ ਮੇਰੇ ਅੰਦਰ ਕੁਝ ਹਿਲਜੁਲ ਹੋਈ, ਜਿਹੜੇ ਸ਼ਬਦ ਮੇਰੇ ਮਨ ਦੀ ਫੱਟੀ ਉੱਤੇ ਉਭਰੇ ਉਹ ਇਹ ਸਨ-ਇਮਰੋਜ਼ : ਫ਼ਾਰਬਿਡਨ ਗਾਰਡਨ ਦਾ ਹੀਰੋ।
ਮੈਂ ਖਲੋ ਕੇ ਦੋਵੇਂ ਹੱਥ ਜੋੜੇ ਤੇ ਹੌਲੀ ਜਿਹੀ ਕਿਹਾ "ਨਮਸਤੇ !"
ਮੁਸਕਰਾਉਂਦਿਆਂ ਹੋਇਆਂ ਉਹਨਾਂ ਬਹੁਤ ਹੀ ਸਲੀਕੇ ਨਾਲ ਮੇਰੀ ਨਮਸਤੇ ਦਾ ਜੁਆਬ ਦਿੱਤਾ। ਕੁਰਸੀ ਖਿਚ ਕੇ ਉਹ ਸਾਡੇ ਨੇੜੇ ਬਹਿਣ ਹੀ ਵਾਲੇ ਸਨ ਕਿ ਮੁੜ ਤਣ ਕੇ ਖਲੋ ਗਏ, ਬੋਲੇ, "ਇਕ ਮਿੰਟ… ਪਹਿਲਾਂ ਮੈਂ ਤੁਹਾਡੇ ਲਈ ਕੇਕ ਲੈ ਕੇ ਆਉਨਾ ਵਾਂ।" ਫਿਰ ਉਹ ਹਸਦੇ ਹੋਏ ਕਾਹਲੀ ਨਾਲ ਕਮਰੇ ਤੋਂ ਬਾਹਰ ਚਲੇ ਗਏ। ਉਹਨਾਂ ਨੂੰ ਵੇਖਦਿਆਂ ਹੀ ਮੈਨੂੰ ਅੰਮ੍ਰਿਤਾ ਜੀ ਦੀ ਇਕ ਕਵਿਤਾ ਯਾਦ ਆ ਗਈ-
ਬੁੱਤ ਤੁਸਾਡੜਾ
ਅੰਬ ਦਾ ਬੂਟੜਾ
ਵੇ ਕਿਹੜੇ ਬਾਗਾਂ ਵਿਚ ਲੱਗੜਾ
ਵਾੜਾਂ ਤੇ ਵਾਲੀ
ਵਿਡਾਰਨ ਸਾਨੂੰ
ਸਾਨੂੰ ਤਾਂ ਇਹ ਦੁਖ ਡਾਢੜਾ
ਸੌਂ ਜਾ ਨੀ ਮਾਲਣ
ਸੌਂ ਜਾ ਨੀ ਭਲੀਏ
ਅੰਬਾਂ ਦੀ ਰਾਖੀ
ਬਿਰਹਾ ਜੁ ਬੈਠੜਾ
ਤੇ ਗਲ ਵਿਚ ਗੀਤ ਸੁਰੀਲੜਾ
ਇਮਰੋਜ਼ ਹੀ ਉਹਨਾਂ ਦੇ ਅੰਬ ਦੇ ਉਹ ਬੂਟੇ ਸੀ ਜਿਸਦੇ ਬਾਰੇ ਵਿਚ ਉਹਨਾਂ ਨੇ ਪੁੱਛਿਆ ਹੈ ਕਿ ਤੂੰ ਕਿਹੜੀ ਜ਼ਮੀਨ ਵਿਚ ਹਰਾ ਹੋਵੇਂਗਾ ?
ਇਮਰੋਜ਼ ਦੇ ਬਾਰੇ ਹੀ ਅੰਮ੍ਰਿਤਾ ਜੀ ਨੇ ਲਿਖਿਆ ਹੈ ਕਿ ਉਹ ਚੰਨ ਦੇ ਪਰਛਾਵਿਆਂ ਵਿਚੋਂ ਰਾਤ ਦੇ ਹਨੇਰੇ ਵਿਚ ਉਤਰੇ ਅਤੇ ਉਹਨਾਂ ਦੇ ਸੁਪਨਿਆਂ ਵਿਚ ਆ ਗਏ।
"ਇਕ ਦਿਨ ਉਹਨਾਂ ਨੂੰ (ਇਮਰੋਜ਼ ਨੂੰ) ਕੋਈ ਘਰ ਲੈ ਆਇਆ। ਉਹ ਬੰਬਈ ਤੋਂ ਪਰਤੇ ਇਕ ਪੇਂਟਰ ਸਨ। ਉਹਨਾਂ ਦਾ ਨਾਂ ਸੀ, 'ਇਮਰੋਜ਼’… ਮੈਨੂੰ ਉਹ ਅਸਲੋਂ ਖਾਮੋਸ਼ ਜਿਹੇ ਲੱਗੇ, ਜਿਵੇਂ ਬਿਲਕੁਲ ਬੋਲਦੇ ਹੀ ਨਾ ਹੋਣ, ਫਿਰ ਵੀ ਮੈਨੂੰ ਲੱਗਿਆ ਜਿਵੇਂ ਉਹ ਕੁਝ ਕਹਿ ਰਹੇ ਸਨ।"
...ਮੇਰੀ ਸੋਚਾਂ ਦੀ ਲੜੀ ਟੁੱਟੀ। ਕੇਕ ਲੈ ਕੇ ਇਮਰੋਜ਼ ਜੀ ਕਮਰੇ ਵਿਚ ਆਏ ਤੇ ਬੋਲੇ, "ਅੱਜ ਮਾਜਾ ਦਾ ਜਨਮ ਦਿਨ ਹੈ।"
ਉਹ ਅੰਮ੍ਰਿਤਾ ਨੂੰ ਪਿਆਰ ਨਾਲ ਮਾਜਾ ਬੁਲਾਉਂਦੇ ਨੇ। ਇਹ ਗੱਲ ਮੈਨੂੰ ਪਿੱਛੋਂ ਪਤਾ ਲੱਗੀ ਕਿ ਇਹਨਾਂ ਦੋਹਾਂ ਨੇ ਇਕ ਸਪੇਨਿਸ਼ ਨਾਵਲ ਪੜ੍ਹਿਆ ਸੀ ਜਿਸਦੀ ਨਾਇਕ
ਦਾ ਨਾਂ ਮਾਜਾ ਸੀ। ਇਮਰੋਜ਼ ਨੂੰ ਇਹ ਨਾਂ ਬਹੁਤ ਪਸੰਦ ਆਇਆ। ਉਦੋਂ ਤੋਂ ਉਹ ਅੰਮ੍ਰਿਤਾ ਜੀ ਨੂੰ ਮਾਜਾ ਕਹਿ ਕੇ ਬੁਲਾਉਣ ਲੱਗ ਪਏ।
"ਤੁਸੀਂ ਚਾਹ ਪੀਓਗੇ ?" ਇਮਰੋਜ਼ ਜੀ ਨੇ ਪੁੱਛਿਆ।
ਅੰਮ੍ਰਿਤਾ ਜੀ ਦੇ ਦੋਸਤ ਨੇ ਕਿਹਾ, "ਹਾਂ, ਪੀ ਲਵਾਂਗੇ।" ਮੇਰੀ ਚੁੱਪ ਨੇ ਵੀ ਹਾਮੀ ਭਰ ਦਿੱਤੀ। ਇਮਰੋਜ਼ ਜੀ ਮੁੜ ਰਸੋਈ ਵਿਚ ਚਲੇ ਗਏ।
ਅੰਮ੍ਰਿਤਾ ਜੀ ਆਪਣੇ ਦੋਸਤ ਨਾਲ ਕੁਝ ਪ੍ਰਕਾਸ਼ਕਾਂ ਬਾਰੇ ਗੱਲਾਂ ਕਰਨ ਲੱਗ ਪਏ। ਮੇਰੀ ਸੋਚ ਇਕ ਵਾਰ ਫਿਰ ਅੰਮ੍ਰਿਤਾ ਜੀ ਅਤੇ ਇਮਰੋਜ਼ ਜੀ ਦੀ ਕਹਾਣੀ ਨਾਲ ਜੁੜ ਗਈ।
ਇਮਰੋਜ਼ ਅਤੇ ਅੰਮ੍ਰਿਤਾ ਪਿਛਲੇ ਚਾਲੀ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਇਮਰੋਜ਼ ਹਮੇਸ਼ਾ ਉਹਨਾਂ ਦੇ ਨੇੜੇ-ਤੇੜੇ, ਉਹਨਾਂ ਦੇ ਕੋਲ ਹੀ ਰਹਿੰਦੇ ਹਨ, ਉਹਨਾਂ ਦੀਆਂ ਤਸਵੀਰਾਂ ਬਣਾਉਂਦੇ ਹਨ। ਉਹਨਾਂ ਦੇ ਘਰ ਦੀਆਂ ਖਿੜਕੀਆਂ ਉੱਤੇ ਰੰਗ ਤ੍ਰੌਂਕਦੇ ਹਨ, ਉਹਨਾਂ ਦੀਆਂ ਕਿਤਾਬਾਂ ਦੇ ਸਰਵਰਕ ਬਣਾਉਂਦੇ ਹਨ। ਉਹਨਾਂ ਦੇ ਲੈਂਪ ਸ਼ੇਡਸ ਉੱਤੇ ਸ਼ਾਇਰਾਂ ਦੇ ਕਲਾਮ ਲਿਖਦੇ ਹਨ, ਉਹਨਾਂ ਦੇ ਨਾਮ ਦੀ ਕੈਲੀਗ੍ਰਾਫ਼ੀ ਕਰਦੇ ਹਨ, ਜੋ ਇਕ ਵੱਡੀ ਪੇਂਟਿੰਗ ਦੇ ਰੂਪ ਵਿਚ ਉਹਨਾਂ ਦੇ ਵੱਡੇ ਕਮਰੇ ਵਿਚ ਲੱਗੀ ਹੋਈ ਹੈ ਅਤੇ ਅੰਮ੍ਰਿਤਾ ਜੀ ਦੀ ਕਵਿਤਾ ਦਾ ਇਕ ਅਹਿਮ ਹਿੱਸਾ ਹੈ ਇਮਰੋਜ਼!
ਮੈਨੂੰ ਇਕ ਕਵਿਤਾ ਦੀਆਂ ਕੁਝ ਸਤਰਾਂ ਯਾਦ ਆ ਗਈਆਂ-
ਮੈਂ ਨੇ ਜਦ ਤੂੰ ਨੂੰ ਪਹਿਨਿਆ
ਤਾਂ ਦੋਵੇਂ ਹੀ ਪਿੰਡੇ ਅੰਤਰ ਧਿਆਨ ਸਨ
ਅੰਗ ਫੁੱਲਾਂ ਦੀ ਤਰ੍ਹਾਂ ਗੁੰਦੇ ਗਏ...
ਤੂੰ ਤੇ ਮੈਂ ਸੁਗੰਧਿਤ ਸਾਮਿਗਰੀ
ਇਕ ਦੂਜੇ ਦਾ ਨਾਂ ਹੇਠਾਂ ਤੋਂ ਨਿਕਲਿਆ
ਤਾਂ ਉਹੀ ਨਾਂ ਪੂਜਾ ਦੇ ਮੰਤਰ ਸਨ
ਇਹ ਤੇਰੀ ਤੇ ਮੇਰੀ ਹੋਂਦ ਦਾ ਇਕ ਯੱਗ ਸੀ
ਧਰਮ ਕਰਮ ਦੀ ਸਾਖੀ ਤਾਂ ਬਹੁਤ ਪਿਛੋਂ ਦੀ ਗੱਲ ਹੈ...
ਇਮਰੋਜ਼ ਦੋ ਪਿਆਲੇ ਚਾਹ ਲੈ ਕੇ ਕਮਰੇ ਵਿਚ ਆਏ। ਪਿਆਲੇ ਸਾਨੂੰ ਦੋਹਾਂ ਨੂੰ ਦਿੰਦਿਆਂ ਉਹ ਆਪਣੀ ਕੁਰਸੀ ਖਿੱਚ ਕੇ ਸਾਡੇ ਕੋਲ ਹੀ ਬੈਠ ਗਏ। ਉਹਨਾਂ ਦੇ ਚਿਹਰੇ ਉੱਤੇ ਮਿੱਠੀ ਮੁਸਕਾਨ ਸੀ ਜਿਸ ਵਿਚ ਅਨੋਖੀ ਸਾਦਗੀ ਅਤੇ ਤ੍ਰਿਪਤੀ ਦਾ ਭਰਿਆ-ਪੂਰਾ ਅਹਿਸਾਸ ਸਮੋਇਆ ਹੋਇਆ ਸੀ। ਦੋ ਵਿਅਕਤੀਆਂ ਨੂੰ ਆਤਮਿਕ ਰੂਪ ਵਿਚ ਇਕ ਦੂਜੇ ਨਾਲ ਬੱਝਿਆ, ਇਕ-ਦੂਜੇ ਦੇ ਸਾਥ ਵਿਚ ਏਨਾ ਖੁਸ਼ ਵੇਖ ਕੇ ਇਸਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਵੈਦਿਕ ਮੰਤਰ ਦੀ ਧੁਨੀ ਸੁਣ ਰਹੀ ਹੋਵੇ।
ਉਂਜ ਤਾਂ ਸਾਰੇ ਜਾਣਦੇ ਹਨ ਕਿ ਅੰਮ੍ਰਿਤਾ ਜੀ ਦੇ ਜੀਵਨ ਵਿਚ ਜੋ ਇਕ ਪੁਰਸ਼ ਹੈ, ਉਹ ਇਮਰੋਜ਼ ਹੀ ਹਨ। ਇਮਰੋਜ਼ ਜੀ ਦੇ ਜੀਵਨ ਵਿਚ ਅੰਮ੍ਰਿਤਾ ਜੀ ਤੋਂ ਬਿਨਾਂ ਦੂਸਰਾ ਕੋਈ ਵਿਅਕਤੀ ਹੀ ਨਹੀਂ ਹੈ।
ਮੈਂ ਉਹਨਾਂ ਦੇ ਹੋਣ ਦੇ ਤਲਿਸਮ ਵਿਚ ਪੂਰੀ ਤਰ੍ਹਾਂ ਡੁੱਬੀ ਹੋਈ ਸੀ।
ਅੰਮ੍ਰਿਤਾ ਜੀ ਨੇ ਸਮਾਜ ਅਤੇ ਦੁਨੀਆਂ ਦੀ ਪਰਵਾਹ ਕੀਤੇ ਬਗੈਰ ਜ਼ਿੰਦਗੀ ਆਪਣੀਆਂ ਸ਼ਰਤਾਂ ਉਤੇ ਜੀਵੀ ਹੈ। ਉਹਨਾਂ ਵਿਚ ਏਨੀ ਸ਼ਕਤੀ ਅਤੇ ਸਮਰੱਥਾ ਹੈ ਕਿ ਉਹ ਇਕੱਲੇ ਹੀ ਆਪਣੇ ਰਾਹ ਉਤੇ ਚਲ ਸਕਣ। ਮੈਂ ਅੰਮ੍ਰਿਤਾ ਜੀ ਦਾ ਸਕੂਨ ਅਤੇ ਇਮਰੋਜ਼ ਜੀ ਦੀ ਪੂਰਨਤਾ ਨੂੰ ਅਨੁਭਵ ਕਰ ਰਹੀ ਸੀ। ਉਹਨਾਂ ਦੀ ਇਕ-ਰੂਪਤਾ, ਉਹਨਾਂ ਦਾ ਆਪਸੀ ਮੇਲ ਬਿਲਕੁਲ ਉਸ ਤਰ੍ਹਾਂ ਹੀ ਸੀ ਜਿਵੇਂ ਸਵਰ ਸਪਤਕ ਵਿਚ ਖਰਜ ਅਤੇ ਪੰਚਮ ਦਾ ਮੇਲ ਹੁੰਦਾ ਹੈ।
ਉਦੋਂ ਤਕ ਅਸੀਂ ਚਾਹ ਪੀ ਚੁੱਕੇ ਸਾਂ।
ਅੰਮ੍ਰਿਤਾ ਜੀ ਆਪਣੀ ਬਿਮਾਰੀ ਦੀ ਗੱਲ ਕਰ ਰਹੇ ਸਨ। ਉਦੋਂ ਜਿਹੇ ਹੀ ਉਹਨਾਂ ਦਾ ਅਪਰੇਸ਼ਨ ਹੋਇਆ ਸੀ। ਗੱਲਾਂ ਗੱਲਾਂ ਵਿਚ ਹੀ ਮੈਂ ਨੈਚਰੋਪੈਥੀ ਦਾ ਜ਼ਿਕਰ ਛੇੜ ਦਿੱਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਕਿਸੇ ਨੈਚਰੋਪੈਥ ਨੂੰ ਵਿਖਾਉਣਾ ਚਾਹੁਣਗੇ ? ਪਹਿਲਾਂ ਤਾਂ ਉਹ ਚੁੱਪ ਰਹੇ, ਫਿਰ ਜੁਆਬ ਲਈ ਉਹ ਇਮਰੋਜ਼ ਵੱਲ ਵੇਖਣ ਲੱਗ ਪਏ। ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਬੋਲੇ, "ਠੀਕ ਐ ! ਵਿਖਾ ਲਵਾਂਗੀ।"
ਉਹਨਾਂ ਦੇ ਚਿਹਰੇ ਉੱਤੇ ਹੁਣ ਥਕਾਵਟ ਦੇ ਚਿੰਨ ਦਿਸਣ ਲੱਗ ਪਏ ਸਨ। ਸ਼ਇਦ ਉਹਨਾਂ ਨੂੰ ਆਰਾਮ ਦੀ ਜ਼ਰੂਰਤ ਸੀ। ਅਸੀਂ ਜਾਣ ਲਈ ਉੱਠੇ, ਪਰ ਜਾਣ ਤੋਂ ਪਹਿਲਾਂ ਮੈਂ ਆਪਣਾ ਵਿਜ਼ਿਟਿੰਗ ਕਾਰਡ ਦੇ ਦਿੱਤਾ ਅਤੇ ਇਹ ਵੀ ਆਖਿਆ ਕਿ ਮੈਂ ਇਕ-ਦੋ ਦਿਨਾਂ ਵਿਚ ਡਾਕਟਰ ਤੋਂ ਉਹਨਾਂ ਦੀ ਮੁਲਾਕਾਤ ਦਾ ਵਕਤ ਲੈ ਲਵਾਂਗੀ।
ਉਹਨਾਂ ਨੇ ਬਹੁਤ ਹੀ ਸੁਹਣੀ ਮੁਸਕਰਾਹਟ ਨਾਲ ਮੇਰੀ ਗੱਲ ਦਾ ਹੁੰਗਾਰਾ ਭਰਿਆ।
ਚਾਰ
ਨੇਚਰੋਪੈਥ ਨਾਲ ਮਿਲਣ ਦਾ ਵਕਤ ਤੈਅ ਕਰਨ ਤੋਂ ਪਹਿਲਾਂ ਮੈਂ ਅੰਮ੍ਰਿਤਾ ਜੀ ਨੂੰ ਫੋਨ ਕੀਤਾ, ਇਹ ਜਾਨਣ ਲਈ ਕਿ ਉਹ ਨੇਚਰੋਪੈਥ ਨੂੰ ਕਦੋਂ ਮਿਲਣਾ ਚਾਹੁਣਗੇ। ਅੰਮ੍ਰਿਤਾ ਜੀ ਨੇ ਕਿਹਾ ਕਿ ਅਜੇ ਉਹ ਪਹਿਲਾਂ ਤੋਂ ਚੱਲ ਰਹੇ ਇਲਾਜ ਨੂੰ ਹੀ ਜਾਰੀ ਰੱਖਣਗੇ ਅਤੇ ਬਾਅਦ ਵਿਚ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਦੱਸਣਗੇ ਕਿ ਨੇਚਰੋਪੈਥ ਨਾਲ ਕਦੋਂ ਮਿਲਣਾ ਮੁਨਾਸਿਬ ਹੋਵੇਗਾ।
ਮੈਨੂੰ ਅੰਮ੍ਰਿਤਾ ਜੀ ਨੂੰ ਮੁੜ ਮਿਲਣ ਦੀ ਲਾਲਸਾ ਸੀ। ਇਸ ਵਾਰ ਮੈਂ ਖ਼ੁਦ-ਬਖੁਦ ਤੇ ਇਕੱਲਿਆਂ ਮਿਲਣਾ ਚਾਹੁੰਦੀ ਸਾਂ। ਮੈਂ ਉਹਨਾਂ ਨਾਲ ਬਹੁਤ ਗੱਲਾਂ ਕਰਨੀਆਂ ਸਨ।
ਪੰਜ ਸਤੰਬਰ ਨੂੰ ਤੜਕਸਾਰ ਮੇਰੇ ਫ਼ੋਨ ਦੀ ਘੰਟੀ ਖੜਕੀ। ਮੈਂ ਫੋਨ ਚੁੱਕਿਆ ਤਾਂ ਦੂਸਰੇ ਪਾਸਿਉਂ ਆਵਾਜ਼ ਆਈ, "ਉਮਾ ਜੀ, ਮੈਂ ਅੰਮ੍ਰਿਤਾ ਬੋਲ ਰਹੀ ਹਾਂ। ਤੁਸਾਂ ਨੇਚਰੋਪੈਥ ਦੀ ਗੱਲ ਕੀਤੀ ਸੀ ਨਾ! ਕਦੋਂ ਚੱਲਣਾ ਹੈ ?"
ਉਹਨਾਂ ਦੀ ਆਵਾਜ ਸੁਣ ਕੇ ਮੇਰਾ ਰੋਮ ਰੋਮ ਖਿੜ ਉਠਿਆ। ਮੈਂ ਪੁੱਛਿਆ ਕਿ ਉਹਨਾਂ ਲਈ ਕਿਹੜਾ ਵਕਤ ਠੀਕ ਰਹੇਗਾ ? ਉਹ ਬੋਲੇ, 'ਪਰਸੋਂ ਸਵੇਰੇ, ਤਕਰੀਬਨ ਨੌਂ ਵਜੇ।"
ਮੈਂ ਕਿਹਾ, "ਠੀਕ ਹੈ, ਮੈਂ ਸਾਢੇ ਨੌਂ ਵਜੇ ਦਾ ਟਾਈਮ ਲੈ ਲੈਨੀ ਆਂ ਤੇ ਨੌਂ ਵਜੇ ਤੁਹਾਡੇ ਕੋਲ ਪਹੁੰਚ ਜਾਵਾਂਗੀ।
ਇਸ ਫੋਨ ਦੀ ਮੇਰੇ ਲਈ ਬਹੁਤ ਅਹਿਮੀਅਤ ਸੀ। ਹੁਣ ਮੈਨੂੰ ਉਸ ਸ਼ਖਸ ਨੂੰ ਨੇੜਿਉਂ ਵੇਖਣ ਦਾ ਅਵਸਰ ਮਿਲ ਰਿਹਾ ਸੀ ਜਿਸਨੂੰ ਮੈਂ ਬਚਪਨ ਤੋਂ ਹੀ ਸਲਾਹੁੰਦੀ ਸਾਂ, ਜਿਸਦੇ ਲਿਖੇ ਹੋਏ ਗੀਤ ਮੈਂ ਗਾਏ ਸਨ, ਜਿਸ ਦੀਆਂ ਲਿਖੀਆਂ ਕਿਤਾਬਾਂ ਮੈਂ ਪੜ੍ਹੀਆਂ ਸਨ, ਜਿਸਦੇ ਵਿਵਾਦ ਮੈਂ ਸੁਣੇ ਸਨ ਅਤੇ ਜਿਸਦੇ ਵਿਚਾਰਾਂ ਉੱਪਰ ਮੈਂ ਸਾਹਿਤਕ ਗੋਸ਼ਟੀਆਂ ਵਿਚ ਬਹਿਸ-ਮੁਬਾਸਾ ਕੀਤਾ ਸੀ।
ਮੈਂ ਆਪਣੀ ਕਾਰ ਨੂੰ ਜਾਂਚ ਲਈ ਭੇਜਿਆ। ਮੈਂ ਹਰ ਕੀਮਤ ਉਤੇ ਇਹ ਚਾਹੁੰਦੀ ਸਾਂ ਕਿ ਟਰੈਫਿਕ ਵਿਚ ਫਸੇ ਤੋਂ ਬਿਨਾਂ ਹੀ ਮੁਲਾਕਾਤ ਲਈ ਵਕਤ ਸਿਰ ਪਹੁੰਚ ਜਾਵਾਂ। ਮੈਂ ਉਸ ਦਿਨ ਸਵੇਰੇ ਵੀ ਫ਼ੋਨ ਕਰਕੇ ਪੱਕਾ ਕਰ ਲਿਆ ਕਿ ਉਹਨਾਂ ਦੀ ਸਿਹਤ ਠੀਕ ਹੈ ਅਤੇ ਉਹ ਨੇਚਰੋਪੈਥ ਵੱਲ ਜ਼ਰੂਰ ਜਾਣਗੇ। ਇਮਰੋਜ਼ ਜੀ ਨੇ ਜਦੋਂ ਇਹ ਦੱਸਿਆ ਕਿ ਉਹ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਮੇਰੀ ਤਸੱਲੀ ਹੋ ਗਈ।
ਜਦੋਂ ਮੈਂ ਪਹੁੰਚੀ ਤਾਂ ਉਹ ਦੋਵੇਂ ਆਪਣੇ ਘਰ ਦੇ ਸਾਹਮਣੇ ਖੜੇ ਮੈਨੂੰ ਉਡੀਕ ਰਹੇ ਸਨ। ਅੰਮ੍ਰਿਤਾ ਜੀ ਇਮਰੋਜ਼ ਜੀ ਦਾ ਹੱਥ ਫੜ ਕੇ ਹੌਲੀ ਹੌਲੀ ਤੁਰ ਰਹੇ ਸਨ। ਮੈਂ ਦੇਰ ਨਾਲ ਪਹੁੰਚਣ ਦੀ ਮੁਆਫ਼ੀ ਮੰਗੀ ਤਾਂ ਉਹ ਹਸਦੇ ਹੋਏ ਬੋਲੇ, "ਤੈਨੂੰ ਆਉਣ ਵਿਚ ਦੇਰ ਨਹੀਂ ਹੋਈ, ਅਸੀਂ ਹੀ ਵਕਤ ਤੋਂ ਪਹਿਲਾਂ ਆ ਗਏ ਹਾਂ।"
ਅੰਮ੍ਰਿਤਾ ਜੀ ਮੇਰੇ ਨਾਲ ਕਾਰ ਦੀ ਅਗਲੀ ਸੀਟ ਉੱਤੇ ਬੈਠ ਗਏ ਤੇ ਇਮਰੋਜ਼ ਜੀ ਪਿੱਛੇ। ਅੱਜ ਉਹ ਕੁਝ ਕਮਜ਼ੋਰ ਜਿਹੇ ਲੱਗ ਰਹੇ ਸਨ, ਪਰ ਖੁਸ਼ ਸਨ। ਉਹ ਦੱਸ ਰਹੇ ਸਨ ਕਿ ਉਹਨਾਂ ਨੂੰ ਬਾਹਰ ਖੁਲ੍ਹੀ ਹਵਾ ਵਿਚ ਨਿਕਲਣਾ ਕਿੰਨਾ ਚੰਗਾ ਲੱਗ ਰਿਹਾ ਹੈ। ਕਦੇ ਕਦੇ ਵਿਚ-ਵਿਚਾਲੇ ਉਹ ਟ੍ਰੈਫਿਕ ਦੀ ਅਤੇ ਪ੍ਰਦੂਸ਼ਣ ਦੀ ਗੱਲ ਵੀ ਕਰ ਲੈਂਦੇ। ਫੇਰ ਉਹਨਾਂ ਮੈਨੂੰ ਮੇਰੇ ਕੰਮ ਬਾਰੇ ਪੁੱਛਿਆ ਅਤੇ ਕਹਿਣ ਲੱਗੇ ਕਿ ਉਹਨਾਂ ਨੂੰ ਮੇਰੀਆਂ ਕਵਿਤਾਵਾਂ ਪਸੰਦ ਆਈਆਂ ਸਨ। ਮੇਰਾ ਹੌਸਲਾ ਵਧਾਉਣ ਲਈ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਤਿੱਖੀ ਆਲੋਚਨਾ ਦੀ ਪਰਵਾਹ ਕੀਤੇ ਤੋਂ ਬਗੈਰ ਖੁਲ੍ਹ ਕੇ ਲਿਖਣਾ ਚਾਹੀਦਾ ਹੈ।
ਆਪਣੀ ਸਿਹਤ ਬਾਰੇ ਦਸਦਿਆਂ ਹੋਇਆਂ ਉਹਨਾਂ ਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਸੀ ਕਿ ਨੇਚਰੋਪੈਥੀ ਨਾਲ ਉਹਨਾਂ ਨੂੰ ਕੁਝ ਜ਼ਿਆਦਾ ਲਾਭ ਹੋ ਸਕਦਾ ਹੈ, ਪਰ ਇਸ ਇਲਾਜ ਪ੍ਰਣਾਲੀ ਦੇ ਸਿਧਾਂਤਾਂ ਉੱਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ। ਫਿਰ ਸਿਹਤ ਬਾਰੇ ਕਹਿਣ ਲੱਗੇ ਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ, ਉਦੋਂ ਅਸੀਂ ਇਸਦੀ ਬਿਲਕੁਲ ਪਰਵਾਹ ਨਹੀਂ ਕਰਦੇ। ਸਾਨੂੰ ਚੰਗੀ ਸਿਹਤ ਦਾ ਮਹੱਤਵ ਉਦੋਂ ਪਤਾ ਲਗਦਾ ਹੈ ਜਦੋਂ ਕਿ ਇਹ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਉਸਤੋਂ ਪਹਿਲਾਂ ਸਾਨੂੰ ਕਤਈ ਉਮੀਦ ਨਹੀਂ ਹੁੰਦੀ ਕਿ ਕਦੀ ਸਾਨੂੰ ਵੀ ਕੋਈ ਸਰੀਰਿਕ ਦੁੱਖ ਹੋ ਸਕਦਾ ਹੈ। ਭਾਵਨਾਤਮਕ ਪੀੜ ਤਾਂ ਅੰਮ੍ਰਿਤਾ ਜੀ ਦੇ ਜੀਵਨ ਦਾ ਹਿੱਸਾ ਰਹੀ ਸੀ। ਆਪਣੇ ਚਾਰ ਚੁਫੇਰੇ ਉਹਨਾਂ ਏਨਾ ਦਰਦ ਅਤੇ ਪੀੜ ਵੇਖੀ ਸੀ ਕਿ ਉਹ ਸਾਰੀ ਉਹਨਾਂ ਦੀ ਲੇਖਣੀ ਨੇ ਜੀਰ ਲਈ।
ਦਫ਼ਤਰਾਂ ਦਾ ਵੇਲਾ ਹੋਣ ਕਰਕੇ ਰਸਤੇ ਵਿਚ ਬਹੁਤ ਟ੍ਰੈਫਿਕ ਸੀ, ਇਸ ਲਈ ਕਾਰ ਹੌਲੀ ਹੌਲੀ ਤੁਰ ਰਹੀ ਸੀ। ਇਸੇ ਬਹਾਨੇ ਮੈਨੂੰ ਉਹਨਾਂ ਨਾਲ ਜ਼ਿਆਦਾ ਗੱਲਾਂ ਕਰਨ ਦਾ ਅਵਸਰ ਮਿਲ ਰਿਹਾ ਸੀ। ਉਹ ਹੋਰ ਕਵੀਆਂ ਅਤੇ ਲੇਖਕਾਂ ਬਾਰੇ ਗੱਲਾਂ ਕਰਨ ਲੱਗ ਪਏ ਸਨ। ਕਵੀ ਸ਼ਿਵ ਬਟਾਲਵੀ ਬਾਰੇ ਗੱਲਾਂ ਕਰਨ ਲੱਗ ਪਏ ਸਨ। ਕਵੀ ਸ਼ਿਵ ਬਟਾਲਵੀ ਬਾਰੇ ਗੱਲਾਂ ਸੁਣਨ ਵਿਚ ਮੇਰੀ ਖਾਸ ਦਿਲਚਸਪੀ ਸੀ। ਉਹਨਾਂ ਦੀਆਂ ਨਜ਼ਮਾਂ ਮੈਨੂੰ ਕੀਲ ਲੈਂਦੀਆਂ ਸਨ। ਉਹ ਦੱਸਣ ਲੱਗ ਪਏ ਕਿ ਸ਼ਿਵ ਬਟਾਲਵੀ ਨੇ ਕਿਸ ਤਰ੍ਹਾਂ ਦਰਦ ਝੱਲਿਆ ਅਤੇ ਆਪਣੀ ਕਵਿਤਾ ਵਿਚ ਉਤਾਰ ਲਿਆ।
ਹੋਰਾਂ ਤੋਂ ਇਲਾਵਾ ਇਹਨਾਂ ਦੋਹਾਂ ਕਵੀਆਂ ਦਾ ਹੀ ਦਰਦ ਨਾਲ ਬਹੁਤ ਗਹਿਰਾ ਰਿਸ਼ਤਾ ਹੈ।
ਮੈਨੂੰ ਸ਼ਿਵ ਬਟਾਲਵੀ ਦੇ ਦਰਦ ਉਪਰ ਲਿਖੇ ਗਏ ਅੰਮ੍ਰਿਤਾ ਜੀ ਦੇ ਬੋਲ ਯਾਦ ਆ ਗਏ।
"ਤੇਰਾ ਦਰਦ ਸਲਾਮਤ ਰਹੇ
ਪਤਾ ਨਹੀਂ ਇਹ ਅਸੀਸ ਹੈ ਕਿ ਸਰਾਪ।"
ਦਰਦ ਉੱਤੇ ਅੰਮ੍ਰਿਤਾ ਜੀ ਨੇ ਬਹੁਤ ਲਿਖਿਆ ਹੈ। ਦਰਦ ਨਾਲ ਉਹਨਾਂ ਦਾ ਆਪਣਾ ਰਿਸ਼ਤਾ ਵੀ ਡੂੰਘਾ ਤੇ ਪੱਕਾ ਸੀ। ਉਹ ਲਿਖਦੇ ਹਨ-
ਜਦੋਂ ਵੀ ਜਿਥੇ ਵੀ ਧਰਤ ਹਿਲਦੀ ਹੈ
ਇਕ ਡੂੰਘਾ ਹਾਓਕਾ ਛਾਤੀ 'ਚੋਂ ਫੁਟਦਾ ਹੈ।
ਅੰਮ੍ਰਿਤਾ ਜੀ ਖ਼ੁਦ ਨੂੰ ਵੀ ਦਰਦ ਦਾ ਹੀ ਪ੍ਰਤੀਰੂਪ ਮੰਨਦੇ ਹਨ। ਉਹਨਾਂ ਇਸ ਤੱਥ ਨੂੰ ਸਵੀਕਾਰਿਆ ਵੀ ਹੈ-
ਇਕ ਦਰਦ ਸੀ
ਜੋ ਸਿਗਰਟ ਦੀ ਤਰ੍ਹਾਂ
ਮੈਂ ਚੁੱਪਚਾਪ ਪੀਤਾ ਹੈ
ਸਿਰਫ਼ ਕੁਝ ਨਜ਼ਮਾਂ ਹਨ
ਜੋ ਸਿਗਰਟ ਦੇ ਨਾਲੋਂ
ਮੈਂ ਰਾਖਵਾਂਗਰ ਝਾੜੀਆਂ
ਅਸੀਂ ਨੇਚਰੋਪੈਥ ਦੇ ਕਲਿਨਿਕ ਪਹੁੰਚ ਗਏ ਸਾਂ। ਮੈਨੂੰ ਇਸਤਰ੍ਹਾਂ ਜਾਪਿਆ ਜਿਵੇਂ ਉਹ ਕੁਝ ਬੇਚੈਨ ਜਿਹੇ ਹੋ ਰਹੇ ਸਨ। ਉਹ ਚਾਹੁੰਦੇ ਸਨ ਕਿ ਇਮਰੋਜ਼ ਜੀ ਵੀ ਉਹਨਾਂ ਦੇ ਨਾਲ ਡਾਕਟਰ ਦੇ ਕਮਰੇ ਵਿਚ ਜਾਣ। ਜਿਉਂ ਹੀ ਉਹਨਾਂ ਨੇ ਅੰਮ੍ਰਿਤਾ ਜੀ ਦਾ ਹੱਥ ਫੜਿਆ, ਉਹਨਾਂ ਦੇ ਚਿਹਰੇ ਦਾ ਤਣਾਅ ਘਟ ਗਿਆ। ਡਾਕਟਰ ਕੀ ਸਲਾਹ ਦਿੰਦਾ ਹੈ, ਇਮਰੋਜ਼ ਜੀ ਵੀ ਸੁਣ ਲੈਣ, ਇਹੋ ਤਾਂ ਉਹ ਚਾਹੁੰਦੇ ਸਨ। ਇਮਰੋਜ਼ ਜੀ ਦੇ ਨਾਲ ਹੋਣ ਨਾਲ ਉਹ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਹੋਇਆ ਮਹਿਸੂਸ ਕਰਨ ਲੱਗ ਪਏ ਸਨ। ਇਕ ਛੋਟੇ ਬਾਲ ਵਾਂਗ ਇਮਰੋਜ਼ ਜੀ ਦਾ ਹੱਥ ਫੜੀ ਉਹ ਨਿੱਕੇ ਨਿੱਕੇ ਕਦਮ ਪੁਟਦੇ ਕਲਿਨਕ ਵਿਚ ਜਾ ਰਹੇ ਸਨ।
ਉਹਨਾਂ ਦੀ ਧੀਮੀ ਚਾਲ ਸਰੀਰਕ ਕਮਜ਼ੋਰੀ ਅਤੇ ਬੀਤੇ ਸਮੇਂ ਦੀ ਸਮਾਜਿਕ ਉਲੰਘਣਾ ਦਾ ਅਜੀਬ ਮਿਸ਼ਰਣ ਸੀ। ਇਕ ਤਸਵੀਰ ਸੀ ਗੁਜ਼ਰੇ ਵਕਤ ਦੇ ਖਾਕੇ ਦੀ, ਫਿੱਕੇ ਪੈ ਗਏ ਰੰਗਾਂ ਦੀ ਅਤੇ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਦੀ।
ਇਹ ਉਹੀ ਔਰਤ ਸੀ ਜੀਹਨੇ ਆਪਣੀ ਧਾਰਦਾਰ ਲੇਖਣੀ ਨਾਲ ਆਪਣੇ ਸਮੇਂ ਦੇ ਸਮਾਜਿਕ ਅਤੇ ਸਭਿਆਚਾਰਕ ਵਹਿਣ ਨੂੰ ਇਕ ਨਵੀਂ ਦਿਸ਼ਾ ਦੇ ਦਿੱਤੀ ਸੀ, ਜਿਸਨੇ ਆਪਣੀਆਂ ਸ਼ਰਤਾਂ ਉੱਤੇ ਜੀਵਨ ਜੀਵਿਆ, ਬਿਨਾਂ ਕਿਸੇ ਡਰ-ਭੈਅ ਦੇ। ਉਹੀ ਔਰਤ ਅੱਜ ਏਨੀ ਕਮਜ਼ੋਰ ਕਿਉਂ ਲੱਗ ਰਹੀ ਸੀ। ਇਹ ਕਹਿਣਾ ਬੜਾ ਔਖਾ ਸੀ ਕਿ ਇਹ ਸਿਰਫ਼ ਸਰੀਰਿਕ ਸਹਾਰਾ ਸੀ ਕਿ ਜਜ਼ਬਾਤੀ ?
ਵੈਸੇ ਵੀ ਅੰਮ੍ਰਿਤਾ ਜੀ ਨੇ ਲਿਖਿਆ ਹੈ ਕਿ ਉਹਨਾਂ ਦਾ ਮਨ ਹਮੇਸ਼ਾ ਇਕ ਇਹੋ ਜਿਹੇ ਆਦਮੀ ਦੀ ਤਲਾਸ਼ ਵਿਚ ਸੀ ਜਿਹੜਾ ਉਹਨਾਂ ਨਾਲੋਂ ਵੱਡਾ ਹੋਵੇ ਤੇ ਸਿਰਜਣਾ ਦੇ ਉਛਾਲ ਨੂੰ ਪਰਗਟ ਕਰਨ ਵਿਚ ਉਸਦੀ ਸਹਾਇਤਾ ਕਰੇ। ਸ਼ਾਇਦ ਇਮਰੋਜ਼ ਉਹੀ ਆਦਮੀ ਹੈ।
ਕਿਸੇ ਹੋਰ ਪ੍ਰਸੰਗ ਵਿਚ ਉਹਨਾਂ ਆਖਿਆ ਸੀ, ਪਿਆਰ ਨੂੰ ਦੋ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ, ਇਕ ਉਹ ਜਿਹੜਾ ਆਸਮਾਨ ਵਾਂਗ ਹੁੰਦਾ ਹੈ ਤੇ ਦੂਸਰਾ ਸਿਰ ਉਪਰਲੀ ਛੱਤ ਦੀ ਤਰ੍ਹਾਂ। ਉਹਨਾਂ ਦਾ ਪਹਿਲਾ ਪਿਆਰ 'ਸਾਹਿਰ’ ਆਸਮਾਨ ਵਾਂਗ ਸੀ, ਪਰ ਔਰਤ ਦੋਹਾਂ ਨੂੰ ਖੋਜਦੀ ਹੈ। ਛੱਤ ਆਖ਼ਰ ਆਸਮਾਨ ਵੱਲ ਜਾ ਕੇ ਹੀ ਖੁਲ੍ਹਦੀ ਹੈ। ਇਹ ਸਿਰਫ਼ ਕਿਸਮਤ ਅਤੇ ਹਾਲਾਤ ਦੇ ਕਾਰਨ ਸੀ ਕਿ ਉਹਨਾਂ ਛੱਤ ਨੂੰ ਚੁਣਿਆਂ। ਆਸਮਾਨ ਬਹੁਤ ਦੂਰ ਸੀ। ਉਹਨਾਂ ਲਈ ਪਿਆਰ ਸ਼ਿੱਦਤ ਸੀ। ਪਿਆਰ ਉਹਨਾਂ ਲਈ ਊਰਜਾ ਸੀ ਜੋ ਉਹਨਾਂ ਨੂੰ ਉਤੇਜਿਤ ਕਰਦੀ, ਜਾਗ੍ਰਿਤ ਕਰਦੀ।
ਅਸੀਂ ਵਾਪਸ ਆ ਰਹੇ ਸਾਂ। ਹੁਣ ਅੰਮ੍ਰਿਤਾ ਜੀ ਤਣਾਅ ਵਿਚ ਨਹੀਂ ਸਨ। ਨੇਚਰੋਪੈਥ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਸੀ। ਉਹ ਬਾਅਦ ਵਿਚ ਵੀ ਉਹਨਾਂ ਦੀ ਕਲਿਨਿਕ ਉਤੇ ਜਾਣਾ ਚਾਹੁੰਦੇ ਸਨ। ਇਕ ਤਰ੍ਹਾਂ ਨਾਲ ਉਹ ਜਿਵੇਂ ਖੁਦ ਨਾਲ ਵਾਅਦਾ ਕਰ ਰਹੇ ਸਨ ਕਿ ਡਾਕਟਰ ਦੇ ਦੱਸੇ ਅਨੁਸਾਰ ਹੀ ਕਰਨਗੇ।
ਮੈਂ ਉਹਨਾਂ ਨੂੰ ਉਪਰ ਤਕ ਛੱਡਣ ਗਈ। ਵਾਪਸ ਆਉਣ ਲੱਗੀ ਤਾਂ ਇਮਰੋਜ਼ ਜੀ ਨੇ ਕਿਹਾ, "ਚਾਹ ਪੀ ਕੇ ਜਾਵੀਂ।" ਅਸੀਂ ਤਿੰਨਾਂ ਨੇ ਅੰਮ੍ਰਿਤਾ ਜੀ ਦੇ ਕਮਰੇ ਵਿਚ ਬੈਠ ਕੇ ਹੀ ਚਾਹ ਪੀਤੀ। ਜਾਣ ਲਈ ਉੱਠੀ ਤਾਂ ਉਹ ਬੋਲੇ, "ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਹੁਣ ਤੂੰ ਮਿਲਦੀ ਰਹੀਂ। ਇਮਰੋਜ਼ ਜੀ ਮੈਨੂੰ ਗੇਟ ਤਕ ਛੱਡਣ ਆਏ।
ਇਹੋ ਉਹ ਦਿਨ ਸੀ ਜਦੋਂ ਅੰਮ੍ਰਿਤਾ ਜੀ ਅਤੇ ਇਮਰੋਜ਼ ਜੀ ਨਾਲ ਮੇਰੀ ਦੋਸਤੀ ਦੀ ਸ਼ੁਰੂਆਤ ਹੋਈ।
ਪੰਜ
ਨੇਚਰ ਕਿਉਰ ਕਲਿਨਕ 'ਤੇ ਅੰਮ੍ਰਿਤਾ ਜੀ ਦਾ ਇਲਾਜ ਕੁਝ ਦਿਨ ਚਲਦਾ ਰਿਹਾ, ਪਰ ਕੋਈ ਖ਼ਾਸ ਲਾਭ ਨਹੀਂ ਹੋਇਆ। ਤਕਰੀਬਨ ਇਕ ਦਿਨ ਛੱਡ ਕੇ ਮੈਂ ਉਹਨਾਂ ਦੇ ਘਰ ਜਾਂਦੀ ਸੀ। ਜਨਵਰੀ ਦੇ ਮਹੀਨੇ ਜਦੋਂ ਮੈਂ ਇਕ ਦਿਨ ਉਹਨਾਂ ਦੇ ਘਰ ਪਹੁੰਚੀ ਤਾਂ ਉਹਨਾਂ ਦੀਆਂ ਲੱਤਾਂ ਵਿਚ ਬਹੁਤ ਪੀੜ ਹੋ ਰਹੀ ਸੀ ਤੇ ਉਹ ਬਹੁਤ ਬੇਚੈਨ ਸਨ। ਉਸ ਵੇਲੇ ਮੈਂ ਸਲਾਹ ਦਿੱਤੀ ਕਿ ਉਹ ਪ੍ਰਾਣਿਕ ਹੀਲਿੰਗ ਕਰਵਾ ਕੇ ਵੇਖ ਲੈਣ, ਸ਼ਾਇਦ ਕੁਝ ਆਰਾਮ ਮਿਲੇ।
ਪ੍ਰਾਣਿਕ ਹੀਲਿੰਗ ਅਤੇ ਰੇਕੀ ਬਾਰੇ ਮੈਂ ਕੁਝ ਗੱਲਾਂ ਦੱਸ ਕੇ ਉਂਜ ਹੀ ਕਿਹਾ ਕਿ ਮੈਂ ਖ਼ੁਦ ਵੀ ਇਕ ਪ੍ਰਾਣਿਕ ਹੀਲਰ ਹਾਂ ਅਤੇ ਇਕ ਰੇਕੀ ਚੈਨਲ ਵੀ। ਮੈਂ ਇਹ ਵੀ ਦੱਸਿਆ ਕਿ ਮੈਂ ਮਸ਼ਹੂਰ ਰੇਕੀ ਮਾਸਟਰਜ਼ ਡਾ. ਨਲਿਨ ਨਰੂਲਾ ਅਤੇ ਸ੍ਰੀਮਤੀ ਰੇਣੂ ਨਰੂਲਾ ਦੀ ਸ਼ਗਿਰਦ ਹਾਂ। ਅੰਮ੍ਰਿਤਾ ਜੀ ਨੂੰ ਇਹਨਾਂ ਥਰੇਪੀਆਂ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਸੀ। ਮੇਰੇ ਵੱਲ ਵੇਖ ਕੇ ਮੁਸਕਰਾਉਂਦੇ ਹੋਏ ਬੋਲੇ, "ਉਮਾ ! ਮੈਨੂੰ ਆਪਣੀ ਪੀੜ ਤੋਂ ਨਿਜ਼ਾਤ ਚਾਹੀਦੀ ਹੈ, ਸ਼ਾਇਦ ਤੂੰ ਮੇਰੀ ਪ੍ਰੇਸ਼ਾਨੀ ਸਮਝ ਰਹੀ ਹੈਂ।"
ਮੈਂ ਕਿਹਾ, "ਠੀਕ ਹੈ, ਚਲੋ, ਵੇਖਦੇ ਹਾਂ।"
ਪ੍ਰਾਣਿਕ ਹੀਲਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਆਰਾਮ ਨਾਲ ਬਿਸਤਰੇ ਉੱਤੇ ਬਿਠਾ ਦਿੱਤਾ ਅਤੇ ਇਮਰੋਜ਼ ਜੀ ਨੂੰ ਕਹਿ ਕੇ ਇਕ ਕੌਲੇ ਵਿਚ ਲੂਣ ਰਲਿਆ ਪਾਣੀ ਮੰਗਵਾਇਆ। ਘਰ ਵਿਚ ਸਮੁੰਦਰੀ ਲੂਣ ਨਹੀਂ ਸੀ, ਇਸ ਲਈ ਆਮ ਲੂਣ ਨਾਲ ਹੀ ਕੰਮ ਚਲਾ ਲਿਆ। ਮੈਂ ਉਹਨਾਂ ਨੂੰ ਜ਼ੁਬਾਨ ਤਾਲੂ ਨਾਲ ਲਾਉਣ ਲਈ ਆਖਿਆ, ਇਸ ਗੱਲ ਉਤੇ ਉਹ ਹੱਸ ਪਏ। ਫਿਰ ਮੈਂ ਉਹਨਾਂ ਦੀਆਂ ਤਲੀਆਂ ਨੂੰ ਉਹਨਾਂ ਦੇ ਗੋਡਿਆਂ ਉੱਤੇ ਰੱਖਿਆ। ਇਸ ਤਰ੍ਹਾਂ ਜਦੋਂ ਉਹ ਹੀਲਿੰਗ ਲੈਣ ਲਈ ਤਿਆਰ ਹੋ ਗਏ ਤਾਂ ਮੈਂ ਸਾਹਮਣੇ ਬੈਠ ਕੇ ਹੀਲਿੰਗ ਦੇਣਾ ਸ਼ੁਰੂ ਕੀਤਾ। ਇਸਤਰ੍ਹਾਂ ਲੱਗ ਰਿਹਾ ਸੀ, ਹੀਲਿੰਗ ਦਾ ਉਹਨਾਂ ਉੱਤੇ ਅਸਰ ਹੋ ਰਿਹਾ ਸੀ। ਹੁਣ ਉਹ ਤਣਾਅ-ਮੁਕਤ ਹਾਲਤ ਵਿਚ ਸਨ। ਫਿਰ ਉਹ ਲੇਟ ਗਏ, ਇਕ ਮਿੱਠੀ ਜਿਹੀ ਘੂਕੀ ਵਿਚ ਅਤੇ ਫਿਰ ਗੂੜ੍ਹੀ ਨੀਂਦ ਵਿਚ।
ਇਮਰੋਜ਼ ਜੀ ਨੂੰ ਹੌਲੀ ਜਿਹੀ ਦੱਸ ਕੇ, ਤੇ ਉਹਨਾਂ ਨੂੰ ਸੁੱਤਿਆਂ ਛੱਡ ਕੇ ਮੈਂ ਤੁਰ
ਆਈ। ਇਮਰੋਜ਼ ਜੀ ਮੈਨੂੰ ਦਰਵਾਜ਼ੇ ਤਕ ਛੱਡਣ ਆਏ ਅਤੇ ਕਹਿਣ ਲੱਗੇ, ''ਅੰਮ੍ਰਿਤਾ ਤਾਂ ਕਿਸੇ ਨੂੰ ਆਪਣੇ ਕੋਲ ਆਉਣ ਨਹੀਂ ਦਿੰਦੀ, ਪਰ ਤੁਹਾਡੇ ਨਾਲ ਬਹੁਤ ਘੁਲਮਿਲ ਗਈ ਹੈ।"
ਮੈਂ ਤਸੱਲੀ ਦਾ ਅਨੁਭਵ ਕੀਤਾ ਅਤੇ ਰੱਬ ਦੇ ਵਰਤਾਰੇ ਪ੍ਰਤੀ ਅਹਿਸਾਨ ਵੀ ਮਹਿਸੂਸ ਕੀਤਾ।
ਅਗਲੇ ਦਿਨ ਸਵੇਰੇ ਸਵੇਰੇ ਫੋਨ ਆਇਆ। ਅੰਮ੍ਰਿਤਾ ਜੀ ਸਨ। ਕਹਿ ਰਹੇ ਸਨ, ''ਉਮਾ ! ਤੂੰ ਤਾਂ ਕਲ੍ਹ ਜਾਦੂ ਹੀ ਕਰ ਦਿੱਤਾ। ਏਨੀ ਗੂੜ੍ਹੀ ਨੀਂਦ ਤਾਂ ਮੈਂ ਕਦੀ ਸੁੱਤੀ ਹੀ ਨਹੀਂ। ਹੁਣ ਤਾਂ ਦਰਦ ਵੀ ਨਹੀਂ ਹੈ। ਫੇਰ ਕਦੋਂ ਆਵੇਂਗੀ?"
ਮੈਂ ਕਿਹਾ, "ਰੱਬ ਦਾ ਸ਼ੁਕਰ ਹੈ ਕਿ ਤੁਹਾਨੂੰ ਆਰਾਮ ਮਿਲਿਆ। ਜੇ ਤੁਹਾਨੂੰ ਆਰਾਮ ਮਿਲੇ ਤਾਂ ਮੈਂ ਰੋਜ਼ ਆ ਜਾਇਆ ਕਰੂੰ।"
"ਤੈਨੂੰ ਮਿਲ ਕੇ ਬਹੁਤ ਚੰਗਾ ਲਗਦਾ ਹੈ ਤੇ ਆਰਾਮ ਵੀ ਮਿਲਿਆ ਹੈ। ਮੇਰੇ ਵੱਲੋਂ ਤਾਂ ਰੋਜ਼ ਆ ਜਾਇਆ ਕਰ, ਉਹਨਾਂ ਦੀ ਆਵਾਜ਼ ਵਿਚ ਬਹੁਤ ਪਿਆਰ ਅਤੇ ਇਕ ਤਲਬ ਸੀ।
ਮੈਂ ਤੀਸਰੇ ਦਿਨ ਗਈ। ਉਹਨਾਂ ਦੀ ਨੂੰਹ ਅਲਕਾ ਮੈਨੂੰ ਉਹਨਾਂ ਦੇ ਕਮਰੇ ਤਕ ਲੈ ਗਈ। ਮੈਨੂੰ ਵੇਖਦਿਆਂ ਹੀ ਅੰਮ੍ਰਿਤਾ ਜੀ ਅਤੇ ਇਮਰੋਜ਼ ਮੁਸਕਰਾਏ। ਅੰਮ੍ਰਿਤਾ ਤੇ ਇਮਰੋਜ਼ ਦੋ ਪ੍ਰੇਮੀ-ਪੰਛੀਆਂ ਵਾਂਗ ਕੋਲ ਕੋਲ ਬੈਠੇ ਗੱਲਾਂ ਕਰ ਰਹੇ ਸਨ। ਉਹਨਾਂ ਨੂੰ ਵੇਖਕੇ ਮਨ ਖਿੜਪੁੜ ਗਿਆ।
ਮੈਂ ਅੰਮ੍ਰਿਤਾ ਜੀ ਨੂੰ ਸਿਹਤ ਬਾਰੇ ਪੁੱਛਿਆ। ਗੱਲਾਂ ਗੱਲਾਂ ਵਿਚ ਦੱਸਿਆ ਕਿ ਉਹਨਾਂ ਦੀਆਂ ਲੱਤਾਂ ਵਾਰ ਵਾਰ ਦੁਖਣ ਲਗਦੀਆਂ ਨੇ। ਇਮਰੋਜ਼ ਜੀ ਉਹਨਾਂ ਦੇ ਬਿਸਤਰੇ ਉੱਤੇ ਬੈਠੇ ਹੋਏ ਉਹਨਾਂ ਦੀਆਂ ਲੱਤਾਂ ਘੁੱਟ ਰਹੇ ਸਨ ਅਤੇ ਉਹਨਾਂ ਨੂੰ ਧਰਵਾਸ ਵੀ ਦੇ ਰਹੇ ਸਨ।
ਮੈਂ ਸੋਚਣ ਲੱਗ ਪਈ ਕਿ ਇਕ ਦਿਨ ਅੰਮ੍ਰਿਤਾ ਜੀ ਨੇ ਇਮਰੋਜ਼ ਜੀ ਨੂੰ ਕਿਹਾ ਸੀ, "ਇਮਰੋਜ਼ ! ਤੂੰ ਹਾਲੇ ਜਵਾਨ ਹੈਂ। ਤੂੰ ਕਿਧਰੇ ਹੋਰ ਜਾ ਕੇ ਰਹਿ ਪਓ। ਤੂੰ ਆਪਣੇ ਰਾਹ ਜਾਹ, ਮੇਰਾ ਕੀ ਪਤਾ ਕਿੰਨੇ ਦਿਨ ਰਹਾਂ, ਨਾ ਰਹਾਂ।"
''ਤੇਰੇ ਬਿਨਾਂ ਜਿਉਣਾ ਮਰਨ ਬਰਾਬਰ ਹੈ ਤੇ ਮੈਂ ਮਰਨਾ ਨਹੀਂ ਚਾਹੁੰਦਾ।" ਇਮਰੋਜ਼ ਜੀ ਨੇ ਜਵਾਬ ਦਿੱਤਾ ਸੀ।
ਇਕ ਦਿਨ ਫਿਰ, ਕਿਸੇ ਉਦਾਸ ਵੇਲੇ ਉਹਨਾਂ ਇਮਰੋਜ਼ ਜੀ ਨੂੰ ਕਿਹਾ ਸੀ, ''ਤੂੰ ਪਹਿਲਾਂ ਦੁਨੀਆਂ ਕਿਉਂ ਨਹੀਂ ਵੇਖ ਆਉਂਦਾ ? ਜੇ ਤੂੰ ਪਰਤ ਆਇਆ ਤੇ ਤੂੰ ਮੇਰੇ ਨਾਲ ਜਿਊਣਾ ਚਾਹਿਆ ਤਾਂ ਫਿਰ ਮੈਂ ਉਸਤਰ੍ਹਾਂ ਹੀ ਕਰੂੰ ਜਿਸਤਰ੍ਹਾਂ ਤੂੰ ਚਾਹੇਂਗਾ।"
ਇਮਰੋਜ਼ ਜੀ ਉੱਠੇ ਤੇ ਉਹਨਾਂ ਕਮਰੇ ਦੇ ਤਿੰਨ ਚੱਕਰ ਲਾ ਕੇ ਕਿਹਾ, "ਲੈ, ਮੈਂ ਦੁਨੀਆਂ ਵੇਖ ਆਇਆ। ਹੁਣ ਕੀ ਕਹਿੰਨੀ ਏਂ ?"
ਇਸ ਗੱਲ ਨੂੰ ਯਾਦ ਕਰਕੇ ਅੰਮ੍ਰਿਤਾ ਜੀ ਨੇ ਕਿਹਾ, "ਇਹੋ ਜਿਹੇ ਆਦਮੀ ਦਾ ਕੋਈ ਕੀ ਕਰੇ ? ਹੱਸੇ ਜਾਂ ਰੋਏ ?"
ਇਮਰੋਜ਼ ਜੀ ਦੇ ਨਾਲ ਰਹਿਣ ਤੋਂ ਪਹਿਲਾਂ ਅੰਮ੍ਰਿਤਾ ਜੀ ਇਕ ਜੋਤਸ਼ੀ ਨੂੰ ਮਿਲਣ ਗਏ ਸਨ ਅਤੇ ਉਸ ਨੂੰ ਇਕ ਸਿੱਧਾ-ਸਪਾਟ ਸੁਆਲ ਪੁੱਛਿਆ ਸੀ, "ਇਹ ਰਿਸ਼ਤਾ ਬਣੂੰ ਜਾਂ ਨਹੀਂ।"
ਜੋਤਸ਼ੀ ਨੇ ਕੁਝ ਲੀਕਾਂ ਵਾਹੀਆਂ, ਕੁਝ ਹਿਸਾਬ ਲਾਇਆ ਤੇ ਬੋਲਿਆ, "ਇਹ ਰਿਸ਼ਤਾ ਸਿਰਫ਼ ਢਾਈ ਘੰਟੇ ਦਾ ਹੈ।“
ਅੰਮ੍ਰਿਤਾ ਜੀ ਨੇ ਹਰਖ ਕੇ ਕਿਹਾ ਸੀ, "ਨਹੀਂ, ਇਸਤਰ੍ਹਾਂ ਨਹੀਂ ਹੋ ਸਕਦਾ।"
ਜੋਤਸ਼ੀ ਨੇ ਮੁੜ ਹਿਸਾਬ ਲਾਇਆ ਤੇ ਇਸਵਾਰ ਦੱਸਿਆ, ''ਜੇ ਢਾਈ ਘੰਟੇ ਦਾ ਨਹੀਂ ਤਾਂ ਫਿਰ ਇਹ ਰਿਸ਼ਤਾ ਢਾਈ ਦਿਨ ਜਾਂ ਢਾਈ ਸਾਲ ਦਾ ਹੋ ਸਕਦਾ ਹੈ।"
''ਜੇ ਢਾਈ ਦਾ ਹੀ ਹਿਸਾਬ-ਕਿਤਾਬ ਹੈ, ਤਾਂ ਫਿਰ ਢਾਈ ਜਨਮ ਦਾ ਕਿਉਂ ਨਹੀਂ ਹੋ ਸਕਦਾ ?" ਅੰਮ੍ਰਿਤਾ ਜੀ ਨੇ ਫੌਰੀ ਕਿਹਾ, "ਮੇਰਾ ਅੱਧਾ ਜੀਵਨ ਮੁਕ ਗਿਆ ਹੈ ਅਤੇ ਦੋ ਜਨਮ ਅਜੇ ਬਾਕੀ ਹਨ।"
ਇਹੋ ਜਿਹੀ ਸ਼ਿੱਦਤ, ਮਾਨਸਿਕ ਬਲ ਅਤੇ ਤਰਕ ਸ਼ਾਇਦ ਜੋਤਸ਼ੀ ਨੂੰ ਪਹਿਲੋਂ ਕਦੀ ਦਰਪੇਸ਼ ਨਹੀਂ ਸਨ ਆਏ। ਅੰਮ੍ਰਿਤਾ ਜੀ ਜੋਤਸ਼ੀ ਦੇ ਕਮਰੇ ਵਿਚੋਂ ਬੁਝੇ ਹੋਏ ਮਨ ਨਾਲ ਬਾਹਰ ਆਏ ਤੇ ਸੋਚਣ ਲੱਗ ਪਏ ਕਿ ਉਹ ਸ਼ਾਇਦ ਦੀਵਾਨਗੀ ਦੇ ਰਾਹ 'ਤੇ ਤੁਰ ਰਹੇ ਸਨ। ਹੁਣ ਉਹ ਈਡਨ ਗਾਰਡਨ ਲੰਘ ਕੇ ਕੰਡਿਆਲੀਆਂ ਝਾੜੀਆਂ ਵਿਚ ਦਾਖ਼ਲ ਹੋ ਰਹੇ ਸਨ।
ਅੰਮ੍ਰਿਤਾ ਜੀ ਨੂੰ ਲੋਕਾਂ ਨੇ ਬਹੁਤ ਸਮਝਾਇਆ ਕਿ ਉਹ ਜੀਹਦੇ ਨਾਲ ਵੀ ਰਹਿਣਾ ਚਾਹੁਣ ਰਹਿਣ, ਪਰ ਦੁਨੀਆਂ ਨਾਲੋਂ ਨਾਤਾ ਨਾ ਤੋੜਨ। ਉਹਨਾਂ ਲੋਕਾਂ ਨੂੰ ਕੌਣ ਦਸਦਾ ਕਿ ਉਹਨਾਂ ਨੂੰ ਦੁਨੀਆਂ ਦੀ ਕੀ ਪਰਵਾਹ ! ਉਹਨਾਂ ਦੁਨੀਆਂ ਨੂੰ ਨਹੀਂ ਆਪਣੇ ਰਾਂਝੇ ਨੂੰ ਮੰਨਾਉਣਾ ਸੀ।
ਮੈਂ ਸੋਚ ਰਹੀ ਸਾਂ, ਕੀ ਅੰਮ੍ਰਿਤਾ ਜੀ ਨੂੰ ਅੱਜ ਵੀ ਜੋਤਸ਼ੀ ਨੂੰ ਕਹੀ ਹੋਈ ਆਪਣੀ ਗੱਲ ਯਾਦ ਹੋਊ ਕਿ ਇਹ ਰਿਸ਼ਤਾ ਢਾਈ ਜਨਮ ਦਾ ਹੈ। ਕੀ ਇਹੋ ਆਤਮ-ਬਲ ਹੁੰਦਾ ਹੈ ਜੀਹਦੇ ਨਾਲ ਰਿਸ਼ੀ-ਮੁਨੀ ਕਾਇਨਾਤ ਨੂੰ ਵੀ ਆਪਣੇ ਸਾਹਮਣੇ ਝੁਕਾ ਲੈਂਦੇ ਸਨ, ਆਪਣੀ ਮਰਜ਼ੀ ਅਨੁਸਾਰ ਮੋੜ ਲੈਂਦੇ ਸਨ। ਨਿਸਚੇ ਹੀ ਉਹਨਾਂ ਦਾ ਰਿਸ਼ਤਾ ਇਕ ਜਨਮ ਦਾ ਨਹੀਂ ਹੈ, ਉਹਨਾਂ ਦਾ ਸੰਬੰਧ ਕਈ ਜਨਮਾਂ ਦਾ ਹੈ।
ਵੀਹ ਸਾਲ ਤਕ ਇਕ ਘਰ ਅੰਮ੍ਰਿਤਾ ਜੀ ਨੂੰ ਲਗਾਤਾਰ ਸੁਪਨੇ ਵਿਚ ਵਿਖਾਈ ਦਿੰਦਾ ਰਿਹਾ। ਉਸ ਘਰ ਦੇ ਇਕ ਪਾਸੇ ਜੰਗਲ ਅਤੇ ਦੂਸਰੇ ਪਾਸੇ ਦਰਿਆ ਸੀ ਅਤੇ ਖਿੜਕੀ ਕੋਲ ਇਕ ਆਦਮੀ ਪੇਂਟਿੰਗ ਕਰ ਰਿਹਾ ਹੁੰਦਾ ਸੀ। ਪੂਰੇ ਵੀਹ ਸਾਲ ਇਸਤਰ੍ਹਾਂ ਹੁੰਦਾ ਰਿਹਾ। ਉਸ ਆਦਮੀ ਦਾ ਚਿਹਰਾ ਉਹਨਾਂ ਕਦੀ ਨਹੀਂ ਵੇਖਿਆ। ਵੇਖੀ ਸਿਰਫ਼ ਉਸਦੀ ਪਿੱਠ ਜਾਂ ਪਾਸਾ, ਪਰ ਇਮਰੋਜ਼ ਨੂੰ ਵੇਖਦਿਆਂ ਹੀ ਉਹ ਪਛਾਣ ਗਏ ਸਨ ਅਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਉਹ ਸੁਪਨਾ ਕਦੀ ਨਹੀਂ ਆਇਆ।
ਕੀ ਸੰਜੋਗ ਇਹੋ ਹੁੰਦਾ ਹੈ ?
ਛੇ
ਦੁਨੀਆਂ ਦੀ ਨਜ਼ਰ ਵਿਚ ਅੰਮ੍ਰਿਤਾ ਜੀ ਨੇ ਧਰਮ-ਵਿਰੋਧੀ ਕੰਮ ਕੀਤਾ ਹੈ। ਉਹਨਾਂ ਆਪਣੀਆਂ ਕਵਿਤਾਵਾਂ ਵਿਚ ਇਸ ਗੱਲ ਦਾ ਪਰਗਟਾਵਾ ਕੀਤਾ ਹੈ ਤੇ ਉਹਨਾਂ ਕਵਿਤਾਵਾਂ ਨੂੰ ਜੀਵਿਆ ਵੀ ਹੈ।
ਅਜ ਅਸੀਂ ਇਕ ਦੁਨੀਆਂ ਵੇਚੀ
ਤੇ ਇਕ ਦੀਨ ਵਿਹਾਜ ਲਿਆਏ
ਗੱਲ ਕੁਫ਼ਰ ਦੀ ਕੀਤੀ...
ਸੁਪਨੇ ਦਾ ਇਕ ਥਾਨ ਉਨਾਇਆ
ਗਜ਼ ਕੁ ਕੱਪੜਾ ਪਾੜ ਲਿਆ
ਤੇ ਉਮਰ ਦੀ ਚੋਲੀ ਸੀਤੀ
ਆਮ ਲੋਕਾਂ ਦੀ ਨਜ਼ਰ ਵਿਚ ਉਹਨਾਂ ਸਿਰਫ਼ ਧਰਮ ਵਿਰੋਧੀ ਕੰਮ ਹੀ ਨਹੀਂ ਕੀਤਾ ਸਗੋਂ ਉਸਤੋਂ ਵੀ ਵੱਡਾ ਅਪਰਾਧ ਕੀਤਾ ਹੈ। ਇਕ ਸ਼ਾਦੀਸ਼ੁਦਾ ਔਰਤ ਹੋ ਕੇ, ਸਮਾਜ ਦੀ ਸਹਿਮਤੀ ਤੋਂ ਬਿਨਾਂ ਹੀ ਕਿਸੇ ਦੂਸਰੇ ਮਰਦ ਦੇ ਨਾਲ ਰਹੇ ਜਿਸਨੂੰ ਉਹ ਪਿਆਰ ਕਰਦੇ ਸਨ ਅਤੇ ਜੋ ਉਹਨਾਂ ਨੂੰ ਪਿਆਰ ਕਰਦਾ ਸੀ।
ਅੰਮ੍ਰਿਤਾ ਅਤੇ ਇਮਰੋਜ਼ ਦੋਵੇਂ ਹੀ ਮੰਨਦੇ ਹਨ ਕਿ ਉਹਨਾਂ ਨੂੰ ਕਦੀ ਵੀ ਕਿਸੇ ਸਮਾਜ ਦੀ ਸਹਿਮਤੀ ਦੀ ਲੋੜ ਨਹੀਂ ਸੀ। ਇਕ ਵਾਰ ਮੈਂ ਇਮਰੋਜ਼ ਨੂੰ ਸਾਫ਼ ਸਾਫ਼ ਪੁੱਛ ਲਿਆ ਤਾਂ ਉਹ ਬੋਲੇ, "ਉਹ ਜੋੜੇ ਜਿਨ੍ਹਾਂ ਨੂੰ ਆਪਣੇ ਪਿਆਰ ਉੱਤੇ ਭਰੋਸਾ ਨਹੀਂ ਹੁੰਦਾ ਉਹਨਾਂ ਨੂੰ ਹੀ ਸਮਾਜ ਦੀ ਤਸਦੀਕ ਦੀ ਲੋੜ ਹੁੰਦੀ ਹੈ। ਅਸੀਂ ਦੋਵੇਂ ਆਪਣਾ ਮਨ ਜਾਣਦੇ ਹਾਂ, ਫਿਰ ਸਮਾਜ ਦੀ ਕੀ ਲੋੜ ਹੈ। ਸਾਡੇ ਮਾਮਲੇ ਵਿਚ ਸਮਾਜ ਦੀ ਕੋਈ ਭੂਮਿਕਾ ਨਹੀਂ ਹੈ। ਅਸੀਂ ਸਮਾਜ ਦੇ ਸਾਹਮਣੇ ਜਾ ਕੇ ਕਿਉਂ ਕਹਿੰਦੇ ਰਹੀਏ ਕਿ ਅਸੀਂ ਇਕ ਦੂਸਰੇ ਨੂੰ ਮੰਨਦੇ ਹਾਂ, ਅਸੀਂ ਇਕ-ਦੂਸਰੇ ਨੂੰ ਪਿਆਰ ਕਰਦੇ ਹਾਂ।"
ਉਹ ਆਪਣੇ ਰੌਂਅ ਵਿਚ ਕਹਿ ਰਹੇ ਸਨ, "ਅਸੀਂ ਇਕ ਦੂਸਰੇ ਨੂੰ ਮੰਨਦੇ ਹਾਂ, ਪਿਆਰ ਕਰਦੇ ਹਾਂ ਜਾਂ ਨਹੀਂ ਕਰਦੇ ਇਹਨਾਂ ਦੋਹਾਂ ਹਾਲਤਾਂ ਵਿਚ ਹੀ ਸਮਾਜ ਸਾਡੀ
ਸਹਾਇਤਾ ਨਹੀਂ ਕਰ ਸਕਦਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਜੋ ਫੈਸਲਾ ਕੀਤਾ ਹੈ, ਸਮਾਜ ਉਸਨੂੰ ਮੰਨੇ, ਆਪਣੀ ਮੋਹਰ ਲਾ ਦੇਵੇ ਕਿਓਕਿ ਸਾਨੂੰ ਆਪਣੇ ਫੈਸਲੇ ਉੱਤੇ ਵਿਸ਼ਵਾਸ ਨਹੀ ਜਾ ਫਿਰ ਅਸੀਂ ਆਪ ਹੀ ਸਮਾਜ ਤੋਂ ਹੀ ਫੈਸਲੇ ਦੀ ਉਮੀਦ ਕਰਦੇ ਹਾਂ ਕਿਉਂਕਿ ਸਾਨੂੰ ਖੁਦ ਉੱਤੇ ਯਕੀਨ ਨਹੀਂ ਅਤੇ ਨਾ ਹੀ ਅਸੀਂ ਆਪਣੇ ਕੰਮਾਂ ਦੀ ਜਿੰਮੇਵਾਰੀ ਚੁੱਕਣਾ ਚਾਹੁੰਦੇ ਹਾਂ।
"ਜੇ ਅਸੀਂ ਖੁਦ ਫੈਸਲਾ ਲੈਂਦੇ ਹਾਂ ਤਾਂ ਕਿਸੇ ਦੂਸਰੇ ਨੂੰ ਆਪਣੇ ਭਲੇ ਬੁਰੇ ਦਾ ਜਿੰਮੇਵਾਰ ਨਹੀਂ ਠਹਿਰਾ ਸਕਦੇ, ਇਸ ਲਈ ਅਸੀਂ ਆਪਣਾ ਬਚਾਅ ਕਰਨਾ ਚਾਹੁੰਦੇ ਹਾਂ ਅਤੇ ਖੁਦ ਨੂੰ ਆਜ਼ਾਦ ਰੱਖਣਾ ਚਾਹੁੰਦੇ ਹਾਂ।
"ਅਸੀਂ ਸਮਾਜ ਵਿਚੋਂ ਇਕ ਸਹੂਲਤ ਢੂੰਡਦੇ ਹਾਂ, ਪਰ ਮੈਨੂੰ ਅਤੇ ਅੰਮ੍ਰਿਤਾ ਨੂੰ ਕਿਸੇ ਇਹੋ ਜਿਹੀ ਸਹੂਲਤ ਦੀ ਲੋੜ ਨਹੀਂ ਸੀ...।"
ਇਮਰੋਜ਼ ਜੀ ਦੀ ਗੱਲ ਕਟਦਿਆਂ ਹੋਇਆਂ, ਮੈਂ ਅੰਮ੍ਰਿਤਾ ਜੀ ਨੂੰ ਪੁੱਛਿਆ, "ਕੀ ਤੁਸੀਂ ਨਹੀਂ ਮੰਨਦੇ ਕਿ ਤੁਸੀਂ ਸਮਾਜ ਦਾ ਇਕ ਨਿਯਮ ਤੋੜਿਆ ਹੈ ਅਤੇ ਦੂਸਰਿਆਂ ਲਈ ਇਕ ਗ਼ਲਤ ਮਿਸਾਲ ਪੇਸ਼ ਕੀਤੀ ਹੈ ?"
ਉਹ ਕੁਝ ਚਿਰ ਚੁੱਪ ਰਹੇ ਤੇ ਫਿਰ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ, "ਨਹੀਂ ! ਅਸੀਂ ਦੋਹਾਂ ਨੇ ਪਿਆਰ ਦੇ ਬੰਧਨ ਨੂੰ ਹੋਰ ਮਜ਼ਬੂਤ ਕੀਤਾ ਹੈ। ਜਦੋਂ ਵਿਆਹ ਦਾ ਆਧਾਰ ਹੀ ਪ੍ਰੇਮ ਹੈ ਤਾਂ ਅਸੀਂ ਕਿਹੜਾ ਸਮਾਜਿਕ ਨਿਯਮ ਜਾਂ ਬੰਧਨ ਤੋੜਿਆ ਹੈ। ਅਸੀਂ ਤਨ, ਮਨ, ਕਰਨੀ ਅਤੇ ਕਥਨੀ ਨਾਲ ਸਾਥ ਨਿਭਾਇਆ ਹੈ, ਜੋ ਸ਼ਾਇਦ ਬਹੁਤ ਸਾਰੇ ਦੂਸਰੇ ਜੋੜਿਆਂ ਕੋਲੋਂ ਨਾ ਨਿਭਦਾ। ਅਸੀਂ ਹਰ ਮੁਸ਼ਕਿਲ ਦਾ ਇਕੱਠਿਆਂ ਸਾਹਮਣਾ ਕੀਤਾ ਹੈ ਅਤੇ ਪੂਰੀ ਸਚਾਈ ਨਾਲ ਇਸ ਰਿਸ਼ਤੇ ਨੂੰ ਜੀਵਿਆ ਹੈ।" ਉਹ ਬਿਨਾਂ ਝਿਜਕ ਅਤੇ ਨਾਚ ਨਾਲ ਕਹਿ ਰਹੇ ਸਨ, 'ਸੱਚ ਤਾਂ ਇਹ ਹੈ ਕਿ ਅਸੀਂ ਸਮਾਜ ਦੇ ਸਾਹਮਣੇ ਬਹੁਤ ਹੀ ਤਗੜੀ ਅਤੇ ਪ੍ਰਭਾਵੀ ਮਿਸਾਲ ਪੇਸ਼ ਕੀਤੀ ਹੈ। ਅਸੀਂ ਦਰਅਸਲ ਸਮਾਜ ਨੂੰ ਹੋਰ ਮਜ਼ਬੂਤ ਬਣਾਇਆ ਹੈ ਤੇ ਫਿਰ ਅਸੀਂ ਕਿਉਂ ਸ਼ਰਮਿੰਦੇ ਹੋਈਏ ? ਸ਼ਰਮਸਾਰ ਤਾਂ ਉਹ ਹੋਣ ਜਿਨ੍ਹਾਂ ਨੇ ਸਾਨੂੰ ਗਲਤ ਸਮਝਿਆ ਹੈ।"
ਇਹ ਸੱਚ ਹੈ ਕਿ ਅੰਮ੍ਰਿਤਾ ਜੀ ਨੂੰ ਲੇਖਕਾ ਦੇ ਰੂਪ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਦਾ ਸਪਸ਼ਟ, ਸਰਲ, ਨਿਰਛਲ ਅਤੇ ਬੇਬਾਕ ਲਿਖਣ ਕਾਰਨ ਬਹੁਤ ਵਿਰੋਧ ਹੋਇਆ ਹੈ, ਪਰ ਅੰਮ੍ਰਿਤਾ ਜੀ ਨੇ ਵਿਰੋਧੀਆਂ ਅਤੇ ਨਿੰਦਕਾਂ ਦੀ ਕਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਆਪਣੇ ਪਤੀ ਤੋਂ ਅਲਗ ਹੋਣ ਤੋਂ ਪਹਿਲਾਂ ਪਤੀ ਨੂੰ ਸਚਾਈ ਦਾ ਸਾਹਮਣਾ ਕਰਨ ਅਤੇ ਇਹ ਮੰਨਣ ਲਈ ਪ੍ਰੇਰਿਤ ਕੀਤਾ ਕਿ ਸਮਾਜ ਦੇ ਤ੍ਰਿਸਕਾਰ ਅਤੇ ਨਿੰਦਿਆ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਆਪਣੇ ਰਾਹ ਅੱਡ ਕਰ ਲੈਣੇ ਚਾਹੀਦੇ ਹਨ। ਉਹਨਾਂ ਦਾ ਇਹ ਮੰਨਣਾ ਹੈ ਕਿ ਸਚਾਈ ਦਾ ਸਾਹਮਣਾ ਕਰਨ ਲਈ ਮਨੁੱਖ ਨੂੰ ਸਾਹਸ ਅਤੇ ਮਾਨਸਿਕ ਬਲ ਦੀ ਲੋੜ ਹੁੰਦੀ ਹੈ।
ਇਕ ਵਾਰ ਇਕ ਹਿੰਦੀ ਲੇਖਕ ਨੇ ਅੰਮ੍ਰਿਤਾ ਜੀ ਨੂੰ ਪੁੱਛਿਆ ਸੀ ਕਿ ਜੇ ਤੁਹਾਡੀਆ ਕਿਤਾਬਾਂ ਦੀਆਂ ਸਾਰੀਆਂ ਨਾਇਕਾਵਾਂ ਸਚਾਈ ਦੀ ਖੋਜ ਵਿਚ ਆਪਣਾ ਘਰ ਛੱਡ ਕੇ ਤੁਰ ਪਈਆਂ ਤਾ ਕੀ ਇਹ ਸਮਾਜਿਕ ਅਨਰਥ ਨਹੀਂ ਹੋਵੇਗਾ ?
ਅੰਮ੍ਰਿਤਾ ਜੀ ਨੇ ਬੜੇ ਸ਼ਾਂਤ ਭਾਵ ਨਾਲ ਜਵਾਬ ਦਿੱਤਾ ਸੀ ਕਿ ਜੇ ਝੂਠੇ ਸਮਾਜਿਕ ਮੁੱਲਾਂ ਕਾਰਨ ਕੁਝ ਘਰ ਟੁਟਦੇ ਵੀ ਨੇ ਤਾਂ ਸਚਾਈ ਦੀ ਵੇਦੀ ਉੱਤੇ ਕੁਝ ਹੋਰ ਘਰਾਂ ਦਾ ਬਲੀਦਾਨ ਹੋ ਲੈਣ ਦੇਣਾ ਚਾਹੀਦਾ ਹੈ।
ਮੈਨੂੰ ਅੰਮ੍ਰਿਤਾ ਜੀ ਦੇ ਜੀਵਨ ਅਤੇ ਬਹੁਪੱਖੀ ਸ਼ਖਸੀਅਤ ਦੇ ਤਲਿਸਮ ਦਾ ਅਹਿਸਾਸ ਹੋਣ ਲੱਗ ਪਿਆ ਸੀ।
ਸੱਤ
ਮੈਂ ਅੰਮ੍ਰਿਤਾ ਜੀ ਦੇ ਘਰ ਨਿਰੰਤਰ ਜਾ ਰਹੀ ਸਾਂ। ਉਹਨਾਂ ਨੂੰ ਪ੍ਰਾਣਿਕ ਹੀਲਿੰਗ ਨਾਲ ਕਾਫ਼ੀ ਆਰਾਮ ਮਿਲ ਰਿਹਾ ਸੀ। ਜਦੋਂ ਉਹਨਾਂ ਦੀ ਲੱਤ ਦੀ ਪੀੜ ਘੱਟ ਹੋ ਜਾਂਦੀ ਤਾਂ ਉਹ ਪ੍ਰਸੰਨ ਵਿਖਾਈ ਦਿੰਦੇ। ਉਹ ਅਕਸਰ ਕਹਿੰਦੇ, "ਹੁਣ ਤੂੰ ਨਾਗਾ ਨਾ ਕਰੀਂ, ਰੋਜ਼ ਆਵੀਂ।"
ਹੀਲਿੰਗ ਸੈਸ਼ਨ ਇਸੇ ਤਰ੍ਹਾਂ ਚਲਦੇ ਰਹੇ। ਕਦੇ ਕਦਾਈਂ ਉਹ ਹੱਸ ਕੇ ਕਹਿੰਦੇ, "ਹੁਣ ਤਾਂ ਮੈਨੂੰ ਮਜਾ ਆਉਣ ਲੱਗ ਪਿਆ ਹੈ।"
ਕਈ ਵਾਰ ਉਹਨਾਂ ਘਰ ਪ੍ਰਾਹੁਣੇ ਬੈਠੇ ਹੁੰਦੇ ਤਾਂ ਹੀਲਿੰਗ ਦਾ ਨਾਗਾ ਹੋ ਜਾਂਦਾ ਸੀ। ਉਹਨੀਂ ਦਿਨੀਂ ਲੰਦਨ ਸਕੂਲ ਆਫ਼ ਇਕਨਾਮਿਕਸ ਵਿਚ ਪੜ੍ਹ ਰਹੀ ਮੇਰੀ ਧੀ ਸੌਮਿਆਂ ਛੁਟੀਆਂ ਵਿਚ ਘਰ ਆਈ ਹੋਈ ਸੀ। ਮੇਰਾ ਜ਼ਿਆਦਾਤਰ ਸਮਾਂ ਉਸੇ ਨਾਲ ਬੀਤਦਾ ਸੀ। ਇਕ ਦਿਨ ਸਵੇਰੇ ਸੱਤ ਵਜੇ ਦੇ ਕਰੀਬ ਟੈਲੀਫੋਨ ਦੀ ਘੰਟੀ ਖੜਕੀ। ਮੈਂ ਫ਼ੋਨ ਚੁੱਕਿਆ ਤਾਂ ਅੰਮ੍ਰਿਤਾ ਜੀ ਸਨ, ਕਹਿਣ ਲੱਗੇ, ਮੇਰੀ ਇਕ ਦੋਸਤ ਹੁੰਦੀ ਸੀ। ਉਸਦਾ ਨਾਂ ਉਮਾ ਹੈ। ਉਸਨੂੰ ਕਹੀ ਉਹ ਮੈਨੂੰ ਭੁੱਲ ਕਿਉਂ ਗਈ ਹੈ ? ਉਹਨੂੰ ਆਖੀਂ ਮੈਨੂੰ ਮਿਲਣ ਤਾਂ ਆਵੇ।"
ਮੈਨੂੰ ਆਪ ਮੁਹਾਰੇ ਹਾਸਾ ਆ ਗਿਆ, ਮੈਂ ਕਿਹਾ, "ਮੈਂ ਛੇਤੀ ਆਵਾਂਗੀ।"
ਉਸੇ ਦੁਪਹਿਰ ਮੈਂ ਉਹਨਾਂ ਦੇ ਘਰ ਪਹੁੰਚ ਗਈ। ਉਹ ਬਹੁਤ ਕਮਜ਼ੋਰ ਲੱਗ ਰਹੇ ਸਨ ਤੇ ਆਰਾਮ ਕਰ ਰਹੇ ਸਨ। ਮੈਂ ਉਹਨਾਂ ਦੇ ਮੱਥੇ ਉੱਤੇ ਹੱਥ ਰੱਖਿਆ ਤਾਂ ਉਹ ਜਾਗ ਪਏ। ਮੈਂ ਪੁੱਛਿਆ, "ਮੈਡਮ, ਕੀ ਹਾਲ ਹੈ ਤੁਹਾਡਾ ?" (ਮੈਂ ਉਹਨਾਂ ਨੂੰ ਅਕਸਰ ਮੈਮ ਜਾਂ ਮੈਡਮ ਕਹਿ ਕੇ ਸੰਬੋਧਿਤ ਹੁੰਦੀ ਸਾਂ)
ਉਹ ਬੋਲੇ, "ਪਲੀਜ਼! ਮੈਨੂੰ ਮੈਮ ਨਾ ਕਿਹਾ ਕਰ। ਆਪਾਂ ਦੋਸਤ ਹਾਂ।"
ਮੈਂ ਕਿਹਾ, "ਨਹੀਂ ਮੈਮ ! ਤੁਸੀਂ ਤਾਂ ਮੇਰੇ ਗੁਰੂ ਹੋ।"
ਉਹਨਾਂ ਆਖਿਆ, "ਨਹੀਂ ਮੈਂ ਕਿਸੇ ਦੀ ਗੁਰੂ ਨਹੀਂ ਹਾ, ਤੇਰੀ ਤਾਂ ਬਿਲਕੁਲ ਨਹੀਂ।"
ਇਸ ਗੱਲ ਉੱਤੇ ਮੈਂ ਹੱਸ ਕੇ ਕਿਹਾ, 'ਚੰਗਾ, ਤਾਂ ਫਿਰ ਤੁਸੀਂ ਮੇਰੇ ਲਿਟਲ ਬੇਬੀ ਹੋ।"
ਉਹ ਜੋਰ ਨਾਲ ਹੱਸੇ ਤੇ ਬੋਲੇ, "ਹਾਂ, ਇਹ ਠੀਕ ਹੈ। ਮੈਂ ਤੇਰੀ ਲਿਟਲ ਬੇਬੀ
ਹਾਂ। ਉਹਨਾਂ ਦੇ ਚਿਹਰੇ ਉੱਤੇ ਬੱਚਿਆਂ ਵਾਲੀ ਨਿਰਛਲ ਹਾਸੀ ਤੈਰਨ ਲੱਗ ਪਈ ਸੀ। ਆਪਣੇ ਵੇਲੇ ਦੇ ਸਾਹਿਤਕ ਜਗਤ ਦੀ ਸ਼ੇਰਨੀ ਕਿਸ ਤਰ੍ਹਾਂ ਨੰਨ੍ਹੀ ਪਿਆਰੀ ਤੇ ਬੇਬਸ ਬਾਲੜੀ ਲੱਗ ਰਹੀ ਸੀ। ਮੇਰਾ ਮਨ ਹੋਇਆ ਕਿ ਉਹਨਾਂ ਨੂੰ ਨਿੱਕੇ ਬਾਲ ਵਾਂਗ ਹੀ ਬਾਹਵਾਂ ਵਿਚ ਚੁੱਕ ਲਵਾਂ।
ਕਦੀ ਕਦੀ ਉਹ ਆਪਣੀ ਲੱਤ ਫੜ ਕੇ ਮਾਸੂਮੀਅਤ ਨਾਲ ਪੁੱਛਦੇ, "ਕੀ ਤੇਰੀ ਰੇਕੀ ਜਾਂ ਪ੍ਰਾਣਿਕ ਹੀਲਿੰਗ ਮੇਰੇ ਦਰਦ ਦਾ ਕੁਝ ਨਹੀਂ ਕਰ ਸਕਦੀ ?"
ਮੈਂ ਹੱਸ ਕੇ ਆਖਦੀ, "ਕਿਉਂ ਨਹੀਂ, ਲਿਆਓ ਵੇਖਦੇ ਹਾਂ ਕੀ ਹੋ ਸਕਦਾ ਹੈ।"
...ਤੇ ਜਦੋਂ ਮੈਂ ਹੀਲਿੰਗ ਦੇਣ ਲੱਗ ਪੈਂਦੀ ਤਾਂ ਉਹਨਾਂ ਨੂੰ ਕੁਝ ਚੈਨ ਮਿਲ ਜਾਂਦਾ। ਕਈ ਵਾਰ ਤਾਂ ਉਹ ਸੌਂ ਵੀ ਜਾਂਦੇ। ਕਦੀ ਕਦੀ ਉਹ ਮੇਰਾ ਹੱਥ ਫੜ ਕੇ ਕੋਈ ਯਾਦ ਆਈ ਗੱਲ ਦੱਸਣ ਲੱਗ ਪੈਦੇ ਜਾਂ ਕਦੀ ਪੁੱਛ ਲੈਂਦੇ, "ਤੂੰ ਆਪਣੇ ਹੱਥਾਂ ਨਾਲ ਕੀ ਕਰ ਦੇਨੀਂ ਏਂ ਕਿ ਸਕੂਨ ਮਿਲ ਜਾਂਦਾ ਹੈ।"
ਮੈਂ ਕੀ ਜੁਆਬ ਦੇਂਦੀ, ਬੱਸ ਹੱਸਣ ਲੱਗ ਪੈਂਦੀ। ਉਹਨਾ ਨੂੰ ਲੱਤ ਘੁਟਵਾਉਣ ਨਾਲ ਆਰਾਮ ਮਿਲਦਾ। ਉਹ ਅਕਸਰ ਇਮਰੋਜ਼ ਨੂੰ ਕਹਿੰਦੇ, "ਇਮਾ! ਲੱਤ ਘੁਟਦੇ, ਬਹੁਤ ਦਰਦ ਹੈ।" ਤੇ ਇਮਰੋਜ਼ ਬਹੁਤ ਪਿਆਰ ਨਾਲ ਖੁਸ਼ੀ ਖੁਸ਼ੀ ਉਹਨਾਂ ਦੀ ਲੱਤ ਘੁਟਣ ਲੱਗ ਪੈਂਦੇ। (ਉਹ ਪਿਆਰ ਨਾਲ ਇਮਰੋਜ਼ ਨੂੰ ਇਮਾ ਕਹਿੰਦੇ ਸਨ)
ਇਕ ਦਿਨ ਉਹਨਾਂ ਆਪਣੇ ਆਪ ਨੂੰ ਹੀ ਸਵਾਲ ਕੀਤਾ ਸੀ, "ਜਦੋਂ ਅਸੀਂ ਮਰਨਾ ਹੀ ਹੈ ਤਾਂ ਏਨਾ ਦਰਦ ਕਿਉਂ ਸਹਿਣਾ ਪੈਂਦਾ ਹੈ ?" ਉਹ ਪੁੱਛ ਰਹੇ ਸਨ, "ਸਾਨੂੰ ਲਗਾਤਾਰ ਹੀ ਦਰਦ ਕਿਉਂ ਸਹਿਣਾ ਪੈਂਦਾ ਹੈ। ਦਰਦ ਦੇ ਕਾਰਨ ਮਰਨ ਨਾਲੋਂ ਤਾਂ ਇਹੋ ਚੰਗਾ ਹੈ ਕਿ ਅਸੀਂ ਬਿਨਾਂ ਕਾਰਨ ਤੋਂ ਹੀ ਮਰ ਜਾਈਏ। ਅਸੀਂ ਇਸਤਰ੍ਹਾਂ ਹੀ ਕਿਉਂ ਨਹੀਂ ਮਰ ਜਾਂਦੇ ?"
ਮੈਂ ਸਹਿਜਤਾ ਨਾਲ ਇਕ ਰਟਿਆ ਰਟਾਇਆ ਜੁਆਬ ਦੇ ਦਿੱਤਾ, "ਦਰਦ ਸਾਨੂੰ ਸ਼ੁਧ ਕਰਦਾ ਹੈ।"
ਉਹ ਹੌਲੀ ਜਿਹੀ ਮੁਸਕਰਾਏ ਤੇ ਬੋਲੇ, "ਦਰਦ ਨਾਲ ਅਸੀਂ ਬੜੇ ਲਾਚਾਰ ਹੋ ਜਾਂਦੇ ਹਾਂ, ਦੂਸਰਿਆਂ ਉੱਤੇ ਨਿਰਭਰ ਹੋ ਜਾਂਦੇ ਹਾਂ। ਸਾਡਾ ਆਪਣਾ ਕੁਝ ਨਹੀਂ ਰਹਿ ਜਾਂਦਾ। ਹਾਂ, ਦਰਦ ਸਾਨੂੰ ਏਨਾ ਕੁ ਸ਼ੁਧ ਜ਼ਰੂਰ ਕਰਦਾ ਹੈ ਕਿ ਅਸੀਂ ਦੂਸਰਿਆਂ ਦੇ ਦਰਦ ਪ੍ਰਤੀ ਸੰਵੇਦਨਸ਼ੀਲ ਹੋ ਜਾਂਦੇ ਹਾਂ।
ਉਹ ਆਪਣੀ ਇਕ ਕਵਿਤਾ ਦੀਆਂ ਸਤਰਾਂ ਸੁਨਾਉਣ ਲੱਗ ਪਏ-
ਰੂਹ ਦਾ ਜ਼ਖ਼ਮ
ਇਕ ਆਮ ਰੋਗ ਹੈ
ਜ਼ਖਮ ਦੇ ਨੰਗੇਪਨ ਤੋਂ
ਜੇ ਸ਼ਰਮ ਆਵੇ
ਤਾਂ ਸੁਪਨੇ ਦਾ ਇਕ ਟੁਕੜਾ
ਪਾੜ ਕੇ ਜਖਮ ਤੇ ਲਾ ਲਵੇ।
ਉਹ ਆਪਣੀ ਨਜ਼ਮ ਸੁਣਾਉਂਦੇ ਰਹੇ ਤੇ ਮੈਂ ਹੀਲਿੰਗ ਦਿੰਦੀ ਰਹੀ। ਥੋੜ੍ਹੀ ਦੇਰ ਪਿਛੋਂ ਉਹ ਨੀਂਦ ਵਿਚ ਲਹਿ ਗਏ। ਮੈਂ ਉਹਨਾਂ ਨੂੰ ਸੁੱਤਿਆਂ ਨੂੰ ਵੇਖਦੀ ਰਹੀ।
ਮੈਨੂੰ ਉਹ ਦਿਨ ਯਾਦ ਆ ਰਿਹਾ ਸੀ। ਜਦੋਂ ਸਿਰਜਣਾ ਦੀ ਪੀੜ ਦਾ ਜਿਕਰ ਕਰਦਿਆ ਉਹਨਾਂ ਕਿਹਾ ਸੀ, "ਉਮਾ ! ਤੂੰ ਮਹਾਂਭਾਰਤ ਦੀ ਕੁੰਤੀ ਨੂੰ ਜਾਣਨੀ ਏਂ। ਉਹਨੂੰ ਵਰ ਮਿਲਿਆ ਹੋਇਆ ਸੀ ਕਿ ਉਹ ਕਿਸੇ ਵੀ ਦੇਵਤੇ ਨੂੰ ਮੰਤਰ ਨਾਲ ਆਪਣੇ ਕੋਲ ਬੁਲਾ ਸਕਦੀ ਹੈ। ਉਹਨੇ ਸੂਰਜ ਦੇਵਤਾ ਨੂੰ ਨਿਓਤਾ ਦੇ ਦਿੱਤਾ ਤੇ ਉਹਦੇ ਤੋਂ ਹੀ ਅਣਵਿਆਹੀ ਦੇ ਕਰਣ ਪੈਦਾ ਹੋਇਆ। ਅਣਵਿਆਹੀ ਮਾਂ ਹੋਣ ਦੀ ਲੋਕਲਾਜ ਦੇ ਕਾਰਨ ਉਹਨੂੰ ਆਪਣੇ ਪੁੱਤਰ ਦਾ ਤਿਆਗ ਕਰਨਾ ਪਿਆ ਕਿਉਂਕਿ ਉਹ ਇਕੱਲੀ, ਨਿਆਸਰਾ ਤੇ ਅਸੁਰੱਖਿਅਤ ਸੀ। ਇਹੋ ਜਿਹੀ ਸਥਿਤੀ ਵਿਚ ਹੀ ਸਿਰਜਣਾ ਦੀ ਪੀੜ ਜਨਮ ਲੈਂਦੀ ਹੈ।"
ਕੁੰਤੀ ਦੀ ਬੇਬਸੀ ਤੇ ਉਸਦੀ ਅਸਹਿ ਪੀੜ ਨੂੰ ਕਿੰਨੀ ਗਹਿਰਾਈ ਨਾਲ ਜਾਣਿਆ ਸੀ ਉਹਨਾਂ।
ਅੱਠ
ਇਕ ਦਿਨ ਤੜਕਸਾਰ ਉਹਨਾਂ ਦਾ ਫੋਨ ਆਇਆ। ਮੈਂ ਰਸੀਵਰ ਚੁੱਕਿਆ ਤਾਂ ਉਹ ਬੋਲੇ, "ਮੈਂ ਅੰਮ੍ਰਿਤਾ ਬੋਲ ਰਹੀ ਹਾਂ। ਕੀ ਹਾਲ ਐ ?" ਇਸਤੋਂ ਪਹਿਲਾਂ ਕਿ ਮੈਂ ਕੋਈ ਜੁਆਬ ਦਿੰਦੀ ਉਹਨਾਂ ਕਿਹਾ, "ਏਨੀਆਂ ਸੁਹਣੀਆਂ ਨਜ਼ਮਾਂ ਲਿਖਦੀ ਏ ਤੇ ਕਦੀ ਸੁਣਾਉਂਦੀ ਵੀ ਨਹੀਂ। ਅੱਜ ਸਵੇਰੇ ਪੜ੍ਹੀਆਂ ਨੇ। ਦੋ-ਤਿੰਨ ਤਾਂ ਮੇਰੀ ਰੂਹ ਵਿਚ ਚੁਭ ਗਈਆਂ ਨੇ।"
ਇਹ ਸੁਣਦਿਆਂ ਹੀ ਮੈਂ ਭਾਵੁਕ ਹੋ ਗਈ। ਅੱਥਰੂ ਮੇਰੇ ਗਲੇ ਵਿਚ ਅਟਕ ਗਏ। ਮੈਥੋਂ ਬੋਲਿਆ ਨਹੀਂ ਸੀ ਜਾ ਰਿਹਾ। ਫਿਰ ਵੀ ਬਹੁਤ ਯਤਨ ਕਰਕੇ ਮੈਂ ਕੁਝ ਕਿਹਾ ਤਾਂ ਮੇਰੇ ਅੱਥਰੂ ਉਹਨਾਂ ਤਕ ਪਹੁੰਚ ਗਏ। ਕੁਝ ਦੇਰ ਉਹ ਚੁੱਪ ਰਹੇ ਤੇ ਫਿਰ ਬਹੁਤ ਮੋਹ ਨਾਲ ਬੋਲੇ, "ਜਾਣਦੀ ਹਾਂ! ਸਮਝਦੀ ਹਾਂ! ਚੰਗਾ, ਪਹਿਲੋਂ ਜੀਅ ਭਰ ਕੇ ਰੋ ਲੈ, ਫਿਰ ਗੱਲਾਂ ਕਰਾਂਗੇ।" ...ਤੇ ਉਹਨਾਂ ਨੇ ਫੋਨ ਰੱਖ ਦਿੱਤਾ।
ਮੈਂ ਉਹਨਾ ਨੂੰ ਦੱਸ ਨਹੀਂ ਸਕੀ ਕਿ ਮੇਰੇ ਦਿਲ ਦਾ ਕੀ ਹਾਲ ਹੋਇਆ ਸੀ। ਜੇ ਮੇਰੀਆਂ ਨਜ਼ਮਾਂ ਨੇ ਉਸ ਸਖਸ਼ ਦੇ ਦਿਲ ਨੂੰ ਛੂਹ ਲਿਆ ਹੈ, ਜਿਸਦਾ ਨਾਂ ਅੰਮ੍ਰਿਤਾ ਪ੍ਰੀਤਮ ਹੈ ਤਾਂ ਮੈਂ ਖੁਸ਼ਕਿਸਮਤ ਹਾਂ, ਭਾਗਾਂਵਾਲੀ ਹਾਂ। ਜਿਨ੍ਹਾਂ ਨਜ਼ਮਾਂ ਦਾ ਉਹਨਾਂ ਜ਼ਿਕਰ ਕੀਤਾ ਸੀ, ਉਹ ਮੇਰੀ ਕਿਤਾਬ 'ਮਾਈਂਡਸਕੇਪ' ਵਿਚ ਸਨ। ਇਹ ਕਵਿਤਾਵਾਂ ਅਤੇ ਚਿਤਰਾਂ ਦੀ ਕੌਫ਼ੀ-ਟੇਬਲ ਬੁੱਕ ਹੈ ਜੀਹਦੇ ਵਿਚ ਸਤਾਈ ਚਿਤਰ ਹਨ ਅਤੇ ਸਤਾਈ ਹੀ ਪ੍ਰੇਮ-ਕਵਿਤਾਵਾਂ ਹਨ। ਇਹ ਇਕ ਕੋਸ਼ਿਸ਼ ਸੀ ਪੇਂਟਿੰਗ ਦੇ ਮੂਡ ਨੂੰ ਕਵਿਤਾ ਵਿਚ ਢਾਲਣ ਦੀ ਅਤੇ ਕਵਿਤਾ ਨੂੰ ਅਮੂਰਤ ਪੇਟਿੰਗ ਰਾਹੀਂ ਇਕ ਸ਼ਕਲ-ਸੂਰਤ ਦੇਣ ਦਾ ਯਤਨ ਮਾਤਰ। ਬਹੁਤ ਦਿਨ ਪਹਿਲਾਂ ਮੈਂ ਅੰਮ੍ਰਿਤਾ ਜੀ ਦੇ ਮੇਜ਼ ਉੱਤੇ ਕਿਤਾਬ ਦਾ ਖਰੜਾ ਰੱਖ ਆਈ ਸਾਂ, ਇਹ ਉਮੀਦ ਸੀ ਕਿ ਜਦੋਂ ਅੰਮ੍ਰਿਤਾ ਜੀ ਕੁਝ ਅਰੋਗ ਹੋਣਗੇ ਤਾਂ ਸ਼ਾਇਦ ਮੇਰੀਆਂ ਨਜ਼ਮਾਂ ਪੜ੍ਹ ਲੈਣਗੇ ਅਤੇ ਉਹਨਾਂ ਨਜ਼ਮਾਂ ਉੱਤੇ ਆਪਣੀ ਟਿੱਪਣੀ ਵੀ ਲਿਖ ਦੇਣਗੇ।
ਉਸ ਦਿਨ ਦੁਪਹਿਰ ਤੋਂ ਪਿੱਛੋਂ ਮੈਂ ਉਹਨਾਂ ਨੂੰ ਮਿਲਣ ਲਈ ਪਹੁੰਚੀ ਤਾਂ ਉਹਨਾਂ ਮੈਨੂੰ ਕਾਗਜ ਦਾ ਇਕ ਟੁਕੜਾ ਦਿੱਤਾ ਜਿਸ ਉੱਤੇ ਇਹ ਇਬਾਰਤ ਲਿਖੀ ਹੋਈ ਸੀ।
- ਤੂੰ ਜੋ ਅਸੀਮ ਦੇ ਕਿਨਾਰਿਆਂ ਤੋਂ ਮੌਨ ਦੇ ਸਾਹਾਂ ਦੀ ਬੂੰਦ ਬੂੰਦ ਭਰ ਲੈਨੀ ਏਂ,
ਤੂੰ ਜਰੂਰ ਉਸ ਰੱਬ ਨੂੰ ਪਿਆਰ ਦੀ ਖੁਸ਼ਬੂ ਦੀ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ। ਇਸ ਲਈ ਮੈਂ ਤੈਨੂੰ ਪਿਆਰ ਕਰਦੀ ਹਾਂ ਉਮਾ ।
-ਅੰਮ੍ਰਿਤਾ ਪ੍ਰੀਤਮ
ਇਹ ਸ਼ਬਦ ਉਹਨਾਂ ਮੇਰੀ ਕਵਿਤਾ ‘ਖਾਮਸੀ’ ਵਿਚੋਂ ਲਏ ਸਨ-
"ਤੈਰਦੀ ਮੇਰੇ ਉੱਤੇ
ਸਮੇਟਦੀ ਮੈਨੂੰ
ਖੜੋਤ ਦੇ ਵਿਚੋਂ ਦੀ
ਤੇਰੇ ਵੱਲ ਤੁਰਦੀ ਮੈਂ
ਤੇ ਫਿਰ ਤੇਰੀ ਗਲਵਕੜੀ ਵਿਚ
ਲੈਂਦੀ ਮੈਂ ਸਾਹ
ਪੂਰਨ ਚੁੱਪ ਦੇ”
ਉਹਨਾਂ ਨੇ ਕਿਤਾਬ ਚੁੱਕੀ ਤੇ ਮੈਨੂੰ ਕਿਹਾ, ''ਮੈਂ ਤੇਰੀ ਕਵਿਤਾ 'ਹਾਈ ਪੁਆਇੰਟ’ ਬਾਰੇ ਪੁੱਛਣਾ ਚਾਹੁੰਨੀ ਆ।"
..ਤੇ ਉਹ ਪੜ੍ਹਨ ਲੱਗ ਪਏ :
ਅਸੀਮ ਦੇ ਕਿਨਾਰਿਆਂ ਤੋਂ
ਤੇਰੇ ਵੱਲ
ਤੇਰੇ ਵਿਚ
ਬੂੰਦ ਬੂੰਦ ਡਿਗਦੀ ਮੈਂ
ਤੂੰ ਮੈਂ ਹੋਇਆ
ਤੇ ਮੈਂ ਤੂੰ
ਬਣਦੀਆਂ ਬਦਲਦੀਆਂ
ਲਹਿਰਾਂ
ਮਿਲਦੀਆਂ
ਤੇ ਲੰਘ ਜਾਂਦੀਆਂ
ਫਿਰ ਮਿਲਣ ਲਈ
ਵਾਰ ਵਾਰ ਮਿਲਣ ਲਈ।
ਉਹਨਾਂ ਨੇ ਪੜ੍ਹਨਾ ਬੰਦ ਕਰ ਦਿੱਤਾ। ਕੁਝ ਚਿਰ ਚੁੱਪ ਰਹਿਣ ਤੋਂ ਪਿੱਛੋਂ ਬੋਲੇ, "ਉਮਾ! ਕੀ ਤੂੰ ਆਪਣੇ ਗੁਆਚ ਗਏ ਪਿਆਰ ਬਾਰੇ ਗੱਲ ਕਰ ਰਹੀ ਏਂ ਕਿ ਉਸ
ਸ਼ਾਸਵਤ ਪ੍ਰੇਮ ਦੀ ਜੀਹਦੇ ਨਾਲ ਤੂੰ ਮਿਲਦੀ ਏਂ, ਵਿਛੜਦੀ ਏਂ, ਫਿਰ ਮਿਲਣ ਲਈ।"
ਉਹ ਮੈਨੂੰ ਘੋਖ ਰਹੇ ਸਨ। ਮੇਰੇ ਚਿਹਰੇ ਦੇ ਹਾਵਾਂ ਭਾਵਾਂ ਨੇ ਆਖਿਆ, "ਪਤਾ ਨਹੀਂ।" ਪਰ ਮੇਰੇ ਸਬਦਾਂ ਨੇ ਕਿਹਾ "ਸ਼ਾਇਦ ਦੋਹਾਂ ਦੀ ਜਿਵੇਂ ਕੋਈ ਸਦਾ ਹੀ ਲਭਦਾ ਰਹਿੰਦਾ ਹੈ।"
ਉਸ ਸ਼ਾਮ ਉਥੋਂ ਮੁੜਦਿਆਂ ਮੈਂ ਆਪਣੇ ਆਪ ਨੂੰ ਖੋਜਦੀ ਰਹੀ।
ਨੌਂ
ਇਕ ਦਿਨ ਫਿਰ ਜਦੋਂ ਤੜਕਸਾਰ ਫੋਨ ਦੀ ਘੰਟੀ ਵੱਜੀ ਤਾਂ ਮੈਂ ਸਮਝ ਗਈ ਕਿ ਅੰਮ੍ਰਿਤਾ ਜੀ ਦਾ ਫੋਨ ਹੀ ਹੋਵੇਗਾ। ਜਿਉਂ ਹੀ ਫੋਨ ਚੁੱਕਿਆ ਤਾਂ ਅੰਮ੍ਰਿਤਾ ਜੀ ਦੀ ਘਬਰਾਈ ਹੋਈ ਆਵਾਜ ਮੇਰੇ ਕੰਨਾਂ ਵਿਚ ਪਈ। ਉਹਨਾਂ ਦੀ ਆਵਾਜ਼ ਵਿਚ ਤਣਾਅ ਸੀ। ਉਹ ਕਹਿ ਰਹੇ ਸਨ, "ਇਮਰੋਜ਼ ਨੂੰ ਬਹੁਤ ਤੇਜ਼ ਬੁਖਾਰ ਹੈ, ਉਤਰ ਹੀ ਨਹੀਂ ਰਿਹਾ। ਡਾਕਟਰ ਨੇ ਖੂਨ ਦੀ ਜਾਂਚ ਕਰਵਾਉਣ ਨੂੰ ਕਿਹਾ ਹੈ, ਪਰ ਅੱਜ ਐਤਵਾਰ ਹੈ, ਕੋਈ ਪੈਥ ਲੈਬ ਖੁਲ੍ਹੀ ਹੋਈ ਨਹੀਂ। ਕੀ ਕਰਾਂ ?"
ਮੈਂ ਆਖਿਆ "ਤੁਸੀਂ ਫਿਕਰ ਨਾ ਕਰੋ, ਮੈਂ ਜਲਦੀ ਹੀ ਪਹੁੰਚਦੀ ਹਾਂ। ਖੂਨ ਦੀ ਜਾਂਚ ਲਈ ਪੂਰਾ ਹਫ਼ਤਾ ਖੁਲ੍ਹੀ ਰਹਿਣ ਵਾਲੀ ਲੈਬ ਵਿਚ ਲੈ ਜਾਵਾਂਗੇ। ਚਿੰਤਾ ਦੀ ਕੋਈ ਗੱਲ ਨਹੀਂ।"
ਉਹ ਏਨੇ ਘਬਰਾਏ ਹੋਏ ਸਨ ਕਿ ਅਗਲੇ ਕੁਝ ਮਿੰਟਾਂ ਵਿਚ ਹੀ ਉਹਨਾਂ ਮੈਨੂੰ ਤਿੰਨ ਵਾਰ ਫੋਨ ਕਰ ਦਿੱਤਾ ਕਿ ਮੈਂ ਛੇਤੀ ਪਹੁੰਚਾਂ। ਇਮਰੋਜ਼ ਜੀ ਨੂੰ ਵਾਇਰਲ ਹੋ ਗਿਆ ਸੀ। ਕਈ ਦਿਨਾਂ ਤੋਂ ਸੀ। ਅੰਮ੍ਰਿਤਾ ਜੀ ਖੁਦ ਵੀ ਠੀਕ ਨਹੀਂ ਸਨ। ਉਹਨਾਂ ਨੂੰ ਵੀ ਤੁਰਨ ਲਈ ਸਹਾਇਤਾ ਦੀ ਲੋੜ ਸੀ। ਉਹ ਫੇਰ ਵੀ ਡਾਕਟਰਾਂ ਅਤੇ ਪੈਥੋਲੋਜਿਸਟਸ ਨਾਲ ਫੋਨ ਉੱਤੇ ਗੱਲਾਂ ਕਰ ਰਹੇ ਸਨ।
ਘਰੋਂ ਚੱਲਣ ਤੋਂ ਪਹਿਲਾਂ ਮੈਂ ਲੈਬ ਵਿਚ ਫੋਨ ਕਰ ਦਿੱਤਾ ਕਿ ਸੈਂਪਲ ਲੈਣ ਲਈ ਟੈਕਨੀਸ਼ਨ ਨੂੰ ਉਹਨਾਂ ਦੇ ਘਰ ਭੇਜ ਦੇਣ। ਜਦੋਂ ਮੈਂ ਪਹੁੰਚੀ ਤਾਂ ਟੈਕਨੀਸ਼ੀਅਨ ਪਹਿਲੋਂ ਹੀ ਪਹੁੰਚ ਚੁਕਿਆ ਸੀ।
ਇਮਰੋਜ਼ ਜੀ ਕੁਝ ਕਮਜ਼ੋਰ ਲੱਗ ਰਹੇ ਸੀ, ਪਰ ਪ੍ਰਸੰਨਚਿੱਤ ਸਨ। ਅੰਮ੍ਰਿਤਾ ਜੀ ਚਿੰਤਤ ਤਾਂ ਸਨ, ਪਰ ਹੁਣ ਤਣਾਅ ਕੁਝ ਘੱਟ ਹੋ ਗਿਆ ਸੀ।
ਟੈਸਟ ਦੀ ਰੀਪੋਰਟ ਦੇ ਆਧਾਰ ਉੱਤੇ ਇਮਰੋਜ਼ ਜੀ ਦਾ ਇਲਾਜ ਸ਼ੁਰੂ ਹੋ ਗਿਆ ਸੀ। ਕੁਝ ਸਮੇਂ ਵਿਚ ਹੀ ਉਹ ਪਹਿਲਾਂ ਨਾਲੋਂ ਬੇਹਤਰ ਮਹਿਸੂਸ ਕਰਨ ਲੱਗ ਪਏ ਸਨ। ਦੋ ਦਿਨਾਂ ਪਿੱਛੋਂ ਜਦੋਂ ਮੈਂ ਗਈ ਤਾਂ ਇਮਰੋਜ਼ ਜੀ ਤੁਰ ਫਿਰ ਰਹੇ ਸੀ, ਪਹਿਲਾਂ ਵਾਂਗ ਹੀ ਹਸੂੰ ਹਸੂੰ ਕਰਦੇ ਤੇ ਮਹਿਮਾਨ ਨਿਵਾਜ਼। ਮੈਂ ਉਹਨਾਂ ਨੂੰ ਜ਼ਿਆਦਾ ਤੁਰਨ ਫਿਰਨ ਤੋਂ ਮਨ੍ਹਾਂ ਕੀਤਾ ਕਿ ਕਿਤੇ ਬੁਖਾਰ ਫਿਰ ਨਾ ਵਧ ਜਾਵੇ। ਇਹ ਵੀ ਆਖਿਆ ਕਿ ਉਹਨਾਂ ਨੂੰ ਅੰਮ੍ਰਿਤਾ ਜੀ ਲਈ ਸਿਹਤਮੰਦ ਰਹਿਣ ਦੀ ਲੋੜ ਸੀ, ਕਿਉਂਕਿ ਉਹ ਉਹਨਾਂ
ਲਈ ਬਹੁਤ ਫਿਕਰਮੰਦ ਅਤੇ ਪਰੇਸ਼ਾਨ ਹੋ ਜਾਂਦੇ ਸਨ। ਇਮਰੋਜ਼ ਜੀ ਹੱਸ ਪਏ, …ਉਹੀ ਸਹਿਜ, ਨਿਸ਼ਕਪਟ ਤੇ ਮੋਹਭਰੀ ਹਾਸੀ।
ਚਾਹ ਪੀਂਦੇ ਹੋਏ ਬੋਲੇ, "ਹਾਂ, ਮੈਂ ਇਹ ਮੰਨਦਾ ਹਾਂ ਕਿ ਮੈਨੂੰ ਠੀਕ ਰਹਿਣਾ ਪੈਣ ਹੈ, ਆਪਣੇ ਲਈ ਵੀ ਤੇ ਮਾਜਾ ਲਈ ਵੀ। ਜਦੋਂ ਮੈਂ ਬਿਮਾਰ ਹੋ ਜਾਨਾ ਵਾਂ ਤਾਂ ਇਹ ਬਹੁਤ ਫ਼ਿਕਰ ਕਰਦੀ ਹੈ। ਇਹ ਮੇਰੀ ਮਾਂ ਵੀ ਹੈ ਤੇ ਧੀ ਵੀ।"
ਇਕ ਵਾਰ ਦਾ ਜ਼ਿਕਰ ਕਰਦਿਆਂ ਇਮਰੋਜ਼ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਲੇ ਵਿਚ ਬੰਬਈ ਗਏ ਹੋਏ ਸਨ। ਖਤੋ-ਕਿਤਾਬਤ ਤਾਂ ਉਹਨਾਂ ਦੀ ਚਲਦੀ ਰਹਿੰਦੀ ਸੀ, ਇਕ ਚਿੱਠੀ ਵਿਚ ਅੰਮ੍ਰਿਤਾ ਨੇ ਲਿਖਿਆ-
ਜੀਤੀ !
ਤੂੰ ਜਿੰਨੀ ਸਬਜ਼ੀ ਲੈ ਕੇ ਦੇ ਗਿਆ ਸੈਂ ਉਹ ਖਤਮ ਹੋ ਗਈ ਹੈ। ਜਿੰਨੇ ਫਲ ਲੈ ਕੇ ਰੱਖ ਗਿਆ ਸੈਂ ਉਹ ਵੀ ਮੁੱਕ ਗਏ ਨੇ। ਫਰਿਜ ਖਾਲੀ ਪਿਆ ਹੋਇਆ ਹੈ। ਮੇਰੀ ਜ਼ਿੰਦਗੀ ਵੀ ਖਾਲੀ ਹੋ ਰਹੀ ਜਾਪਦੀ ਹੈ। ...ਤੂੰ ਜਿੰਨੇ ਸਾਹ ਛੱਡ ਗਿਆ ਸੈਂ ਉਹ ਵੀ ਖਤਮ ਹੋ ਰਹੇ ਨੇ...
(ਦਸਤਾਵੇਜ਼ : ਅੰਮ੍ਰਿਤਾ ਪ੍ਰੀਤਮ ਦੇ ਖ਼ਤ, ਸੰਪਾਦਕ : ਇਮਰੋਜ਼)
ਫਿਰ ਕੁਝ ਰੁਕ ਕੇ ਕਹਿਣ ਲੱਗੇ, "ਇਹ ਆਪਣੀ ਦੇਖਭਾਲ ਲਈ ਕਿਸੇ ਹੋਰ ਨੂੰ ਨੇੜੇ ਨਹੀਂ ਆਉਣ ਦਿੰਦੀ।”
ਅੰਮ੍ਰਿਤਾ ਜੀ ਦੀ ਸਰੀਰਕ ਸ਼ਕਤੀ ਦਿਨ-ਬਦਿਨ ਘਟ ਰਹੀ ਸੀ ਅਤੇ ਇਮਰੋਜ ਉਤੇ ਉਹਨਾਂ ਦੀ ਨਿਰਭਰਤਾ ਵਧਦੀ ਜਾ ਰਹੀ ਸੀ। ਉਹਨਾਂ ਦਾ ਇਕ ਦੂਸਰੇ ਲਈ ਹੋਣਾ ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲਾ ਅਨੁਭਵ ਸੀ। ਇਕ ਦੂਸਰੇ ਦੇ ਨਾਲ ਨਾਲ, ਇਕ ਦੂਸਰੇ ਦੇ ਸਾਹਮਣੇ, ਇਕੱਠੇ ਖਾਣਾ ਖਾਂਦੇ ਹੋਏ, ਇਕ ਦੂਜੇ ਨੂੰ ਖਵਾਉਦੇ ਹੋਏ, ਇਮਰੋਜ਼ ਜੀ ਅੰਮ੍ਰਿਤਾ ਜੀ ਦੀ ਦੇਖ ਭਾਲ ਵਿਚ ਲੀਨ, ਕਦੀ ਗੱਲਾਂ ਕਰਦੇ ਹੋਏ, ਕਦੀ ਚੁੱਪ-ਗੜੁਪ, ਕਦੀ ਕਿਸੇ ਸੋਚ ਵਿਚ, ਖਿਆਲਾਂ ਵਿਚ, ਖਿਲਾਅ ਨੂੰ ਘੂਰਦੇ, ...ਮੈਂ ਉਹਨਾਂ ਦੀ ਰੂਹ ਨੂੰ ਟੁਕੜਿਆਂ ਵਿਚ ਵੇਖਿਆ ਸੀ ਅਤੇ ਮਹਿਸੂਸ ਕੀਤਾ ਸੀ।
ਅੰਮ੍ਰਿਤਾ ਜੀ ਆਪਣੀਆਂ ਕਹਾਣੀਆਂ ਵਿਚ ਅਤੇ ਆਪਣੇ ਨਾਵਲਾਂ ਦੇ ਕਿਰਦਾਰਾਂ ਵਿਚ ਖੁਦ ਹੀ ਯਾਤ੍ਰੀ ਦੀ 'ਸੁੰਦਰਨ' ਬਣ ਜਾਂਦੇ ਹਨ। 'ਇਕ ਸਵਾਲ’ ਵਿਚ ਨਾਇਕ ਦੀ ਮਾਂ ਅਤੇ ਧੀ ਬਣ ਜਾਂਦੇ ਹਨ। ਨਾਇਕ ਦੇ ਪਿਤਾ ਨਾਲ ਵਿਆਹ ਹੋ ਜਾਣ ਕਾਰਨ ਉਹ ਨਾਇਕ ਦੀ ਮਾਂ ਬਣ ਜਾਂਦੇ ਹਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਨਾਇਕ ਉਹਨਾਂ ਦਾ ਵਿਆਹ ਉਹਨਾਂ ਦੇ ਮਨਚਾਹੇ ਵਿਅਕਤੀ ਨਾਲ ਕਰਵਾ ਦਿੰਦਾ ਹੈ ਤੇ ਉਦੋਂ ਉਹ ਉਸ ਦੀ ਧੀ ਬਣ ਜਾਂਦੇ ਹਨ।
'ਅੱਕ ਦਾ ਬੂਟਾ' ਦੀ ਕਹਾਣੀ ਵਿਚ ਨਾਇਕ ਦੇ ਅਨੁਭਵ ਵਿਚ ਉਹਨਾਂ ਦਾ ਆਪਣਾ ਅਨੁਭਵ ਲੁਕਿਆ ਹੋਇਆ ਹੈ ਜੋ ਦਸਦਾ ਹੈ ਕਿ ਕਿਸ ਤਰ੍ਹਾਂ ਮਨੁੱਖ ਦੀ ਰੂਹ ਫੈਲਦੀ ਹੈ, ਵਿਸਥਾਰ ਹਾਸਲ ਕਰਦੀ ਹੈ, ਵੈਸੇ ਹੀ ਜਿਵੇਂ ਮੈਂ ਖੁਦ ਅੰਮ੍ਰਿਤਾ ਬਣ ਜਾਂਦੀ ਹਾਂ ਅਤੇ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਕੇ ਖੁਦ ਹੀ ਰੋਣ ਲੱਗ ਪੈਂਦੀ ਹਾਂ। ਨਾਇਕ ਦੀ ਗੁੰਮ ਹੋ ਗਈ ਭੈਣ ਦੀ ਯਾਦ 'ਅੱਕ ਦਾ ਬੂਟਾ' ਵਿਚ ਅੱਤ ਦੀ ਸਰਦੀ ਵਿਚ ਬੁੱਢੇ ਆਦਮੀ ਦੀ ਰਜਾਈ ਬਣ ਜਾਂਦੀ ਹੈ।
ਕਿਸ ਤਰ੍ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਸਾਰੇ ਕੁਦਰਤ ਦੇ ਇਕੋ ਹੀ ਧਾਗੇ ਵਿਚ ਬੱਝੇ ਹੋਏ ਹਾਂ। ਇਮਰੋਜ ਜੀ ਤੇ ਅੰਮ੍ਰਿਤਾ ਜੀ ਵੀ ਸ਼ਾਇਦ ਉਸੇ ਧਾਗੇ ਵਿਚ ਬੱਝੇ ਹੋਏ ਸੀ। ਉਹ ਧਾਗਾ ਨਾ ਮੈਲਾ ਹੋਇਆ ਤੇ ਨਾ ਟੁੱਟਿਆ। ਚਾਲੀ ਸਾਲ ਬੀਤ ਗਏ। ਉਹ ਦੋਵੇਂ ਅਜੇ ਤਕ ਉਸੇ ਪਿਆਰ ਦੇ ਧਾਗੇ ਵਿਚ ਬੱਝੇ ਹੋਏ ਸਨ। ਇਕ ਇਹੋ ਜਿਹੇ ਪਿਆਰ ਦੇ ਰਿਸ਼ਤੇ ਵਿਚ ਜਿਸ ਰਿਸ਼ਤੇ ਨੂੰ ਸਮਾਜਿਕ ਮੰਨਜੂਰੀ ਦੀ ਲੋੜ ਹੀ ਨਹੀਂ ਸੀ।
ਕਦੀ ਕਦੀ ਮੈਨੂੰ ਇਮਰੋਜ਼ ਜੀ ਦੀ ਪੇਂਟਿੰਗ ਵਿਚ ਅਤੇ ਅੰਮ੍ਰਿਤਾ ਜੀ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਨਾਵਲਾਂ ਦੇ ਕਿਰਦਾਰਾਂ ਵਿਚ ਇਕ ਖ਼ਾਸ ਰਿਸ਼ਤਾ ਵਿਖਾਈ ਦਿੰਦਾ ਹੈ। ਹਰ ਵਾਰ ਅੰਮ੍ਰਿਤਾ ਜੀ ਨਾਲ ਮਿਲਣ ਅਤੇ ਉਹਨਾਂ ਨਾਲ ਗੱਲਾਂ ਕਰਨ ਤੋਂ ਪਿੱਛੋਂ ਮੈਨੂੰ ਉਹਨਾਂ ਵਿਚ ਉਹਨਾਂ ਦੀ ਲੇਖਣੀ ਦੀ ਜਿਉਂਦੀ-ਜਾਗਦੀ ਝਲਕ ਵਿਖਾਈ ਦਿੰਦੀ ਹੈ ਅਤੇ ਦਿਸਦੇ ਨੇ ਉਹ ਕਿਰਦਾਰ ਜਿਹੜੇ ਉਹਨਾਂ ਆਪਣੇ ਸਾਹਿਤ ਵਿਚ ਰਚੇ। ਇਕ ਨਵਾਂ ਅਰਥ ਮਿਲਦਾ ਹੈ ਉਹਨਾਂ ਦੀਆਂ ਨਜ਼ਮਾਂ ਅਤੇ ਗੀਤਾਂ ਵਿਚੋਂ, ਜਿਹੜੀਆਂ ਉਹਨਾਂ ਲਿਖੀਆਂ ਤੇ ਮੈਂ ਗਾਈਆਂ।
ਦਸ
ਇਕ ਵਾਰ ਮੈਂ ਇਮਰੋਜ਼ ਜੀ ਨੂੰ ਪੁੱਛਿਆ, "ਤੁਸੀਂ ਜਾਣਦੇ ਸੀ ਕਿ ਅੰਮ੍ਰਿਤਾ ਜੀ ਸਾਹਿਰ ਨੂੰ ਪਿਆਰ ਕਰਦੇ ਸੀ ਤੇ ਸਾਜਿਦ ਨਾਲ ਵੀ ਉਹਨਾਂ ਦਾ ਮੋਹ ਸੀ। ਤੁਹਾਨੂੰ ਕਿਸ ਤਰ੍ਹਾਂ ਲਗਦਾ ਸੀ ?
ਮੇਰੇ ਇਸ ਸੁਆਲ ਉੱਤੇ ਇਮਰੋਜ਼ ਜੀ ਉੱਚੀ ਸਾਰੀ ਹੱਸੇ, "ਮੈਂ ਤੈਨੂੰ ਇਕ ਗੱਲ ਦਸਦਾ ਵਾਂ। ਇਕ ਵਾਰ ਅੰਮ੍ਰਿਤਾ ਨੇ ਮੈਨੂੰ ਕਿਹਾ ਕਿ ਜੇ ਉਹ ਸਾਹਿਰ ਨੂੰ ਹਾਸਲ ਕਰ ਲੈਂਦੀ ਤਾਂ ਮੈਂ ਉਹਨੂੰ ਨਹੀਂ ਸੀ ਮਿਲਣਾ। ਪਤੈ, ਮੈਂ ਕੀ ਕਿਹਾ ? ਮੈਂ ਕਿਹਾ, 'ਤੂੰ ਮੈਨੂੰ ਤਾਂ ਜ਼ਰੂਰ ਹੀ ਮਿਲਦੀ, ਭਾਵੇਂ ਤੈਨੂੰ ਸਾਹਿਰ ਦੇ ਘਰ ਵਿਚੋਂ ਕੱਢ ਹੀ ਲਿਆਉਣਾ ਪੈਂਦਾ।" ਜਦ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਰਾਹ ਦੀਆਂ ਔਕੜਾਂ ਦਾ ਹਿਸਾਬ ਨਹੀਂ ਲਾਉਂਦੇ।" ਥੋੜ੍ਹੀ ਦੇਰ ਬਾਅਦ ਕੁਝ ਸੋਚਦਿਆਂ ਹੋਇਆਂ ਉਹਨਾਂ ਆਪਣੇ ਅੰਦਾਜ਼ ਵਿਚ ਹੌਲੀ ਜਿਹੀ ਕਿਹਾ, ''ਤੈਨੂੰ ਪਤੈ, ਜਦੋਂ ਮੈਂ ਬੰਬਈ ਜਾ ਰਿਹਾ ਸਾਂ ਤਾਂ ਮੈਨੂੰ ਹੀ ਅੰਮ੍ਰਿਤਾ ਨੇ ਆਪਣੀ ਕਿਤਾਬ ਸਾਹਿਰ ਨੂੰ ਭੇਟ ਕਰਨ ਲਈ ਦਿੱਤੀ ਸੀ ਤੇ ਮੈਂ ਖੁਸ਼ੀ ਖੁਸ਼ੀ ਲੈ ਗਿਆ ਸਾਂ।"
ਫਿਰ ਕੁਝ ਠਹਿਰ ਕੇ, ਕੁਝ ਸੋਚਦਿਆਂ ਹੋਇਆਂ ਇਮਰੋਜ਼ ਨੇ ਕਿਹਾ, "ਮੈਨੂੰ ਪਤਾ ਸੀ, ਅੰਮ੍ਰਿਤਾ ਸਾਹਿਰ ਨੂੰ ਕਿੰਨਾ ਚਾਹੁੰਦੀ ਸੀ, ਪਰ ਮੈਨੂੰ ਇਹ ਵੀ ਬਾਖੂਬੀ ਪਤਾ ਸੀ ਕਿ ਮੈਂ ਅੰਮ੍ਰਿਤਾ ਨੂੰ ਕਿੰਨਾ ਚਾਹੁੰਦਾ ਸੀ।"
ਮੈਂ ਉਹਨਾਂ ਨੂੰ ਇਕ ਹੋਰ ਸੁਆਲ ਪੁੱਛਿਆ, "ਅੰਮ੍ਰਿਤਾ ਜੀ ਸਾਹਿਰ ਤੋਂ ਪ੍ਰੇਰਣਾ ਲੈਂਦੇ ਸਨ। ਕਾਵਿ ਸੰਗ੍ਰਹਿ 'ਸੁਨੇਹੜੇ’ ਜਿਸ ਉੱਤੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ, ਉਹ ਉਹਨਾਂ ਸਾਹਿਰ ਲਈ ਹੀ ਲਿਖਿਆ ਸੀ ਅਤੇ ਉਹ ਇਸ ਬਾਰੇ ਬੇਬਾਕ ਹੋ ਕੇ ਕਹਿੰਦੇ ਵੀ ਨੇ। ਉਹਨਾਂ ਦੀ ਜ਼ਿੰਦਗੀ ਵਿਚ ਤੁਹਾਡੀ ਕੀ ਥਾਂ ਰਹੀ?"
ਉਹ ਇਸਤਰ੍ਹਾਂ ਬੋਲੇ ਜਿਵੇਂ ਕਿਸੇ ਗਹਿਰੀ ਸੋਚ ਵਿਚ ਡੁੱਬੇ ਹੋਏ ਹੋਣ, "ਸਾਹਿਰ ਦੇ ਨਾਲ ਅੰਮ੍ਰਿਤਾ ਦਾ ਸੰਬੰਧ ਮਿਥਿਆ ਯਾਨੀ ਮਾਇਆਵੀ ਸੀ। ਮੇਰੇ ਨਾਲ ਉਸਦਾ ਰਿਸ਼ਤਾ ਸੁੱਚਾ-ਹਕੀਕੀ ਹੈ। ਉਹ ਅੰਮ੍ਰਿਤਾ ਨੂੰ ਬੇਚੈਨ ਛੱਡ ਕੇ ਤੁਰ ਗਿਆ। ਮੇਰੇ ਨਾਲ ਉਹ ਸੰਤੁਸ਼ਟ ਅਤੇ ਸੰਪੂਰਨ ਹੈ।"
ਮੈਂ ਫਿਰ ਟੋਕਿਆ, "ਉਹਨਾਂ ਦੀਆਂ ਲਿਖਤਾਂ 'ਇਕ ਸੀ ਅਨੀਤਾ', 'ਦਿੱਲੀ ਦੀਆਂ
ਗਲੀਆਂ ਅਤੇ 'ਆਖਰੀ ਖਤ’ ਵਿਚ ਸਾਹਿਰ ਦਾ ਚਿਹਰਾ ਮੁਹਰਾ ਸਾਫ਼ ਉਭਰ ਕੇ ਸਾਹਮਣੇ ਆਉਂਦਾ ਹੈ ਅਤੇ ਇਸੇ ਤਰ੍ਹਾਂ 'ਨੇਬਰਿੰਗ ਬਿਊਟੀ’ ਅਤੇ 'ਸੈਵਨ ਈਅਰਸ' ਵਿਚ ਸੱਜਾਦ ਹੈਦਰ ਦਾ।
ਇਮਰੋਜ਼ ਨੇ ਜੁਆਬ ਦਿੱਤਾ, "ਹਾਂ ਸੱਜਾਦ ਹੈਦਰ ਵੀ ਅੰਮ੍ਰਿਤਾ ਦੇ ਕਰੀਬੀ ਦੋਸਤ ਸਨ। ਅਸਲ ਵਿਚ ਇਕ ਐਸੇ ਦੋਸਤ ਜਿਸਦੀ ਨੇੜਤਾ ਵਿਚ ਅੰਮ੍ਰਿਤਾ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਕਵਿਤਾ ਸਿਰਫ਼ ਪ੍ਰੇਮ ਦੀ ਭਾਵਨਾ ਨਾਲ ਹੀ ਨਹੀਂ ਲਿਖੀ ਜਾਂਦੀ, ਸਗੋਂ ਸੱਚੀ ਦੋਸਤੀ ਵਿਚ ਵੀ ਪ੍ਰਫੁਲਤ ਹੁੰਦੀ ਹੈ। ਅੰਮ੍ਰਿਤਾ ਨੇ ਸੱਜਾਦ ਲਈ ਲਿਖਿਆ ਸੀ-
ਖੰਭ ਵਿਕੰਦੜੇ ਲੈ ਦੇ ਵੇ ਪਰਦੇਸੀਆ!
ਜਾਂ ਰਹਿ ਪੈ ਸਾਡੇ ਕੋਲ...
"ਸੱਜਾਦ ਹੈਦਰ ਅੰਮ੍ਰਿਤਾ ਜੀ ਦੀ ਬਹੁਤ ਕਦਰ ਕਰਦੇ ਸਨ। ਬਟਵਾਰੇ ਤੋਂ ਪਿੱਛੋਂ ਉਹ ਆਪਸ ਵਿਚ ਖ਼ਤੋ-ਕਿਤਾਬਤ ਕਰਦੇ ਰਹੇ, ਮੈਨੂੰ ਇਸ ਗੱਲ ਦਾ ਪਤਾ ਹੈ। ਅੰਮ੍ਰਿਤਾ ਲਈ ਸੱਜਾਦ 1947 ਦੇ ਦੰਗਿਆਂ ਵੇਲੇ ਵੀ ਜੂੜਿਆ, ਮੈਂ ਜਾਣਦਾ ਹਾਂ। ਸੱਜਾਦ ਨੇ ਅੰਮ੍ਰਿਤਾ ਨੂੰ ਇਕ ਵਾਰ ਇਹ ਵੀ ਲਿਖਿਆ ਸੀ, "ਮੈਂ ਇਕ ਉਡਦੇ ਹੋਏ ਪਲ ਦੀ ਮੁਲਾਕਾਤ ਲਈ ਤਰਸਿਆ ਹਾਂ।"
"ਮੈਨੂੰ ਇਹ ਵੀ ਪਤਾ ਹੈ, ਇਹ ਲੋਕ ਆਪਣੀਆਂ ਨਿੱਜੀ ਗੱਲਾਂ ਵੀ ਇਕ-ਦੂਸਰੇ ਨਾਲ ਕਰ ਲੈਂਦੇ ਸਨ। ਇਸੇ ਲਈ ਜਦੋਂ ਮੈਂ ਤੇ ਅੰਮ੍ਰਿਤਾ ਨੇ ਮਿਲ ਕੇ ਉਹਨੂੰ ਖ਼ਤ ਲਿਖਿਆ, ਉਹਨੇ ਜੁਆਬ ਦਿੱਤਾ, "ਮੇਰੇ ਦੋਸਤ! 'ਆਮੀ' ਦੇ ਖ਼ਤਾਂ ਤੋਂ ਜਿਹੜੀ ਤੇਰੀ ਤਸਵੀਰ ਬਣਾਈ ਹੈ, ਉਸਤੋਂ ਮੈਂ ਤੈਨੂੰ ਜਾਨਣ ਲੱਗ ਪਿਆ ਵਾਂ। ਤੇਰਾ ਰਕੀਬ ਤੈਨੂੰ ਸਲਾਮ ਕਰਦਾ ਹੈ।
"ਆਪਣੀ ਮੌਤ ਤੋਂ ਪਹਿਲਾਂ ਸੱਜਾਦ ਨੇ ਅੰਮ੍ਰਿਤਾ ਦੇ ਲਿਖੇ ਸਾਰੇ ਖ਼ਤ ਕਿਸੇ ਦੋਸਤ ਦੇ ਹੱਥ ਹਿੰਦੁਸਤਾਨ ਵਾਪਸ ਭੇਜ ਦਿੱਤੇ। ਜਿਉਂ ਹੀ ਉਸ ਦੋਸਤ ਨੇ ਖਤਾਂ ਦਾ ਉਹ ਪੁਲਿੰਦਾ ਅੰਮ੍ਰਿਤਾ ਨੂੰ ਦਿੱਤਾ। ਅੰਮ੍ਰਿਤਾ ਨੇ ਮੈਨੂੰ ਫੜਾ ਦਿੱਤਾ ਕਿ ਮੈਂ ਚਾਹਵਾ ਤਾਂ ਪੜ੍ਹ ਲਵਾਂ। ਪਰ ਮੈਂ ਕਿਉਂ ਪੜ੍ਹਦਾ ਉਹ ਖ਼ਤ। ਮੈਂ ਸਾਰੇ ਸਾੜ ਦਿੱਤੇ।"
ਚਾਹ ਦਾ ਘੁੱਟ ਭਰ ਕੇ ਇਮਰੋਜ਼ ਫਿਰ ਕਹਿਣ ਲੱਗੇ, "ਜਦੋਂ ਗੁਰੂਦੱਤ ਨੇ ਮੈਨੂੰ ਨੌਕਰੀ ਲਈ ਬੰਬਈ ਬੁਲਾਇਆ, ਤਾਂ ਮੈਂ ਅੰਮ੍ਰਿਤਾ ਨੂੰ ਦੱਸਣ ਆਇਆ। ਅੰਮ੍ਰਿਤਾ ਕੁਝ ਦੇਰ ਤਕ ਖ਼ਾਮੋਸ਼ ਰਹੀ ਤੇ ਫਿਰ ਉਹਨੇ ਮੈਨੂੰ ਇਕ ਕਹਾਣੀ ਸੁਣਾਈ। ਉਹ ਕਹਾਣੀ ਦੋ ਦੋਸਤਾਂ ਦੀ ਸੀ। ਉਹਨਾਂ ਵਿਚੋਂ ਇਕ ਬਹੁਤ ਸੁਹਣਾ ਸੀ, ਪਰ ਦੂਸਰਾ ਕੁਝ ਖਾਸ ਨਹੀਂ ਸੀ। ਇਕ ਬਹੁਤ ਸੁਹਣੀ ਕੁੜੀ ਖੂਬਸੂਰਤ ਦੋਸਤ ਵੱਲ ਖਿੱਚੀ ਗਈ। ਉਹ
ਲੜਕਾ ਆਪਣੇ ਦੋਸਤ ਦੀ ਮਦਦ ਨਾਲ ਉਹਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਦੋਸਤ ਵੀ ਉਸ ਕੁੜੀ ਨੂੰ ਚੁੱਪ ਜਿਹੀ ਮੁਹੱਬਤ ਕਰਦਾ ਹੈ, ਪਰ ਆਪਣੀ ਸੂਰਤ ਦੀ ਵਜਾਹ ਕਰਕੇ ਆਪਣੇ ਪਿਆਰ ਦਾ ਪਰਗਟਾਵਾ ਨਹੀਂ ਕਰਦਾ। ਆਖ਼ਰਕਾਰ ਕੁੜੀ ਦਾ ਵਿਆਹ ਉਸ ਸੁਹਣੇ ਮੁੰਡੇ ਨਾਲ ਹੋ ਜਾਂਦਾ ਹੈ। ਏਨੇ ਵਿਚ ਜੰਗ ਛਿੜ ਜਾਂਦੀ ਹੈ ਅਤੇ ਦੋਵੇਂ ਦੋਸਤ ਲੜਾਈ ਦੇ ਮੈਦਾਨ ਵਿਚ ਭੇਜ ਦਿੱਤੇ ਜਾਂਦੇ ਹਨ।
ਲੜਕੀ ਦਾ ਪਤੀ ਉਹਨੂੰ ਨਿੱਤ ਖ਼ਤ ਲਿਖਦਾ ਹੈ, ਪਰ ਉਹ ਸਾਰੇ ਖ਼ਤ ਆਪਣੇ ਦੋਸਤ ਕੋਲੋਂ ਲਿਖਵਾਉਂਦਾ ਹੈ। ਕੁਝ ਦਿਨਾਂ ਬਾਅਦ ਲੜਾਈ ਦੇ ਮੈਦਾਨ ਵਿਚ ਉਸਦੀ ਮੌਤ ਹੋ ਜਾਂਦੀ ਹੈ ਅਤੇ ਉਸਦੇ ਦੋਸਤ ਨੂੰ ਜ਼ਖ਼ਮੀ ਹਾਲਤ ਵਿਚ ਵਾਪਸ ਲਿਆਂਦਾ ਜਾਂਦਾ ਹੈ। ਲੜਕੀ ਆਪਣੇ ਪਤੀ ਦੇ ਦੋਸਤ ਨੂੰ ਮਿਲਣ ਹਸਪਤਾਲ ਜਾਂਦੀ ਹੈ ਅਤੇ ਆਪਣੇ ਪਤੀ ਦੇ ਖ਼ਤ ਉਹਨੂੰ ਵਿਖਾਉਂਦੀ ਹੈ। ਕੁੜੀ ਦੇ ਕਹਿਣ 'ਤੇ ਦੋਸਤ ਖ਼ਤਾਂ ਨੂੰ ਪੜ੍ਹਨ ਲੱਗ ਪੈਂਦਾ ਹੈ। ਥੋੜ੍ਹੀ ਦੇਰ ਪਿੱਛੋਂ ਹਨੇਰਾ ਹੋ ਜਾਂਦਾ ਹੈ, ਪਰ ਦੋਸਤ ਉਹ ਖ਼ਤ ਹਨੇਰ੍ਹੇ ਵਿਚ ਵੀ ਪੜ੍ਹਦਾ ਰਹਿੰਦਾ ਹੈ, ਕਿਉਂਕਿ ਉਹ ਲਿਖੇ ਤਾਂ ਉਸੇ ਨੇ ਹੀ ਸਨ। ਉਹਨੂੰ ਉਹ ਜ਼ੁਬਾਨੀ ਯਾਦ ਸਨ। ਲੜਕੀ ਸਮਝ ਜਾਂਦੀ ਹੈ।
''ਵੇਖਦਿਆਂ ਵੇਖਦਿਆਂ ਦੋਸਤ ਦੀ ਤਬੀਅਤ ਹੋਰ ਵਿਗੜ ਜਾਂਦੀ ਹੈ ਅਤੇ ਉਹ ਦੰਮ ਤੋੜ ਦਿੰਦਾ ਹੈ। ਲੜਕੀ ਕਹਿੰਦੀ ਹੈ, "ਮੈਂ ਇਕ ਆਦਮੀ ਨਾਲ ਪਿਆਰ ਕੀਤਾ ਸੀ, ਪਰ ਉਸ ਨੂੰ ਦੋ ਵਾਰ ਗੁਆ ਲਿਆ।"
ਡੂੰਘਾ ਸਾਹ ਭਰ ਕੇ ਇਮਰੋਜ਼ ਜੀ ਨੇ ਕਿਹਾ, "ਅੰਮ੍ਰਿਤਾ ਨੇ ਸੋਚਿਆ ਸੀ ਕਿ ਮੈਂ
ਕਹਾਣੀ ਦੀ ਆਤਮਾ ਤਕ ਨਹੀਂ ਸਾਂ ਪਹੁੰਚ ਸਕਿਆ, ਪਰ ਮੈਂ ਤਾਂ ਪਹੁੰਚ ਗਿਆ ਸਾਂ। ਮੈਨੂੰ ਉਹਨੇ ਸਿਰਫ਼ ਏਨਾ ਕਿਹਾ, "ਸਾਹਿਰ ਬੰਬਈ ਚਲਿਆ ਗਿਆ ਤੇ ਹੁਣ ਤੂੰ ਵੀ ਜਾ ਰਿਹਾ ਏਂ।" ਅੰਮ੍ਰਿਤਾ ਜੀ ਦੀ ਆਵਾਜ਼ ਵਿਚ ਅੱਤ ਦੀ ਨਿਰਾਸਤਾ ਅਤੇ ਉਦਾਸੀ ਸੀ, ਜਿਵੇਂ ਕਹਿ ਰਹੀ ਹੋਵੇ, "ਜਿਹੜੇ ਇਸਤਰ੍ਹਾਂ ਤੁਰ ਜਾਂਦੇ ਨੇ ਉਹ ਮੁੜ ਵਾਪਸ ਨਹੀਂ ਆਉਂਦੇ।'' ਮੈਂ ਜਦੋਂ ਬੰਬਈ ਪਹੁੰਚਿਆ ਤਾਂ ਤੀਸਰੇ ਦਿਨ ਹੀ ਅੰਮ੍ਰਿਤਾ ਨੂੰ ਖ਼ਤ ਲਿਖ ਦਿੱਤਾ ਸੀ ਕਿ ਮੈਂ ਵਾਪਸ ਆ ਰਿਹਾ ਹਾਂ। ਮੈਨੂੰ ਪਤਾ ਸੀ ਕਿ ਜੇ ਮੈਂ ਵਾਪਸ ਨਹੀਂ ਗਿਆ ਤਾਂ ਅੰਮ੍ਰਿਤਾ ਨੂੰ ਹਮੇਸ਼ਾਂ ਲਈ ਗੁਆ ਲਵਾਂਗਾ।"
ਕੁਝ ਠਹਿਰ ਕੇ ਉਹ ਫਿਰ ਬੋਲੇ, "ਅੰਮ੍ਰਿਤਾ ਨੇ ਆਪਣੇ ਪਿਆਰ ਦਾ ਕਦੀ ਖੁਲ੍ਹੇ ਸ਼ਬਦਾਂ ਵਿਚ ਇਜ਼ਹਾਰ ਨਹੀਂ ਕੀਤਾ ਅਤੇ ਨਾ ਹੀ ਮੈਂ ਕੀਤਾ ਹੈ।
ਅੰਮ੍ਰਿਤਾ ਜੀ ਨੇ ਇਕ ਕਵਿਤਾ ਲਿਖੀ-
ਅੱਜ ਪੌਣ ਮੇਰੇ ਸ਼ਹਿਰ ਦੀ ਵਹਿ ਰਹੀ
ਦਿਲ ਦੀ ਹਰ ਚੰਗਿਆੜੀ ਸੁਲਗ ਰਹੀ
ਸ਼ਾਇਦ ਤੇਰਾ ਸ਼ਹਿਰ ਛੂਹ ਕੇ ਆਈ ਹੈ
ਹੋਠਾਂ ਦੇ ਹਰ ਸਾਹ ਉੱਤੇ ਬੇਚੈਨੀ ਛਾਈ ਹੈ
ਮੁਹੱਬਤ ਜਿਸ ਰਾਹ ਉੱਤੋਂ ਲੰਘਕੇ ਆਈ ਹੈ
ਉਸੇ ਰਾਹ ਤੋਂ ਸ਼ਾਇਦ ਇਹ ਵੀ ਆਈ ਹੈ।
ਇਹ ਕਹਾਣੀ ਇਮਰੋਜ਼ ਜੀ ਦੀ ਜ਼ੁਬਾਨੀ ਸੀ। ਪਰ ਇਹ ਗੱਲ ਮੈਨੂੰ ਬਾਅਦ ਵਿਚ ਪਤਾ ਲੱਗੀ ਕਿ ਰੋਜ਼ ਸ਼ਾਮ ਨੂੰ ਇਮਰੋਜ਼ ਜੀ ਵੀ ਆਪਣੇ ਘਰ ਦੀ ਛੱਤ ਉੱਤੇ ਖੜੇ ਹੋ ਕੇ ਉਸ ਗੱਡੀ ਦੀ ਉਡੀਕ ਕਰਦੇ ਸਨ, ਜਿਸ ਵਿਚ ਬਹਿਕੇ ਅੰਮ੍ਰਿਤਾ ਰੇਡੀਓ ਸਟੇਸ਼ਨ ਤੋਂ ਵਾਪਸ ਆਉਂਦੇ ਸਨ। ਗੱਡੀ ਦੇ ਲੰਘ ਜਾਣ ਤੋਂ ਬਾਅਦ ਵੀ ਉਹ ਬਹੁਤ ਦੇਰ ਤਕ ਉਥੇ ਹੀ ਖੜੇ ਰਹਿੰਦੇ ਸਨ, ਅਵਾਕ ਖਿਲਾਅ ਨੂੰ ਘੂਰਦੇ ਹੋਏ। ਇਹ ਇਥੇ ਉਡੀਕ ਕਰਦੇ ਰਹਿੰਦੇ ਤੇ ਉਹ ਉਥੇ ਕਵਿਤਾਵਾਂ ਵਿਚ ਕੁਝ ਲਿਖਦੇ ਰਹਿੰਦੇ-
ਜਿੰਦ ਤਾਂ ਅਸਾਡੀ ਕੋਇਲ ਸੁਣੀਂਦੀ
ਜੀਭੇ ਤਾਂ ਸਾਡੀ ਵਰਜਿਤ ਛਾਲਾ
ਤੇ ਦਰਦਾਂ ਦਾ ਸਾਕ ਅਸਾਡੜਾ।
ਹਰ ਵਾਰ ਅੰਮ੍ਰਿਤਾ ਜੀ ਵੱਲ ਜਾਣਾ, ਮੇਰਾ ਰਿਸ਼ਤਿਆਂ ਦੀ ਦੁਨੀਆ ਦਾ ਇਕ ਨਵਾਂ ਸਫ਼ਰ ਹੁੰਦਾ।
ਗਿਆਰਾਂ
ਅੱਜ ਜਦੋਂ ਮੈਂ ਅੰਮ੍ਰਿਤਾ ਜੀ ਦੇ ਘਰ ਗਈ ਤਾਂ ਉਹ ਕੁਝ ਥੱਕੇ ਥੱਕੇ ਜਿਹੇ ਲੱਗ ਰਹੇ ਸੀ। ਇਹਨੀਂ ਦਿਨੀਂ ਉਹ ਬਿਸਤਰੇ ਉੱਤੇ ਹੀ ਪਏ ਰਹਿੰਦੇ ਸਨ। ਉਹ ਖ਼ੁਦ ਆਪਣੀਆਂ ਲੱਤਾਂ ਹਿਲਾ ਵੀ ਨਹੀਂ ਸਨ ਸਕਦੇ। ਪਾਸਾ ਵੱਟਣ ਲਈ ਵੀ ਉਹਨਾਂ ਨੂੰ ਸਹਾਰੇ ਦੀ ਲੋੜ ਪੈਂਦੀ ਸੀ। ਬੈਠਣ ਵਿਚ ਵੀ ਔਖ ਆਉਣ ਲੱਗ ਪਈ ਸੀ, ਪਰ ਫਿਰ ਵੀ ਖਾਣਾ ਉਹ ਬੈਠ ਕੇ ਖਾਣਾ ਹੀ ਪਸੰਦ ਕਰਦੇ ਸਨ।
ਉਹਨਾਂ ਦੀ ਚਾਹ ਦਾ ਵੇਲਾ ਹੋ ਗਿਆ ਸੀ ਤੇ ਉਹਨਾਂ ਦੀ ਨੂੰਹ ਚਾਹ ਲੈ ਆਈ। ਉਹ ਚਾਹ ਇਕ ਕਟੋਰੇ ਵਿਚ ਪੀਣ ਲੱਗ ਪਏ ਸਨ, ਆਪਣੇ ਮਨ-ਪਸੰਦ 'ਨਾਈਸ' ਬਿਸਕੁਟ ਦੇ ਨਾਲ। ਫੁੱਲਾਂ ਵਾਲੇ ਜਿਸ ਲਾਲ ਕਟੋਰੇ ਵਿਚ ਉਹ ਚਾਹ ਪੀ ਰਹੇ ਸਨ ਮੈਂ ਉਸਦੀ ਤਾਰੀਫ਼ ਕਰ ਰਹੀ ਸਾਂ। ਉਹਨਾਂ ਦੱਸਿਆ ਕਿ ਕਟੋਰਾ ਉਹਨਾਂ ਰੋਮਾਨੀਆਂ ਤੋਂ ਲਿਆਂਦਾ ਸੀ।
ਕਦੀ ਕਦੀ ਉਹਨਾਂ ਦੀ ਨਜ਼ਰ ਖਿੜਕੀ ਤੋਂ ਝਾਕਦੇ ਗਡਹਲ ਦੇ ਫੁੱਲ ਉੱਤੇ ਟਿਕ ਜਾਂਦੀ। ਉਹ ਦੇਰ ਤਕ ਉਹਨੂੰ ਵੇਖਦੇ। ਜਦੋਂ ਉਹਨਾਂ ਚਾਹ ਪੀ ਲਈ ਤਾਂ ਮੈਂ ਉਹਨਾਂ ਦੀ ਹਥੇਲੀ ਨੂੰ ਆਪਣੇ ਹੱਥ ਵਿਚ ਲੈ ਕੇ ਪਲੋਸਿਆ ਅਤੇ ਉਹਨਾਂ ਦੇ ਪਤਲੇ- ਇਕਹਿਰੇ ਸਰੀਰ ਨੂੰ, ਜੋ ਇਕਦਮ ਸੁੰਗੜ ਗਿਆ ਸੀ, ਸਿੱਧਾ ਕਰ ਦਿੱਤਾ। ਉਹ ਫੁੱਲ ਵੱਲ ਵੇਖਦੇ ਹੋਏ ਬੋਲੇ, "ਤੇਰੀ ਉਹ ਪੱਤਿਆਂ ਵਾਲੀ ਨਜ਼ਮ ਯਾਦ ਆ ਗਈ ਜਿਹੜੀ ਆਸ਼ੀਆ ਸੁਲਤਾਨ ਨੇ ਗਾਈ ਹੈ। ਜ਼ਰਾ ਉਹ ਸੁਣਾ ਤਾਂ।"
ਮੈ ਗੁਣਗੁਣਾ ਕੇ ਆਪਣੀ ਨਜ਼ਮ ਗਾਉਣ ਲੱਗ ਪਈ-
ਪੱਤੇ ਮੇਰੇ ਘਰ ਆਏ
ਚਾਂਦਨੀ ਮੇ ਧੁਲੇ ਗੀਤ ਬੁਨਤੇ,
ਝਨਝਨਾਤੇ
ਪੱਤੇ ਮੇਰੇ ਘਰ ਆਏ
ਮੇਰੇ ਗਾਉਣ ਦੇ ਵਿਚਕਾਰੋਂ ਹੀ ਉਹਨਾਂ ਮੇਰਾ ਹੱਥ ਫੜ ਲਿਆ। ਪਹਿਲਾ ਅੰਤਰਾ ਪੂਰਾ ਹੋਣ ਤਕ ਉਹ ਚੁੱਪ ਰਹੇ, ਜਦੋਂ ਤਕ ਮੈਂ ਦੂਸਰਾ ਤੇ ਤੀਸਰਾ ਅੰਤਰਾ ਗਾਇਆ
ਉਹ ਅੱਖਾਂ ਬੰਦ ਕਰਕੇ ਲੇਟੇ ਰਹੇ ਤੇ ਫਿਰ ਅਚਾਨਕ ਬੋਲੇ, "ਤੂੰ ਪੱਤਿਆਂ ਦੇ ਦਰਦ, ਉਹਨਾਂ ਦੀ ਜੁਦਾਈ, ਦੋਸਤੀ ਅਤੇ ਉਹਨਾਂ ਦੇ ਪਿਆਰ ਨੂੰ ਕਿਸ ਤਰ੍ਹਾਂ ਮਹਿਸੂਸ ਕਰ ਲਿਆ ?" ਉਹਨਾਂ ਦੇ ਇਹਨਾਂ ਸ਼ਬਦਾਂ ਪ੍ਰਤੀ ਭਾਵੁਕਤਾ ਨਾਲ ਭਰ ਕੇ ਮੈਂ ਉਹਨਾਂ ਵੱਲ ਵੇਖਿਆ। ਮੈਂ ਹੌਲੀ ਜਿਹੀ ਉਹਨਾਂ ਦੇ ਹੱਥ ਨੂੰ ਘੁੱਟਿਆ। ਅਸੀਂ ਇਕ ਦੂਸਰੇ ਵੱਲ ਵੇਖਿਆ ਤੇ ਪਤਾ ਨਹੀਂ ਇਕ ਦੂਜੇ ਨੂੰ ਕੀ ਆਖਿਆ। ਉਹਨਾਂ ਮੁੜ ਅੱਖਾਂ ਬੰਦ ਕਰ ਲਈਆਂ ਜਿਵੇਂ ਕਿਧਰੇ ਦੂਰ ਚਲੇ ਗਏ ਹੋਣ, ...ਆਪਣੇ ਖਿਆਲਾਂ ਦੀ ਦੁਨੀਆਂ ਵਿਚ। ਇਸਤਰ੍ਹਾਂ ਲੱਗਾ ਜਿਵੇਂ ਮੇਰੀ ਨਜ਼ਮ ਉਹਨਾਂ ਨੂੰ ਗੁਜਰੇ ਜ਼ਮਾਨੇ ਵਿਚ ਕਿਤੇ ਲੈ ਗਈ ਹੋਵੇ।
ਉਹ ਚੁੱਪਚਾਪ ਲੰਮੇ ਪਏ ਰਹੇ ਤੇ ਮੈਂ ਉਹਨਾਂ ਨੂੰ ਹੀਲਿੰਗ ਦਿੰਦੀ ਰਹੀ। ਲੱਗਪਗ ਵੀਹ ਕੁ ਮਿੰਟ ਪਿੱਛੋਂ ਉਹਨਾਂ ਉੱਠ ਕੇ ਬੈਠਣਾ ਚਾਹਿਆ। ਸ਼ਾਇਦ ਹੀਲਿੰਗ ਤੋਂ ਬਾਅਦ ਉਹਨਾਂ ਵਿਚ ਕੁਝ ਤਾਕਤ ਆ ਗਈ ਸੀ। ਉਹਨਾਂ ਆਪਣੇ ਸਿਰ ਉੱਤੇ ਇਕ ਲਾਲ ਫੁੱਲਾਂ ਵਾਲਾ ਦੁਪੱਟਾ ਲਿਆ ਹੋਇਆ ਸੀ ਜੋ ਸਕਾਰਫ ਦਾ ਕੰਮ ਵੀ ਦੇ ਰਿਹਾ ਸੀ। ਅਸਲ ਵਿਚ ਮੈਂ ਉਹਨਾਂ ਨੂੰ ਲਾਲ ਅਤੇ ਗੁਰੂਆ ਰੰਗ ਪਹਿਨਣ ਦੀ ਸਲਾਹ ਦਿੱਤੀ ਸੀ ਤਾਂ ਕਿ ਉਹਨਾਂ ਦੇ ਸਰੀਰ ਵਿਚ ਊਰਜਾ ਦਾ ਸਤਰ ਉੱਚਾ ਰਹੇ।
ਕੁਝ ਦੇਰ ਉਹ ਏਧਰ ਉਧਰ ਦੀਆਂ ਗੱਲਾਂ ਕਰਦੇ ਰਹੇ। ਵਾਤਾਵਰਣ ਅਤੇ ਪ੍ਰਦੂਸ਼ਣ ਦੀਆਂ। ਫੇਰ ਆਪਣੀ ਕਿਤਾਬ ਉੱਤੇ ਬਣੀ ਫਿਲਮ 'ਪਿੰਜਰ' ਦੀਆਂ। ਫੇਰ ਉਹ ਬੈਠੇ ਬੈਠੇ ਮੁਸਕਰਾਉਣ ਲੱਗ ਪਏ ਤੇ ਬੋਲੇ, "ਤੂੰ ਕੁਝ ਸੁਣਾ।"
ਜਦੋਂ ਮੈਂ ਪੁੱਛਿਆ ਕਿ ਉਹ ਕੀ ਸੁਣਨਾ ਚਾਹੁਣਗੇ ਤਾਂ ਬੋਲੇ, "ਕੁਸ਼ ਵੀ, ਜੋ ਤੈਨੂੰ ਪਸੰਦ ਹੋਵੇ।" ਮੈਂ ਇਕ ਗਜ਼ਲ ਦੇ ਕੁਝ ਸ਼ੇਅਰ ਗਾਏ ਤਾਂ ਕਹਿਣ ਲੱਗੇ, "ਕਿੰਨਾ ਉਦਾਸ ਕਲਾਮ ਹੈ।"
ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਬੋਲੇ, "ਮੈਨੂੰ ਅੱਜ ਵੀ ਰੁਮਾਨੀਆਂ ਦੇ ਇਕ ਪਾਦਰੀ ਦੇ ਚਿਹਰੇ ਦੀ ਖ਼ਾਸ ਤਰ੍ਹਾਂ ਦੀ ਉਦਾਸੀ ਯਾਦ ਹੈ।“ ਉਥੇ ਮੈਂ ਤੇ ਇਮਰੋਜ਼ ਇਕ ਚਰਚ ਵਿਚ ਗਏ ਸਾਂ। ਪਾਦਰੀ ਦੀ ਉਮਰ ਕੋਈ ਬਾਈ-ਤੇਈ ਵਰ੍ਹਿਆਂ ਦੀ ਹੋਊ। ਉਸਦਾ ਚਿਹਰਾ ਏਨਾ ਉਦਾਸ ਸੀ ਕਿ ਮੈਨੂੰ ਪੁੱਛਣਾ ਪਿਆ ਕਿ ਉਹ ਏਨਾ ਉਦਾਸ ਕਿਉਂ ਸੀ। ਇਮਰੋਜ਼ ਅਤੇ ਮੈਂ ਕਿਸੇ ਉਤਸਵ ਤੋਂ ਪਰਤੇ ਸਾਂ। ਉਥੇ ਮੈਨੂੰ ਵਾਈਨ ਦੀ ਇਕ ਬੋਤਲ ਤੁਹਫ਼ੇ ਵਜੋਂ ਮਿਲੀ ਸੀ। ਮੇਰੇ ਹੱਥ ਵਿਚ ਉਹੀ ਬੋਤਲ ਸੀ। ਮੈਂ ਉਹ ਪਾਦਰੀ ਨੂੰ ਪੇਸ਼ ਕਰ ਦਿੱਤੀ। ਸਾਡੇ ਕੋਲ ਗਿਲਾਸ ਨਹੀਂ ਸਨ, ਪਰ ਉਹ ਆਪਣੇ ਹੱਥ ਦੀ ਓਕ ਨਾਲ ਪੀਣ ਲਈ ਤਿਆਰ ਹੋ ਗਿਆ।
"ਉਸ ਦਾ ਚਿਹਰਾ ਗਹਿਰੇ ਰੰਜ ਵਿਚ ਡੁੱਬਿਆ ਹੋਇਆ ਸੀ। ਮੈਂ ਨਹੀਂ ਸਾਂ ਚਾਹੁੰਦੀ ਕਿ ਉਹ ਆਪਣਾ ਦੁੱਖ ਇਧਰ ਉਧਰ ਖਿਲਾਰਦਾ ਰਹੇ। ਮੈਂ ਉਹਨੂੰ ਆਪਣੇ ਨਾਲ ਗੱਲਾਂ ਕਰਨ ਲਈ ਰਾਜੀ ਕਰ ਲਿਆ। ਉਹ ਮੈਨੂੰ ਦੱਸਣ ਲੱਗ ਪਿਆ ਕਿ ਉਹ ਕਿਸਤਰ੍ਹਾਂ ਪਾਦਰੀ ਬਣਿਆਂ। ਉਸ ਨੇ ਮੰਨ ਲਿਆ ਕਿ ਉਸਦਾ ਦਿਲ ਕਿਤੇ ਹੋਰ ਸੀ।
ਧਰਮ ਵੀ ਉਹਨੂੰ ਧਰਵਾਸ ਨਹੀਂ ਸੀ ਦੇ ਰਿਹਾ। ਮੈਂ ਉਹਨੂੰ ਪਾਦਰੀ ਦਾ ਰੁਤਬਾ ਛੱਡ ਕੇ ਜਾਣ ਦੀ ਸਲਾਹ ਦੇ ਦਿੱਤੀ। ਇਹੋ ਜਿਹੀ ਮਾਨਸਿਕ ਅਵਸਥਾ ਵਿਚ ਰਹਿਕੇ ਉਹ ਪਾਦਰੀ ਭਲਾ ਕਿਵੇਂ ਜਿਊਂਦਾ ਰਹਿ ਸਕਦਾ ਸੀ। ਮੈਂ ਉਸਨੂੰ ਆਖਿਆ, ਉਸਦੀ ਸਹਿਜ ਮਨੋਦਸ਼ਾ ਉਦਾਸ ਨਹੀਂ, ਸਗੋਂ ਖੁਸ਼ਗਵਾਰ ਸੀ।"
ਬੇਬਸ ਜ਼ਿੰਦਗੀ ਇਕ ਮਜਬੂਰੀ ਬਣ ਜਾਂਦੀ ਹੈ, ਪਾਦਰੀ ਦੀ ਜ਼ਿੰਦਗੀ ਵਿਚ ਮੈਨੂੰ ਅੰਮ੍ਰਿਤਾ ਜੀ ਦਿਸਣ ਲੱਗ ਪਏ। ਉਹਨਾਂ ਆਪਣੀ ਉਸ ਜ਼ਿੰਦਗੀ ਤੋਂ ਨਾਤਾ ਤੋੜ ਲਿਆ ਸੀ, ਤਾਂ ਆਪਣੇ ਪਤੀ ਦੇ ਸਾਥ ਵਿਚ ਨਾਖੁਸ਼ਗਵਾਰ ਜ਼ਿੰਦਗੀ ਜਿਉਂਦੇ ਰਹਿੰਦੇ, ਪਰ ਉਹਨਾਂ ਇਕ ਵੱਡਾ ਕਦਮ ਚੁੱਕ ਲਿਆ। ਜੀਹਦੇ ਲਈ ਇਕ ਸੁਲਝੇ ਹੋਏ ਦਿਮਾਗ ਦੀ ਲੋੜ ਹੁੰਦੀ ਹੈ। ਅਤੇ ਉਸ ਨਾਲੋਂ ਵੀ ਵੱਧ ਜ਼ਰੂਰੀ ਹੁੰਦਾ ਹੈ ਸਾਹਸ। ਉਹ ਜਾਣਦੇ ਸਨ ਕਿ ਲੇਖਕਾ ਹੋਣ ਕਰਕੇ ਉਹਨਾਂ ਦਾ ਜੀਵਨ ਲੋਕਾਈ ਦੇ ਸਾਹਮਣੇ ਹੈ ਅਤੇ ਉਹਨਾਂ ਨੂੰ ਸਮਾਜਿਕ ਨਰਾਜ਼ਗੀ ਅਤੇ ਕ੍ਰੋਧ ਦਾ ਸਾਹਮਣਾ ਤਾਂ ਕਰਨਾ ਹੀ ਪਊ।
ਅੰਮ੍ਰਿਤਾ ਜੀ ਦੇ ਹਰਖ ਦੀਆਂ ਕੁਝ ਝਲਕੀਆਂ ਉਹਨਾਂ ਦੀਆਂ ਨਜ਼ਮਾਂ 'ਅੰਨਦਾਤਾ' ਅਤੇ 'ਉਡੀਕ' ਤੋਂ ਵੀ ਮਿਲਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਦਿਸ਼ਾ ਵਿਚ ਲੈ ਜਾਈਏ, ਕਿਹੜਾ ਮੋੜ ਮੁੜ ਜਾਈਏ, ਬੇਧਿਆਨੀ ਵਿਚ ਚੰਗੇ-ਮਾੜੇ ਦੀ ਪਛਾਣ ਕੀਤੇ ਤੋਂ ਬਗੈਰ ਹੀ ਇਹ ਸਭ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜਾ ਰਸਤਾ ਅਖਤਿਆਰ ਕਰਦੇ ਹਾਂ। ਜੇ ਗਲਤੀ ਨਾਲ ਗਲਤ ਮੋੜ ਵੀ ਮੁੜ ਜਾਈਏ ਤਾਂ ਅਸੀਂ ਆਸਾਨੀ ਨਾਲ ਆਪਣੀ ਗਲਤੀ
ਨਹੀਂ ਮੰਨਦੇ, ਸਗੋਂ ਗਲਤੀ ਨੂੰ ਠੀਕ ਸਾਬਤ ਕਰਨ ਲਈ ਬਹੁਤ ਸਾਰੀਆਂ ਦਲੀਲਾਂ ਦਿੰਦੇ ਰਹਿੰਦੇ ਹਾਂ। ਜੇ ਅਸੀਂ ਇਸਤਰ੍ਹਾਂ ਹੀ ਕਰਾਂਗੇ ਤਾਂ ਗਲਤੀ ਨੂੰ ਸੁਧਾਰ ਕਿਸਤਰ੍ਹਾਂ ਸਕਦੇ ਹਾਂ।
ਅੰਮ੍ਰਿਤਾ ਜੀ ਨੇ ਕਦੀ ਆਪਣੇ ਪਤੀ ਬਾਰੇ ਕੋਈ ਸ਼ਕਾਇਤ ਨਹੀਂ ਕੀਤੀ। ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਅੰਮ੍ਰਿਤਾ ਜੀ ਦੇ ਪਤੀ ਨੇ ਪਹਿਲਾਂ ਤਾਂ ਉਹਨਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਤਲਾਕ ਲਈ ਉਹ ਉਦੋਂ ਰਾਜੀ ਹੋਏ ਜਦੋਂ ਉਹ ਖ਼ੁਦ ਹੀ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦੇ ਸੀ।
ਅੰਮ੍ਰਿਤਾ ਜੀ ਦੀ ਆਪਣੇ ਪਤੀ ਨਾਲ ਕੋਈ ਨਰਾਜ਼ਗੀ ਨਹੀਂ ਸੀ, ਇਥੋਂ ਤਕ ਕਿ ਜਦੋਂ ਆਪਣੇ ਅੰਤਿਮ ਵੇਲੇ ਉਹ ਬਹੁਤ ਬਿਮਾਰ ਸਨ ਅਤੇ ਬਿਲਕੁਲ ਇਕੱਲੇ ਸਨ ਅਤੇ ਅੰਮ੍ਰਿਤਾ ਜੀ ਦੇ ਬੇਟੇ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਆਪਣੇ ਪਿਤਾ ਨੂੰ ਘਰ ਲਿਆ ਕੇ ਉਹਨਾਂ ਦੀ ਦੇਖਭਾਲ ਕਰ ਸਕਦਾ ਹੈ, ਤਾਂ ਉਹਨਾਂ ਸਿਰਫ਼ 'ਹਾਂ' ਹੀ ਨਹੀਂ ਕਿਹਾ, ਸਗੋਂ ਆਸਰਾ ਦੇਣ ਤੋਂ ਇਲਾਵਾ ਤੀਮਾਰਦਾਰੀ ਵੀ ਕੀਤੀ।
ਅੰਮ੍ਰਿਤਾ ਜੀ ਦੇ ਪਤੀ ਦੀ ਮੌਤ ਉਹਨਾਂ ਘਰ ਹੀ ਹੋਈ ਸੀ।
ਕਿਸੇ ਹੋਰ ਪ੍ਰਸੰਗ ਵਿਚ ਜਦੋਂ ਮੈਂ ਇਮਰੋਜ਼ ਨੂੰ ਪੁੱਛਿਆ ਤਾਂ ਉਹ ਬੋਲੇ, "ਅਸੀਂ ਉਸ ਸ਼ਖਸ ਬਾਰੇ ਕਿਉਂ ਗਲ ਕਰੀਏ ਜੀਹਦਾ ਸਾਡੇ ਨਾਲ ਕੋਈ ਸੰਬੰਧ ਹੀ ਨਾ ਹੋਵੇ, ਕੋਈ ਲੈਣਾ-ਦੇਣਾ ਹੀ ਨਾ ਹੋਵੇ।"
ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਲੋਕ ਕਿਉਂ ਆਪਣੀ ਜ਼ਿੰਦਗੀ ਨੂੰ ਉਹਨਾਂ ਲੋਕਾਂ ਨਾਲ ਉਲਝਾਈ ਰਖਦੇ ਹਨ ਜੋ ਉਹਨਾਂ ਨਾਲ ਨਰਾਜ਼ ਰਹਿੰਦੇ ਨੇ। ਅਸੀਂ ਉਹਨਾਂ ਲੋਕਾਂ ਤੋਂ ਆਪਣੀ ਜ਼ਿੰਦਗੀ ਨੂੰ ਪ੍ਰਭਾਵਿਤ ਹੀ ਕਿਉਂ ਹੋਣ ਦਿੰਦੇ ਹਾਂ, ਜੋ ਸਾਡੇ ਲਈ ਬੁਰੇ ਹਾਲਾਤ ਪੈਦਾ ਕਰਦੇ ਹਨ। ਉਹ ਹਾਲਾਤ ਭਾਵੇਂ ਅਸਲੀ ਹੋਣ ਜਾਂ ਕਾਲਪਨਿਕ, ਸਾਨੂੰ ਉਹਨਾਂ ਤੋਂ ਆਪਣੇ ਆਪ ਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ।"
"ਅਸਲ ਵਿਚ ਅਸੀਂ ਉਹਨਾਂ ਪਲਾਂ ਨੂੰ ਵਾਰ ਵਾਰ ਜਿਉਂਦੇ ਹਾਂ, ਜਿਨ੍ਹਾਂ ਵਿਚ ਸਾਨੂੰ ਦੁੱਖ ਜਾਂ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਜੇ ਇਹ ਭਾਵ ਸ਼ਾਂਤੀ ਲਈ ਹੈ, ਫੇਰ ਤਾਂ ਠੀਕ ਹੈ। ਵਰਨਾ ਅਸੀਂ ਘ੍ਰਿਣਾ ਅਤੇ ਕਲੇਸ਼ ਉਤੇ ਹੀ ਅੰਤਰ-ਧਿਆਨ ਹੋ ਰਹੇ ਹੁੰਦੇ ਹਾਂ।
ਬਾਰਾਂ
ਅੰਮ੍ਰਿਤਾ ਅਤੇ ਇਮਰੋਜ਼ ਨੂੰ ਮਿਲਦਿਆਂ ਮੈਨੂੰ ਪਤਾ ਲੱਗਾ ਕਿ ਇਮਰੋਜ਼ ਸਿਰਫ਼ ਨੌਂ ਸਾਲ ਦੇ ਸਨ ਜਦੋਂ ਉਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਮਾਂ ਦੇ ਪਿਆਰ ਤੋਂ ਮਹਿਰੂਮ ਉਹ ਖ਼ੁਦ ਨੂੰ ਬੇਹੱਦ ਇਕੱਲਾ ਅਤੇ ਉਦਾਸ ਮਹਿਸੂਸ ਕਰਦੇ ਸਨ। ਉਹਨਾਂ ਦੀਆਂ ਅੱਖਾਂ ਹਮੇਸ਼ਾਂ ਮਾਂ ਦੇ ਪਿਆਰ ਨੂੰ ਹੀ ਲਭਦੀਆਂ ਰਹੀਆਂ।
ਸਕੂਲ ਵਿਚ ਉਹਨਾਂ ਦਾ ਇਕ ਦੋਸਤ ਆਪਣੇ ਟਿਫ਼ਨ ਦਾ ਇਕ ਪਰੌਂਠਾ ਅਕਸਰ ਉਹਨਾਂ ਨਾਲ ਵੰਡਦਾ ਹੁੰਦਾ ਸੀ। ਇਮਰੋਜ਼ ਹਮੇਸ਼ਾ ਉਹਨੂੰ ਪੁਛਦੇ, "ਪਰੌਂਠਾ ਕੀਹਨੇ ਬਣਾਹਿਆ ਹੈ ?" ਅਤੇ ਜਦੋਂ ਉਹ ਕਹਿੰਦਾ ਮਾਂ ਨੇ ਬਣਾਇਆ ਹੈ ਤਾਂ ਇਮਰੋਜ਼ ਨੂੰ ਲਗਦਾ ਜਿਵੇਂ ਉਸ ਪਰੌਠੇ ਵਿਚੋਂ ਮਾਂ ਦੀ ਮਮਤਾ ਦੀ ਭਿੰਨੀ ਭਿੰਨੀ ਖੁਸ਼ਬੂ ਆ ਰਹੀ ਹੋਵੇ।
ਬਹੁਤ ਸਾਲ ਪਿੱਛੋਂ ਉਹ ਭਾਵਨਾ ਮੁੜ ਉਭਰ ਆਈ ਰਾਤ ਦੀ ਡਿਊਟੀ ਤੋਂ ਬਾਅਦ ਇਮਰੋਜ਼ ਅੰਮ੍ਰਿਤਾ ਨੂੰ ਰੇਡੀਓ ਸਟੇਸ਼ਨ ਤੋਂ ਲੈ ਕੇ ਘਰ ਤਕ ਛੱਡਣ ਜਾਂਦੇ ਹੁੰਦੇ ਸਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਉਹ ਹਾਲੇ ਇਕੱਠੇ ਨਹੀਂ ਸਨ ਰਹਿੰਦੇ। ਇਕ ਦਿਨ ਸਟਾਫ਼ ਕਾਰ ਲੇਟ ਹੋ ਗਈ ਤਾਂ ਉਹਨਾਂ ਸਲਾਹ ਦਿੱਤੀ ਕਿ ਕਿਉਂ ਨਾ ਪੈਦਲ ਹੀ ਘਰ ਚਲੀਏ। ਚਾਂਦਨੀ ਰਾਤ ਸੀ। ਆਸ ਪਾਸ ਦੀ ਦੁਨੀਆਂ ਤੋਂ ਬੇਖ਼ਬਰ ਦੋਵੇਂ ਚੱਲ ਪਏ। ਕਦੀ ਇਕ ਦੂਜੇ ਨੂੰ ਵੇਖਦੇ ਤੇ ਕਦੀ ਚੰਨ ਨੂੰ। ਸੰਸਦ ਮਾਰਗ ਤੋਂ ਪਟੇਲ ਨਗਰ ਤਕ ਦਾ ਪੈਂਡਾ ਸੌਖਾ ਹੀ ਮੁੱਕ ਗਿਆ।
ਘਰ ਪਹੁੰਚਣ 'ਤੇ ਅੰਮ੍ਰਿਤਾ ਨੇ ਝਿਜਕਦਿਆਂ ਝਿਜਕਦਿਆਂ ਕਿਹਾ, "ਖਾਣਾ ਖਾ ਕੇ ਜਾਵੀਂ।"
ਦੋਵੇਂ ਅੰਦਰ ਆ ਗਏ। ਨੌਕਰ ਤੋਂ ਬਿਨਾਂ ਘਰ ਦੇ ਸਾਰੇ ਜੀਅ ਸੁੱਤੇ ਹੋਏ ਸਨ। ਜੋ ਵੀ ਬਣਿਆ ਹੋਇਆ ਸੀ ਉਹਨਾਂ ਗਰਮ ਕੀਤਾ, ਪਰ ਰੋਟੀਆਂ ਸਿਰਫ਼ ਦੋ ਸਨ। ਦੋਹਾਂ ਨੇ ਅੱਡ ਅੱਡ ਪਲੇਟਾਂ ਵਿਚ ਇਕ ਇਕ ਰੋਟੀ ਰੱਖ ਲਈ। ਰੋਟੀ ਖਾਂਦਿਆ ਖਾਂਦਿਆਂ ਅੰਮ੍ਰਿਤਾ ਨੇ ਅੱਖ ਬਚਾਅ ਕੇ ਆਪਣੀ ਰੋਟੀ ਵਿਚੋਂ ਅੱਧੀ ਤੋੜ ਕੇ ਉਹਨਾਂ ਦੀ ਪਲੇਟ ਵਿਚ ਰੱਖ ਦਿੱਤੀ।
ਇਮਰੋਜ਼ ਉਸ ਘਟਨਾ ਨੂੰ ਯਾਦ ਕਰਦਿਆਂ ਆਨੰਦਿਤ ਹੋ ਜਾਂਦੇ ਹਨ ਤੇ ਕਹਿੰਦੇ ਹਨ, "ਰੋਟੀ ਤਾਂ ਅੱਧੀ ਸੀ, ਪਰ ਚੰਨ ਤਾਂ ਪੂਰਾ ਸੀ।"
ਕਿਸੇ ਹੋਰ ਪ੍ਰਸੰਗ ਵਿਚ ਇਕ ਵਾਰ ਮੈਂ ਇਮਰੋਜ਼ ਨੂੰ ਪੁੱਛਿਆ ਕਿ ਉਹਨਾਂ ਨੂੰ
ਅੰਮ੍ਰਿਤਾ ਦੀ ਕਿਹੜੀ ਗੱਲ ਸਭ ਤੋਂ ਵੱਧ ਪਸੰਦ ਹੈ ? ਤਾਂ ਉਹ ਬੋਲੇ, "ਉਸਦਾ ਹੋਣਾ ਤੇ ਉਸਦੇ ਕਰੀਬ ਹੋਣ ਦਾ ਅਹਿਸਾਸ।"
ਕੁਝ ਚਿਰ ਰੁਕ ਕੇ ਫੇਰ ਬੋਲੇ, "ਜਦੋਂ ਮੈਂ ਸ਼ਮ੍ਹਾ ਰਸਾਲੇ ਵਿਚ ਕੰਮ ਕਰਦਾ ਸਾਂ ਤਾਂ ਅੰਮ੍ਰਿਤਾ ਕਦੀ ਕਦੀ ਮੇਰੇ ਦਫ਼ਤਰ ਆ ਜਾਂਦੀ ਸੀ ਤੇ ਮੇਰੇ ਕਮਰੇ ਦੀਆਂ ਕੰਧਾਂ ਉੱਤੇ ਸੱਜੀਆਂ ਜਾਂ ਮੈਗਜ਼ੀਨ ਵਿਚ ਛਪੀਆਂ ਮੇਰੀਆਂ ਬਣਾਈਆਂ ਹੋਈਆਂ ਤਸਵੀਰਾਂ ਨੂੰ ਧਿਆਨ ਨਾਲ ਵੇਖਦੀ ਸੀ। ਇਕ ਦਿਨ ਬੋਲੀ, 'ਤੂੰ ਔਰਤਾਂ ਦੀਆਂ ਤਸਵੀਰਾਂ ਬਣਾਉਨਾ ਏਂ। ਏਨੀਆਂ ਸੁਹਣੀਆਂ ਤੇ ਤਰਾਸ਼ੇ ਹੋਏ ਚਿਹਰਿਆਂ ਵਾਲੀਆਂ ਔਰਤਾਂ ਕੀ ਤੂੰ ਕਦੀ ਕੋਈ 'ਵੂਮੈਨ ਵਿਦ ਏ ਮਾਈਂਡ ਵੀ ਬਣਾਈ ਹੈ ?'
"ਮੈਂ ਭੰਮੱਤਰ ਗਿਆ। ਮੇਰੇ ਕੋਲ ਇਸ ਸੁਆਲ ਦਾ ਕੋਈ ਜੁਆਬ ਨਹੀਂ ਸੀ। ਥੋੜ੍ਹੇ ਚਿਰ ਪਿੱਛੋਂ ਅੰਮ੍ਰਿਤਾ ਤਾਂ ਚਲੀ ਗਈ, ਪਰ ਉਹਦਾ ਸੁਆਲ ਮੇਰੇ ਕੋਲ ਹੀ ਰਹਿ ਗਿਆ। ਉਸੇ ਸੁਆਲ ਦੇ ਜੁਆਬ ਦੀ ਤਲਾਸ਼ ਵਿਚ ਮੈਂ ਕਲਾ ਦੇ ਇਤਿਹਾਸ ਦੀ ਪਿਛਲੀ ਸਦੀ ਵਿਚ ਪਹੁੰਚ ਗਿਆ, ਕਲਾ ਦੀਆਂ ਉਹਨਾਂ ਲਾਇਬਰੇਰੀਆਂ ਵਿਚ ਜੋ ਮੈਂ ਕਲਾ ਦੇ ਸਕੂਲਾਂ ਅਤੇ ਅਜਾਇਬ ਘਰਾਂ ਵਿਚ ਵੇਖੀਆਂ ਸਨ।
ਉਹ ਤਸਵੀਰਾਂ ਸਨ, ਔਰਤ ਸੂਰਜਮੁਖੀ ਦੇ ਫੁੱਲ ਦੇ ਨਾਲ, ਔਰਤ ਚੰਨ ਦੇ ਨਾਲ, ਔਰਤ ਬੱਚੇ ਦੇ ਨਾਲ, ਮੁਸਕਰਾਉਂਦੀ ਔਰਤ, ਉਦਾਸ ਔਰਤ, ਪਰ ਕਿਧਰੇ ਵੀ ਮੈਨੂੰ 'ਵੁਮੈਨ ਵਿਦ ਏ ਮਾਈਂਡ’ ਨਹੀਂ ਮਿਲੀ। ਮੈਨੂੰ ਹੈਰਾਨਗੀ ਹੋਣ ਲੱਗ ਪਈ ਕਿ ਸਦੀਆਂ ਤੋਂ ਔਰਤ ਨੂੰ ਸ਼ਾਇਦ ਇਕ ਜਿਸਮ ਹੀ ਸਮਝਿਆ ਗਿਆ ਹੈ, ਉਸਨੂੰ ਮਨ ਦੇ ਨਾਲ ਨਹੀਂ ਸਮਝਿਆ ਗਿਆ।"
ਕੁਝ ਦੇਰ ਰੁਕ ਕੇ ਉਹਨਾਂ ਸ਼ਬਦਾਂ ਦੀ ਇਕ ਹੋਰ ਤਸਵੀਰ ਉਕਰ ਦਿੱਤੀ।
1958 ਦੇ ਮਈ ਮਹੀਨੇ ਦੀ ਇਕ ਸ਼ਾਮ ਵੇਲੇ ਪੂਰਾ ਚੰਦ ਨਿਕਲਿਆ ਹੋਇਆ ਸੀ। ਅਮਲਤਾਸ ਦੇ ਕੁਝ ਪੀਲੇ ਫੁੱਲ ਰੁੱਖਾਂ ਨਾਲ ਟੰਗੇ ਪਏ ਸਨ, ਕੁਝ ਜ਼ਮੀਨ ਉੱਤੇ ਖਿਲਰੇ ਹੋਏ ਸਨ ਤੇ ਕੁਝ ਵਗਦੀ ਹਵਾ ਵਿਚ ਉੱਡ ਰਹੇ ਸਨ।
ਮੈਨੂੰ ਇਮਰੋਜ਼ ਦੀਆਂ ਅੱਖਾਂ ਵਿਚ ਇਕ ਵਿਸ਼ੇਸ਼ ਚਮਕ ਵਿਖਾਈ ਦਿੱਤੀ। ਉਹ ਕਹਿ ਰਹੇ ਸਨ, "ਧਰਤੀ ਅਤੇ ਹਵਾ ਕੁਝ ਅਡਰੇ ਜਿਹੇ ਜਾਪ ਰਹੇ ਸਨ ਤੇ ਅੰਮ੍ਰਿਤਾ ਵੀ.. ਵੈਸੇ ਤਾਂ ਸਭ ਕੁਝ ਪਹਿਲਾਂ ਵਾਂਗ ਹੀ ਸੀ, ਪਰ ਰੰਗਾਂ ਦਾ ਰੰਗ ਕੁਝ ਹੋਰ ਗੂੜ੍ਹਾ ਹੋ ਗਿਆ ਸੀ। ਅਸੀਂ ਤੁਰੇ-ਫਿਰਦੇ ਰਹੇ, ਘੁੰਮਦੇ ਰਹੇ, ਹਾਲਾਂਕਿ ਅਸੀਂ ਜਾਣਾ ਕਿਤੇ ਵੀ ਨਹੀਂ ਸੀ। ਧਰਤੀ ਉਤੇ ਖਿਲਰੇ ਫੁੱਲਾਂ ਦੀ ਤਰ੍ਹਾਂ ਅਸੀਂ ਵੀ ਉਹਨਾਂ ਉੱਤੇ ਖਿਲਰ ਗਏ। ਆਸਮਾਨ ਨੂੰ ਅਸੀਂ ਕਦੀ ਖੁਲ੍ਹੀਆਂ ਅੱਖਾਂ ਨਾਲ ਵੇਖਦੇ ਤੇ ਕਦੀ ਬੰਦ ਕਰਕੇ।
"ਪੁਰਾਣੀਆਂ ਇਮਾਰਤਾਂ ਦੀਆਂ ਪੌੜੀਆਂ ਉੱਤੇ ਚੜ੍ਹਦੇ-ਉਤਰਦੇ ਅਸੀਂ ਇਕ ਇਹੋ ਜਿਹੀ ਇਮਾਰਤ ਦੀ ਛੱਤ ਉੱਤੇ ਪਹੁੰਚ ਗਏ ਜਿਥੋਂ ਜਮੁਨਾ ਨਦੀ ਵਿਖਾਈ ਦਿੰਦੀ ਸੀ।
ਅੰਮ੍ਰਿਤਾ ਨੇ ਮੈਨੂੰ ਪੁੱਛਿਆ, "ਕੀ ਤੂੰ ਕਦੀ ਪਹਿਲੋਂ, ਕਿਸੇ ਹੋਰ ਨਾਲ ਵੀ ਇਥੇ ਆਇਆ ਏਂ ?"
ਮੈਂ ਕਿਹਾ, "ਮੈਨੂੰ ਤਾਂ ਨਹੀਂ ਲਗਦਾ ਕਿ ਮੈਂ ਕਦੀ ਕਿਤੇ ਵੀ ਕਿਸੇ ਦੇ ਨਾਲ ਗਿਆ ਹਾਂ।'
"ਅਸੀਂ ਘੁੰਮਦੇ ਰਹੇ। ਜਿਥੇ ਵੀ ਜੀਅ ਕੀਤਾ ਰੁਕ ਕੇ ਚਾਹ ਪੀ ਲਈ। ਸਭ ਕੁਝ ਖੂਬਸੂਰਤ ਸੀ।
ਪਰ ਖੂਬਸੂਰਤੀ ਤਾਂ ਵੇਖਣ ਵਾਲੇ ਦੀ ਨਜ਼ਰ ਵਿਚ ਹੁੰਦੀ ਹੈ ਨਾ ? ਤਿੰਨ ਦਿਨ ਬਾਅਦ ਇਮਰੋਜ ਬੰਬਈ ਚਲੇ ਗਏ, ਗੁਰੂਦੱਤ ਦੇ ਨਾਲ ਕੰਮ ਕਰਨ ਲਈ, ਪਰ ਛੇਤੀ ਹੀ ਪਰਤ ਆਏ। ਇਹ ਪਰਤਣਾ ਆਪਣੇ ਕੋਲ ਪਰਤ ਆਉਣ ਵਾਂਗ ਸੀ। ਅੰਮ੍ਰਿਤਾ ਹੈਰਾਨ ਵੀ ਸੀ ਤੇ ਖੁਸ਼ ਵੀ। ਉਹਨਾਂ ਇਮਰੋਜ਼ ਵੱਲ ਵੇਖਿਆ ਤੇ ਵੇਖਦੇ ਰਹੇ, ਪਰ ਇਕ ਲਫ਼ਜ਼ ਵੀ ਨਹੀਂ ਬੋਲਿਆ।
ਕੁਝ ਦਿਨਾਂ ਪਿੱਛੋਂ ਘਟਨਾਵਾਂ ਦਾ ਇਕ ਹੋਰ ਖਾਕਾ ਉਭਰ ਆਇਆ।
ਜਦੋਂ ਅੰਮ੍ਰਿਤਾ ਦੇ ਬੱਚੇ ਨਿੱਕੇ ਸਨ, ਉਦੋਂ ਇਮਰੋਜ਼ ਕੋਲ ਇਕ ਸਕੂਟਰ ਹੁੰਦਾ ਸੀ। ਦੋਵਾਂ ਬੱਚਿਆਂ ਨੂੰ ਇਕੱਠਿਆਂ ਸਕੂਲ ਛੱਡਣ ਜਾਣਾ ਪੈਂਦਾ ਸੀ। ਉਹਨਾਂ ਦੇ ਉਤੋੜਤੀ ਕਈ ਚਲਾਨ ਹੋ ਗਏ। ਫਿਰ ਦੋਹਾਂ ਨੇ ਸੋਚਿਆ ਕਿ ਕਾਰ ਲੈ ਲੈਣੀ ਚਾਹੀਦੀ ਹੈ। ਦੋਹਾਂ ਨੇ ਰਲ ਕੇ ਪੰਜ ਪੰਜ ਹਜ਼ਾਰ ਰੁਪਏ ਪਾਏ ਤੇ ਦਸ ਹਜ਼ਾਰ ਦੀ ਇਕ ਫ਼ੀਅਟ ਲੈ ਲਈ। ਹੁਣ ਉਸ ਕਾਰ ਨੂੰ ਰਜਿਸਟਰ ਕਰਵਾਉਣਾ ਸੀ। ਰਜਿਸਟਰੀ ਦੋਹਾਂ ਦੇ ਨਾਂ ਉੱਤੇ ਹੋਣੀ ਸੀ। ਰਿਜਸਟਰੇਸ਼ਨ ਅਫਸਰ ਨੇ ਜਦੋਂ ਇਹ ਪੁੱਛਿਆ ਕਿ ਅੰਮ੍ਰਿਤਾ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਤਾਂ ਉਹ ਬੋਲੇ, "ਦੋਸਤ ਹੈ।"
ਅਫ਼ਸਰ ਨੂੰ ਇਹ ਗੱਲ ਹਜ਼ਮ ਹੀ ਨਹੀਂ ਹੋ ਰਹੀ ਸੀ ਕਿ ਇਕ ਮਰਦ ਅਤੇ ਇਕ ਔਰਤ ਵਿਚਕਾਰ ਦੋਸਤੀ ਦਾ ਰਿਸ਼ਤਾ ਵੀ ਹੋ ਸਕਦਾ ਹੈ। ਇਹ ਉਸਦੀ ਸਮਝ ਤੋਂ ਇਕ ਦਮ ਬਾਹਰ ਸੀ।
ਹੈਰਾਨੀ ਦੀ ਗੱਲ ਹੈ ਕਿ ਦੋ ਵਿਅਕਤੀਆਂ ਦੇ ਵਿਚ ਦੋਸਤੀ ਦੇ ਰਿਸ਼ਤੇ ਨੂੰ ਸਮਾਜ ਮਾਨਤਾ ਹੀ ਨਹੀਂ ਦਿੰਦਾ। ਇਕ ਵਾਰ ਇਮਰੋਜ ਨੇ ਬੀਮੇ ਦਾ ਫ਼ਾਰਮ ਭਰਿਆ। ਇਕ ਕਾਲਮ ਵਿਚ ਵਾਰਸ ਦਾ ਨਾਂ ਲਿਖਣਾ ਸੀ। ਇਮਰੋਜ਼ ਨੇ ਅੰਮ੍ਰਿਤਾ ਦਾ ਨਾਂ ਭਰ ਦਿੱਤਾ। ਵਾਰਸ ਨਾਲ ਰਿਸ਼ਤਾ ਦੇ ਕਾਲਮ ਵਿਚ ਇਮਰੋਜ਼ ਨੇ ਦੋਸਤ ਲਿਖ ਦਿੱਤਾ। ਕਲਰਕ ਨੇ ਕਿੰਤੂ ਕਰ ਦਿੱਤਾ, ਬੋਲਿਆ, "ਇਸ ਨੂੰ ਠੀਕ ਕਰਕੇ ਲਿਆਓ ਅਤੇ ਇਸ ਵਿਚ ਕਿਸੇ ਰਿਸ਼ਤੇਦਾਰ ਦਾ ਨਾਂ ਭਰੋ।' ਕਲਰਕ ਨੂੰ ਇਤਰਾਜ ਇਸ ਲਈ ਸੀ ਕਿਉਂਕਿ ਆਮਤੌਰ ਉੱਤੇ ਕਿਸੇ ਦੋਸਤ ਨੂੰ ਵਾਰਸ ਨਹੀਂ ਬਣਾਇਆ ਜਾਂਦਾ।
ਪਰ ਇਮਰੋਜ਼ ਕਦੋਂ ਕੋਈ ਆਮ ਗੱਲ ਕਰਦੇ ਸਨ, ਇਸੇ ਲਈ ਉਹ 'ਬੁੱਲ- ਫ਼ਾਈਟ’ ਜਾਰੀ ਹੈ।
ਤੇਰ੍ਹਾਂ
ਇਮਰੋਜ਼ ਅੰਮ੍ਰਿਤਾ ਨੂੰ ਕਈ ਨਾਵਾਂ ਨਾਲ ਬੁਲਾਉਂਦੇ ਸਨ। ਉਹਨਾਂ ਵਿਚੋਂ ਇਕ ਹੈ 'ਬਰਕਤੇ'। ਬਰਕਤੇ ਯਾਨੀ ਬਰਕਤ ਵਾਲੀ, ਚੰਗੀ ਕਿਸਮਤ ਵਾਲੀ, ਰੱਜੀ-ਪੁੱਜੀ ਭਰਪੂਰ। ਉਹ ਕਹਿੰਦੇ ਹਨ, "ਬਰਕਤ ਤਾਂ ਉਹਦੇ ਹੱਥਾਂ ਵਿਚ ਸੀ, ਉਸ ਦੇ ਲਿਖਣ ਵਿਚ ਸੀ ਅਤੇ ਉਸ ਦੇ ਹੋਣ ਵਿਚ ਸੀ, ਉਸਦੇ ਪੂਰੇ ਵਜੂਦ ਵਿਚ ਸੀ।" ਗੱਲ ਨੂੰ ਵਿਸਥਾਰ ਦਿੰਦਿਆਂ ਉਹਨਾਂ ਕਿਹਾ, "ਅੰਮ੍ਰਿਤਾ ਦੇ ਮਿਹਨਤੀ ਹੱਥਾਂ ਦੀਆਂ ਲਕੀਰਾਂ ਵਿਚ, ਦਿਲ ਵਿਚ, ਉਸਦੇ ਸੁਖ-ਦੁਖ ਵਿਚ ਉਹਦੀ ਪ੍ਰਾਪਤੀ ਉਹਦਾ ਹਾਸਲ ਗੰਗੋਤਰੀ ਦੇ ਅਥਾਹ ਪਾਣੀ 'ਚੋਂ ਫੁਟੇ ਝਰਨੇ ਵਾਂਗ ਹੈ।" ਗੰਗੋਤਰੀ ਵਿਚੋਂ ਨਿਕਲੀ ਗੰਗਾ ਦੀ ਰਵਾਨੀ ਵਰਗੇ ਲਹਿਜ਼ੇ ਵਿਚ ਉਹ ਕਹਿੰਦੇ ਗਏ-
ਅੰਮ੍ਰਿਤਾ ਹੀਰ ਵੀ ਹੈ
ਤੇ ਫਕੀਰ ਵੀ
ਤਖਤ ਹਜਾਰਾ ਉਹਦਾ ਧਰਮ ਹੈ
ਤੇ ਪਿਆਰ ਉਸਦੀ ਜ਼ਿੰਦਗੀ
ਜਾਤ ਦੀ ਭਿਕਸ਼ੂ
ਤੇ ਮਿਜਾਜ਼ ਦੀ ਅਮੀਰ
ਓਹ ਇਕ ਹੱਥ ਨਾਕਮਾਂਦੀ ਹੈ
ਤੇ ਦੋਹਾਂ ਹੱਥਾਂ ਨਾਲ
ਵੰਡਦੀ ਹੈ
ਇਮਰੋਜ ਅਤੇ ਅੰਮ੍ਰਿਤਾ ਦਾ ਸੁਭਾਅ ਅਤੇ ਪਸੰਦ ਮਿਲਦੀ ਜੁਲਦੀ ਸੀ ਤੇ ਅਲਗ ਵੀ ਸੀ। ਉਹ ਦੋਵੇਂ ਅੱਡ ਅੱਡ ਕਮਰਿਆਂ ਵਿਚ ਰਹਿੰਦੇ ਸਨ। ਅੰਮ੍ਰਿਤਾ ਬਹੁਤ ਸਵੇਰੇ ਸਵੇਰੇ ਕੰਮ ਕਰਨਾ ਪਸੰਦ ਕਰਦੇ ਸਨ ਤੇ ਉਦੋਂ ਇਮਰੋਜ਼ ਸੁੱਤੇ ਹੁੰਦੇ ਸਨ। ਇਮਰੋਜ਼ ਉਦੋਂ ਕੰਮ ਕਰਦੇ ਸਨ, ਜਦੋਂ ਅੰਮ੍ਰਿਤਾ ਸੁੱਤੇ ਹੁੰਦੇ ਸਨ। ਦੋਹਾਂ ਦੇ ਜੀਵਨ ਦਾ
ਨਿਤਨੇਮ ਵੱਖਰਾ ਵੱਖਰਾ ਸੀ, ਪਰ ਉਹਨਾਂ ਦੇ ਸੁਭਾਅ ਇਕੋ ਜਿਹੇ ਸਨ। ਦੋਵੇਂ ਹੀ ਲੋਕਾਂ ਨਾਲ ਜਿਆਦਾ ਮਿਲਣਾ ਜੁਲਣਾ ਪਸੰਦ ਨਹੀਂ ਸਨ ਕਰਦੇ। ਨਾ ਉਹ ਪਾਰਟੀਆਂ ਵਿਚ ਜਾਂਦੇ ਸਨ ਅਤੇ ਨਾ ਹੀ ਆਪਣੇ ਘਰ ਵਿਚ ਪਾਰਟੀਆਂ ਕਰਦੇ ਸਨ।
ਦੋਵੇਂ ਖੁਦ ਨਾਲ ਹੀ ਵਕਤ ਬਿਤਾਉਣਾ ਪਸੰਦ ਕਰਦੇ ਸਨ। ਵੱਖਰੇ ਵੱਖਰੇ, ਇਕੱਲੇ, ਆਪਣੇ ਨਾਲ। ਅੰਮ੍ਰਿਤਾ ਆਪਣੇ ਲੇਖਕ ਵਿਚ ਅਤੇ ਇਮਰੋਜ਼ ਆਪਣੇ ਚਿਤਰਾਂ ਵਿਚ। ਦੋਹਾਂ ਦੇ ਕਮਰਿਆਂ ਦੇ ਬੂਹੇ ਖੁਲ੍ਹੇ ਰਹਿੰਦੇ ਸਨ ਤਾਂਕਿ ਇਕ ਦੂਸਰੇ ਦੀ ਖੁਸ਼ਬੂ ਆਉਂਦੀ ਰਹੇ, ਪਰ ਇਕ-ਦੂਜੇ ਦੇ ਕੰਮ ਵਿਚ ਕਿਸੇ ਦੀ ਦਖ਼ਲ-ਅੰਦਾਜ਼ੀ ਨਾ ਹੋਵੇ। ਜੇ ਅੰਮ੍ਰਿਤਾ ਲਿਖ ਰਹੇ ਹੁੰਦੇ, ਤਾਂ ਇਮਰੋਜ਼ ਉਹਨਾਂ ਦੀ ਇਕਾਂਤ ਦਾ ਖਿਆਲ ਰਖਦੇ ਅਤੇ ਘਰ ਦੇ ਕੰਮਾਂ ਨੂੰ ਵੀ ਸੰਭਾਲ ਲੈਂਦੇ ਸਨ। ਅਤੇ ਕਈ ਵਾਰ ਦੱਬੇ ਪੈਰ ਜਾ ਕੇ ਉਹਨਾਂ ਦੀ ਮੇਜ਼ ਉੱਤੇ ਚਾਹ ਦਾ ਪਿਆਲਾ ਵੀ ਰੱਖ ਆਉਂਦੇ ਸਨ। ਅੰਮ੍ਰਿਤਾ ਆਪਣੇ ਬਿਸਤਰੇ ਉੱਤੇ ਬੈਠ ਕੇ ਲਿਖਦੇ ਸਨ।
ਜੇ ਅੰਮ੍ਰਿਤਾ ਦੇ ਬੱਚੇ ਉਹਨਾਂ ਤੋਂ ਕੁਝ ਮੰਗਦੇ, ਤਾਂ ਲਿਖਣਾ ਉਹਨਾਂ ਲਈ ਬਾਅਦ ਦੀ ਸ਼ੈਅ ਹੋ ਜਾਂਦੀ ਸੀ। ਉਹ ਆਪਣੀ ਕਵਿਤਾ ਜਾਂ ਕਹਾਣੀ ਉਥੇ ਹੀ 'ਹੋਲਡ ਉੱਤੇ ਛੱਡ ਕੇ ਬੱਚਿਆਂ ਲਈ ਖਾਣਾ ਬਣਾਉਂਦੇ, ਉਹਨਾਂ ਨੂੰ ਪਿਆਰ ਨਾਲ ਖਵਾਉਂਦੇ ਤੇ ਫਿਰ ਆਪਣੀ ਕਵਿਤਾ ਜਾਂ ਕਹਾਣੀ ਕੋਲ ਚਲੇ ਜਾਂਦੇ।
ਮੈਨੂੰ ਯਾਦ ਹੈ, ਉਹਨਾਂ ਇਕ ਵਾਰ ਕਿਹਾ ਸੀ ਕਿ ਸਫ਼ਾਈ, ਕਢਾਈ, ਬੁਣਾਈ ਤੇ ਖਾਣਾ ਬਨਾਉਣਾ ਸਾਰੇ ਰਚਨਾਤਮਕ ਕੰਮ ਹਨ।
ਅੰਮ੍ਰਿਤਾ ਕਵਿਤਾਵਾਂ ਬਣਾਉਂਦੇ ਨਹੀਂ। ਉਹ ਕੇਵਲ ਆਪਣੇ ਜਜ਼ਬੇ ਦੇ ਬਲਬੂਤੇ ਕਵਿਤਾ ਕਾਗਜ਼ ਉੱਤੇ ਉਤਾਰ ਦਿੰਦੇ ਹਨ। ਇਕ ਵਾਰ ਲਿਖਣ ਤੋਂ ਬਾਅਦ ਨਾ ਤਾਂ ਕਵਿਤਾਵਾਂ ਦੀ ਕਾਂਟ-ਛਾਂਟ ਕਰਦੇ ਹਨ ਅਤੇ ਨਾ ਹੀ ਕੁਝ ਬਦਲਦੇ ਦੁਹਰਾਉਂਦੇ ਹਨ। ਜੋ ਜਿਹਨ ਵਿਚ ਆਉਂਦਾ ਹੈ ਜਿਉਂ ਦਾ ਤਿਉਂ ਕਾਗਜ਼ ਉੱਤੇ ਉਤਾਰ ਦਿੰਦੇ ਹਨ।
ਇਮਰੋਜ਼ ਨੂੰ ਟਾਈਮਪੀਸ ਇਕੱਠਾ ਕਰਨ ਦਾ ਸ਼ੌਕ ਹੈ। ਉਹ ਘੜੀਆਂ ਦੇ ਡਾਇਲ ਬਦਲ ਦਿੰਦੇ ਹਨ ਅਤੇ ਨੰਬਰਾਂ ਦੀ ਥਾਂ ਉਹਦੇ ਉੱਤੇ ਸ਼ਾਇਰਾਂ ਦਾ ਕਲਾਮ ਲਿਖ ਦਿੰਦੇ ਹਨ ਤੇ ਜਾਂ ਫਿਰ ਨੰਬਰਾਂ ਨੂੰ ਕਿਨਾਰੇ ਲਾ ਕੇ ਬਾਕੀ ਥਾਂ ਉੱਤੇ ਕਿਸੇ ਸ਼ਾਇਰ ਦੀ ਤਸਵੀਰ ਬਣਾ ਦਿੰਦੇ ਹਨ ਜਾਂ ਫਿਰ ਸ਼ੇਅਰ ਲਿਖ ਦਿੰਦੇ ਹਨ। ਭਗਵਾਨ ਕ੍ਰਿਸ਼ਨ ਦੀ ਸ਼ੀਸ਼ੇ ਦੀ ਬਣੀ ਮੂਰਤੀ, ਸ੍ਰੀ ਗਣੇਸ਼ ਜੀ ਦੀ ਪੱਥਰ ਤੋਂ ਘੜੀ ਮੂਰਤੀ, ਚੰਦਨ ਦੀ ਲੱਕੜੀ ਉੱਤੇ ਉਭਰਿਆ ਗੌਤਮ ਬੁੱਧ ਦਾ ਚਿਤਰ। ਅੰਮ੍ਰਿਤਾ ਨੂੰ ਇਸਤਰ੍ਹਾਂ ਦੀਆਂ ਛੋਟੀਆਂ ਵੱਡੀਆਂ, ਅੱਡ ਅੱਡ ਧਾਤੂਆਂ ਆਦਿ ਨਾਲ ਬਣੀਆਂ ਕਲਾ ਕ੍ਰਿਤੀਆਂ ਇਕੱਠੇ ਕਰਨ ਦਾ ਸ਼ੌਕ ਹੈ। ਉਹ ਉਹਨਾਂ ਦੀ ਪੂਜਾ ਨਹੀਂ ਕਰਦੇ, ਉਹਨਾਂ ਨੂੰ ਪਿਆਰ ਕਰਦੇ ਹਨ।
ਇਮਰੋਜ਼ ਨੇ ਭਗਵਾਨ ਗਣੇਸ਼ ਦੀ ਇਕ ਪੇਂਟਿੰਗ ਬਣਾਈ ਹੈ ਜਿਸ ਵਿਚ ਉਹ
ਬੰਸਰੀ ਵਜਾ ਰਹੇ ਹਨ। ਇਹ ਪੇਂਟਿੰਗ ਅੰਮ੍ਰਿਤਾ ਦੀ ਇਕ ਕਿਤਾਬ ਵਿਚ ਛਪੀ ਹੈ। ਲਖਨਊ ਦੇ ਕੁਝ ਮੰਦਰਾਂ ਦੇ ਅਧਿਕਾਰੀਆਂ ਨੇ ਵੇਖੀ ਤਾਂ ਉਹ ਤਸਵੀਰ ਵੱਡੀ ਕਰਵਾ ਕੇ ਅਨੇਕਾਂ ਮੰਦਰਾਂ ਵਿਚ ਲਗਵਾ ਦਿੱਤੀ। ਇਹ ਜਾਣ ਕੇ ਅੰਮ੍ਰਿਤਾ ਬਹੁਤ ਖੁਸ਼ ਹੋਏ ਤੇ ਬੋਲੇ, "ਕਲਾਕਾਰ ਆਪਣੀਆਂ ਕਲਕ੍ਰਿਤੀਆਂ ਦੀ ਨੁਮਾਇਸ਼ ਐਵੇਂ ਫਜੂਲ ਹੀ ਕਰਦੇ ਹਨ, ਅਸਲੀ ਨੁਮਾਇਸ਼ ਤਾਂ ਉਹ ਹੈ ਜਿਹੜੀ ਲੋਕ ਖ਼ੁਦ ਲਾਉਣ।" ਉਹ ਇਮਰੋਜ ਨੂੰ ਕਹਿੰਦੇ ਸਨ, "ਤੂੰ ਹਮੇਸ਼ਾ ਇਕ ਲੋਕ ਗੀਤ ਬਣਨਾ ਚਾਹੁੰਦਾ ਸੈਂ। ਲੋਕਾਂ ਨੂੰ ਤੇਰਾ ਨਾਮ ਵੀ ਨਹੀਂ ਸੀ ਪਤਾ, ਫਿਰ ਵੀ ਉਹਨਾਂ ਤੇਰੀ ਪੇਂਟਿੰਗ ਭਗਵਾਨ ਦੇ ਮੰਦਰਾਂ ਵਿਚ ਪਹੁੰਚਾ ਦਿੱਤੀ।"
ਇਮਰੋਜ਼ ਨੇ ਇਕ ਪੇਂਟਿੰਗ 'ਬਾਹੂ ਦਾ ਪੈਰ' ਬਣਾਈ ਸੀ, ਜਿਸਨੂੰ ਅੰਮ੍ਰਿਤਾ ਦੀ ਦੋਸਤ ਸ਼ਕੀਲਾ ਲਾਹੌਰ ਲੈ ਗਈ। ਪਰ ਜਦੋਂ ਬਾਹੂ ਦੇ ਮਜ਼ਾਰ ਦੇ ਲੋਕਾਂ ਨੂੰ ਪਤਾ ਲੱਗਾ, ਤਾਂ ਉਹ ਉਹਨੂੰ ਮਜ਼ਾਰ ਦੀ ਦੀਵਾਰ ਉੱਤੇ ਸਜਾਉਣ ਲਈ ਮੁਲਤਾਨ ਲੈ ਗਏ। ਇਸੇ
ਤਰ੍ਹਾਂ ਜਦੋਂ ਕੋਈ ਦੋਸਤ ਬੁਲ੍ਹੇਸ਼ਾਹ ਦੀ ਇਕ ਪੇਂਟਿੰਗ ਲਾਹੌਰ ਲੈ ਗਿਆ ਤਾਂ ਉਹ ਵੀ ਬੁਲ੍ਹੇ ਸ਼ਾਹ ਦੇ ਮਜ਼ਾਰ ਉੱਤੇ ਪਹੁੰਚ ਗਈ।
ਅੰਮ੍ਰਿਤਾ ਅਤੇ ਇਮਰੋਜ਼, ਦੋਹਾਂ ਦੀ ਆਪਣੀ ਵੱਖਰੀ ਸ਼ਖ਼ਸੀਅਤ ਹੈ। ਕੀ ਇਸੇ ਲਈ ਕਹਿੰਦੇ ਨੇ ਵਿਪਰੀਤ ਸਿਰੇ ਇਕ ਦੂਸਰੇ ਨੂੰ ਆਪਣੇ ਵੱਲ ਖਿਚਦੇ ਨੇ। ਕੀ ਪਿਆਰ ਇਹਨਾਂ ਹੀ ਦੋ ਵਿਪਰੀਤਾਂ ਦੇ ਵਿਚ ਵਾਲੀ ਖਿੱਚ ਹੈ ?
ਚੌਦ੍ਹਾਂ
"ਮਰਦ ਨੇ ਔਰਤ ਦੇ ਨਾਲ ਸਿਰਫ਼ ਸੌਣਾ ਸਿਖਿਆ ਹੈ, ਜਾਗਣਾ ਨਹੀਂ।"
'ਨਾਗਮਣੀ' ਰਸਾਲੇ ਦੇ ਇਕ ਪਾਠਕ ਨੇ ਜਦੋਂ ਇਮਰੋਜ਼ ਨੂੰ ਇਹ ਸੁਆਲ ਪੁੱਛਿਆ ਕਿ "ਮਰਦ ਅਤੇ ਔਰਤ ਵਿਚਲਾ ਰਿਸ਼ਤਾ ਏਨਾ ਉਲਝਿਆ ਹੋਇਆ ਕਿਉਂ ਹੈ?" ਉਦੋਂ ਉਹਨਾਂ ਨੇ ਉਪ੍ਰੋਕਤ ਜੁਆਬ ਦਿੱਤਾ ਸੀ।
ਇਮਰੋਜ ਪੰਜਾਬ ਦੇ ਇਕ ਪਿੰਡ ਵਿਚ ਪੈਦਾ ਹੋਏ ਤੇ ਉਥੇ ਹੀ ਉਹਨਾਂ ਦਾ ਪਾਲਣ-ਪੋਸਣ ਹੋਇਆ। ਉਹ ਕਹਿੰਦੇ ਹਨ, "ਪਿਆਰ ਪ੍ਰੇਮਕਾ ਦੀ ਜ਼ਮੀਨ ਵਿਚ ਜੜ੍ਹ ਫੜਨ ਅਤੇ ਉਥੇ ਹੀ ਵਧਣ-ਫੁੱਲਣ ਦਾ ਨਾਂ ਹੈ।" ਕਿਸੇ ਹੋਰ ਪ੍ਰਸੰਗ ਵਿਚ ਉਹਨਾਂ ਕਿਹਾ, "ਜ਼ਿਆਦਾਤਰ ਲੋਕ ਪਿਆਰ ਕਾਰਨ ਪੈਦਾ ਨਹੀਂ ਹੁੰਦੇ। ਉਹ ਪੈਦਾ ਹੁੰਦੇ ਹਨ, ਉਪਰਾਮਤਾ, ਲਾਲਸਾ, ਕਾਮ, ਕ੍ਰੋਧ, ਸਾੜਾ ਅਤੇ ਨਫ਼ਰਤ ਦੇ ਕਾਰਨ। ਪਿਆਰ ਕਰਨ ਲਈ ਸਾਨੂੰ ਪਿਆਰ ਕਾਰਨ ਹੀ ਪੈਦਾ ਹੋਣਾ ਹੋਵੇਗਾ।"
ਅੰਮ੍ਰਿਤਾ ਜਿਥੇ ਵੀ ਜਾਂਦੇ ਸਨ, ਉਹਨਾਂ ਨੂੰ ਇਮਰੋਜ਼ ਲੈ ਕੇ ਜਾਂਦੇ ਸਨ। ਜੇ ਇਮਰੋਜ਼ ਨੂੰ ਬੁਲਾਇਆ ਗਿਆ ਹੁੰਦਾ ਤਾਂ ਉਹ ਵੀ ਨਾਲ ਚਲੇ ਜਾਂਦੇ, ਜਾਂ ਫਿਰ ਬਾਹਰ ਉਡੀਕ ਕਰ ਲੈਂਦੇ ਸਨ, ਲਾਅਨ ਵਿਚ ਜਾਂ ਪਾਰਕਿੰਗ ਵਿਚ। ਉਹ ਆਪਣਾ ਵਕਤ ਕੋਈ ਕਿਤਾਬ ਪੜ੍ਹ ਕੇ ਟਪਾਉਂਦੇ। ਜੇ ਅੰਮ੍ਰਿਤਾ ਖਾਣੇ ਦੇ ਨਿਉਤੇ ਉੱਤੇ ਗਏ ਹੁੰਦੇ ਤਾਂ ਇਮਰੋਜ਼ ਆਪਣਾ ਟਿਫ਼ਿਨ ਬਾਹਰ ਲਾਅਨ ਵਿਚ ਜਾਂ ਕਾਰ ਵਿਚ ਬੈਠ ਕੇ ਖਾ ਲੈਂਦੇ।
"ਇਸਤਰ੍ਹਾਂ ਕਰਦਿਆਂ ਮੈਨੂੰ ਕੋਈ ਔਖ ਜਾਂ ਕਲੇਸ਼ ਨਹੀਂ ਹੋਇਆ।" ਉਹ ਬੜੇ ਸਹਿਜ ਭਾਅ ਦਸਦੇ ਨੇ, "ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਸਾਡੀ ਹਾਉਮੈ ਮੁੱਕ ਜਾਂਦੀ ਹੈ। ਫਿਰ ਹਾਉਮੈਂ ਤੁਹਾਡੀ ਪ੍ਰੇਮਕਾ ਅਤੇ ਤੁਹਾਡੇ ਵਿਚਕਾਰ ਨਹੀਂ ਆ ਸਕਦੀ।"
"ਪ੍ਰੇਮ-ਗਲੀ ਅਤੀ ਸੰਕਰੀ, ਜਾਮੇਂ ਦੋ ਨਾ ਸਮਾਏ।" ਇਹ ਕਹਾਵਤ ਮੈਂ ਸੁਣੀ ਹੋਈ ਸੀ, ਪਰ ਇਥੇ ਤਾਂ ਮੈਂ ਇਸ ਕਹਾਵਤ ਨੂੰ ਜੀਵਤ ਵੇਖ ਰਹੀ ਸਾਂ।
ਇਕ ਦਿਨ ਫਿਰ ਕਿਸੇ ਪ੍ਰਸੰਗ ਵਿਚ ਇਮਰੋਜ਼ ਨੇ ਕਿਹਾ, "ਜਿਸ ਦਿਨ ਦਾ ਮੈਂ ਅੰਮ੍ਰਿਤਾ ਨੂੰ ਮਿਲਿਆ ਹਾਂ, ਮੇਰੇ ਅੰਦਰਲਾ ਗੁੱਸਾ ਇਕ ਦਮ ਮੁੱਕ ਗਿਆ ਹੈ। ਮੈਂ ਨਹੀਂ ਜਾਣਦਾ ਇਹ ਕਿਸਤਰ੍ਹਾਂ ਹੋਇਆ। ਸ਼ਾਇਦ ਪਿਆਰ ਦੀ ਭਾਵਨਾ ਏਨੀ ਪ੍ਰਬਲ ਹੁੰਦੀ ਹੈ
ਤੇ ਉਹ ਸਾਨੂੰ ਅੰਦਰੋਂ ਏਨਾ ਭਰ ਦਿੰਦੀ ਹੈ ਕਿ ਨਫਰਤ, ਕ੍ਰੋਧ ਸਾਡੇ ਵਰਗੇ ਨਕਾਰਆਤਮਕ ਭਾਵਾਂ ਲਈ ਕੋਈ ਥਾਂ ਹੀ ਨਹੀਂ ਰਹਿ ਜਾਂਦੀ। ਵੈਸੇ ਹੀ ਜਿਵੇਂ ਰੌਸ਼ਨੀ ਵਿਚ ਹਨ੍ਹੇਰਾ ਟਿਕ ਹੀ ਨਹੀਂ ਸਕਦਾ। ਜਦੋਂ ਪਿਆਰ, ਪ੍ਰਸੰਨਤਾ ਸ਼ਾਂਤੀ ਅਤੇ ਆਨੰਦ ਨਾਲ ਭਰ ਦਿੰਦਾ ਹੈ ਤਾਂ ਅਸੀਂ ਕਿਸੇ ਦੇ ਨਾਲ ਵੀ ਬੁਰਾ ਵਿਹਾਰ ਨਹੀਂ ਕਰ ਸਕਦੇ ਕਿਉਂਕਿ ਬੁਰਾਈ ਤਾਂ ਸਾਡੇ ਅੰਦਰ ਬਚਦੀ ਹੀ ਨਹੀਂ।
ਇਸ ਫਲਸਫੇ ਨੂੰ ਹੋਰ ਸਮਝਾਉਣ ਲਈ ਉਹਨਾਂ ਕਿਹਾ, "ਕੀ ਤੂੰ ਰਾਬੀਆ ਬਸਰੀ ਦੇ ਬਾਰੇ ਜਾਣਨੀ ਏਂ। ਰਾਬੀਆ ਬਸਰੀ ਇਕ ਸਾਧਵੀ ਸੀ, ਉਹਨੇ ਆਪਣੀ ਕੁਰਾਨ ਦੀ ਪ੍ਰਤੀ 'ਚੋਂ 'ਸ਼ੈਤਾਨ ਨੂੰ ਨਫਰਤ ਕਰੋ’ ਸ਼ਬਦ ਹੀ ਮਿਟਾ ਦਿੱਤੇ ਸਨ। ਜਦੋਂ ਉਸਨੂੰ ਇਸਤਰ੍ਹਾਂ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਹਨੇ ਦੱਸਿਆ, 'ਮੇਰੇ ਦਿਲ ਵਿਚ ਨਫ਼ਰਤ ਹੈ ਹੀ ਨਹੀਂ, ਇਸ ਲਈ ਮੈਨੂੰ ਸ਼ੈਤਾਨ ਵਿਖਾਈ ਹੀ ਨਹੀਂ ਦਿੰਦਾ।"
"ਮਹਾਤਮਾ ਬੁੱਧ ਦੇ ਆਲੇਖ ਪੜ੍ਹਨ ਨਾਲ ਹੀ ਕੋਈ ਬੁੱਧ ਨਹੀਂ ਬਣ ਜਾਂਦਾ, ਅਤੇ ਨਾ ਹੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਅੱਗੇ ਸਿਰ ਝੁਕਾਉਣ ਨਾਲ ਕੋਈ ਭਗਵਾਨ ਸ੍ਰੀ ਕ੍ਰਿਸ਼ਨ ਬਣ ਜਾਂਦਾ ਹੈ। ਕੇਵਲ ਝੁਕਣ ਖਾਤਰ ਝੁਕਣ ਨਾਲ ਅਸੀਂ ਹੋਰ ਨੀਵੇਂ ਹੋ ਜਾਂਦੇ ਹਾਂ। ਸਾਨੂੰ ਆਪਣੇ ਅੰਦਰ ਬੁੱਧ ਅਤੇ ਕ੍ਰਿਸ਼ਨ ਨੂੰ ਜਗਾਉਣਾ ਪਵੇਗਾ। ਜੇ ਉਹ ਜਗ ਪੈਂਦੇ ਹਨ ਤਾਂ ਫਿਰ ਸ਼ੈਤਾਨ ਕਿਥੇ ਰਹਿ ਜਾਂਦਾ ਹੈ।"
ਉਸ ਦਿਨ ਮੈਂ ਪਿਆਰ ਕਰਨ ਵਾਲੇ ਮਨੁੱਖ ਦੇ ਨੁਕਤਾ ਨਿਗਾਹ ਤੋਂ ਪਿਆਰ ਦਾ ਇਕ ਹੋਰ ਪੱਖ ਜਾਣਿਆ।
ਪੰਦਰ੍ਹਾਂ
ਅੰਗਰੇਜ਼ੀ ਵਿਚ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਮੈਕਮਿਲਨ ਪਬਲਿਸ਼ਰਜ਼ ਨੇ ਛਾਪੀ ਸੀ। ਉਸ ਦੇ ਰਿਲੀਜ਼ ਲਈ ਇਕ ਇਕੱਠ ਹੋਇਆ ਸੀ। ਪ੍ਰਕਾਸ਼ਕ ਨੇ ਮੈਨੂੰ ਜੋਰ ਦੇ ਕੇ ਕਿਹਾ ਕਿ ਮੈਂ ਅੰਮ੍ਰਿਤਾ ਨੂੰ ਲੈ ਕੇ ਉਥੇ ਪਹੁੰਚਾ। ਅੰਮ੍ਰਿਤਾ ਨੇ ਇਹ ਕਹਿ ਕਿ ਨਾਂਹ ਕਰ ਦਿੱਤੀ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ।
ਪ੍ਰਕਾਸਕ ਦੇ ਫੋਨ ਘੜੀ ਮੁੜੀ ਆ ਰਹੇ ਸਨ। ਮੈਂ ਅੰਮ੍ਰਿਤਾ ਜੀ ਨੂੰ ਮੁੜ ਕਿਹਾ ਜਾਣ 'ਤੇ ਜ਼ੋਰ ਦਿੱਤਾ, ਜਾਣ ਲਈ ਉਤਸਾਹਿਤ ਵੀ ਕੀਤਾ, ਪਰ ਉਹ ਨਹੀਂ ਮੰਨੇ। ਆਖ਼ਰ ਮੈਂ ਉਹਨਾਂ ਨੂੰ ਬਾਲਾਂ ਵਾਂਗ ਫੁਸਲਾਇਆ, ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆ ਥੋੜ੍ਹੀ ਜਿਹੀ ਖੁਸ਼ਾਮਦ ਵੀ ਕੀਤੀ ਤੇ ਫਿਰ ਆਪਣੀ ਸਹੁੰ ਦੇ ਦਿੱਤੀ ਤਾਂ ਉਹ ਮੰਨ ਗਏ ਅਤੇ ਨਾਲ ਜਾਣ ਦੀ ਹਾਮੀ ਭਰ ਦਿੱਤੀ। ਪਰ ਉਹਨਾਂ ਇਕ ਸ਼ਰਤ ਵੀ ਨਾਲ ਰੱਖ ਦਿਤੀ ਕਿ ਸਮਾਗਮ ਵਿਚ ਉਹਨਾਂ ਨੂੰ ਮੈਂ ਹੀ ਲੈ ਕੇ ਜਾਵਾਂਗੀ। ਮੈਂ ਇਹ ਸ਼ਰਤ ਖੁਸ਼ੀ ਨਾਲ ਮੰਨ ਗਈ। ਮੇਰੇ ਪਤੀ ਤ੍ਰਿਲੋਕ ਜਿਨ੍ਹਾਂ ਨੂੰ ਉਹ ਬਹੁਤ ਪਸੰਦ ਕਰਦੇ ਸਨ, ਸਾਨੂੰ ਸਭ ਨੂੰ ਖੁਦ ਡਰਾਈਵ ਕਰਕੇ ਲੈ ਗਏ।
ਚਿੱਟਾ ਸਲਵਾਰ-ਕੁੜਤਾ ਪਾਈ ਅੰਮ੍ਰਿਤਾ ਇਮਰੋਜ਼ ਦਾ ਹੱਥ ਫੜ ਕੇ, ਨਿੱਕੇ ਨਿੱਕੇ ਕਦਮ ਪੁਟਦੇ ਸਮਾਗਮ ਵਾਲੇ ਹਾਲ ਵਿਚ ਪਹੁੰਚੇ। ਸਮਾਗਮ ਦੇ ਦੌਰਾਨ ਕਪਿਲਾ ਵਾਤਸਾਇਨ ਨੇ ਅੰਮ੍ਰਿਤਾ ਨੂੰ ਭਾਰਤ ਦੀ ਵੰਡ ਉੱਤੇ ਲਿਖੀ ਆਪਣੀ ਮਸ਼ਹੂਰ ਕਵਿਤਾ 'ਅੱਜ ਆਖਾਂ ਵਾਰਸ ਸ਼ਾਹ ਨੂੰ’ ਸੁਨਾਉਣ ਲਈ ਕਿਹਾ, ਉਹਨਾਂ ਕਵਿਤਾ ਸੁਨਾਉਣੀ ਸ਼ੁਰੂ ਕੀਤੀ, “...ਇਕ ਰੋਈ ਸੀ ਧੀ ਪੰਜਾਬ ਦੀ...”
ਸਰੋਤਿਆਂ ਵਿਚ ਚੁੱਪ ਪਸਰ ਗਈ। ਚੌਗਿਰਦਾ ਸੰਨਾਟੇ ਨਾਲ ਭਰ ਗਿਆ। ਸਾਰੇ ਅਸਲੋਂ ਖਾਮੋਸ਼ ਸਨ। ਹਰ ਸ਼ਬਦ ਅਤੇ ਪੰਕਤੀ ਨਾਲ ਅੰਮ੍ਰਿਤਾ ਦੀ ਮਿੱਠੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਗੂੰਜ ਰਹੀ ਸੀ, ਇਕ ਨਵੇਂ ਜਜ਼ਬੇ ਦੇ ਨਾਲ ਤਰਲ ਜਿਹੇ ਜਜਬਾਤ ਨਾਲ ਭਿੱਜੀ ਹੋਈ ਉਹ ਆਵਾਜ ਇਕ ਵਾਰ ਫਿਰ ਸਾਰਿਆਂ ਨੂੰ ਵੰਡ ਦੇ ਉਹਨਾਂ ਦਿਨਾਂ ਦੇ ਦਰਦ ਅਤੇ ਦੁਖਾਂਤ ਦੇ ਐਨ ਵਿਚ ਲੈ ਗਈ ਸੀ।
ਇਸਤਰ੍ਹਾਂ ਜਾਪਿਆ, ਜਿਵੇਂ ਇਸ ਖ਼ਾਮੋਸ਼ ਰਹਿਣ ਵਾਲੀ ਨਾਜ਼ਕ ਜਿਹੀ ਅੰਮ੍ਰਿਤਾ ਦੇ ਦਿਲ ਵਿਚ ਹੁਣ ਤਕ ਵੀ ਇਕ ਜਵਾਲਾਮੁਖੀ ਧੁਖ ਰਿਹਾ ਸੀ। ਜਿਵੇਂ ਉਸ ਵਿਚ ਵਕਤ
ਨੂੰ ਵੰਗਾਰਨ ਤੇ ਇਤਿਹਾਸ ਦੇ ਕੌੜੇ ਸੱਚ ਨੂੰ ਪੇਸ਼ ਕਰਨ ਦੀ ਤਾਕਤ ਹਾਲੇ ਵੀ ਸੀ।
ਜਿਥੇ ਲੋਕਾਂ ਨੇ ਉਹਨਾਂ ਨੂੰ ਸਿਰ-ਅੱਖਾਂ ਉੱਤੇ ਬਿਠਾਇਆ ਸੀ, ਉਥੇ ਉਹਨਾਂ ਲਈ ਬੁਰੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਸੀ, ਪਰ ਉਹਨਾਂ ਨੂੰ ਨਜ਼ਰ ਅੰਦਾਜ਼ ਕਦੀ ਨਹੀਂ ਸੀ ਕੀਤਾ।
ਉਹਨਾਂ ਨੂੰ ‘ਪੰਜਾਬ ਦੀ ਆਵਾਜ਼’ ਕਿਹਾ ਗਿਆ ਸੀ, ਫੇਰ ਵੀ ਉਹਨਾਂ ਨੂੰ ਪੰਜਾਬ ਛੱਡਣਾ ਪਿਆ। ਇਹ ਕਿਹੋ ਜਿਹਾ ਵਿਅੰਗ ਸੀ ?
ਲੋਕਾਂ ਦੀ ਨਜ਼ਰ ਵਿਚ ਕਿੰਤੂ ਪ੍ਰੰਤੂ ਵਾਲੀਆਂ ਕਈ ਗੱਲਾਂ ਸਨ, ਕੁਝ ਸੱਚੀਆਂ ਤੇ ਕੁਝ ਮਨਘੜਤ। ਅੰਮ੍ਰਿਤਾ ਨੇ ਸਿੱਖ ਪਰਿਵਾਰ ਵਿਚ ਜਨਮ ਲਿਆ ਸੀ, ਪਰ ਉਹ ਵਾਲ ਕਟਵਾ ਕੇ ਨਿੱਕੇ ਨਿੱਕੇ ਰਖਦੇ ਸਨ, ਸਿਗਰਟ ਪੀਂਦੇ ਸਨ, ਕਦੀ ਕਦੀ ਡਰਿੰਕ ਵੀ ਲੈ ਲੈਂਦੇ ਸਨ, ਪਰ ਸ਼ਾਇਦ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਇਕ ਇਹੋ ਜਿਹੇ ਆਦਮੀ ਨਾਲ ਰਹਿੰਦੇ ਸਨ ਜੋ ਉਹਨਾਂ ਨਾਲੋਂ ਉਮਰੋਂ ਬਹੁਤ ਨਿੱਕਾ ਸੀ, ਜੀਹਨੂੰ ਉਹ ਪਿਆਰ ਕਰਦੇ ਸਨ, ਪਰ ਜੀਹਦੇ ਨਾਲ ਉਹਨਾਂ ਵਿਆਹ ਨਹੀਂ ਸੀ ਕੀਤਾ ਹੋਇਆ।
ਜਿਨ੍ਹਾਂ ਲੋਕਾਂ ਨਾਲ ਅੰਮ੍ਰਿਤਾ ਦਾ ਕੋਈ ਲੈਣਾ-ਦੇਣਾ ਨਹੀਂ ਸੀ, ਉਹਨਾਂ ਨੇ ਵੀ ਪਤਾ ਨਹੀਂ ਕਿਉਂ ਉਹਨਾਂ ਨੂੰ ਦੁੱਖ ਦਿੱਤਾ ਸੀ। ਅੰਮ੍ਰਿਤਾ ਜੀ ਦੀਆਂ ਕਿਤਾਬਾਂ ਵਿਕਦੀਆਂ ਸਨ ਤੇ ਖੂਬ ਵਿਕਦੀਆਂ ਸਨ। ਪਾਠਕ ਉਹਨਾਂ ਨੂੰ ਪਿਆਰ ਕਰਦੇ ਸਨ। ਇਸ ਤਰ੍ਹਾਂ
ਲਗਦਾ ਸੀ ਜਿਵੇਂ ਅੰਮ੍ਰਿਤਾ ਦੇ ਸਮਕਾਲੀ ਉਹਨਾਂ ਦੇ ਸਫ਼ਲ ਲੇਖਨ, ਕਹਾਣੀਆਂ, ਕਵਿਤਾਵਾਂ ਅਤੇ ਨਾਵਲਾਂ ਦੇ ਵਿਸ਼ੇ ਅਤੇ ਉਹਨਾਂ ਦੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਨੂੰ ਬਰਦਾਸ਼ਤ ਨਹੀਂ ਸਨ ਕਰ ਰਹੇ।
ਪੰਜਾਬ ਦਾ ਕੋਈ ਅਖ਼ਬਾਰ ਜਾਂ ਰਸਾਲਾ ਇਹੋ ਜਿਹਾ ਨਹੀਂ ਹੋਣਾ ਜਿਸ ਵਿਚ ਅੰਮ੍ਰਿਤਾ ਦੇ ਰਹਿਣ-ਸਹਿਣ ਜਾਂ ਲੇਖਣੀ ਨੂੰ ਲੈ ਕੇ ਕੋਈ ਵਿਵਾਦੀ ਗੱਲ, ਕੋਈ ਮਿਥਿਆ ਅਰੋਪ ਜਾਂ ਨਿੰਦਿਆ ਨਾ ਛਪੀ ਹੋਵੇ। ਉਹਨਾਂ ਦੀਆਂ ਕੁਝ ਕਿਤਾਬਾਂ ਨੂੰ ਤਾਂ ਨਿੰਦਣਯੋਗ ਗਰਦਾਨ ਕੇ ਉਹਨਾਂ ਉੱਤੇ ਰੋਕ ਵੀ ਲਾ ਦਿੱਤੀ ਗਈ ਸੀ।
ਉਹਨਾਂ ਦੇ ਖੱਜਲ ਹੋਏ ਨਾਂ ਦੇ ਖ਼ਿਲਾਫ਼ ਬਹੁਤ ਸਾਰੀਆਂ ਆਵਾਜ਼ਾਂ ਉੱਚੀਆਂ ਹੋਈਆਂ, ਪਰ ਇਮਰੋਜ਼ ਨੇ ਹਰ ਵੇਲੇ ਉਹਨਾਂ ਦਾ ਸਾਥ ਦਿੱਤਾ। ਹਰ ਚੰਗੇ ਮਾੜੇ ਵੇਲੇ ਉਹਨਾਂ ਦਾ ਹੱਥ ਮਜਬੂਤੀ ਨਾਲ ਫੜੀ ਰੱਖਿਆ ਤੇ ਹਰ ਤੱਤੀ ਵਾ ਤੋਂ ਉਹਨਾਂ ਨੂੰ ਬਚਾਉਂਦੇ ਰਹੇ। ਇਮਰੋਜ਼ ਦੇ ਸਾਥ ਵਿਚ ਅੰਮ੍ਰਿਤਾ ਆਪਣੇ ਆਪ ਨੂੰ ਸੁਰੱਖਿਅਤ ਅਤੇ ਸੁਰਖੁਰੂ ਮਹਿਸੂਸ ਕਰਦੇ ਹਨ ਸੁਤੰਤਰ ਅਤੇ ਹਾਲਾਤ ਦੀ ਕੈਦ ਤੋਂ ਆਜ਼ਾਦ ਵੀ।
ਇਮਰੋਜ਼ ਬਾਰੇ ਉਹ ਲਿਖਦੇ ਹਨ, "ਮੈਂ ਤੇਰੇ ਬਾਰੇ ਪੂਰਨ ਜਾਂ ਸੰਪੂਰਨ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕਰਾਂਗੀ ਕਿਉਂਕਿ ਇਹ ਆਪਣੇ ਆਪ ਵਿਚ ਠਰੇ ਠਰੇ ਤੇ ਸਖਤ ਪ੍ਰਤੀਤ ਹੁੰਦੇ ਹਨ, ਇਹਨਾਂ ਤੋਂ ਮੈਨੂੰ ਕੰਬਣੀ ਛਿੜਦੀ ਹੈ। ਇਹਨਾਂ ਸ਼ਬਦਾਂ ਵਿਚੋਂ ਕੁਝ ਵਧਾਇਆ ਜਾਂ ਘਟਾਇਆ ਵੀ ਨਹੀਂ ਜਾ ਸਕਦਾ। ਪਰ ਤੇਰੇ ਸਾਥ ਵਿਚ ਤਾਂ ਬਹੁਤ ਸਹਿਜਤਾ ਨਾਲ ਕਹਿ ਸਕਦੀ ਹਾਂ ਕਿ ਮੇਰੇ ਵਜੂਦ ਦਾ ਹਰ ਸਾਹ ਤੇਰੇ ਕਾਰਨ ਹੈ, ਤੇਰੇ ਵਿਚੋਂ ਹੀ ਪੈਦਾ ਹੋਇਆ ਹੈ। ਮੈਂ ਇਥੇ ਪ੍ਰਦੇਸ ਵਿਚ ਬੈਠੀ ਹੋਈ, ਤੈਨੂੰ ਇਹ ਲਿਖਦਿਆਂ ਸੋਚ ਰਹੀ ਹਾਂ ਕਿ ਅੱਜ ਪੰਦਰਾਂ ਅਗਸਤ ਹੈ, ਆਪਣੇ ਦੇਸ਼ ਦਾ ਸੁਤੰਤਰਤਾ ਦਿਵਸ। ਕੀ ਕਿਸੇ ਸ਼ਖ਼ਸੀਅਤ ਦੇ ਨਾਂ ਇਹ ਦਿਨ ਕੀਤਾ ਜਾ ਸਕਦਾ ਹੈ। ਮੈਂ ਤਾਂ ਇਹੀ ਕਹਾਂਗੀ ਕਿ ਤੂੰ ਹੀ ਮੇਰਾ ਪੰਦਰਾਂ ਅਗਸਤ ਹੈ ਕਿਉਂਕਿ ਤੇਰੇ ਨਾਲ ਹੀ ਮੁਕਤੀ ਮਿਲੀ ਹੈ, ਮੇਰੇ ਮੈਂ ਨੂੰ।"
ਸ਼ਾਇਦ ਇਮਰੋਜ਼ ਜਾਣਦੇ ਸਨ ਕਿ ਅੰਮ੍ਰਿਤਾ ਨੂੰ ਉਹਨਾਂ ਦੀ ਸਹਾਇਤਾ ਚਾਹੀਦੀ ਸੀ। ਇਸੇ ਲਈ ਉਹ ਇਕ ਫੁਹਾਰੇ ਵਾਂਗੂੰ ਪਿਆਰ ਦੀ ਫੁਹਾਰ ਸੁਟਦੇ ਰਹਿੰਦੇ ਸਨ ਅਤੇ ਅੰਮ੍ਰਿਤਾ ਉਸ ਵਿਚ ਭਿੱਜਣ ਦਾ ਆਨੰਦ ਲੈਂਦੇ ਰਹਿੰਦੇ ਸਨ।
ਇਮਰੋਜ਼ ਇਕ ਦਿਨ ਦੱਸਣ ਲੱਗ ਪਏ। ਇਕ ਵਾਰ ਅਸੀਂ ਕਾਰ ਵਿਚ ਮੱਧ- ਪ੍ਰਦੇਸ਼ ਵਿਚੋਂ ਲੰਘ ਕੇ ਬੰਬਈ ਜਾ ਰਹੇ ਸਾਂ। ਮਹਾਰਾਸ਼ਟਰ ਦੀ ਹੱਦ ਉੱਤੇ ਸਾਨੂੰ ਪੁਲਸ ਨੇ ਰੋਕ ਲਿਆ। ਮਹਾਰਾਸ਼ਟਰ ਵਿਚ ਉਹਨੀਂ ਦਿਨੀਂ ਨਸ਼ਾਬੰਦੀ ਸੀ। ਪੁਲਸ ਨੇ ਇਹ ਜਾਂਚ ਕਰਨ ਲਈ ਸਾਨੂੰ ਰੋਕਿਆ ਸੀ ਕਿ ਕਿਧਰੇ ਸਾਡੇ ਕੋਲ ਸ਼ਰਾਬ ਵਗੈਰਾ ਤਾਂ ਨਹੀਂ ਹੈ। ਉਹ ਲਭਦੇ ਰਹੇ, ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ, ਪਰ ਉਹ ਇਹ ਵੀ ਨਹੀਂ ਜਾਣ ਸਕੇ ਕਿ ਸਾਨੂੰ ਨਸ਼ਾ ਇਕ-ਦੂਸਰੇ ਦੇ ਸਾਥ ਕਰਕੇ ਸੀ, ਸ਼ਰਾਬ ਕਾਰਨ ਨਹੀਂ। ਉਹਨਾਂ ਨੂੰ ਕੌਣ ਪੁਛਦਾ ਕਿ ਕੀ ਉਹ ਸਾਡਾ ਨਸ਼ਾ ਉਤਾਰ ਸਕਦੇ ਸਨ।"
ਅੰਮ੍ਰਿਤਾ ਜਦੋਂ ਪੌਦਿਆਂ ਨੂੰ ਪਾਣੀ ਦਿੰਦੇ ਤਾਂ ਮਨੀਪਲਾਂਟ ਨੂੰ ਵੇਖ ਕੇ ਕਹਿੰਦੇ, "ਵੇਖ, ਇਹ ਕਿਸਤਰ੍ਹਾਂ ਵੇਲ ਵਾਂਗੂੰ ਵਧ ਰਿਹਾ ਹੈ।"
ਤੇ ਇਮਰੋਜ਼ ਜੁਆਬ ਦਿੰਦੇ, "ਤੇਰੇ ਪਾਣੀ ਦੇਣ ਉੱਤੇ ਤਾਂ ਵਾਰਸ ਸ਼ਾਹ ਦੀਆਂ ਵੀ ਟਾਹਣੀਆਂ ਫੁੱਟ ਆਈਆਂ ਸਨ, ਇਹ ਤਾਂ ਵਿਚਾਰੀ ਵੇਲ ਹੀ ਹੈ।"
ਮੈਂ ਸੋਚ ਰਹੀ ਸਾਂ, ਸਮਾਜ ਬਦਲਾਵ ਦੀ ਗੱਲ ਤਾਂ ਕਰਦਾ ਹੈ, ਪਰ ਜਦੋਂ ਬਦਲਾਵ ਆਉਂਦਾ ਹੈ ਤਾਂ ਉਸ ਤੋਂ ਡਰਦਾ ਹੈ, ਉਸਦਾ ਵਿਰੋਧ ਕਰਦਾ ਹੈ, ਉਸ ਦੇ ਵਿਰੋਧ ਵਿਚ ਮੋਰਚਾਬੰਦੀ ਕਰਦਾ ਹੈ।
ਅੰਮ੍ਰਿਤਾ ਅਤੇ ਇਮਰੋਜ਼ ਨੇ ਇਕ ਨਵੇਂ ਸਮਾਜਿਕ ਪ੍ਰਬੰਧ ਦੀ ਬੁਨਿਆਦ ਰੱਖੀ ਹੈ। ਉਹਨਾਂ ਰਿਸ਼ਤਿਆਂ ਨੂੰ ਇਕ ਨਵੀਂ ਜੁਬਾਨ ਦਿੱਤੀ ਹੈ, ਆਪਣੀ ਸੋਚ ਵਿਚ ਵੀ ਅਤੇ ਆਪਣੇ ਜੀਵਨ ਵਿਚ ਵੀ।
ਸੋਲ੍ਹਾਂ
ਮੇਰੀ ਧੀ ਸੌਮਿਆ ‘ਲੰਦਨ ਸਕੂਲ ਆਫ਼ ਇਕੌਨੋਮਿਕਸ ਤੋਂ ਐਮ.ਐਸਸੀ. ਕਰਨ ਤੋਂ ਪਿੱਛੇ ਕੁਝ ਦਿਨਾਂ ਲਈ ਆਈ ਹੋਈ ਸੀ। ਉਹਨੇ ਛੇਤੀ ਹੀ ਆਪਣੀ ਪੀ.ਐਚ.ਡੀ. ਲਈ ਮੈਨਚੈਸਟਰ ਦੇ ਬਿਜਨੇਸ ਸਕੂਲ ਜਾਣਾ ਸੀ। ਉਸ ਦੀ ਪੜ੍ਹਾਈ ਦਾ ਖ਼ਰਚ ਓ. ਬੈਂਕ ਆਫ਼ ਯੂ. ਕੇ. ਨੇ ਦੇਣਾ ਸੀ। ਉਹਨੇ ਇਕ ਬੜੇ ਔਖੇ ਕੌਮਾਂਤਰੀ ਮੁਕਾਬਲੇ ਵਿਚ ਇਹ ਵਜੀਫ਼ਾ ਜਿੱਤਿਆ ਸੀ।
ਉਹਨੀ ਦਿਨੀਂ ਮੈਂ ਸੌਮਿਆਂ ਦੇ ਨਾਲ ਵੱਧ ਤੋਂ ਵੱਧ ਵਕਤ ਕਟਣਾ ਚਾਹੁੰਦੀ ਸੀ ਅਤੇ ਅੰਮ੍ਰਿਤਾ ਦੀ ਹੀਲਿੰਗ ਵੀ ਜਾਰੀ ਰੱਖਣਾ ਚਾਹੁੰਦੀ ਸੀ। ਇਕ ਦੁਪਹਿਰ ਮੈਂ ਤੇ ਸੌਮਿਆ, ਦੋਵੇਂ ਹੀ ਅੰਮ੍ਰਿਤਾ ਨੂੰ ਮਿਲਣ ਗਏ। ਅੰਮ੍ਰਿਤਾ ਉਹਨੂੰ ਬਹੁਤ ਪਿਆਰ ਨਾਲ ਮਿਲੇ। ਇਕ ਹੋਣਹਾਰ ਧੀ ਦੀ ਮਾਂ ਹੋਣ ਕਰਕੇ ਉਹਨਾਂ ਮੈਨੂੰ ਵਧਾਈ ਵੀ ਦਿੱਤੀ।
ਅੰਮ੍ਰਿਤਾ ਕਾਬਲੀਅਤ ਦੇ ਕਦਰਦਾਨ ਸਨ। ਉਹਨਾਂ ਸੌਮਿਆ ਨੂੰ ਕੋਲ ਸੱਦਿਆ ਅਤੇ ਸਾਹਮਣੇ ਵਾਲੀ ਅਲਮਾਰੀ ਖੋਲ੍ਹ ਕੇ ਉਸ ਵਿਚੋਂ ਇਕ ਬੈਗ ਕੱਢਣ ਲਈ ਆਖਿਆ। ਅੰਮ੍ਰਿਤਾ ਨੇ ਬੈਗ ਖੋਲ੍ਹ ਕੇ ਉਸ ਵਿਚੋਂ ਇਕ ਬਟੂਆ ਕੱਢਿਆ ਤੇ ਸੌਮਿਆ ਨੂੰ ਦਿੰਦਿਆਂ ਬੋਲੇ, "ਇਹ ਮੈਂ ਤੇਰੇ ਲਈ ਰੱਖਿਆ ਹੈ। ਇਹਨੂੰ ਤੂੰ ਯੂ. ਕੇ. ਲੈ ਜਾਵੀਂ। ਤੇਰੇ ਕੰਮ ਆਵੇਗਾ, ਹੈਂਡੀ ਹੈ।"
ਸੌਮਿਆਂ ਨੇ ਮੇਰੇ ਵੱਲ ਵੇਖਿਆ ਤੇ ਫਿਰ ਉਹਨਾਂ ਵੱਲ, ਫਿਰ ਬਟੂਏ ਨੂੰ ਹੱਥ ਵਿਚ ਲੈ ਕੇ ਸੀਨੇ ਨਾਲ ਲਾਇਆ ਤੇ ਭਾਵੁਕਤਾ ਨਾਲ ਅੰਮ੍ਰਿਤਾ ਦੇ ਪੈਰ ਛੂਹ ਕੇ ਅਸ਼ੀਰਵਾਦ ਮੰਗਿਆ।
ਅੰਮ੍ਰਿਤਾ ਜੀ ਨੇ ਮੋਹ ਨਾਲ ਉਹਦੇ ਦੋਵੇਂ ਹੱਥ ਫੜ ਲਏ ਤੇ ਆਪਣੇ ਕੋਲ ਬਿਠਾਉਂਦਿਆਂ ਹੋਇਆਂ ਬੋਲੇ, "ਬਹੁਤ ਪਿਆਰੀ ਬੱਚੀ ਹੈ।
ਸੌਮਿਆ ਮੁਸਕਰਾਉਣ ਲੱਗ ਪਈ।
"ਇਹ ਤੇਰਾ ਕਹਿਣਾ ਮੰਨਦੀ ਹੈ ਜਾਂ ਨਹੀਂ ?" ਅੰਮ੍ਰਿਤਾ ਜੀ ਨੇ ਹਸਦਿਆ ਹੋਇਆਂ ਮੈਨੂੰ ਪੁੱਛਿਆ।
"ਕਦੀ ਮੈਂ ਇਸਦਾ ਕਹਿਣਾ ਮੰਨ ਲੈਂਦੀ ਹਾਂ ਤੇ ਕਦੀ ਇਹ ਮੇਰਾ।" ਮੈਂ ਹਸਦਿਆਂ ਹੋਇਆਂ ਕਿਹਾ। "ਖ਼ਾਸ ਕਰਕੇ ਜਦੋਂ ਇਹ ਮੇਰੀ ਮਾਂ ਵਾਂਗੂੰ ਮੇਰੇ ਨਾਲ ਵਰਤਦੀ ਹੈ। ਉਦੋਂ ਮੈਂ ਹੀ ਇਸਦਾ ਕਹਿਣਾ ਮੰਨ ਲੈਂਦੀ ਹਾਂ।"
ਸਾਰੇ ਹੱਸਣ ਲੱਗ ਪਏ।
"ਇਹ ਜਿੱਦੀ ਹੈ ?"
"ਹਾਂ । ਕਈ ਵਾਰ ਮੈਂ ਇਸਦੀ ਜ਼ਿੱਦ ਪੂਰੀ ਹੋਣ ਦਿੰਦੀ ਹਾਂ।" ਮੈਂ ਕਿਹਾ, "ਮੈਂ ਕਿਸੇ ਕੰਮ ਲਈ ਇਹਨੂੰ ਰੋਕਦੀ-ਟੋਕਦੀ ਨਹੀਂ। ਹਾਂ, ਆਪਦੇ ਨਜ਼ਰੀਏ ਬਾਰੇ ਵੀ ਉਹਨੂੰ ਦੱਸ ਦਿੰਦੀ ਹਾਂ।"
“...ਤੇ ਸੌਮਿਆ ! ਤੂੰ ਕੀ ਕਹਿੰਨੀ ਏਂ ਇਸ ਬਾਰੇ ?" ਉਹਨਾਂ ਪੁੱਛਿਆ।
"ਮੇਰੇ ਖਿਆਲ ਵਿਚ ਮੈਂ ਜ਼ਿੱਦੀ ਨਹੀਂ ਹਾਂ। ਫੇਰ ਵੀ ਆਪਣੀ ਗੱਲ ਮੰਨਵਾਉਣਾ ਪਸੰਦ ਕਰਦੀ ਹਾਂ।" ਉਹਨਾਂ ਕਿਹਾ ਤਾਂ ਸਾਰੇ ਇਕ ਵਾਰ ਮੁੜ ਹੱਸ ਪਏ।
ਕੁਝ ਚਿਰ ਪਿੱਛੋਂ ਉਹ ਸੌਮਿਆ ਨੂੰ ਗਲੇ ਲਾਉਂਦਿਆਂ ਬੋਲੇ, "ਤੇਰੀ ਇਕ ਹੀ ਧੀ ਹੈ, ਤੂੰ ਫਿਰ ਵੀ ਉਹਨੂੰ ਏਨੀ ਦੂਰ ਭੇਜ ਦਿੱਤਾ।"
"ਇਸੇ ਲਈ ਤਾਂ ਦੂਰ ਭੇਜਿਆ ਹੈ। ਇਹ ਸਾਡੀ ਇਕੋ ਇਕ ਧੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨੂੰ ਪੂਰਾ ਮੌਕਾ ਮਿਲੇ। ਇਹ ਜਿੰਨਾ ਵੀ ਉਡਣਾ ਚਾਹਵੇ ਉੱਡ ਲਵੇ। ਤੇ ਕੌਮਾਂਤਰੀ ਮਹੌਲ ਵਿਚ ਵਧੇ ਫੁੱਲੇ। ਦੂਸਰਾ ਕਾਰਨ ਇਹ ਕਿ ਇਹ ਸਾਡੀ ਇਕਲੌਤੀ ਸੰਤਾਨ ਹੈ ਤੇ ਧੀ ਵੀ, ਇਸਲਈ ਵੀ ਅਸੀਂ ਚਾਹੁੰਦੇ ਹਾਂ ਕਿ ਇਹ ਪੂਰੀ ਤਰ੍ਹਾਂ ਸਮਰੱਥਾਵਾਨ ਅਤੇ ਸਵੈ-ਨਿਰਭਰ ਹੋਵੇ।"
ਏਨੇ ਨੂੰ ਅੰਮ੍ਰਿਤਾ ਜੀ ਦੀ ਬਹੂ ਸੌਮਿਆ ਲਈ ਪੈਪਸੀ ਲੈ ਕੇ ਆ ਗਈ। ਅਸੀਂ ਕੁਝ ਚਿਰ ਇਧਰ-ਉਧਰ ਦੀਆਂ ਗੱਲਾਂ ਕਰਦੇ ਰਹੇ। ਫੇਰ ਮੈਂ ਸਾਰਿਆਂ ਨੂੰ ਦੂਸਰੇ ਕਮਰੇ ਵਿਚ ਜਾਣ ਲਈ ਆਖਿਆ ਤਾਂਕਿ ਮੈਂ ਅੰਮ੍ਰਿਤਾ ਨੂੰ ਹੀਲਿੰਗ ਦੇ ਸਕਾਂ।
ਹੀਲਿੰਗ ਤੋਂ ਪਿੱਛੋਂ ਉਹ ਬੇਹਤਰ ਮਹਿਸੂਸ ਕਰਨ ਲਗ ਪਏ ਤਾਂ ਅਸੀਂ ਬਾਕੀਆਂ ਨੂੰ ਕਮਰੇ ਵਿਚ ਬੁਲਵਾ ਲਿਆ। ਸੌਮਿਆ ਦੀਆਂ ਬਾਹਵਾਂ ਵਿਚ ਹੱਥ ਪਾ ਕੇ ਅੰਮ੍ਰਿਤਾ ਬੋਲੇ, "ਸੌਮਿਆ, ਤੈਨੂੰ ਘਰ ਦੀ ਯਾਦ ਨਹੀਂ ਆਉਂਦੀ ?"
''ਜੀ, ਆਉਂਦੀ ਤਾਂ ਹੈ, ਪਰ ਕੀ ਕੀਤਾ ਜਾ ਸਕਦਾ ਹੈ। ਉਥੇ ਰਹਿ ਕੇ ਕੰਮ ਤਾਂ ਕਰਨਾ ਹੀ ਪਊ, ਹੈ ਨਾ !" ਉਹ ਬੋਲੀ।
"ਤੂੰ ਇਸਦੇ ਵਿਆਹ ਬਾਰੇ ਕੀ ਸੋਚਿਆ ਹੈ ?”
''ਮੈਂ ਸੋਚਦੀ ਹਾਂ, ਕਿ ਆਪਣੀਆਂ ਧੀਆਂ ਨੂੰ ਸਾਨੂੰ ਏਨਾ ਕੁ ਮੌਕਾ ਤਾਂ ਦੇਣਾ ਹੀ ਚਾਹੀਦਾ ਹੈ ਕਿ ਪਹਿਲੋਂ ਆਪਣੇ ਆਪਨੂੰ ਪਛਾਣ ਸਕਣ। ਉਸ ਤੋਂ ਪਿੱਛੋਂ ਉਹ ਯਕੀਨਨ ਆਪਣੇ ਜੀਵਨ ਸਾਥੀ ਨੂੰ ਵੀ ਪਛਾਣ ਲੈਣਗੀਆਂ। ਇਹ ਮੇਰਾ ਵਿਸ਼ਵਾਸ ਹੈ।" ਮੈਂ ਕਿਹਾ।
ਉਹਨਾਂ ਸੌਮਿਆ ਵੱਲ ਵੇਖਦਿਆਂ ਪੁੱਛਿਆ, "ਤੂੰ ਆਪਣੇ ਵਿਆਹ ਬਾਰੇ ਕੀ ਸੋਚਦੀ ਏਂ ?"
"ਮੈਂ ਪਹਿਲੋਂ ਆਪਣੇ ਪੈਰਾਂ ਉੱਤੇ ਖੜਾ ਹੋਣਾ ਚਾਹੁੰਨੀ ਆਂ। ਮੈਂ ਆਪਣੇ ਕਿੱਤੇ ਵਿਚ ਕਾਬਲ ਅਤੇ ਆਰਥਿਕ ਰੂਪ ਵਿਚ ਆਜਾਦ ਹੋਣਾ ਚਾਹੁੰਨੀ ਆਂ," ਉਹ ਬੋਲੀ।
"ਅੱਜ ਕਲ੍ਹ ਅਨੁਭਵ ਅਤੇ ਮੁੱਲ ਦੋਵੇਂ ਬਦਲ ਰਹੇ ਨੇ। ਕੁੜੀਆਂ ਨੂੰ ਨਵੇਂ ਖੇਤਰਾਂ ਵਿਚ ਜਾਣ ਦੇ ਮੌਕੇ ਮਿਲ ਰਹੇ ਨੇ। ਉਹਨਾਂ ਨੂੰ ਆਪਣੀ ਕਾਬਲੀਅਤ ਨੂੰ ਨਿਖਾਰਨ ਉਭਾਰਨ ਲਈ ਪੂਰੀਆਂ ਸਹੂਲਤਾਂ ਮੁਹੱਈਆ ਨੇ, ਜਿਹੜੀਆਂ ਸਾਡੇ ਸਮੇਂ ਵਿਚ ਨਹੀਂ ਸਨ।" ਅੰਮ੍ਰਿਤਾ ਕਹਿ ਰਹੇ ਸਨ।
ਉਹਨਾਂ ਦੀ ਗੱਲ ਦਾ ਹੁੰਗਾਰਾ ਭਰਦਿਆਂ ਮੈਂ ਕਿਹਾ, "ਜੀ ਹਾਂ ! ਸਾਨੂੰ ਇਹਨਾਂ ਦੇ ਜੇਹਨ ਦੀ ਜਗਿਆਸਾ ਦੀ ਅੱਗ ਨੂੰ ਬੁਝਣ ਨਹੀਂ ਦੇਣਾ ਚਾਹੀਦਾ ਤਾਂਕਿ ਇਹ ਬਿਨਾਂ ਕਿਸੇ ਡਰ ਜਾਂ ਪੂਰਵ-ਧਾਰਨਾ ਦੇ ਖ਼ੁਦ ਨੂੰ ਜਾਣ ਸਕਣ ਅਤੇ ਜਗਿਆਸਾ ਨੂੰ ਖੁਲ੍ਹ ਕੇ ਸਾਹਮਣੇ ਵੀ ਲਿਆ ਸਕਣ।"
ਅੰਮ੍ਰਿਤਾ ਮੁਸਕਰਾਏ ਅਤੇ ਬੋਲੇ, "ਹਾਂ, ਮੇਰਾ ਵੀ ਇਹੋ ਮੰਨਣਾ ਹੈ। ਮੇਰਾ ਖਿਆਲ ਹੈ ਕਿ ਆਪਣੇ ਪੈਰਾਂ ਉੱਤੇ ਖੜੇ ਹੋਣ ਲਈ ਤਾਲੀਮ ਹੀ ਇਕੋ ਇਕ ਜਰੀਆ ਹੈ, ਵਰਨਾ ਇਹ ਕੀ ਹਾਸਲ ਕਰ ਸਕਣਗੀਆਂ, ਜੇ ਇਹਨਾਂ ਨੂੰ ਪਤਾ ਹੀ ਨਹੀਂ ਹੋਊ ਕਿ ਉਹ ਲਭ ਕੀ ਰਹੀਆਂ ਨੇ। ਮੈਂ ਹਮੇਸ਼ਾ ਇਹੋ ਆਖਿਆ ਹੈ ਕਿ ਔਰਤਾਂ ਦਾ ਆਜ਼ਾਦ ਹੋਣਾ ਅਤੇ ਆਪਣੇ ਪੈਰਾਂ ਉੱਤੇ ਖੜੇ ਹੋਣਾ ਜਰੂਰੀ ਹੈ। ਉਹਦੇ ਲਈ ਲੜਾਈ ਔਰਤ ਨੂੰ ਖੁਦ ਹੀ ਲੜਨੀ ਪਵੇਗੀ। ਜੇ ਉਹਨਾਂ ਆਜ਼ਾਦ ਹੋਣਾ ਹੈ ਤਾਂ ਉਹਨਾਂ ਨੂੰ ਖੁਦ ਕੋਸ਼ਿਸ਼ ਕਰਨੀ ਪਵੇਗੀ। ਸਿਰਫ਼ ਚਾਹੁਣਾ ਹੀ ਕਾਫ਼ੀ ਨਹੀਂ ਹੁੰਦਾ।
ਸਮਾਜ ਵਿਚ ਔਰਤਾਂ ਦੀ ਥਾਂ ਬਾਰੇ ਉਹਨਾਂ ਦਾ ਕਹਿਣਾ ਸੀ, ''ਮੈਂ ਸਮਾਜ ਵਿਚ ਮਰਦਾਂ ਦੀ ਹਕੂਮਤ, ਔਰਤਾਂ ਦੀ ਗੁਲਾਮੀ ਅਤੇ ਉਹਨਾਂ ਉੱਤੇ ਕੀਤੇ ਜਾ ਰਹੇ ਜੁਲਮੇ- ਸਿਤਮ ਦੇ ਸਖਤ ਵਿਰੁੱਧ ਹਾਂ।"
ਆਪਣੀ ਮਿਸਾਲ ਦਿੰਦਿਆਂ ਉਹ ਬੋਲੇ, "ਮੈਂ ਆਪਣੇ ਜੀਵਨ ਵਿਚ ਆਪਣੀ ਰੋਜ਼ੀ-ਰੋਟੀ ਖੁਦ ਕਮਾਈ ਹੈ। ਪੈਸੇ ਦੇ ਮਾਮਲੇ ਵਿਚ ਔਰਤਾਂ ਦਾ ਮਰਦਾਂ ਉੱਤੇ ਨਿਰਭਰ ਹੋਣਾ, ਕਤੱਈ ਠੀਕ ਨਹੀਂ। ਇਸਤਰ੍ਹਾਂ ਕਰਕੇ ਔਰਤ ਆਪਣੇ ਆਪਨੂੰ ਖ਼ੁਦ ਹੀ ਮਰਦਾਂ ਦੇ ਹੱਥਾਂ ਦਾ ਖਿਡੌਣਾ ਬਣਾ ਲੈਂਦੀ ਹੈ, ਫਿਰ ਉਸਦੀ ਹੈਸੀਅਤ ਇਕ ਨੌਕਰ ਤੋਂ ਵੱਧ ਨਹੀਂ ਰਹਿੰਦੀ।"
ਔਰਤਾਂ ਦੇ ਬੁਨਿਆਦੀ ਹੱਕਾਂ ਦੇ ਬਾਰੇ ਅੰਮ੍ਰਿਤਾ ਦੇ ਖਿਆਲ ਜਾਣ ਕੇ ਮੈਨੂੰ ਤਾਂ ਚੰਗਾ ਲੱਗਾ ਹੀ, ਪਰ ਸਾਡੇ ਵਿਚ ਹਾਜ਼ਰ ਦੋਹਾਂ ਸੁਆਣੀਆਂ ਉਤੇ ਵੀ ਇਸਦਾ ਚੰਗਾ ਅਸਰ ਹੋਇਆ।
ਸਤਾਰਾਂ
ਹੁਣ ਤਕ ਮੈਂ ਅੰਮ੍ਰਿਤਾ ਨਾਲ ਉਹਨਾਂ ਦੇ ਨਿੱਜੀ ਜੀਵਨ ਦੀਆਂ ਗੱਲਾਂ ਵੀ ਕਰਨ ਲੱਗ ਪਈ ਸਾਂ।
ਇਕ ਮਾਂ ਦੇ ਦਿਲ ਉੱਤੇ ਕੀ ਗੁਜ਼ਰਦੀ ਹੈ ਜਦੋਂ ਉਹਨੂੰ ਪਤਾ ਲਗਦਾ ਹੈ ਕਿ ਉਸ ਦੇ ਬੱਚੇ ਉਸਨੂੰ ਇਸ ਗੱਲ ਲਈ ਗੁਨਾਹਗਾਰ ਮੰਨਦੇ ਨੇ ਕਿ ਉਸਨੇ ਤਾਂ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਸਵਾਰ ਲਿਆ, ਪਰ ਇਹ ਨਹੀਂ ਸੋਚਿਆ ਕਿ ਇਸ ਗੱਲ ਨਾਲ ਉਸਦੇ ਬੱਚਿਆਂ ਦੀ ਜਿੰਦਗੀ ਉੱਤੇ ਕਿੰਨਾ ਬੁਰਾ ਅਸਰ ਪਿਆ ਹੈ ਅਤੇ ਉਹਨਾਂ ਨੂੰ ਕਿੰਨਾ ਦੁੱਖ ਝਲਣਾ ਪਿਆ ਹੈ।
ਜਦੋਂ ਕੋਈ ਘਰ ਟੁਟਦਾ ਹੈ ਤਾਂ ਉਸਦਾ ਤਿੜਕਣਾ ਬੱਚਿਆਂ ਦੇ ਦਿਲੋ-ਦਿਮਾਗ ਨੂੰ ਹਿਲਾ ਕੇ ਰੱਖ ਦਿੰਦਾ ਹੈ। ਉਹਨਾਂ ਨੂੰ ਆਪਣਾ ਮਾਨਸਿਕ ਸੰਤੁਲਨ ਕਾਇਮ ਰੱਖਣ ਲਈ ਅਤੇ ਸਮਾਜਿਕ ਸਵੀਕ੍ਰਿਤੀ ਲਈ ਕਿੰਨੇ ਸਮਝੌਤੇ ਕਰਨੇ ਪੈਂਦੇ ਹਨ। ਮਾਂ-ਪਿਓ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਬੱਚਿਆਂ ਦੀਆਂ ਵੀ ਜਜ਼ਬਾਤੀ ਜ਼ਰੂਰਤਾਂ ਨੇ, ਮਨੋਵਿਗਿਆਨਕ ਲੋੜਾਂ ਨੇ। ਇਸੇਲਈ ਇਹੋ ਜਿਹੇ ਹਾਲਾਤ ਵਿਚ ਬੱਚਿਆਂ ਦਾ ਮਾਂ-ਪਿਓ ਨੂੰ ਸੁਆਰਥੀ ਅਤੇ ਮੁਜਰਿਮ ਕਰਾਰ ਦੇ ਦੇਣਾ ਸੁਭਾਵਕ ਹੈ।
ਅੰਮ੍ਰਿਤਾ ਇਕ ਬੇਹਦ ਭਾਵੁਕ ਅਤੇ ਸੰਵੇਦਨਸ਼ੀਲ ਮਾਂ ਸੀ। ਉਹਨਾਂ ਨੇ ਆਪਣੇ ਬੱਚਿਆਂ ਦੇ ਦਰਦ ਨੂੰ ਖ਼ੁਦ ਝੱਲਿਆ ਸੀ, ਪਰ ਆਪਣੇ ਮਨ ਦੇ ਦਰਦ ਨੂੰ ਅੰਦਰ ਹੀ ਲੁਕਾ ਕੇ ਰੱਖਿਆ। ਉਹਨਾਂ ਆਪਣੇ ਬੱਚਿਆਂ ਦਾ ਪਾਲਣ-ਪੋਸਣ ਬੜੇ ਲਾਡ-ਪਿਆਰ ਨਾਲ ਕੀਤਾ।
ਉਹ ਆਪਣੇ ਘਰ ਨੂੰ ਆਮ ਘਰਾਂ ਵਰਗਾ ਤਾਂ ਨਹੀਂ ਬਣਾ ਸਕੇ ਜਿਥੇ ਮਾਤਾ- ਪਿਤਾ ਆਪੋ ਆਪਣੀ ਭੂਮਿਕਾ ਨਿਭਾਉਂਦੇ ਨੇ। ਉਹਨਾਂ ਖ਼ੁਦ ਦੋਵੇਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਉਹਨਾਂ ਨੂੰ ਬੱਚਿਆਂ ਨੂੰ ਇਹ ਵੀ ਸਮਝਾਉਣਾ ਪਿਆ ਕਿ ਇਕ ਦੁਖੀ ਅਤੇ ਪੀੜਤ ਮਾਂ ਆਪਣੇ ਬੱਚਿਆਂ ਨੂੰ ਉਹੀ ਦੇ ਸਕੇਗੀ ਜੇ ਉਸਦੇ ਕੋਲ ਹੋਵੇਗਾ। ਉਹਨਾਂ ਨੂੰ ਮੋਹ, ਪਿਆਰ ਅਤੇ ਮਮਤਾ ਦੇਣ ਲਈ ਉਸਦੇ ਆਪਣੇ ਜੀਵਨ ਵਿਚ ਵੀ ਇਹ ਸਭ ਕੁਝ ਹੋਣਾ ਜ਼ਰੂਰੀ ਹੈ। ਸੁੱਕੇ ਝਰਨੇ ਤੋਂ ਬੁਛਾੜ ਕਿਵੇਂ ਝਰ ਸਕਦੀ ਹੈ।
ਅੰਮ੍ਰਿਤਾ ਇਕ ਮਮਤਾਮਈ ਮਾਂ ਸੀ। ਉਹਨਾਂ ਨੇ ਬੜੀ ਮੁਸ਼ਕਿਲ, ਮਿਹਨਤ ਅਤੇ
ਇਮਾਨਦਾਰੀ ਨਾਲ ਧੰਨ ਕਮਾਇਆ ਸੀ। ਆਪਣੇ ਬੱਚਿਆਂ ਉੱਤੇ ਉਹਨਾਂ ਹਮੇਸ਼ਾ ਖੁਲ੍ਹੇ ਦਿਲ ਨਾਲ ਖਰਚ ਕੀਤਾ। ਆਰਕੀਟੈਕਚਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਬੇਟੇ ਨੇ ਛੁੱਟੀ ਮਨਾਉਣ ਲਈ ਯੂਰਪ ਜਾਣ ਦੀ ਇੱਛਾ ਪਰਗਟ ਕੀਤੀ ਤਾਂ ਅੰਮ੍ਰਿਤਾ ਨੇ ਤੁਰੰਤ ਸਾਰਾ ਪ੍ਰਬੰਧ ਕਰ ਦਿੱਤਾ, ਇਕ ਵਾਰ ਵੀ ਨਾ ਸੋਚਿਆ ਕਿ ਏਨਾ ਪੈਸਾ ਕਿਉਂ ਖਰਚ ਕੀਤਾ ਜਾਵੇ।
ਉਹ ਕਹਿੰਦੇ ਸਨ ਕਿ ਮੈਂ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ੀ ਦੇਣੀ ਚਾਹੁੰਦੀ ਹਾਂ। ਬੱਚਿਆਂ ਦਾ ਪਾਲਣ-ਪੋਸਣ ਕਰਦਿਆਂ ਅੰਮ੍ਰਿਤਾ ਦੇ ਹਾਲਾਤ ਬਹੁਤ ਚੰਗੇ ਨਹੀਂ ਸਨ। ਉਹਨਾਂ ਨੇ ਬੜਾ ਔਖਾ ਵੇਲਾ ਲੰਘਾਇਆ ਸੀ, ਫਿਰ ਵੀ ਹਿੰਮਤ ਅਤੇ ਸਚਾਈ ਨਾਲ ਇਹ ਜ਼ਿੰਮੇਵਾਰੀ ਉਹਨਾਂ ਸਫਲਤਾਪੂਰਕ ਪੂਰੀ ਕੀਤੀ।
ਜਦੋਂ ਉਹਨਾਂ ਦੇ ਬੇਟੇ ਦਾ ਜਨਮ ਹੋਣ ਵਾਲਾ ਸੀ ਤਾਂ ਉਹਨਾਂ ਕਲਪਣਾ ਕੀਤੀ ਸੀ ਕਿ ਬੱਚੇ ਦਾ ਮੁਹਾਂਦਰਾ ਸਾਹਿਰ ਵਰਗਾ ਹੋਵੇਗਾ। ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਜੇ ਉਹ ਅੱਠੇ ਪਹਿਰ ਮਨ ਵਿਚ ਸਾਹਿਰ ਦਾ ਚਿਹਰਾ ਵੇਖਦੇ ਰਹਿਣਗੇ ਤਾਂ ਉਹਨਾਂ ਦਾ ਬੇਟਾ ਸਾਹਿਰ ਵਰਗਾ ਹੀ ਹੋਵੇਗਾ, ਪਰ ਕਲਪਣਾ ਲੋਕ ਵਿਚ ਹਮੇਸ਼ਾ ਨਹੀਂ ਜੀਵਿਆ ਜਾ ਸਕਦਾ।
ਇਕ ਦਿਨ ਬੇਟੇ ਨੇ ਉਹਨਾਂ ਤੋਂ ਸਿੱਧਾ ਸੁਆਲ ਪੁੱਛ ਲਿਆ ਕਿ ਕੀ ਉਹ ਸਾਹਿਰ ਦਾ ਬੇਟਾ ਹੈ। ਉਹਨਾਂ ਵੀ ਸਾਫ਼ ਉੱਤਰ ਦਿੱਤਾ, "ਨਹੀਂ !”
ਉਹਨਾਂ ਨੇ ਬੇਟੇ ਨੂੰ ਸੱਚ ਦੱਸਿਆ ਸੀ। ਪਰ ਉਹ ਇਸ ਸੋਚ ਵਿਚ ਵੀ ਪੈ ਗਏ ਕਿ ਉਹਨਾਂ ਦੇ ਇਸ ਸੱਚੇ ਜੁਆਬ ਦੇ ਸਾਹਮਣੇ ਉਹ ਕਲਪਿਤ ਸੱਚ ਕੀ ਘੱਟ ਸੱਚਾ ਸੀ ?
ਜਿਥੋਂ ਤਕ ਵੀ ਸੰਭਵ ਹੋ ਸਕਿਆ ਅੰਮ੍ਰਿਤਾ ਨੇ ਆਪਣੇ ਬੱਚਿਆਂ ਨੂੰ ਲੋਕ- ਨਿੰਦਿਆ ਤੋਂ ਬਚਾਈ ਰੱਖਿਆ। ਇਮਰੋਜ਼ ਦੇ ਸੁਹਿਰਦ ਵਤੀਰੇ ਕਾਰਨ ਹੀ ਉਹ ਆਪਣੇ ਬੱਚਿਆਂ ਦੇ ਵਧਣ-ਫੁੱਲਣ ਅਤੇ ਪਾਲਣ-ਪੋਸਣ ਲਈ ਸਵੱਛ, ਸੰਤੁਲਿਤ ਅਤੇ ਸੁਖਦ ਮਹੌਲ ਦੇ ਸਕੇ ਸਨ।
ਇਮਰੋਜ਼ ਕਹਿੰਦੇ ਹਨ, "ਅੰਮ੍ਰਿਤਾ ਦੇ ਬੱਚੇ ਮੇਰੇ ਹੀ ਨੇ। ਮੈਂ ਜੋ ਵੀ ਕੀਤਾ ਹੈ, ਆਪਣੇ ਬੱਚਿਆਂ ਲਈ ਹੀ ਕੀਤਾ ਹੈ।"
ਮੈਂ ਪੁੱਛ ਲਿਆ, "ਕੀ ਤੁਹਾਨੂੰ ਆਪਣੇ ਬੱਚਿਆਂ ਦੀ ਇੱਛਾ ਨਹੀਂ ਹੋਈ ?"
ਉਹ ਹੱਸਣ ਲੱਗ ਪਏ ਤੇ ਬੋਲੇ, "ਜਦੋਂ ਅਸੀਂ ਮਿਲੇ ਸਾਂ, ਉਦੋਂ ਬੱਚੇ ਤਾਂ ਪਹਿਲਾਂ ਤੋਂ ਹੀ ਸਨ। ਫਿਰ ਹੋਰ ਬੱਚਿਆਂ ਦੀ ਕੀ ਜਰੂਰਤ ਸੀ ?"
ਥੋੜੀ ਦੇਰ ਰੁੱਕ ਕੇ ਉਹ ਕੁਝ ਸੋਚਦੇ ਹੋਏ ਬੋਲੇ, "ਅੰਮ੍ਰਿਤਾ ਦੇ ਬੇਟੇ ਦੇ ਵਿਆਹ ਉੱਤੇ ਜਦੋਂ ਕੁਝ ਰਿਸ਼ਤੇਦਾਰਾਂ ਨੂੰ ਇਹ ਠੀਕ ਨਹੀਂ ਲੱਗਾ ਕਿ ਮੈਂ ਵੀ ਬਰਾਤੇ ਜਾਵਾਂ ਤਾਂ ਮੈਂ ਖੁਦ ਹੀ ਜਾਣ ਤੋਂ ਮਨ੍ਹਾਂ ਕਰ ਦਿੱਤਾ। ਮੈਂ ਜਾਣਦਾ ਸਾਂ ਕਿ ਸਮਾਜ ਅਜੇ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਕਿ ਮੈਂ ਅੰਮ੍ਰਿਤਾ ਦਾ ਦੋਸਤ ਹਾਂ ਅਤੇ ਅਸੀਂ
ਇਕੱਠੇ ਰਹਿੰਦੇ ਹਾਂ।" ਫਿਰ ਹੱਸਦੇ ਹੋਏ ਬੋਲੇ, "ਜੇ ਮੈਂ ਵੀ ਬਰਾਤ ਵਿਚ ਚਲਿਆ ਜਾਂਦਾ ਤਾਂ ਫਿਰ ਲਾੜੇ-ਲਾੜੀ ਦਾ ਕਮਰਾ ਫੁੱਲਾਂ ਨਾਲ ਕੌਣ ਸਜਾਉਂਦਾ ? ਚੰਗਾ ਹੀ ਹੋਇਆ ਕਿ ਮੈਂ ਨਹੀਂ ਗਿਆ।"
ਕਈ ਇਹੋ ਜਿਹੇ ਸੁਆਲ ਸਨ ਜਿਹੜੇ ਅਣ-ਸੁਲਝੇ ਰਹਿ ਗਏ ਸਨ। ਇਕ ਮਾਂ ਦੀ ਪੀੜ, ਇਕ ਔਰਤ ਦਾ ਦਰਦ ਬੱਚਿਆਂ ਦਾ ਮਾਨਸਿਕ ਤਸੀਹਾ ਅਤੇ ਇਮਰੋਜ਼ ਦੀ ਦੁਚਿੱਤੀ ਜਿਵੇਂ ਨਿੱਖਰ ਕੇ ਸਾਹਮਣੇ ਆ ਗਈ ਸੀ।
ਕੀ ਪਤਾ ਕੌਣ ਠੀਕ ਸੀ ਤੇ ਕੌਣ ਗ਼ਲਤ!
ਅਠਾਰਾਂ
ਜਿੰਨੀ ਵੀ ਮੇਰੀ ਅੰਮ੍ਰਿਤਾ ਨਾਲ ਨੇੜਤਾ ਹੋ ਰਹੀ ਸੀ, ਉਹਨਾਂ ਪ੍ਰਤੀ ਮੇਰਾ ਮੋਹ ਓਨਾ ਹੀ ਵਧਦਾ ਜਾ ਰਿਹਾ ਸੀ। ਨਾਲ ਦੀ ਨਾਲ ਕਈ ਇਹੋ ਜਿਹੇ ਸੁਆਲ ਵੀ ਮਨ ਵਿਚ ਆ ਰਹੇ ਸਨ ਜਿਨ੍ਹਾਂ ਦਾ ਜੁਆਬ ਕਦੀ ਮੈਨੂੰ ਮਿਲ ਜਾਂਦਾ ਸੀ ਤੇ ਕਦੀ ਨਹੀਂ, ਪਰ ਅੰਮ੍ਰਿਤਾ ਅਤੇ ਇਮਰੋਜ਼ ਦੀ ਜ਼ਿੰਦਗੀ ਦੀ ਕਸ਼ਿਸ਼ ਮੈਨੂੰ ਖਿਚਣ ਲੱਗ ਪਈ ਸੀ।
ਇਕ ਵਾਰ ਅੰਮ੍ਰਿਤਾ ਨੇ ਇਮਰੋਜ਼ ਨੂੰ ਕਿਹਾ, ''ਜੇ ਮੈਨੂੰ ਕੁਝ ਹੋ ਜਾਵੇ ਤਾਂ ਤੂੰ ਮੁੜ ਘਰ-ਗ੍ਰਹਿਸਤੀ ਵਸਾ ਲਵੀਂ।"
ਜੁਆਬ ਵਿਚ ਇਮਰੋਜ਼ ਨੇ ਕਿਹਾ, "ਕਿਉਂ ? ਮੈਨੂੰ ਤੂੰ ਕੀ ਸਮਝ ਰੱਖਿਆ ਹੈ? ਕੀ ਮੈਂ ਪਾਰਸੀ ਹਾਂ ਕਿ ਮੇਰੇ ਸਰੀਰ ਨੂੰ ਗਿਰਝਾਂ ਸਾਹਵੇਂ ਸੁੱਟ ਦਿੱਤਾ ਜਾਵੇ ਤੇ ਉਹ ਮੈਨੂੰ ਨੋਚ ਨੋਚ ਕੇ ਖਾ ਲੈਣ। ਤੂੰ ਮੇਰੇ ਹੱਥਾਂ ਵਿਚ ਮਰ ਨਹੀਂ ਸਕਦੀ। ਆਪਾਂ ਦੋਹਾਂ ਅਜੇ ਪੂਰੀ ਫ਼ਿਲਮ ਵੇਖਣੀ ਹੈ। ਮੇਰੇ ਨਾਲ ਵਾਅਦਾ ਕਰ ਕਿ ਮੇਰਾ ਸਾਥ ਉਦੋਂ ਤਕ ਦੇਵੇਂਗੀ ਜਦੋਂ ਤਕ ਆਪਾਂ ਦੋਵੇਂ ਜਾਣ ਲਈ ਤਿਆਰ ਨਾ ਹੋ ਜਾਈਏ।"
ਅੰਮ੍ਰਿਤਾ ਦੀ ਸਿਹਤ ਦਿਨ-ਬਦਿਨ ਖ਼ਰਾਬ ਹੋ ਰਹੀ ਸੀ। ਉਹਨਾਂ ਦੀ ਤਬੀਅਤ ਏਨੀ ਨਾਕਿਸ ਹੋ ਗਈ ਸੀ ਕਿ ਉਹ ਆਪਣੇ ਆਪ ਉਠ-ਬੈਠ ਵੀ ਨਹੀਂ ਸਨ ਸਕਦੇ। ਪਾਸਾ ਵੱਟਣ ਲਈ ਵੀ ਉਹਨਾਂ ਨੂੰ ਇਮਰੋਜ਼ ਦੀ ਸਹਾਇਤਾ ਚਾਹੀਦੀ ਸੀ। ਇਮਰੋਜ਼ ਆਪਣੇ ਹੱਥ ਨਾਲ ਹੀ ਉਹਨਾਂ ਨੂੰ ਖਵਾਉਂਦੇ-ਪਿਆਉਂਦੇ, ਨਹਿਲਾਉਂਦੇ ਅਤੇ ਕਪੜੇ ਬਦਲਦੇ। ਇਹ ਸਭ ਉਹ ਏਨੇ ਪਿਆਰ ਨਾਲ ਕਰਦੇ ਸਨ ਕਿ ਉਹਨਾਂ ਨੂੰ ਇਹ ਸਭ ਕਰਦਿਆਂ ਮਜਾ ਆਉਣ ਲੱਗ ਪਿਆ ਸੀ। ਉਹਨਾਂ ਲਈ ਇਹ ਇਕ ਛੋਟੇ ਬਾਲ ਨੂੰ ਪਾਲਣ ਵਾਂਗ ਸੀ। ਅੰਮ੍ਰਿਤਾ ਬਹੁਤ ਥੋੜ੍ਹਾ ਖਾਂਦੇ-ਪੀਂਦੇ ਸਨ। ਜਦੋਂ ਕੁਝ ਦਿਨ ਲਗਾਤਾਰ ਠੀਕ ਤਰ੍ਹਾਂ ਖਾ ਨਹੀਂ ਸਕੇ ਤਾਂ ਡਾਕਟਰਾਂ ਨੂੰ ਜਾਪਿਆ ਕਿ ਉਹਨਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਹੋ ਗਈ ਹੈ, ਇਸੇ ਲਈ ਉਹਨਾਂ ਨੂੰ ਹਸਪਤਾਲ ਦਾਖ਼ਲ ਕਰਨ ਦੀ ਸਲਾਹ ਦਿੱਤੀ ਗਈ।
ਅੰਮ੍ਰਿਤਾ ਨੂੰ ਕੁਝ ਦਿਨਾਂ ਲਈ ਇਕ ਨੇੜੇ ਦੇ ਨਰਸਿੰਗ ਹੋਮ ਵਿਚ ਦਾਖਲ ਕਰਾ ਦਿੱਤਾ ਗਿਆ, ਪਰ ਉਹਨਾਂ ਨੂੰ ਉਥੇ ਰਹਿਣਾ ਕਤਈ ਪਸੰਦ ਨਹੀਂ ਆਇਆ। ਤੀਸਰੇ ਦਿਨ ਹੀ ਉਹ ਘਰ ਆਉਣ ਲਈ ਤਰਲੋ-ਮੱਛੀ ਹੋਣ ਲੱਗ ਪਏ। ਜਦੋਂ ਉਹਨਾਂ ਨੂੰ
ਵਾਪਸ ਲਿਆਂਦਾ ਗਿਆ ਤਾਂ ਉਹ ਬੇਹਦ ਕਮਜ਼ੋਰ ਤੇ ਲਾਚਾਰ ਜਿਹੇ ਹੋ ਗਏ ਸਨ। ਉਹਨੀਂ ਦਿਨੀਂ ਹੀਲਿੰਗ ਦਿੰਦਿਆਂ ਹੋਇਆਂ ਮੈਨੂੰ ਲੱਗਿਆ ਕਿ ਉਹਨਾਂ ਕੋਲੋਂ ਹੀਲਿੰਗ ਵੀ ਠੀਕ ਤਰ੍ਹਾਂ ਨਹੀਂ ਸੀ ਲਈ ਜਾ ਰਹੀ।
ਮੈਂ ਆਪਣੀ ਰੇਕੀ ਗੁਰੂ ਸ੍ਰੀਮਤੀ ਰੇਣੂ ਨਰੂਲਾ ਨੂੰ ਅੰਮ੍ਰਿਤਾ ਦੀ ਹਾਲਤ ਬਾਰੇ ਦੱਸਿਆ ਤੇ ਉਹਨਾਂ ਤੋਂ ਸਲਾਹ ਮੰਗੀ। ਰੇਣੂ ਵੀ ਮੈਨੂੰ ਅੰਮ੍ਰਿਤਾ ਵਾਂਗ ਹੀ ਬਹੁਤ ਪ੍ਰੇਰਿਤ ਕਰਦੇ ਹਨ। ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢ ਕੇ ਰੇਣੂ ਜੀ ਨੇ ਵੀ ਕਈ ਦਿਨ ਅੰਮ੍ਰਿਤਾ ਜੀ ਨੂੰ ਹੀਲਿੰਗ ਦਿੱਤੀ। ਅੰਮ੍ਰਿਤਾ ਕੁਝ ਰਾਜੀ ਹੋਣ ਲੱਗ ਪਏ ਸਨ।
ਇਮਰੋਜ਼ ਅਤੇ ਮੈਂ, ਦੋਵੇਂ ਇਸ ਕੋਸ਼ਿਸ਼ ਵਿਚ ਰਹਿੰਦੇ ਸਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਅੰਮ੍ਰਿਤਾ ਨੂੰ ਆਰਾਮ ਮਿਲੇ। ਇਮਰੋਜ਼ ਨੇ ਕਦੀ ਅੰਮ੍ਰਿਤਾ ਸਾਹਵੇਂ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਅਤੇ ਨਾ ਹੀ ਅੰਮ੍ਰਿਤਾ ਨੇ ਕੀਤਾ ਹੈ।
ਇਕ ਦਿਨ ਜਦੋਂ ਅੰਮ੍ਰਿਤਾ ਨੂੰ ਬਹੁਤ ਤੇਜ਼ ਬੁਖਾਰ ਸੀ ? ਉਹਦੇ ਮੱਥੇ ਨੂੰ ਛੋਂਹਦਿਆਂ ਇਮਰੋਜ਼ ਨੇ ਪੁੱਛਿਆ ਸੀ, "ਬਹੁਤ ਤੇਜ਼ ਬੁਖਾਰ ਹੈ ਕੀ ?" ਅਤੇ ਫਿਰ ਸ਼ਾਇਦ ਆਪਣੇ ਜੀਵਨ ਦੇ ਖ਼ਾਲੀਪਨ ਨੂੰ ਦੂਰ ਕਰਨ ਦੇ ਲਈ ਕਿਹਾ ਸੀ, "ਮੇਰੇ ਲਈ ਤੇਰੇ ਵਰਗਾ ਕੋਈ ਨਹੀਂ ਹੈ। ਤੂੰ ਮੇਰੀ ਬੇਟੀ ਹੈ ਤੇ ਮੈਂ ਤੇਰਾ ਪੁੱਤਰ !"
ਜਿਨ੍ਹਾਂ ਦੇ ਪਿਆਰ ਦਾ ਆਸਮਾਨ ਏਨਾ ਵੱਡਾ ਹੋਵੇ, ਏਨਾ ਗਹਿਰਾ ਹੋਵੇ, ਉਹਨਾਂ ਦੇ ਪਿਆਰ ਪ੍ਰਤੀ ਲੋਕਾਂ ਦਾ ਏਨਾ ਸੰਕੁਚਿਤ ਅਤੇ ਤੰਗ ਰਵਈਆ ਵੇਖ ਕੇ ਹੈਰਾਨੀ ਹੁੰਦੀ ਹੈ।
ਅੰਮ੍ਰਿਤਾ ਤਾਂ ਕਹਿੰਦੇ ਹਨ, "ਇਮਰੋਜ਼ ਤੋਂ ਹਾਸਲ ਹੋਏ ਸੁੱਖ ਦੇ ਸਾਹਮਣੇ ਮੇਰਾ ਦੁੱਖ, ਮੇਰੀ ਪੀੜ ਹੌਲੀ ਪੈ ਜਾਂਦੀ ਹੈ।" ਇਸ ਸੁੱਖ ਨੂੰ ਹਾਸਲ ਕਰਨ ਲਈ ਉਹਨਾਂ ਨੂੰ ਸਮਾਜ ਦੀ ਮੰਨਜੂਰੀ ਕਿਉਂ ਲੈਣੀ ਪਵੇ ?
ਇਮਰੋਜ਼ ਸੁਆਲ ਕਰਦੇ ਹਨ ਕਿ ਜਦੋਂ ਕੋਈ ਆਪਣਾ ਆਪਣਾ ਰਾਹ ਚੁਣਦਾ ਹੈ ਤਾਂ ਸਮਾਜ ਉਸ ਵਿਚ ਦਖ਼ਲ ਕਿਉਂ ਦਿੰਦਾ ਹੈ। ਕਿਉਂ ਰੋੜੇ ਅਟਕਾਉਂਦਾ ਹੈ। ਕਿਉਂ ਅੜਿੱਕਾ ਬਣ ਜਾਂਦਾ ਹੈ। ਇਹ ਰੁਕਾਵਟਾਂ ਰਸਤਿਆਂ ਅਤੇ ਉਹਨਾਂ ਉੱਤੇ ਚੱਲਣ ਵਾਲਿਆਂ, ਦੋਹਾਂ ਦਾ ਅਪਮਾਨ ਹੈ।
ਅੰਮ੍ਰਿਤਾ ਨੂੰ ਕਿਸੇ ਨੇ ਦੱਸਿਆ ਸੀ ਕਿ ਜਦੋਂ ਉਹ ਪੈਦਾ ਹੋਏ ਸਨ ਤਾਂ ਉਹਨਾਂ ਦੇ ਕਿਸਮਤ ਵਾਲੇ ਸਥਾਨ ਵਿਚ ਚੰਦਰਮਾ ਸੀ। ਅੰਮ੍ਰਿਤਾ ਕਹਿੰਦੇ ਹਨ, ''ਫੇਰ ਭਾਗਾਂ ਵਾਲੇ ਥਾਂ ਇਮਰੋਜ਼ ਆ ਗਏ ਅਤੇ ਉਹ ਤਾਂ ਜਾਣ ਵਾਲੀ ਮਿੱਟੀ ਦੇ ਨਹੀਂ ਸਨ ਬਣੇ ਹੋਏ। ਚੰਦਰਮਾ ਤਾਂ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਹੈ, ਜਿਹੜਾ ਥਾਂ ਥਾਂ ਘੁੰਮਦਾ ਰਹਿੰਦਾ ਹੈ।"
ਅੰਮ੍ਰਿਤਾ ਅਤੇ ਇਮਰੋਜ਼ ਮਜ਼ਾਕ ਵਿਚ ਕਹਿੰਦੇ ਹਨ ਕਿ ਉਹ ਤਾਂ ਰੱਬ ਦੇ ਵਿਆਹ ਆਏ ਹੋਏ ਹਨ। ਵਿਆਹ ਵਿਚ ਖੂਬ ਰੌਣਕ ਹੈ ਅਤੇ ਅਸੀਂ ਮੌਜ ਮਸਤੀ ਕਰਨ ਆਏ ਹੋਏ ਹਾਂ। ਸ਼ਾਇਦ ਜ਼ਿੰਦਗੀ ਦਾ ਮੰਤਵ ਵੀ ਇਹੋ ਹੈ ਕਿ ਅਸੀਂ ਇਕ
ਦੂਸਰੇ ਨੂੰ ਵਧਣ-ਫੁੱਲਣ ਦਾ ਅਵਸਰ ਦੇਈਏ। ਖ਼ੁਦ ਵੀ ਮੌਜ-ਮੇਲਾ ਕਰੀਏ ਤੇ ਦੂਸਰਿਆਂ ਨੂੰ ਵੀ ਕਰਨ ਦੇਈਏ।
ਹਾਂ, ਫਰਕ ਸਿਰਫ਼ ਏਨਾ ਏ ਕਿ ਅੰਮ੍ਰਿਤਾ ਲਾੜੇ ਵੱਲੋਂ ਅਤੇ ਇਮਰੋਜ਼ ਲਾੜੀ ਵਾਲਿਆਂ ਵੱਲੋਂ ਵਿਆਹ ਵਿਚ ਸਰੀਕ ਹੋਏ ਸਨ। ਇਸੇ ਲਈ ਰਿਵਾਜ਼ ਅਨੁਸਾਰ ਇਮਰੋਜ਼ ਨੂੰ ਅੰਮ੍ਰਿਤਾ ਦੀ ਖ਼ਾਤਰਦਾਰੀ ਕਰਨੀ ਪਈ।
ਦੋਹਾਂ ਨੇ ਜ਼ਿੰਦਗੀ ਦਾ ਹਰ ਕੰਮ ਇਕੱਠਿਆਂ ਕੀਤਾ ਸੀ, ਘਰ ਦੇ ਕੰਮ, ਬੱਚਿਆਂ ਦੀ ਦੇਖਭਾਲ, ਬਾਗਬਾਨੀ ਅਤੇ ਖਾਣਾ ਬਨਾਉਣਾ ਆਦਿ। ਇਮਰੋਜ਼ ਬਾਜ਼ਾਰੋਂ ਸਬਜ਼ੀਆਂ ਲੈ ਕੇ ਆਉਂਦੇ, ਅੰਮ੍ਰਿਤਾ ਸਬਜ਼ੀਆਂ ਕਟਦੇ, ਇਮਰੋਜ਼ ਮਸਾਲਾ ਤਿਆਰ ਕਰਦੇ, ਅੰਮ੍ਰਿਤਾ ਕੜਛੀ ਫੇਰਦੇ, ਇਮਰੋਜ਼ ਅੱਗ ਬਾਲਦੇ, ਅੰਮ੍ਰਿਤਾ ਰੋਟੀਆਂ ਸੇਕਦੇ। ਦਰਅਸਲ ਇਮਰੋਜ ਨੇ ਹੀ ਅੰਮ੍ਰਿਤਾ ਨੂੰ ਖਾਣਾ ਬਨਾਉਣ ਲਈ ਪ੍ਰੇਰਿਤ ਕੀਤਾ ਸੀ।
ਹੋਇਆ ਇਸਤਰ੍ਹਾਂ ਕਿ ਬਹੁਤ ਪਹਿਲਾਂ ਦੋਵੇਂ ਪਹਾੜਾਂ ਉੱਤੇ ਘੁੰਮਣ ਗਏ। ਉਹ ਡਲਹੌਜੀ ਜਾਣਾ ਚਾਹੁੰਦੇ ਸਨ, ਪਰ ਪਠਾਨਕੋਟ ਪਹੁੰਚ ਕੇ ਉਹਨਾਂ ਸੋਚਿਆ ਕਿ ਕਿਉਂ ਨਾ ਅੰਮ੍ਰਿਤਾ ਦੇ ਚਾਚਾ-ਚਾਚੀ ਸ਼ੋਭਾ ਸਿੰਘ ਜੀ ਦੇ ਘਰ ਜਾਇਆ ਜਾਵੇ, ਸੋ ਰਸਤਾ ਬਦਲ ਕੇ ਦੋਵੇਂ ਉਥੇ ਜਾ ਪਹੁੰਚੇ। ਚਾਚੀ ਜੀ ਖ਼ੁਦ ਖਾਣਾ ਬਣਾਉਂਦੇ ਸਨ। ਉਹਨਾਂ ਨੇ ਬਹੁਤ ਪ੍ਰਾਹੁਣਚਾਰੀ ਕੀਤੀ। ਉਹਨਾਂ ਨੂੰ ਲੱਗਾ ਕਿ ਬਜ਼ੁਰਗ ਖਾਣਾ ਬਨਾਉਣ ਤੇ ਉਹ ਬੈਠ ਕੇ ਖਾਣ ਇਹ ਚੰਗਾ ਨਹੀਂ ਸੀ ਲਗਦਾ। ਦੋਹਾਂ ਨੇ ਇਹ ਨਿਰਣਾ ਲੈ ਲਿਆ ਕਿ ਖਾਣਾ ਉਹ ਬਨਾਉਣਗੇ। ਪਹਿਲਾਂ ਤਾਂ ਚਾਚੀ ਜੀ ਨਹੀਂ ਮੰਨੇ, ਫੇਰ ਉਹ ਇਸ ਗੱਲ ਉਤੇ ਸਹਿਮਤ ਹੋ ਗਏ ਕਿ 'ਚਲੋ ਇਕ ਡੰਗ ਦਾ ਖਾਣਾ ਬਣਾ ਲੈਣਾ।"
ਖਾਣਾ ਬਨਾਉਣ ਦਾ ਸਿਲਸਿਲਾ ਇਥੋਂ ਹੀ ਸ਼ੁਰੂ ਹੋਇਆ। ਉਥੇ ਇਹ ਦੋਵੇਂ ਦਸ ਦਿਨ ਰਹੇ। ਦੋਹਾਂ ਨੇ ਰਲ ਕੇ ਏਨਾ ਸੁਆਦੀ ਖਾਣਾ ਬਣਾਇਆ ਕਿ ਬਾਅਦ ਵਿਚ ਨੌਕਰ ਦੇ ਹੱਥ ਦਾ ਖਾਣਾ ਚੰਗਾ ਹੀ ਨਹੀਂ ਲੱਗਿਆ। ਤਾਂ ਦੋਹਾਂ ਨੇ ਰਲ ਕੇ ਹੀ ਖਾਣਾ ਬਨਾਉਣਾ ਸ਼ੁਰੂ ਕਰ ਦਿੱਤਾ।
ਇਹ ਸਭ ਜਾਣ ਕੇ, ਸੁਣ ਕੇ ਮੈਂ ਜਿਵੇਂ ਉਹਨਾਂ ਦੇ ਘਰ ਦਾ ਹੀ ਇਕ ਹਿੱਸਾ ਹੋ ਗਈ ਸਾਂ। ਜਾਪਿਆ, ਮੈਂ ਉਦੋਂ ਵੀ ਇਥੇ ਕਿਤੇ ਹੀ ਸਾਂ ਜਦੋਂ ਇਹ ਜੋੜਾ ਪਹਿਲੀ ਵਾਰੀ ਹਸਦਾ, ਗੱਲਾਂ ਕਰਦਾ ਆਪਣੇ ਲਈ ਖਾਣਾ ਤਿਆਰ ਕਰ ਰਿਹਾ ਸੀ।
ਉੱਨੀ
ਅੰਮ੍ਰਿਤਾ ਅਤੇ ਇਮਰੋਜ਼ ਦੀ ਆਪਸੀ ਗੁਫ਼ਤਗੂ, ਉਹਨਾਂ ਦਾ ਇਕ ਦੂਸਰੇ ਬਾਰੇ ਕੁਝ ਕਹਿਣਾ, ਕੁਝ ਸਮਝਣਾ, ਕੁਝ ਸਮਝਾਉਣਾ, ਕੁਝ ਦੱਸਣਾ ਮੰਨ ਨੂੰ ਮੋਂਹਦਾ ਸੀ।
ਇਕ ਦਿਨ ਅੰਮ੍ਰਿਤਾ ਇਮਰੋਜ ਨੂੰ ਕਹਿਣ ਲੱਗੇ, "ਤੂੰ ਹੀ ਮੇਰਾ ਇਕਲੌਤਾ ਦੋਸਤ ਹੈਂ।" ਇਮਰੋਜ਼ ਨੇ ਜੁਆਬ ਦਿੱਤਾ, "ਕੀ ਤੂੰ ਮੈਨੂੰ ਆਪਣਾ ਵਿਸ਼ਵਾਸ-ਪਾਤਰ ਸਮਝਦੀ ਏਂ ?"
"ਤੂੰ ਹੀ ਤਾਂ ਕਿਹਾ ਸੀ ਕਿ ਤੂੰ ਮੇਰੀ ਕਿਤਾਬ 'ਡਾਕਟਰ ਦੇਵ’ ਦਾ ਡਾਕਟਰ ਦੇਵ ਏਂ। ਹਾਲਾਂਕਿ ਇਹ ਨਾਵਲ ਮੈਂ ਤੈਨੂੰ ਮਿਲਣ ਤੋਂ ਪਹਿਲਾਂ ਲਿਖਿਆ ਸੀ, ਪਰ ਏਨੇ ਦੋਗਲੇ ਲੋਕਾਂ ਦੀ ਭੀੜ ਵਿਚੋਂ ਮੈਂ ਤੈਨੂੰ ਲੱਭ ਲਿਆ ਸੀ। ਕੀ ਇਹ ਸਬੂਤ ਘੱਟ ਹੈ?"
ਅੰਮ੍ਰਿਤਾ ਨੇ ਫੈਜ਼ ਅਹਿਮਦ ਫੈਜ਼ ਦਾ ਇਕ ਸ਼ੇਅਰ ਪੜ੍ਹਿਆ-
ਕਿਸੀ ਕਾ ਦਰਦ ਹੋ, ਕਰਤੇ ਹੈਂ ਤੇਰੇ ਨਾਮ ਰਕਮ
ਗਿਲਾ ਹੈ ਜੋ ਭੀ ਕਿਸੀ ਸੇ, ਤੇਰੇ ਸਬੱਬ ਸੇ ਹੈ।
ਇਸ ਤਰ੍ਹਾਂ ਕਹਿੰਦਿਆਂ ਉਹ ਹਰ ਬੁਰਾਈ ਲਈ ਇਮਰੋਜ਼ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਸਨ। ਭਾਵੇਂ ਉਹ ਕਿਸੇ ਅਖਬਾਰ ਦੀ ਖ਼ਬਰ ਹੀ ਕਿਉਂ ਨਾ ਹੋਵੇ। ਮਸਲਨ, ਕਿਸੇ ਡਰਾਈਵਰ ਨੇ ਕਿਸੇ ਔਰਤ ਨਾਲ ਅਭੱਦਰ ਵਿਹਾਰ ਕੀਤਾ ਅਤੇ ਉਸ ਔਰਤ ਨੇ ਚਲਦੀ ਬੱਸ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਗੁਆ ਦਿੱਤੀ। ਜਾਂ ਫਿਰ ਚੀਨ ਦੀ ਚਲਾਕੀ ਹੋਵੇ, ਰੂਸ ਦੀ ਧੋਖਾਧੜੀ ਜਾਂ ਫਿਰ ਅਮਰੀਕਾ ਦੀ ਤਾਨਾਸ਼ਾਹੀ, ਉਹ ਬੱਸ ਇਮਰੋਜ਼ ਉੱਤੇ ਵਰ੍ਹ ਪੈਂਦੇ ਸਨ। ਉਧਰ ਇਮਰੋਜ਼ ਕਹਿੰਦੇ, "ਅੰਮ੍ਰਿਤਾ ਜਨਮ ਤੋਂ ਹੀ ਆਦਰਸ਼ਵਾਦੀ ਸੀ। ਗੁੱਸੇ ਵਿਚ ਜਾਂ ਖਿਝ ਕੇ ਉਹ ਕੁਝ ਵੀ ਕਹਿ ਦੇਵੇ, ਪਰ ਲੋਕਾਂ ਦੇ ਬੇਯਕੀਨੀ ਵਾਲੇ ਵਤੀਰੇ ਦੇ ਬਾਵਜੂਦ ਅੰਮ੍ਰਿਤਾ ਦਾ ਮਨੁੱਖ ਦੀ ਚੰਗਿਆਈ ਵਿਚ ਵਿਸ਼ਵਾਸ ਬਣਿਆ ਹੋਇਆ ਸੀ।
ਵਿਖਾਵੇ ਵਿਚ ਉਹ ਭਾਵੇਂ ਕਿੰਨੇ ਵੀ ਅੱਗ ਭਬੂਕਾ ਹੋ ਜਾਣ, ਅੰਦਰੋਂ ਉਹ ਬੇਹੱਦ ਸ਼ਾਂਤ ਅਤੇ ਸੀਤਲ ਸਨ। ਆਪਣੇ ਜੀਵਨ ਦੇ ਏਨੇ ਕੌੜੇ ਅਨੁਭਵਾਂ ਤੋਂ ਬਾਅਦ ਵੀ ਜਦੋਂ ਵੇਲਾ ਆਉਂਦਾ ਤਾਂ ਉਹ ਮਨੁੱਖਤਾ ਵਿਚ ਆਪਣਾ ਵਿਸ਼ਵਾਸ ਮੁੜ ਪੱਕਾ ਕਰ ਲੈਂਦੇ ਸਨ। "ਆਮਤੌਰ ਉੱਤੇ ਇਹੋ ਜਿਹੇ ਅਨੁਭਵਾਂ ਤੋਂ ਬਾਅਦ ਉਹ ਇਕ ਉਦਾਸ ਗੀਤ ਲਿਖਕੇ ਹੀ ਸੰਤੁਸ਼ਟ ਹੋ ਜਾਂਦੇ ਸਨ।"
ਇਮਰੋਜ਼ ਦਸਦੇ ਹਨ ਕਿ ਸਮਕਾਲੀ ਸਾਹਿਤਕਾਰਾਂ ਪ੍ਰਤੀ ਅੰਮ੍ਰਿਤਾ ਦੇ ਮਨ ਵਿਚ ਅਪਣਤ ਅਤੇ ਭਾਈਚਾਰੇ ਦੀ ਭਾਵਨਾ ਬਹੁਤ ਡੂੰਘੀ ਸੀ। ਜੇ ਉਹਨਾਂ ਨੂੰ ਕਿਸੇ ਦੂਸਰੇ ਦੀ ਲਿਖੀ ਹੋਈ ਕਵਿਤਾ ਜਾਂ ਸ਼ੇਅਰ ਪਸੰਦ ਆ ਜਾਂਦਾ ਸੀ ਤਾਂ ਉਹ ਦਿਨ ਭਰ ਉਸੇ ਨੂੰ ਗੁਣਗੁਣਾਉਂਦੇ ਰਹਿੰਦੇ ਸਨ ਅਤੇ ਦੂਸਰਿਆਂ ਨੂੰ ਵੀ ਸੁਣਾਉਂਦੇ ਸਨ। ਉਹਨਾਂ ਨੂੰ ਲਗਦਾ ਜਿਵੇਂ ਉਹਨਾਂ ਦੇ ਕਿਸੇ ਆਪਣੇ ਨੇ ਹੀ ਬਹੁਤ ਵੱਡੀ ਸਾਹਿਤਕ ਪ੍ਰਾਪਤੀ ਕਰ ਲਈ ਹੋਵੇ। ਇਸ ਤਰ੍ਹਾਂ ਕਰਦਿਆਂ ਉਹ ਸੂਰਜ ਦੀ ਕਿਰਨ ਵਾਂਗ ਲਿਸ਼ਕਣ ਲੱਗ ਪੈਂਦੇ ਸਨ। ਜਦੋਂ ਕਿ ਉਹਨਾਂ ਦੇ ਸਮਕਾਲੀ ਉਹਨਾਂ ਪ੍ਰਤੀ ਈਰਖਾਲੂ ਅਤੇ ਸੰਕੀਰਨ ਸੋਚ ਰਖਦੇ ਸਨ।
ਇਮਰੋਜ਼ ਅਨੁਸਾਰ ਅੰਮ੍ਰਿਤਾ ਕਦੀ ਕਿਸੇ ਉੱਤੇ ਆਰਥਿਕ ਤੌਰ ਉੱਤੇ ਨਿਰਭਰ ਹੋਣਾ ਪਸੰਦ ਨਹੀਂ ਸਨ ਕਰਦੇ। ਲਾਹੌਰ ਵਿਚ ਜਦੋਂ ਅੰਮ੍ਰਿਤਾ ਰੇਡੀਓ ਸਟੇਸ਼ਨ ਉੱਤੇ ਕੰਮ ਕਰਨ ਜਾਂਦੀ ਸੀ ਤਾਂ ਇਕ ਦਿਨ ਘਰ ਦੇ ਇਕ ਬਜ਼ੁਰਗ ਨੇ ਪੁੱਛਿਆ ਕਿ ਉਹਨਾਂ ਨੂੰ ਇਸ ਕੰਮ ਦੇ ਕਿੰਨੇ ਪੈਸੇ ਮਿਲਦੇ ਸਨ ?
ਅੰਮ੍ਰਿਤਾ ਨੇ ਜੁਆਬ ਦਿੱਤਾ, "ਦਸ ਰੁਪਏ।"
ਬਜ਼ੁਰਗ ਬੋਲੇ, "ਤੂੰ ਮੇਰੇ ਕੋਲੋਂ ਵੀਹ ਰੁਪਏ ਲੈ ਲਿਆ ਕਰ, ਪਰ ਰੇਡੀਓ ਉੱਤੇ ਕੰਮ ਕਰਨਾ ਛੱਡ ਦੇਹ।" ਅੰਮ੍ਰਿਤਾ ਨਹੀਂ ਮੰਨੇ ਕਿਉਂਕਿ ਪੈਸੇ ਨਾਲੋਂ ਜਿਆਦਾ ਉਹਨਾਂ ਨੂੰ ਆਪਣੀ ਆਜ਼ਾਦੀ ਪਸੰਦ ਸੀ, ਆਤਮ ਨਿਰਭਰ ਹੋਣਾ ਪਸੰਦ ਸੀ।
ਇਕ ਗੱਲ ਉੱਤੇ ਇਮਰੋਜ਼ ਅਤੇ ਅੰਮ੍ਰਿਤਾ ਪੂਰੇ ਸਹਿਮਤ ਸਨ। ਉਹ ਮੰਨਦੇ ਹਨ ਕਿ ਧਰਮ ਅਤੇ ਮਾਂ-ਬਾਪ ਦੋਵੇਂ ਹੀ ਬੱਚਿਆਂ ਨੂੰ ਡਰਾ ਧਮਕਾ ਕੇ ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਡਰਿਆ ਹੋਇਆ ਬੱਚਾ ਡਰਿਆ ਹੋਇਆ ਸਮਾਜ ਬਣਾਉਂਦਾ ਹੈ ਅਤੇ ਇਹੋ ਜਿਹੇ ਸਮਾਜ ਵਿਚ ਨਰੋਏ ਸੰਬੰਧ ਕਾਇਮ ਨਹੀਂ ਹੋ ਸਕਦੇ। ਚੰਗਾ ਸੰਬੰਧ ਤਾਂ ਹੀ ਬਣਦਾ ਹੈ ਜਦੋਂ ਉਹ ਸਹਿਜ ਹੋਵੇ, ਸੁਭਾਵਿਕ ਹੋਵੇ, ਬਰਾਬਰਤਾ ਦਾ ਹੋਵੇ।
ਇਸ ਪ੍ਰਸੰਗ ਵਿਚ ਇਮਰੋਜ਼ ਮੰਨਦਾ ਹੈ ਕਿ ਜੇ ਕੋਈ ਕਿਸੇ ਤੋਂ ਡਰਿਆ ਹੋਇਆ ਹੈ, ਭਾਵੇਂ ਉਹ ਮਾਤਾ-ਪਿਤਾ ਹੋਣ ਜਾਂ ਫਿਰ ਰੱਬ, ਤਾਂ ਉਹ ਕਦੀ ਉਸ ਨਾਲ ਪਿਆਰ ਨਹੀਂ ਕਰ ਸਕਦਾ। ਮਾਤਾ-ਪਿਤਾ, ਸਮਾਜ ਜਾਂ ਧਰਮ ਦੇ ਦਬਾਅ ਦੇ ਕਾਰਨ ਕੋਈ ਇਸਤਰੀ-ਪੁਰਸ਼ ਸੁਤੰਤਰ ਨਹੀਂ ਹੈ। ਇਮਰੋਜ਼ ਅਨੁਸਾਰ, "ਅੱਜ ਕਲ੍ਹ ਆਜ਼ਾਦੀ ਦਾ ਮਾਹਨਾ ਕੇਵਲ ਕਪੜੇ ਦਾ ਇਕ ਰੰਗੀਨ ਟੁਕੜਾ ਹੈ ਜਿਸਨੂੰ ਆਜ਼ਾਦ ਮੁਲਕ ਆਪਣੀ ਆਜ਼ਾਦੀ ਨੂੰ ਜ਼ਾਹਰ ਕਰਨ ਲਈ ਝੰਡੇ ਦੇ ਰੂਪ ਵਿਚ ਲਹਿਰਾ ਦਿੰਦੇ ਹਨ।"
ਵੀਹ
ਅੰਮ੍ਰਿਤਾ ਬਚਪਨ ਤੋਂ ਹੀ ਇਕੱਲੇ ਪਲੇ ਤੇ ਵੱਡੇ ਹੋਏ ਹਨ। ਜਦੋਂ ਉਹ ਸਿਰਫ਼ ਦਸ ਸਾਲ ਦੇ ਸਨ, ਉਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦਾ ਬਚਪਨ ਬਚਪਨ ਵਰਗਾ ਨਹੀਂ ਸੀ। ਉਹਨਾਂ ਦੇ ਪਿਤਾ ਲੇਖਕ ਸਨ। ਉਹ ਰਾਤ ਬਹਿ ਕੇ ਲਿਖਦੇ ਤੇ ਦਿਨ ਵੇਲੇ ਸੌਂਦੇ ਸਨ। ਘਰ ਵਿਚ ਕਿਤਾਬਾਂ ਤੇ ਸਿਰਫ਼ ਕਿਤਾਬਾਂ ਹੀ ਸਨ ਅਤੇ ਉਹ ਜਿਵੇਂ ਉਹਨਾਂ ਕਿਤਾਬਾਂ ਦੇ ਭਾਰ ਹੇਠ ਨੱਪੇ ਗਏ ਸਨ। ਇਥੋਂ ਤਕ ਕਿ ਕਈ ਵਾਰ ਉਹਨਾਂ ਨੂੰ ਲਗਦਾ, ਉਹ ਖੁਦ ਵੀ ਇਕ ਕਿਤਾਬ ਹਨ, ਪਰ ਕੋਰੀ ਕਿਤਾਬ। ਸੋ ਉਹਨਾਂ ਉਸੇ ਕੋਰੀ ਕਿਤਾਬ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ।
ਉਹਨਾਂ ਦੇ ਪਿਤਾ ਨੇ ਉਹਨਾਂ ਦੀ ਪ੍ਰਤਿਭਾ ਨੂੰ ਪਛਾਣਿਆਂ, ਉਹਨੂੰ ਸਵਾਰਿਆ ਤੁਕ ਅਤੇ ਛੰਦ ਦਾ ਗਿਆਨ ਕਰਵਾਇਆ। ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਸੰਸਾ ਦੇ ਗੀਤ ਅਤੇ ਮਨੁੱਖ ਦੇ ਦੁਖ ਦਰਦ ਦੀ ਕਹਾਣੀ ਲਿਖਣ ਲਈ ਪ੍ਰੇਰਿਤ ਕੀਤਾ। ਉਹ ਚਾਹੁੰਦੇ ਸਨ ਕਿ ਅੰਮ੍ਰਿਤਾ ਮੀਰਾ ਬਾਈ ਵਾਂਗ ਲਿਖੇ, ਪਰ ਇਹ ਨਹੀਂ ਹੋ ਸਕਿਆ।
ਅੰਮ੍ਰਿਤਾ ਨੇ ਚੰਨ ਦੇ ਪਰਛਾਵੇਂ ਵਿਚੋਂ ਸਿਰਜ ਕੇ ਮਨ ਵਿਚ ਇਕ ਕਲਪਿਤ ਆਕਾਰ ਬਣਾ ਲਿਆ ਸੀ, ਜਿਸਨੂੰ ਉਹ ਘੰਟਿਆਂ ਬੱਧੀ ਚੰਨ ਵਿਚ ਨਿਹਾਰਦੇ ਰਹਿੰਦੇ ਸਨ। ਉਸਦਾ ਨਾਂ ਉਹਨਾਂ ਰਾਜਨ ਰੱਖਿਆ ਸੀ। ਗਿਆਰਾਂ ਸਾਲ ਦੀ ਉਮਰ ਵਿਚ ਅੰਮ੍ਰਿਤਾ ਨੇ ਆਪਣੀ ਪਹਿਲੀ ਪ੍ਰੇਮ-ਕਵਿਤਾ ਉਸੇ ਰਾਜਨ ਦੇ ਨਾਂ ਲਿਖੀ, ਜਿਹੜੀ ਉਹਨਾਂ ਦੇ ਪਿਤਾ ਨੇ ਅੰਮ੍ਰਿਤਾ ਦੀ ਕਮੀਜ਼ ਦੀ ਜ਼ੇਬ ਵਿਚ ਵੇਖ ਲਈ। ਅੰਮ੍ਰਿਤਾ ਡਰ ਗਏ ਤੇ ਇਹ ਨਹੀਂ ਕਹਿ ਸਕੇ ਕਿ ਇਹ ਕਵਿਤਾ ਉਹਨਾਂ ਨੇ ਲਿਖੀ ਹੈ। ਪਿਤਾ ਨੇ ਉਹਨਾਂ ਦੇ ਚੁਪੇੜ ਮਾਰੀ, ਇਸ ਲਈ ਨਹੀਂ ਕਿ ਉਹਨਾਂ ਕਵਿਤਾ ਲਿਖੀ ਸੀ, ਸਗੋਂ ਇਸ ਲਈ ਕਿ ਉਹਨਾਂ ਝੂਠ ਬੋਲਿਆ ਸੀ।
"ਮੇਰੀ ਕਵਿਤਾ ਇਹ ਦੋਸ਼ ਨਹੀਂ ਝਲ ਸਕੀ ਕਿ ਉਸ ਨੇ ਝੂਠ ਬੋਲਿਆ ਸੀ, ਇਸ ਲਈ ਬਿਨਾਂ ਕਿਸੇ ਸੰਗ ਸ਼ਰਮ ਦੇ ਬੇਰੋਕ-ਟੋਕ ਫੁਟ ਪਈ ਤੇ ਵਹਿ ਤੁਰੀ।" ਅੰਮ੍ਰਿਤਾ ਨੇ ਦੱਸਿਆ।
ਪੰਜਾਬ ਸਰਕਾਰ ਨੇ ਅੰਮ੍ਰਿਤਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਖੁਦ ਅੰਮ੍ਰਿਤਾ ਨੂੰ ਸਨਮਾਨਿਤ ਕਰ ਲਈ ਉਹਨਾਂ ਦੇ ਘਰ ਪਹੁੰਚੇ। ਅੰਮ੍ਰਿਤਾ ਆਪਣੇ ਪਿਤਰੀ ਪ੍ਰਾਂਤ ਦੇ ਦਿੱਤੇ ਸਨਮਾਨ ਨਾਲ
ਪ੍ਰਭਾਵਿਤ ਵੀ ਹੋਏ ਤੇ ਭਾਵੁਕ ਵੀ। ਉਸ ਦਿਨ ਉਹ ਬਹੁਤ ਬਿਮਾਰ ਸਨ। ਉਹਨਾਂ ਨੂੰ ਵੀਲ ਚੇਅਰ ਉਤੇ ਬਿਠਾ ਕੇ ਬੈਠਕ ਵਿਚ ਲਿਆਂਦਾ ਗਿਆ ਸੀ।
ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪੰਜਾਬ ਅਤੇ ਦਿੱਲੀ ਦੇ ਨਾਮਵਰ ਲੇਖਕ ਤੇ ਕਵੀ ਵੀ ਉਸ ਵੇਲੇ ਮੌਜੂਦ ਸਨ। ਅੰਮ੍ਰਿਤਾ ਬਹੁਤ ਜਜ਼ਬਾਤੀ ਹੋ ਕੇ ਬੋਲੇ, "ਬਹੁਤ ਵਰ੍ਹਿਆ ਪਿੱਛੋਂ ਮੇਰੇ ਪੇਕਿਆਂ ਨੇ ਮੈਨੂੰ ਯਾਦ ਕੀਤਾ ਹੈ, ਪਰ ਏਨੀ ਦੇਰ ਕਰ ਦਿੱਤੀ ਕਿ ਹੁਣ ਮੈਥੋਂ ਆਪਣੇ ਪੈਰਾਂ ਉੱਤੇ ਖਲੋ ਕੇ ਉਹਨਾਂ ਦਾ ਸਵਾਗਤ ਵੀ ਨਹੀਂ ਕੀਤਾ ਜਾ ਰਿਹਾ।"
ਪੇਕਿਆਂ ਦੀਆਂ ਯਾਦਾਂ ਨੇ ਇਕੋ ਵੇਲੇ ਝੁਰਮਟ ਪਾ ਲਿਆ ਸੀ ਤੇ ਉਹਨਾਂ ਕੋਲੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ। ਉਹਨਾਂ ਦੇ ਸ਼ਬਦਾਂ ਵਿਚ ਉਲ੍ਹਾਮਾ ਵੀ ਸੀ ਕਿ ਉਹਨਾਂ ਦੇ ਬਾਬਲ ਦੇ ਸੂਬੇ ਨੇ ਉਹਨਾਂ ਨੂੰ ਠੀਕ ਤਰ੍ਹਾਂ ਪਛਾਣਿਆਂ ਵੀ, ਪਰ ਬਹੁਤ ਦੇਰ ਨਾਲ।
ਮੈਨੂੰ ਅਚਾਨਕ ਆਪਣੇ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਹੋਣ ਲੱਗ ਪਿਆ ਸੀ ਕਿਉਂਕਿ ਮੈਂ ਸਮਝ ਰਹੀ ਸਾਂ ਕਿ ਆਪਣੀ ਮਿੱਟੀ ਤੋਂ ਦੂਰ ਰਹਿਣ ਦਾ ਕੀ ਦੁੱਖ ਹੁੰਦਾ ਹੈ ਅਤੇ ਸ਼ਾਇਦ ਇਸ ਲਈ ਵੀ ਕਿ ਮੈਂ ਉਸ ਦਿਨ ਪੰਜਾਬ ਦੇ ਸਾਹਿਤਕ ਇਤਿਹਾਸ ਦੇ ਇਕ ਅਹਿਮ ਪੰਨੇ ਨੂੰ ਬਹੁਤ ਨੇੜਿਓਂ ਵੇਖਿਆ ਤੇ ਮਹਿਸੂਸ ਕੀਤਾ ਸੀ।
ਇੱਕੀ
ਸਾਹਿਰ ਦੇ ਨਾਂ ਦੇ ਬਹੁਤ ਖੂਬਸੂਰਤ ਕੈਲੀਗ੍ਰਾਫੀ ਬਣਾ ਕੇ ਇਮਰੋਜ਼ ਨੇ ਉਹਨੂੰ ਆਪਣੇ ਕਮਰੇ ਦੀ ਕੰਧ ਉੱਤੇ ਸਜਾਇਆ ਹੋਇਆ ਹੈ। ਮੈਂ ਹੈਰਾਨ ਹੋਈ ਉਹ ਕੈਲੀਗ੍ਰਾਫ਼ੀ ਵੇਖ ਰਹੀ ਸਾਂ ਕਿ ਇਮਰੋਜ਼ ਨੇ ਭਾਪ ਲਿਆ ਕਿ ਮੈਂ ਏਨੀ ਹੈਰਾਨ ਕਿਉਂ ਸਾਂ ਤੇ ਕੀ ਪੁੱਛਣਾ ਚਾਹੁੰਦੀ ਸਾਂ।
"ਤੂੰ ਇਹ ਜਾਣਨਾ ਚਾਹੁੰਦੀ ਏਂ ਨਾ ਕਿ ਮੈਂ ਸਾਹਿਰ ਦੇ ਨਾਂ ਨੂੰ ਕੈਲੀਗ੍ਰਾਫ ਕਿਉਂ ਕੀਤਾ ਹੈ ?" ਉਹਨਾਂ ਮੈਨੂੰ ਪੁੱਛਿਆ। "ਤੈਨੂੰ ਪਤਾ ਹੈ ਜਦੋਂ ਅੰਮ੍ਰਿਤਾ ਕਾਗਜ਼ ਉੱਤੇ ਨਹੀਂ ਸੀ ਲਿਖਦੀ ਤਾਂ ਵੀ ਉਹਦੇ ਸੱਜੇ ਹੱਥ ਦੀ ਪਹਿਲੀ ਉਂਗਲੀ ਲਿਖ ਰਹੀ ਹੁੰਦੀ ਸੀ, ਕੋਈ ਸ਼ਬਦ, ਕੋਈ ਨਾਮ, ਕੁਝ ਵੀ, ਚਾਹੇ ਕਿਸੇ ਦਾ ਵੀ ਹੋਵੇ, ਭਾਵੇਂ ਆਪਣਾ ਹੀ ਹੋਵੇ। ਜਿਥੇ ਵੀ ਉਸ ਦਾ ਹੱਥ ਪਹੁੰਚੇ ਜਾਂ ਨਾ ਪਹੁੰਚੇ। ਜੋ ਵੀ ਉਸਦੇ ਸਾਹਮਣੇ ਆ ਜਾਵੇ, ਚਾਹੇ ਉਹਦਾ ਗੋਡਾ ਜਾਂ ਮੇਰਾ ਮੋਢਾ, ਉਸਦੇ ਕਮਰੇ ਦੀ ਕੰਧ ਹੋਵੇ ਜਾਂ ਕਿਸੇ ਵੀ ਹੋਰ ਥਾਂ ਦੀਆਂ ਕੰਧਾਂ, ਇਥੇ, ਉਥੇ ਤੇ ਕਿਤੇ ਵੀ, ਇਸ ਨਸਲ ਤੋਂ ਅਗਲੀ ਨਸਲ ਤਕ। ...ਤੇ ਜੋ ਉਸ ਦੀਆਂ ਉਂਗਲਾਂ ਪੱਤਿਆਂ ਅਤੇ ਪੌਦਿਆਂ ਤਕ ਪਹੁੰਚ ਜਾਣ ਜਾਂ ਫਿਰ ਖ਼ੁਸ਼ਬੂ ਤੱਕ ਚਲੀਆਂ ਜਾਣ ਤਾਂ ਉਹ ਉਥੇ ਵੀ ਲਿਖਣ ਲੱਗ ਪੈਂਦੀ।"
ਉਹਨਾਂ ਮੈਨੂੰ ਖ਼ੁਦ ਦੱਸਿਆ ਸੀ ਕਿ ਚੰਨ ਵਿਚ ਜਿਹੜਾ ਪਰਛਾਵਾਂ ਦਿਸਦਾ ਹੈ, ਉਹ ਵੀ ਉਹਨੂੰ ਸ਼ਬਦਾਂ ਵਾਂਗ ਹੀ ਦਿਸਦਾ ਹੈ। ਬਚਪਨ ਵਿਚ ਉਹਨਾਂ ਦੀ ਉਂਗਲੀ ਉਹਨਾਂ ਹੀ ਪਰਛਾਵਿਆਂ ਵਿਚੋਂ ਸ਼ਬਦ ਲੱਭ ਲੈਂਦੀ ਸੀ।
ਇਹ ਕਿਸਤਰ੍ਹਾਂ ਦੀ ਪ੍ਰਬੰਧ ਸ਼ੈਲੀ ਸੀ ? ਇਹ ਕਿਸ ਕਿਸਮ ਦੀ ਤਪੱਸਿਆ ਸੀ?
"ਸਾਡੀ ਜਾਣ-ਪਛਾਣ ਦੇ ਸ਼ੁਰੂ ਵਾਲੇ ਸਾਲਾਂ ਵਿਚ ਮੈਂ ਉਹਨੂੰ ਸਕੂਟਰ ਉੱਤੇ ਬਿਠਾ ਕੇ ਲੈ ਜਾਂਦਾ ਸਾਂ। ਇਕ ਦਿਨ ਸਕੂਟਰ ਦੀ ਪਿਛਲੀ ਸੀਟ ਉੱਤੇ ਬੈਠੀ ਨੇ ਸਾਹਿਰ ਦਾ ਨਾਂ ਆਪਣੀ ਉਂਗਲ ਨਾਲ ਮੇਰੀ ਪਿੱਠ ਉੱਤੇ ਲਿਖ ਦਿੱਤਾ। ਮੈਨੂੰ ਉਸ ਪਲ ਪਤਾ ਚਲ ਗਿਆ ਕਿ ਉਹ ਸਾਹਿਰ ਨੂੰ ਕਿੰਨਾ ਪਿਆਰ ਕਰਦੀ ਸੀ।
"…ਤੇ ਜੀਹਨੂੰ ਅੰਮ੍ਰਿਤਾ ਪਿਆਰ ਕਰਦੀ ਹੈ, ਉਸਦੀ ਸਾਡੇ ਘਰ ਵਿਚ, ਸਾਡੇ ਦਿਲ ਵਿਚ ਇਕ ਅਹਿਮ ਥਾਂ ਹੈ।"
ਇਮਰੋਜ਼ ਨੇ ਸਾਹਿਰ ਦੀ ਕਿਤਾਬ ਦਾ ਸਰਵਰਕ ਬਣਾਇਆ ਸੀ ਅਤੇ ਉਸ
ਕਿਤਾਬ ਦਾ ਨਾਂ ਸੀ 'ਆਓ ਖ਼ਵਾਬ ਬੁਨੇਂ'। ਸਾਹਿਰ ਬਾਰੇ ਅੰਮ੍ਰਿਤਾ ਦੀਆਂ ਭਾਵਨਾਵਾਂ ਨੂੰ ਜਾਣਦਿਆਂ ਇਮਰੋਜ਼ ਨੇ ਹੱਸ ਕੇ ਕਿਹਾ ਸੀ, "ਜਦੋਂ ਕੋਈ ਕਿਸੇ ਦਾ ਖ਼ਵਾਬ ਬਣ ਹੀ ਨਹੀਂ ਸਕਦਾ ਤਾਂ ਖ਼ਵਾਬ ਬੁਣਨ ਦਾ ਕੀ ਫਾਇਦਾ।"
ਸਾਹਿਰ ਦੇ ਨਾਲ ਅੰਮ੍ਰਿਤਾ ਦਾ ਰਿਸ਼ਤਾ ਇਕ ਖ਼ਾਮੋਸ਼ ਰਿਸ਼ਤਾ ਸੀ, ਮਨ ਦੇ ਪੱਧਰ ਉੱਤੇ। ਉਹਨਾਂ ਵਿਚਕਾਰ ਸਰੀਰਕ ਕੁਝ ਨਹੀਂ ਸੀ ਜਿਹੜਾ ਉਹਨਾਂ ਨੂੰ ਬੰਨ੍ਹ ਸਕਦਾ। ਉਹ ਅੰਮ੍ਰਿਤਾ ਲਈ ਦੇਵ-ਛਾਇਆ ਵਾਂਗ ਸੀ, ਐਸਾ ਇਨਸਾਨ ਜਿਸਦੇ ਲੰਮੇਂ ਪਰਛਾਵੇ ਵਿਚੋਂ ਅੰਮ੍ਰਿਤਾ ਨੂੰ ਭਰਪੂਰ ਖੁਸ਼ੀ ਅਤੇ ਜਜ਼ਬਾਤੀ ਖੁਰਾਕ ਮਿਲਦੀ ਸੀ।
ਚੌਦਾਂ ਸਾਲ ਤਕ ਅੰਮ੍ਰਿਤਾ ਉਸ ਦੀ ਛਾਂ ਵਿਚ ਤੁਰਦੀ ਰਹੀ। ਦੋਹਾਂ ਵਿਚਕਾਰ ਇਕ ਮੂਕ ਵਾਰਤਾਲਾਪ ਚਲਦਾ ਰਿਹਾ। ਉਹ ਆਉਂਦਾ ਤੇ ਅੰਮ੍ਰਿਤਾ ਨੂੰ ਆਪਣੀਆਂ ਨਜ਼ਮਾ ਫੜਾ ਕੇ ਚਲਿਆ ਜਾਂਦਾ। ਕਈ ਵਾਰ ਤਾਂ ਉਹ ਅੰਮ੍ਰਿਤਾ ਦੀ ਗਲੀ ਦੀ ਪਾਨ ਦੀ ਦੁਕਾਨ ਤਕ ਹੀ ਆਉਂਦਾ। ਪਾਨ ਖਾਂਦਾ, ਸੋਡਾ ਪੀਂਦਾ ਤੇ ਅੰਮ੍ਰਿਤਾ ਦੀ ਖਿੜਕੀ ਵੱਲ ਇਕ ਵਾਰ ਵੇਖ ਕੇ ਪਰਤ ਜਾਂਦਾ।
ਸਾਹਿਰ ਅੰਮ੍ਰਿਤਾ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਸੀ। ਅੰਮ੍ਰਿਤਾ ਲਈ ਹਮੇਸ਼ਾ ਚਮਕਣ ਵਾਲਾ ਇਕ ਸਿਤਾਰਾ ਸੀ ਉਹ, ਪਰ ਪਹੁੰਚ ਤੋਂ ਬਹੁਤ ਦੂਰ। ਅੰਮ੍ਰਿਤਾ ਨੇ ਖ਼ੁਦ ਵੀ ਕਿਹਾ ਸੀ, "ਸਾਹਿਰ ਘਰ ਆਉਂਦਾ ਕੁਰਸੀ ਉੱਤੇ ਬੈਠਦਾ, ਇਕ ਤੋਂ ਬਾਅਦ ਇਕ ਸਿਗਰਟ ਪੀਂਦਾ ਅਤੇ ਬਚੇ ਹੋਏ ਟੁਕੜੇ ਐਸ਼ ਟਰੇਅ ਵਿਚ ਛੱਡ ਕੇ ਚਲਿਆ ਜਾਂਦਾ।" ਉਸ ਦੇ ਜਾਣ ਤੋਂ ਪਿੱਛੋਂ ਅੰਮ੍ਰਿਤਾ ਇਕ ਇਕ ਟੁਕੜਾ ਚੁੱਕ ਕੇ ਪੀਣ ਲੱਗ ਪੈਂਦੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਹੀ ਉਹਨੂੰ ਸਿਗਰਟ ਪੀਣ ਦੀ ਆਦਤ ਪੈ ਗਈ ਸੀ।
ਅੰਮ੍ਰਿਤਾ ਪਿਆਰ ਦੇ ਇਕ ਵਿਸ਼ੇਸ਼ ਰੂਪ-ਆਕਾਰ ਵਿਚ ਵਿਸ਼ਵਾਸ ਰਖਦੀ ਸੀ। ਪਿਆਰ ਦੀ ਪ੍ਰੀਭਾਸ਼ਾ ਬਾਰੇ ਦਸਦਿਆਂ ਉਹਨਾਂ ਇਕ ਵਾਰ ਕਿਹਾ ਸੀ, "ਇਕ ਪ੍ਰੇਮੀ ਦੇ ਦੂਸਰੇ ਵਿਚ ਲੀਨ ਹੋਣ ਦੀ ਗੱਲ ਮੈਂ ਨਹੀਂ ਮੰਨਦੀ। ਕੋਈ ਕਿਸੇ ਵਿਚ ਲੀਨ ਨਹੀਂ ਹੁੰਦਾ। ਦੋਵੇਂ ਹੀ ਵੱਖਰੇ ਵੱਖਰੇ ਇਨਸਾਨ ਹਨ। ਇਕ ਦੂਸਰੇ ਤੋਂ ਅਲੱਗ ਰਹਿ ਕੇ ਹੀ ਉਹ ਇਕ ਦੂਸਰੇ ਨੂੰ ਪਹਿਚਾਣ ਸਕਣਗੇ। ਜੇ ਲੀਨ ਹੀ ਹੋ ਗਏ ਤਾਂ ਪਿਆਰ ਕੀਹਨੂੰ ਕਰੋਗੇ ?"
ਆਪਣਾ ਪੱਖ ਉਹ ਇਕ ਨਜ਼ਮ ਰਾਹੀਂ ਪੇਸ਼ ਕਰਦੇ ਹਨ-
ਚਾਦਰ ਫਟੇ ਮੈਂ ਟਾਕੀਆਂ ਲਗਾਵਾਂ
ਅੰਬਰ ਫਟੇ ਕੀ ਸੀਣਾ
ਖਾਵੰਦ ਮਰੇ ਹੋਰ ਕਰੀਸਾਂ
ਆਸ਼ਕ ਮਰੇ ਕੀ ਜੀਣਾ।
ਇਕ ਵਾਰ ਮੈਂ ਇਮਰੋਜ਼ ਨੂੰ ਪੁੱਛਿਆ ਸੀ, "ਅੰਮ੍ਰਿਤਾ ਏਨੇ ਸਾਲ ਤਕ ਸਾਹਿਰ ਦੀ ਯਾਦ ਵਿਚ ਡੁੱਬੀ ਰਹੀ, ਕੀ ਤੁਹਾਨੂੰ ਕਦੀ ਵੀ ਬੁਰਾ ਨਹੀਂ ਲੱਗਿਆ ?"
ਉਹ ਬੋਲੇ, "ਨਹੀਂ, ਮੈਂ ਇਸ ਸੱਚ ਨੂੰ ਮੰਨ ਲਿਆ ਸੀ, ਕਿਸੇ ਹਉਂ ਭਾਵ ਤੋਂ ਬਿਨਾਂ, ਕਿਸੇ ਤਰਕ ਤੋਂ ਬਿਨਾਂ, ਕਿਸੇ ਬਨਾਵਟ ਤੋਂ ਬਿਨਾਂ, ਕਿਸੇ ਜ਼ਰਬ-ਤਕਸੀਮ ਤੋਂ ਬਿਨਾਂ। ਜਦੋਂ ਕੋਈ ਪਿਆਰ ਕਰਦਾ ਹੈ ਤਾਂ ਕੋਈ ਮੁਸ਼ਕਿਲ ਨਹੀਂ ਆਉਂਦੀ। ਜਦੋਂ ਕੋਈ ਸਹਿਜ ਭਾਅ ਨਾਲ ਜਿਉਂਦਾ ਹੈ ਤਾਂ ਫਿਰ ਕਿਹੜੀ ਮੁਸ਼ਕਿਲ ?"
'ਸਹਿਜ ਭਾਅ' ਤੋਂ ਉਹਨਾਂ ਦਾ ਕੀ ਮੰਤਵ ਸੀ, ਮੈਂ ਪੁਛਿਆ ਸੀ। ਤਾਂ ਉਹਨਾਂ ਇਕ ਕਹਾਣੀ ਸੁਣਾਈ-
ਇਕ ਪਿੰਡ ਵਿਚ ਇਕ ਫ਼ਕੀਰ ਰਹਿਣ ਆਇਆ। ਉਹ ਇਕ ਰੁੱਖ ਹੇਠ ਬੈਠ ਕੇ ਅੰਤਰ ਧਿਆਨ ਹੁੰਦਾ। ਪਿੰਡ ਵਾਲੇ ਆਪਣੀ ਹੈਸੀਅਤ ਅਨੁਸਾਰ ਕੁਝ ਨਾ ਕੁਝ ਫ਼ਕੀਰ ਨੂੰ ਦੇ ਜਾਂਦੇ ਤੇ ਉਸਦਾ ਗੁਜ਼ਾਰਾ ਹੋ ਜਾਂਦਾ।
ਉਹਨੀਂ ਦਿਨੀਂ ਹੀ ਉਥੋਂ ਦੇ ਜ਼ਿਮੀਂਦਾਰ ਦੀ ਧੀ ਕਿਸੇ ਨੂੰ ਪਿਆਰ ਕਰਨ ਲੱਗ ਪਈ ਅਤੇ ਬਿਨਾਂ ਵਿਆਹ ਤੋਂ ਹੀ ਉਸਦੇ ਬੱਚੇ ਦੀ ਮਾਂ ਬਣ ਗਈ। ਜ਼ਿਮੀਂਦਾਰ ਦੀ ਬਹੁਤ ਬਦਨਾਮੀ ਹੋਈ। ਪਿੰਡ ਵਾਲਿਆਂ ਨੂੰ ਵੀ ਬਹੁਤ ਗੁੱਸਾ ਚੜ੍ਹਿਆ। ਘਰ ਵਾਲਿਆਂ ਨੇ ਕੁੜੀ ਤੋਂ ਉਸ ਆਦਮੀ ਦਾ ਨਾਂ ਪੁੱਛਿਆ ਜਿਸਨੇ ਕੁੜੀ ਦੀ ਇਜ਼ਤ ਲੁੱਟੀ ਸੀ। ਘਰ
ਵਾਲਿਆਂ ਦੇ ਡਰ ਤੋਂ ਕੁੜੀ ਨੇ ਪ੍ਰੇਮੀ ਦਾ ਨਾਂ ਨਹੀਂ ਦੱਸਿਆ। ਉਹਨੂੰ ਡਰ ਸੀ ਕਿ ਪਿੰਡ ਵਾਲੇ ਉਹਨੂੰ ਜਾਨੋਂ ਮਾਰ ਦੇਣਗੇ। ਜਦੋਂ ਘਰ ਵਾਲੇ ਨਹੀਂ ਮੰਨੇ ਤਾਂ ਉਹਨੇ ਫ਼ਕੀਰ ਦਾ ਨਾਂ ਲੈ ਦਿੱਤਾ। ਪਿੰਡ ਵਾਲਿਆਂ ਨੇ ਇਹ ਜਾਣ ਕੇ ਫ਼ਕੀਰ ਦੀ ਬਹੁਤ ਮਾਰ-ਕੁੱਟ ਕੀਤੀ ਅਤੇ ਨਜਾਇਜ਼ ਬੱਚਾ ਵੀ ਉਸੇ ਨੂੰ ਸੌਂਪ ਦਿੱਤਾ।
ਫਕੀਰ ਨੇ ਚੁੱਪ ਚਾਪ ਬੱਚੇ ਨੂੰ ਰੱਖ ਲਿਆ। ਬਿਨਾਂ ਕੁਝ ਕਹੇ ਬੱਚੇ ਨੂੰ ਅਪਨਾ ਲਿਆ। ਉਸਨੂੰ ਬਾਹਵਾਂ ਵਿਚ ਚੁੱਕ ਲਿਆ। ਪਰ ਫਕੀਰ ਤਾਂ ਫਕੀਰ ਹੀ ਸੀ। ਉਹਦੇ ਕੋਲ ਤਾਂ ਆਪਣੇ ਖਾਣ ਲਈ ਵੀ ਕੁਝ ਨਹੀਂ ਸੀ। ਉਹ ਬੱਚੇ ਨੂੰ ਕਿਵੇਂ ਪਾਲਦਾ ? ਉਹ ਘਰ ਘਰ ਜਾ ਕੇ ਭੀਖ ਮੰਗਦਾ, ਪਰ ਉਸ ਲਈ ਹੁਣ ਪਿੰਡ ਵਾਲਿਆਂ ਦੇ ਸਾਰੇ ਬੂਹੇ ਬੰਦ ਹੋ ਗਏ ਸਨ।
ਇਕ ਦਿਨ ਜਦੋਂ ਫ਼ਕੀਰ ਰੋਂਦੇ ਕੁਰਲਾਉਂਦੇ ਬੱਚੇ ਨੂੰ ਲੈ ਕੇ ਜ਼ਿਮੀਂਦਾਰ ਦੇ ਘਰ ਦੇ ਅੱਗੋਂ ਦੀ ਲੰਘ ਰਿਹਾ ਸੀ, ਤਾਂ ਬੱਚੇ ਦੀ ਮਾਂ ਤੋਂ ਰਿਹਾ ਨਹੀਂ ਗਿਆ ਅਤੇ ਉਸਨੇ ਦੌੜ ਕੇ ਬੱਚੇ ਨੂੰ ਆਪਣੀ ਗੋਦ ਵਿਚ ਲੈ ਲਿਆ। ਪੱਲੂ ਨਾਲ ਢੱਕ ਕੇ ਉਹ ਬੱਚੇ ਨੂੰ ਦੁੱਧ ਪਿਆਉਣ ਲੱਗ ਪਈ ਅਤੇ ਉਹਨੇ ਰੋਂਦਿਆਂ ਰੋਦਿਆਂ ਇਹ ਵੀ ਦੱਸ ਦਿੱਤਾ ਕਿ ਇਹ ਬੱਚਾ ਫ਼ਕੀਰ ਦਾ ਨਹੀਂ, ਬਲਕਿ ਉਸ ਦੇ ਪ੍ਰੇਮੀ ਦਾ ਹੈ। ਪਿੰਡ ਵਾਲੇ ਬਹੁਤ ਪਛਤਾਏ। ਸਾਰਿਆਂ ਨੇ ਫ਼ਕੀਰ ਕੋਲੋਂ ਮੁਆਫ਼ੀ ਮੰਗੀ।
"ਵੇਖਿਆ ਫ਼ਕੀਰ ਨੇ ਬੱਚੇ ਨੂੰ ਵੀ ਅਪਨਾ ਲਿਆ ਅਤੇ ਦੂਸਰੇ ਦਾ ਇਲਜਾਮ ਵੀ ਆਪਣੇ ਸਿਰ ਲੈ ਲਿਆ। ਇਹੀ ਸਹਿਜ ਭਾਵ ਹੈ। ਜਿਸ ਨੂੰ ਕਿਸੇ ਗੱਲ ਨਾਲ ਕੋਈ ਫ਼ਰਕ ਹੀ ਨਾ ਪਵੇ, ਉਹੀ ਸਹਿਜ ਹੋ ਸਕਦਾ," ਇਮਰੋਜ਼ ਬੋਲੇ।
ਪਰ ਇਸਤਰ੍ਹਾਂ ਹੋ ਜਾਣਾ ਕਿੰਨਾ ਕਠਨ ਹੈ। ਸ਼ਾਇਦ ਇਸਤਰ੍ਹਾਂ ਹੋ ਜਾਣ ਨਾਲ ਵਿਅਕਤੀ ਅਧਿਆਤਮਕ ਪੱਧਰ 'ਤੇ ਬਹੁਤ ਉੱਚਾ ਹੋ ਜਾਂਦਾ ਹੈ।
ਇਕ ਵਾਰ ਹੋਰ ਮੈਂ ਇਸਤਰ੍ਹਾਂ ਹੀ ਗੱਲਾਂ ਗੱਲਾਂ ਵਿਚ ਇਮਰੋਜ਼ ਨੂੰ ਪੁੱਛਿਆ ਸੀ, "ਅੰਮ੍ਰਿਤਾ ਜੀ ਨੂੰ ਏਨੀ ਸ਼ੁਹਰਤ ਮਿਲੀ ਹੈ। ਕੀ ਤੁਹਾਡਾ ਕਦੀ ਮਨ ਨਹੀਂ ਕਰਦਾ ਕਿ ਤੁਹਾਨੂੰ ਵੀ ਓਨਾ ਹੀ ਮਾਣ-ਸਨਮਾਨ ਅਤੇ ਪ੍ਰਸੰਸਾ ਹਾਸਿਲ ਹੋਵੇ ?"
"ਤੈਨੂੰ ਪਤਾ ਹੈ ਉਮਾ ! ਓਸ਼ੋ ਨੂੰ ਕਦੀ ਕਿਸੇ ਸੰਸਥਾ ਜਾਂ ਸਰਕਾਰ ਨੇ ਟੈਲੀਵੀਜ਼ਨ ਉਤੇ ਪ੍ਰੋਗਰਾਮ ਦੇਣ, ਕਿਸੇ ਇਕੱਠ ਨੂੰ ਸੰਬੋਧਨ ਕਰਨ ਜਾਂ ਕੋਈ ਇਨਾਮ ਦੇਣ ਲਈ ਸੱਦਾ ਨਹੀਂ ਭੇਜਿਆ, ਫੇਰ ਵੀ ਦੁਨੀਆਂ ਦੇ ਹਰ ਕੋਨੇ ਵਿਚ ਲੱਖਾਂ ਲੋਕ ਉਹਨਾਂ ਨੂੰ ਪੜ੍ਹਦੇ ਨੇ ਅਤੇ ਦੁਨੀਆਂ ਦੀਆਂ ਲੱਗਪਗ ਸਾਰੀਆਂ ਭਾਸ਼ਾਵਾਂ ਵਿਚ ਉਹਨਾਂ ਦੇ ਅਨੁਵਾਦ ਹੋ ਚੁੱਕੇ ਹਨ।"
ਫੇਰ ਨਿੱਕੀ ਜਿਹੀ ਚੁੱਪ ਤੋਂ ਬਾਅਦ ਉਹ ਬੋਲੇ, "ਹੁਣ ਤੂੰ ਹੀ ਦੱਸ, ਉਹਨਾਂ ਨੂੰ ਪ੍ਰਸੰਸਾ ਮਿਲੀ ਕਿ ਨਹੀਂ ਮਿਲੀ।
ਇਸ ਸਭ ਦਾ ਕੀ ਮਾਹਨਾ ਹੋਇਆ ?
ਫੇਰ ਉਹ ਆਪਣਾ ਨਜ਼ਰੀਆ ਇਕ ਕਵਿਤਾ ਰਾਹੀਂ ਸਪੱਸ਼ਟ ਕਰਨ ਲੱਗੇ-
ਮੈਂ ਇਕ ਲੋਕ ਗੀਤ
ਬੇਨਾਮ ਹਵਾ ਵਿਚ ਖੜਾ
ਹਵਾ ਦਾ ਹਿੱਸਾ
ਜਿਨੂੰ ਚੰਗਾ ਲੱਗਾਂ
ਉਹ ਯਾਦ ਬਣਾ ਲਵੇ
ਜਿਨੂੰ ਹੋਰ ਚੰਗਾ ਲਗਾਂ
ਉਹ ਅਪਨਾ ਲਵੇ
ਤੇ ਜਿਸ ਦਾ ਜੀ ਕਰੇ
ਉਹ ਗਾ ਵੀ ਲਵੇ
ਮੈਂ ਇਕ ਲੋਕ ਗੀਤ
ਸਿਰਫ ਲੋਕ ਗੀਤ
ਜਿਸਨੂੰ ਨਾਂ ਦੀ
ਕਦੇ ਲੋੜ ਨਹੀਂ ਹੁੰਦੀ
ਪਿਆਰ ਦੇ ਕਿੰਨੇ ਰੰਗ ਹਨ, ਕਿੰਨੀਆਂ ਦਿਸ਼ਾਵਾਂ ਹਨ ਅਤੇ ਕਿੰਨੀਆਂ ਸੀਮਾਵਾਂ ਹਨ?
ਬਾਈ
ਇਕ ਸਾਹਿਤਕ ਗੋਸ਼ਟੀ ਵਿਚ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਕਰਦੇ ਹੋਏ ਕਿਸੇ ਲੇਖਕ ਦੇ ਮੂੰਹੋਂ ਮੈਂ ਸੁਣਿਆ, "ਇਮਰੋਜ਼, ਦੈਟ ਅੰਮ੍ਰਿਤਾਜ਼ ਕੈਪਟ ਮੈਨ ?"
ਮੈਨੂੰ ਇਸਤਰ੍ਹਾਂ ਲੱਗਾ ਜਿਵੇਂ ਕਿਸੇ ਨੇ ਭਾਰੇ ਹਥੋੜੇ ਨੂੰ ਇਕ ਨਾਜ਼ੁਕ ਜਿਹੀ ਖੂਬਸੂਰਤ ਚੀਜ਼ ਉਤੇ ਮਾਰ ਦਿੱਤਾ ਹੋਵੇ। ਮੈਨੂੰ ਆਪਣਾ ਜ਼ਬਤ ਜੁਆਬ ਦਿੰਦਾ ਜਾਪਿਆ। ਮੈਂ ਪ੍ਰੇਸ਼ਾਨ ਹੋ ਗਈ।
ਕੀ ਹੁੰਦਾ ਹੈ 'ਕੈਪਟ ਮੈਨ' ਜਾਂ 'ਕੈਪਟ ਵੁਮੈਨ' ਦਾ ਅਰਥ ? ਉਹ ਔਰਤ ਜੋ ਆਪਣੇ ਸਾਥੀ ਉੱਤੇ ਆਰਥਿਕ ਰੂਪ ਵਿਚ ਨਿਰਭਰ ਹੋਵੇ, ਸਮਾਜਿਕ ਰੂਪ ਵਿਚ ਕਮਜ਼ੋਰ ਹੋਵੇ, ਨਿਮਨ ਪੱਧਰ ਦਾ ਹੋਵੇ ਜਾਂ ਫਿਰ ਉਸਦੀ ਸੋਚ ਆਪਣੇ ਸਾਥੀ ਦੀ ਤੁਲਨਾ ਵਿਚ ਨਿਰਬਲ ਹੋਵੇ, ਜਿਸ ਕਾਰਨ ਉਸ ਦਾ ਸਾਥੀ ਆਪਣੇ ਸੁਆਰਥ ਪੂਰਤੀ ਲਈ ਉਹਨੂੰ ਅਧੀਨ ਰੱਖੇ ਜਾਂ ਫਿਰ 'ਕੈਪਟ ਪਾਰਟਨਰ' ਉੱਤੇ ਦੂਸਰਾ ਸਾਥੀ ਸੈਕਸੁਅਲੀ ਜਾਂ ਕਿਸੇ ਹੋਰ ਢੰਗ ਨਾਲ ਪੂਰੀ ਤਰ੍ਹਾਂ ਹਾਵੀ ਹੋਵੇ।
ਅੰਮ੍ਰਿਤਾ ਅਤੇ ਇਮਰੋਜ਼ ਦੇ ਰਿਸ਼ਤੇ ਵਿਚ ਤਾਂ ਇਹੋ ਜਿਹਾ ਕੁਝ ਵੀ ਨਹੀਂ ਸੀ ਦਿਸ ਰਿਹਾ। ਪੰਜਾਹਵੇਂ ਦਹਾਕੇ ਵਿਚ ਜਦੋਂ ਇਮਰੋਜ਼ ਅੰਮ੍ਰਿਤਾ ਨੂੰ ਮਿਲੇ ਸਨ ਤਾਂ ਉਹ ਅੰਮ੍ਰਿਤਾ ਨਾਲੋਂ ਲਗਪਗ ਬਾਰਾਂ ਗੁਣਾ ਵੱਧ ਕਮਾਉਂਦੇ ਸਨ। ਉਹਨਾਂ ਦੀ ਤਨਖ਼ਾਹ ਚੌਦਾਂ ਸੌ ਰੁਪਏ ਸੀ ਅਤੇ ਅੰਮ੍ਰਿਤਾ ਦੀ ਇਕ ਸੌ ਪੰਝੀ ਰੁਪਏ। ਇਮਰੋਜ਼ ਹੀ ਅੰਮ੍ਰਿਤਾ ਨੂੰ ਆਪਣੇ ਸਕੂਟਰ ਉੱਤੇ ਘੁਮਾਉਣ ਲਈ ਲੈ ਕੇ ਜਾਂਦੇ ਸਨ। ਇਮਰੋਜ਼ ਉੱਤੇ ਆਪਣੀ ਕਿਸੇ ਜ਼ਿੰਮੇਵਾਰੀ ਦਾ ਬੋਝ ਨਹੀਂ ਸੀ। ਅੰਮ੍ਰਿਤਾ ਸ਼ਾਦੀਸ਼ੁਦਾ ਸੀ। ਉਹਨਾਂ ਦੇ ਦੋ ਬੱਚੇ ਸਨ, ਇਕ ਆਪਣਾ ਅਤੇ ਇਕ ਗੋਦ ਲਿਆ ਹੋਇਆ। ਇਮਰੋਜ਼ ਇਕ ਚੰਗੇ ਪੇਂਟਰ ਸਨ। ਮੁੰਬਈ ਦੀ ਫਿਲਮੀ ਦੁਨੀਆਂ ਦੇ ਲੋਕ ਉਹਨਾਂ ਤੋਂ ਪ੍ਰਭਾਵਿਤ ਸਨ ਯਾਨੀ ਪ੍ਰੋਫੈਸ਼ਨਲੀ ਉਹ ਡੀਮਾਂਡ ਵਿਚ ਸਨ। ਉਹ ਸੁਲਝੀ ਹੋਈ ਸੋਚ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਦੀ ਆਪਣੀ ਪਛਾਣ ਸੀ। ਇਕਤਰ੍ਹਾਂ ਨਾਲ ਵੇਖਿਆ ਜਾਵੇ ਤਾਂ ਉਹ ਕਿਸੇ ਦੇ 'ਕੈਪਟ ਮੈਨ' ਹੋ ਹੀ ਨਹੀਂ ਸਨ ਸਕਦੇ। ਹਾਲਾਂਕਿ ਅੰਮ੍ਰਿਤਾ ਨੇ ਆਪਣੀ ਪਛਾਣ ਹਾਲੇ ਬਨਾਉਣੀ ਸੀ, ਲੇਖਕਾ ਦੇ ਰੂਪ ਵਿਚ ਵੀ ਤੇ ਵਿਅਕਤੀ ਦੇ ਰੂਪ ਵਿਚ ਵੀ।
ਇਮਰੋਜ਼ ਨੇ ਅੰਮ੍ਰਿਤਾ ਦੇ ਨਾਲ ਚਾਲੀ ਸਾਲਾਂ ਤੋਂ ਵੱਧ ਵਕਤ ਗੁਜ਼ਾਰਿਆ ਸੀ। ਇਸ ਪੂਰੇ ਸਮੇਂ ਵਿਚ ਉਹਨਾਂ ਨੇ ਅੰਮ੍ਰਿਤਾ ਦੀ ਕਮਾਈ ਦਾ ਕਦੀ ਇਕ ਪੈਸਾ ਵੀ ਆਪਣੀਆਂ ਲੋੜਾਂ ਦੀ ਪੂਰਤੀ ਲਈ ਨਹੀਂ ਵਰਤਿਆ। ਅੰਮ੍ਰਿਤਾ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਇਕ ਵਾਰ ਇਮਰੋਜ਼ ਦੀ ਇਕ ਪੇਮੇਂਟ ਰੁਕੀ ਹੋਈ ਸੀ ਅਤੇ ਉਹਨਾਂ ਬਾਜ਼ਾਰ ਤੋਂ ਘਰ ਦਾ ਕੁਝ ਸਾਮਾਨ ਖਰੀਦ ਕੇ ਲਿਆਉਣਾ ਸੀ। ਅੰਮ੍ਰਿਤਾ ਨੇ ਉਹਨਾਂ ਦੀ ਜੇਬ ਵਿਚ ਕੁਝ ਰੁਪਏ ਪਾਉਂਦਿਆਂ ਹੋਇਆਂ ਕਿਹਾ, "ਜਦੋਂ ਤੇਰਾ ਪੇਮੈਂਟ ਆ ਜਾਵੇ ਤਾਂ ਮੋੜ ਦੇਵੀਂ।"
ਅੰਮ੍ਰਿਤਾ ਨੂੰ ਬਾਖੂਬੀ ਯਾਦ ਸੀ ਕਿ ਇਮਰੋਜ਼ ਨੇ ਉਹਨਾਂ ਪੈਸਿਆਂ ਨੂੰ ਹੱਥ ਤਕ ਵੀ ਨਹੀਂ ਸੀ ਲਾਇਆ। ਵਾਪਸ ਆ ਕੇ ਉਹਨਾਂ ਜੇਬ ਅੱਗੇ ਕਰ ਦਿੱਤੀ, ਬੋਲੇ, "ਮੇਰੀ ਜੇਬ ਵਿਚੋਂ ਉਹ ਪੈਸੇ ਕੱਢ ਲੈ ਜਿਹੜੇ ਤੂੰ ਰੱਖੇ ਸੀ। ਮੈਨੂੰ ਉਹਨਾਂ ਦੀ ਲੋੜ ਹੀ ਨਹੀਂ ਪਈ। ਵੈਸੇ ਹੀ ਸਰ ਗਿਆ।
ਇਸ ਤਰ੍ਹਾਂ ਦੇ ਮਨੁੱਖ ਨੂੰ ਕੋਈ ਅੰਮ੍ਰਿਤਾ ਦਾ 'ਕੈਪਟ ਮੈਨ' ਕਿਸ ਤਰ੍ਹਾਂ ਕਹਿ ਸਕਦਾ ਹੈ। ਉਹ ਉਹਨਾਂ ਨੂੰ ਅੰਮ੍ਰਿਤਾ ਦਾ ਹਮਸਫ਼ਰ ਜਾਂ ਸਾਥੀ ਕਿਉਂ ਨਹੀਂ ਕਹਿ ਸਕਦੇ।
ਉਹਨਾਂ ਦੇ ਘਰ ਦੀਆਂ ਪੌੜੀਆਂ ਉਤਰਦਿਆਂ ਹੋਇਆਂ ਸਾਹਮਣੇ ਵਾਲੇ ਰੁੱਖ ਉੱਤੇ ਪੰਛੀਆਂ ਦੇ ਇਕ ਜੋੜੇ ਨੂੰ ਵੇਖਕੇ ਮੈਂ ਆਪਣੇ ਆਪ ਨੂੰ ਪੁੱਛਿਆ ਕਿ ਕੀ ਕੋਈ ਇਹਨਾਂ ਪੰਛੀਆਂ ਨੂੰ ਪੁਛਦਾ ਹੈ ਕਿ ਕੀ ਉਹ ਸ਼ਾਦੀਸ਼ੁਦਾਂ ਨੇ ਜਾਂ ਫਿਰ ਕੀ ਉਹਨਾਂ ਵਿਚੋਂ ਕੋਈ 'ਕੈਪਟ' ਹੈ।
ਕਿਸੇ ਨੂੰ ਕੋਈ ਏਨੀ ਮੁਹੱਬਤ ਕਿਸ ਤਰ੍ਹਾਂ ਕਰ ਸਕਦਾ ਹੈ ! ...ਇਸ ਹੱਦ ਤਕ ਕਿ ਮਹਿਬੂਬ ਦੀ ਸ਼ਖਸੀਅਤ ਦੇ ਨਾਲ ਆਪਣੇ ਆਪ ਨੂੰ ਇਕਮਿਕ ਕਰ ਦੇਵੇ ਆਪਣੀ ਖੁਦੀ ਨੂੰ ਮਿਟਾ ਕੇ। ਇਸਤਰ੍ਹਾਂ ਕਰਨਾ ਸਿਰਫ਼ ਇਮਰੋਜ਼ ਵਰਗੇ ਬੰਦੇ ਦੇ ਵੱਸ ਦੀ ਹੀ ਗੱਲ ਸੀ। ਉਹਨਾਂ ਦਾ ਜਿਵੇਂ ਦੁਨੀਆਂ ਨਾਲ ਕੁਝ ਹੋਰ ਲੈਣ-ਦੇਣ ਹੀ ਨਾ ਹੋਵੇ। ਕੋਈ ਕੁਝ ਕਹਿ ਦੇਵੇ ਤਾਂ ਉਹ ਬੱਸ ਹੱਸ ਪੈਂਦੇ ਹਨ। ਉਹਨਾਂ ਦਾ ਹਾਸਾ ਇਹ ਕਹਿੰਦਾ ਪ੍ਰਤੀਤ ਹੁੰਦਾ ਹੈ-ਇਹਨਾਂ ਅਹਿਮਕਾਂ ਨੂੰ ਕੋਈ ਕਿਸਤਰ੍ਹਾਂ ਸਮਝਾਵੇ ਤੇ ਕਿਉਂ ਸਮਝਾਵੇ।
ਇਕ ਦਿਨ ਮੈਂ ਇਮਰੋਜ਼ ਨੂੰ ਕਿਹਾ, "ਦੁਨੀਆਂ ਵਾਲੇ ਕਹਿੰਦੇ ਹਨ ਕਿ ਤੁਸੀਂ ਤਾਂ ਸਾਰੀ ਉਮਰ ਅੰਮ੍ਰਿਤਾ ਨੂੰ ਪੱਖੀ ਝਲਦਿਆਂ ਝਲਦਿਆਂ ਹੀ ਲੰਘਾ ਦਿੱਤੀ।"
ਉਹ ਹੱਸਣ ਲੱਗ ਪਏ ਤੇ ਬੋਲੇ, "ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਅੰਮ੍ਰਿਤਾ ਨੂੰ ਪੱਖੀ ਝਲਦਿਆਂ ਮੈਨੂੰ ਵੀ ਤਾਂ ਹਵਾ ਆਉਂਦੀ ਰਹੀ।
ਇਹ ਕਿਹੋ ਜਿਹੀ ਦੀਵਾਨਗੀ ਸੀ ! ਕਿਹੋ ਜਿਹੀ ਸੋਚ ! ਇਹੋ ਜਿਹੀ ਸਮਝ ਕਮਾਲ ਦੀ ਸ਼ੈਅ ਹੈ, ਇਕ ਨਿਆਮਤ ਹੈ ਜੋ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਮੁਹੱਬਤ ਅਤੇ ਪਿਆਰ ਫ਼ਕੀਰਾਂ ਦੀ ਫਿਤਰਤ ਹੈ। ਇਹ ਉਹ ਮਸਲਾ ਹੈ ਜੋ ਆਮ ਲੋਕਾਂ ਲਈ ਨਹੀਂ, ਕਿਉਂਕਿ ਇਹ ਸਭ ਉਹਨਾਂ ਦੀ ਸੋਚ ਅਤੇ ਸਮਝ ਦੇ ਦਾਇਰੇ ਵਿਚ ਦਾਖ਼ਲ ਹੀ ਨਹੀਂ ਹੁੰਦਾ।
ਤੇਈ
ਇਕ ਦਿਨ ਜਦੋਂ ਮੈਂ ਅੰਮ੍ਰਿਤਾ ਹੁਰਾਂ ਵੱਲ ਸਾਂ, ਤਾਂ ਉਸ ਵੇਲੇ ਇਮਰੋਜ਼ ਦੇ ਕਮਰੇ ਵਿਚ ਏਅਰ-ਕੰਡੀਸ਼ਨਰ ਫਿੱਟ ਹੋ ਰਿਹਾ ਸੀ। ਰੌਲੇ ਤੋਂ ਬਚਣ ਲਈ ਉਹ ਅੰਮ੍ਰਿਤਾ ਦੇ ਕਮਰੇ ਵਿਚ ਆ ਗਏ ਤੇ ਬਚਪਨ ਦੀ ਕੋਈ ਗੱਲ ਸੁਣਾਉਣ ਲੱਗ ਪਏ। ਉਹ ਕਹਿ ਰਹੇ ਸੀ, "ਜਦੋਂ ਮੈਂ ਲਾਹੌਰ ਦੇ ਆਰਟ ਸਕੂਲ ਵਿਚ ਪੜ੍ਹਦਾ ਸਾਂ ਤਾਂ ਉਨ੍ਹੀਂ ਦਿਨੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਆਪਣੇ ਪਿੰਡ ਚਲਿਆ ਜਾਂਦਾ ਸਾਂ। ਉਥੇ ਮੈਂ ਵੱਗ ਚਰਾਉਣ ਚਲਿਆ ਜਾਂਦਾ ਤੇ ਆਰਾਮ ਨਾਲ ਇਕ ਪਾਸੇ ਬੈਠ ਕੇ ਸਕੈੱਚ ਬਣਾਉਂਦਾ ਰਹਿੰਦਾ ਅਤੇ ਗਾਵਾਂ-ਮੱਝਾਂ ਖ਼ੁਦ ਹੀ ਘਾਹ ਚਰਦੀਆਂ ਰਹਿੰਦੀਆਂ।"
ਅੰਮ੍ਰਿਤਾ ਹੱਸਣ ਲੱਗ ਪਏ ਤੇ ਬੋਲੇ, "ਤੂੰ ਰਾਂਝੇ ਵਾਂਗੂੰ ਵੰਝਲੀ ਵਜਾਉਂਦਾ ਰਹਿੰਦਾ ਤੇ ਗਾਵਾਂ ਮੱਝਾਂ ਆਪਣੇ ਆਪ ਚਰਦੀਆਂ ਰਹਿੰਦੀਆਂ।"
ਇਮਰੋਜ਼ ਵੀ ਹੱਸ ਪਏ ਤੇ ਬੋਲੇ, "ਹਾਂ, ਪਰ ਉਥੇ ਕੋਈ ਹੀਰ ਨਹੀਂ ਸੀ ਜਿਹੜੀ ਮੈਨੂੰ ਚੂਰੀ ਖਵਾਉਂਦੀ।"
"ਕੀ ਆਰਟ ਸਕੂਲ ਵਿਚ ਤੈਨੂੰ ਕੋਈ ਕੁੜੀ ਪਸੰਦ ਨਹੀਂ ਸੀ ਆਈ।’ ਉਹਨਾਂ ਪੁੱਛਿਆ।
"ਕੁਝ ਕੁੜੀਆਂ ਹਾਬੀ ਵਜੋਂ ਪੇਂਟਿੰਗ ਸਿੱਖਣ ਆਉਂਦੀਆਂ ਸੀ, ਪਰ ਕਦੀ ਕਦੀ, ਬਹੁਤ ਥੋੜ੍ਹੇ ਵਕਤ ਲਈ।"
ਅਚਾਨਕ ਹੀ ਉਹ ਕਿਸੇ ਪੁਰਾਣੇ ਚੇਤੇ ਵਿਚ ਗੁੰਮ ਗਏ ਅਤੇ ਕਹਿਣ ਲੱਗੇ, "ਹਾਂ, ਉਹਨਾਂ ਵਿਚ ਇਕ ਕੁੜੀ ਸੀ। ਉਸਦਾ ਨਾਂ ਮਨਜੀਤ ਸੀ। ਉਸਨੂੰ ਮੈਂ ਕਦੀ ਕਦੀ ਦੂਰੋਂ ਹੀ ਵੇਖ ਲੈਂਦਾ ਸਾਂ, ਪਰ ਉਹਦੇ ਕੋਲ ਕਦੀ ਨਹੀਂ ਗਿਆ।" ਫਿਰ ਕੁਝ ਰੁਕ ਕੇ ਬੋਲੇ, ''ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਇਕ ਅਮੀਰ ਆਦਮੀ ਦੀ ਧੀ ਸੀ। ਇਸ ਲਈ ਮੇਰਾ ਉਹਦੇ ਨਾਲ ਗੱਲ ਕਰਨ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਮੈਂ ਉਹਨੂੰ ਦੂਰੋਂ ਹੀ ਵੇਖਦਾ ਹੁੰਦਾ ਸਾਂ, ਪਰ ਉਸਦੇ ਨਾਂ ਦੇ ਪਹਿਲੇ ਅੱਖਰ ਨੂੰ ਮੈਂ ਆਪਣੇ ਨਾਂ ਨਾਲ ਜੋੜ ਲਿਆ ਸੀ। ਹੁਣ ਮੈਂ ਐੱਮ-ਇੰਦਰਜੀਤ ਸਾਂ।"
"ਕਿੰਨੀ ਬਦਕਿਸਮਤ ਕੁੜੀ ਸੀ। ਕੀ ਉਹਨੂੰ ਪਤਾ ਨਹੀਂ ਸੀ ਕਿ ਕੋਈ ਫਰਿਸ਼ਤਾ ਉਹਦੇ ਵੱਲ ਵੇਖ ਰਿਹਾ ਸੀ ?" ਅੰਮ੍ਰਿਤਾ ਨੇ ਪੁੱਛਿਆ।
"ਉਹਦੇ ਕੋਲ ਤੇਰੇ ਵਰਗੀ ਨਜ਼ਰ ਜੂ ਨਹੀਂ ਸੀ !" ਇਮਰੋਜ਼ ਨੇ ਜੁਆਬ ਦਿੱਤਾ।
ਐੱਮ. ਇੰਦਰਜੀਤ ਕਦੋਂ ਇਮਰੋਜ਼ ਬਣਿਆਂ, ਇਹ ਇਕ ਲੰਮੀ ਕਹਾਣੀ ਹੈ।
"ਸਕੂਲ ਵਿਚ ਤਿੰਨ ਇੰਦਰਜੀਤ ਸਨ। ਟੀਚਰ ਨੂੰ ਇੰਦਰਜੀਤ-ਇਕ, ਇੰਦਰਜੀਤ ਦੋ ਅਤੇ ਇੰਦਰਜੀਤ ਤਿੰਨ ਕਹਿ ਕੇ ਹਾਜ਼ਰੀ ਲਾਉਣੀ ਪੈਂਦੀ ਸੀ। ਸਾਡੇ ਲਈ ਵੀ ਦਿੱਕਤ ਸੀ ਤੇ ਟੀਚਰ ਲਈ ਵੀ।"
ਇਮਰੋਜ਼ ਸੋਚਦੇ ਰਹਿੰਦੇ ਕਿ ਉਸਦਾ ਨਾਂ ਇੰਦਰਜੀਤ ਕਿਉਂ ਹੈ ? ਉਹਨਾਂ ਦੇ ਮਾਪਿਆਂ ਨੂੰ ਸ਼ਾਇਦ ਕੋਈ ਹੋਰ ਨਾਂ ਸੁਝਿਆ ਹੀ ਨਹੀਂ ਸੀ।
"ਇਮਰੋਜ਼ ਇਕ ਫਾਰਸੀ ਸ਼ਬਦ ਹੈ, ਜਿਸਦਾ ਅਰਥ ਹੈ 'ਅੱਜ'। ਇਹ ਨਾਂ ਇਮਰੋਜ਼ ਨੂੰ ਇਸਲਈ ਪਸੰਦ ਸੀ ਕਿ ਇਸ ਨਾਲ ਕਿਸੇ ਇਤਿਹਾਸਕ ਜਾਂ ਪੌਰਾਣਿਕ ਕਥਾ ਦੇ ਪਾਤਰ ਦਾ ਨਾਮ ਨਹੀਂ ਸੀ ਜੁੜਿਆ ਹੋਇਆ, ਜਿਵੇਂ ਰਾਮ ਪ੍ਰਸਾਦ, ਕ੍ਰਿਸ਼ਨ ਚੰਦਰ ਜਾਂ ਮੁਹੰਮਦ ਅਲੀ। ਇਮਰੋਜ਼ ਸ਼ਬਦ ਇਤਿਹਾਸ ਵਿਚੋਂ ਜਾਂ ਕਿਸੇ ਹੋਰ ਘਟਨਾ ਵਿਚੋਂ ਪੈਦਾ ਹੋਇਆ ਵੀ ਨਹੀਂ। ਇਹਦਾ ਸਿੱਧਾ ਸਾਦਾ ਅਰਥ ਹੈ ਅੱਜ !
ਇਮਰੋਜ਼ ਵੈਸੇ ਵੀ ਅੱਜ ਵਿਚ ਹੀ ਵਿਸ਼ਵਾਸ ਕਰਦੇ ਹਨ। ਉਹ ਖੁਦ ਨੂੰ ਕਿਸੇ ਪੁਰਾਣੀ ਪਰੰਪਰਾ ਨਾਲ ਬੰਨ੍ਹ ਕੇ ਨਹੀਂ ਰੱਖਣਾ ਚਾਹੁੰਦੇ ਅਤੇ ਨਾ ਹੀ ਅਣਵੇਖੇ ਭਵਿੱਖ ਨਾਲ ਜੋੜਨਾ ਚਾਹੁੰਦੇ ਹਨ। ਉਹ ਅੱਜ ਵਿਚ ਤੇ ਅੱਜ ਲਈ ਜਿਉਂਦੇ ਹਨ।
ਇਕ ਵਾਰ ਆਪਣੇ ਨਾਂ ਦੀ ਕੈਲੀਗਰਾਫ਼ੀ ਕਰਦਿਆਂ ਹੋਇਆਂ ਉਹਨਾਂ ਇਸ ਸ਼ਬਦ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ।
ਇਮਰ -ਭੂਤਕਾਲ ਨੂੰ ਦਰਸਾਉਂਦਾ ਹੈ।
ਓ -ਵਰਤਮਾਨ ਦਾ ਪ੍ਰਤੀਕ ਹੈ, ਜਿਉਂਦਾ ਜਾਗਦਾ ਅੱਜ। ਇਹ ਹਿੱਸਾ ਰੰਗ ਵਿਚ ਸੁਨਹਿਰਾ ਹੈ ਅਤੇ ਬਾਕੀ ਅੱਖਰਾਂ ਨਾਲੋਂ ਕੁਝ ਉੱਚਾ ਵੀ।
ਜ਼ -ਇਸਤੋਂ ਪਹਿਲਾਂ ਕੁਝ ਥਾਂ ਛੱਡੀ ਗਈ ਹੈ। ਉਹ ਸ਼ਾਇਦ ਕਿਸੇ ਅਨਜਾਣੀ ਆਮਦ ਲਈ ਹੈ।
ਇੰਦਰਜੀਤ 1966 ਵਿਚ ਇਮਰੋਜ਼ ਹੋ ਗਏ ਸਨ।
ਇਮਰੋਜ਼ ਜਿਸ ਸ਼ੈਅ ਨੂੰ ਵੀ ਹੱਥ ਲਾਉਂਦੇ ਨੇ ਉਹੀ ਇਕ ਕਲਾਕ੍ਰਿਤੀ ਬਣ ਜਾਂਦਾ ਹੈ। ਕੁਝ ਅਰਸਾ ਪਹਿਲਾਂ ਇਮਰੋਜ਼ ਨੇ ਲੈਂਪ ਸ਼ੇਡ ਬਣਾਏ, ਜਿਨ੍ਹਾਂ ਉੱਤੇ ਉਹਨਾਂ ਨੇ ਕਈ ਸ਼ਾਇਰਾਂ ਦੇ ਕਲਾਮ ਲਿਖੇ। ਫੈਜ਼, ਫ਼ਿਰਾਕ, ਅੰਮ੍ਰਿਤਾ, ਸ਼ਿਵ ਬਟਾਲਵੀ ਅਤੇ ਇਸ ਤਰ੍ਹਾਂ ਹੀ ਕਈ ਹੋਰ ਸ਼ਾਇਰਾਂ ਦੇ।
ਉਨ੍ਹਾਂ ਲੈਂਪ ਸ਼ੇਡਸ ਵਿਚੋਂ ਹੀ ਇਕ ਚਾਰ ਕੋਨੇ ਵਾਲੇ ਸ਼ੇਡ ਦੇ ਸ਼ੀਸ਼ੇ ਨੂੰ ਉਹਨਾਂ ਲਾਲ ਰੰਗ ਨਾਲ ਪੇਂਟ ਕਰ ਦਿੱਤਾ। ਉਹਦੇ ਚਾਰੇ ਪਾਸੇ ਉਹਨਾਂ ਚਾਰ ਸ਼ਾਇਰਾਂ ਦੀਆਂ ਚਾਰ ਕਾਵਿ ਟੁਕੜੀਆਂ ਬੜੀ ਖੂਬਸੂਰਤੀ ਨਾਲ ਲਿਖ ਦਿੱਤੀਆਂ। ਵਾਰਸ ਸ਼ਾਹ ਦਾ ਕਲਾਮ ਸੀ-
ਜਦੋਂ ਇਸ਼ਕ ਕੇ ਕੰਮ ਨੂੰ ਹੱਥ ਪਾਈਏ
ਪਹਿਲੋਂ ਰੱਬ ਦਾ ਨਾਂ ਧਿਆਈਏ ਜੀ।
ਸ਼ਾਹ ਹੁਸੈਨ ਦੀ ਸਤਰ ਸੀ-
ਹੰਝੂ ਰੋਂਦਾ ਹਰ ਕੋਈ ਆਸ਼ਕ ਰੋਂਦੇ ਰੱਤ !
ਸ਼ਿਵ ਬਟਾਲਵੀ ਦੀ ਲਾਈਨ ਸੀ-
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ।
ਅੰਮ੍ਰਿਤਾ ਦਾ ਕਾਵਿ ਇਸ ਤਰ੍ਹਾਂ ਸੀ-
ਪਰਛਾਵਿਆਂ ਨੂੰ ਪਕੜਨ ਵਾਲਿਓ !
ਛਾਤੀ 'ਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ।
ਲੈਂਪ ਸ਼ੇਡਸ ਦੇ ਹਰਫ਼ਾਂ ਵਿਚ ਇਮਰੋਜ਼ ਨੇ ਲਾਲ ਰੰਗ ਭਰ ਦਿੱਤਾ। ਜਦੋਂ ਲੈਂਪ ਬਲਦਾ ਹੈ ਤਾਂ ਲਾਲ ਰੰਗ ਕਮਰੇ ਦੀ ਖਿੜਕੀ ਲੰਘ ਕੇ ਬੂਹੇ ਉੱਤੇ ਇਸਤਰ੍ਹਾਂ ਖਿੱਲਰ ਜਾਂਦਾ ਹੈ ਕਿ ਸਾਰਾ ਕਮਰਾ ਲਾਲੋ ਲਾਲ ਹੋ ਜਾਂਦਾ ਹੈ। ਇਹੋ ਜਿਹੇ ਵੇਲੇ ਅੰਮ੍ਰਿਤਾ ਇਮਰੋਜ਼ ਦੀ ਮੇਜ਼ ਕੋਲ ਜਾ ਕੇ, ਜਿਥੇ ਉਹ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਦੇ ਰੰਗਾਂ ਦੇ ਭਰੇ ਕਪੜਿਆਂ ਦੀ ਪਰਵਾਹ ਕੀਤੇ ਬਗੈਰ ਉਹਨਾਂ ਦੇ ਮੋਢੇ ਨਾਲ ਲੱਗ ਕੇ ਪੁੱਛਦੀ ਹੈ, "ਇਮਰੋਜ਼! ਤੂੰ ਮੈਨੂੰ ਕਿਸਤਰ੍ਹਾਂ ਮਿਲ ਗਿਆ ?"
...ਤੇ ਉਹਨਾਂ ਹਮੇਸ਼ਾ ਵਾਂਗ ਸੰਖੇਪ ਜਿਹਾ ਜੁਆਬ ਦਿੱਤਾ, "ਵੈਸੇ ਹੀ, ਜਿਵੇਂ ਤੂੰ ਮੈਨੂੰ ਮਿਲ ਗਈ।"
ਉਹ ਕਹਿਣ ਲੱਗੇ, "ਮਾਜਾ ! ਤੂੰ ਜਾਣਨੀ ਏਂ ਜਦੋਂ ਮੈਂ ਆਰਟ ਸਕੂਲ ਪਾਸ ਕਰ ਲਿਆ ਤਾਂ ਟਰਮ ਦੇ ਆਖ਼ਰ ਵਿਚ ਸਭ ਮੁੰਡੇ ਆਪੋ-ਆਪਣੇ ਘਰੀਂ ਚਲੇ ਗਏ, ਪਰ ਮੈਂ ਹੋਸਟਲ ਨਹੀਂ ਛੱਡਿਆ ਕਿਉਂਕਿ ਮੈਨੂੰ ਉਦੋਂ ਤਕ ਨੌਕਰੀ ਨਹੀਂ ਸੀ ਮਿਲੀ ਤੇ ਮੈਂ ਪਿੰਡ ਨਹੀਂ ਸਾਂ ਜਾਣਾ ਚਾਹੁੰਦਾ। ਇਕ ਸ਼ਾਮ ਵਾਰਡਨ ਮੇਰੇ ਕਮਰੇ ਵਿਚ ਆਏ ਅਤੇ ਕਹਿਣ ਲੱਗੇ ਕਿ ਟਰਮ ਖ਼ਤਮ ਹੋ ਚੁਕੀ ਹੈ। ਹੁਣ ਤੂੰ ਇਥੇ ਨਹੀਂ ਠਹਿਰ ਸਕਦਾ। ...ਪਰ ਉਸ ਸ਼ਾਮ ਮੈਂ ਕਿਥੇ ਜਾਂਦਾ ? ਹੁਣ ਮੈਂ ਕਮਰੇ ਵਿਚ ਨਹੀਂ ਸਾਂ ਰਹਿਣਾ ਚਾਹੁੰਦਾ। ਮੈਂ ਰੇਲਵੇ ਸਟੇਸ਼ਨ ਵੱਲ ਤੁਰ ਗਿਆ। ਮੈਂ ਬੁਕਿੰਗ ਕਲਰਕ ਤੋਂ ਉਥੋਂ ਤਕ ਦੀ ਟਿਕਟ ਮੰਗੀ ਜਿਥੋਂ ਮੈਂ ਸਵੇਰ ਹੋਣ ਤਕ ਪਰਤ ਆਵਾਂ। ਮੈਂ ਤਾਂ ਬੱਸ ਰਾਤ ਕੱਟਣੀ ਸੀ। ਪਤੈ, ਉਹਨੇ ਮੈਨੂੰ ਕਿਥੋਂ ਦੀ ਟਿਕਟ ਦਿੱਤੀ, ਗੁਜਰਾਂਵਾਲਾ ਦੀ! ਗੁਜਰਾਂਵਾਲਾ! ...ਤੇਰੀ ਜੰਮਣ ਭੋਂ। ਵੇਖ! ਕਿਸਮਤ ਮੈਨੂੰ ਕਿਸਤਰ੍ਹਾਂ ਤੇਰੇ ਵੱਲ ਲੈ ਕੇ ਜਾ ਰਹੀ ਸੀ।"
ਇਕ ਵਾਰ ਇਮਰੋਜ਼ ਨੂੰ ਇਕ ਔਰਤ ਦੀ ਤਸਵੀਰ ਬਣਾਉਂਦਿਆਂ ਵੇਖ ਕੇ ਅੰਮ੍ਰਿਤਾ ਨੇ ਪੁੱਛਿਆ ਸੀ, "ਕੀ ਇਸ ਵਿਸ਼ੇ ਨੇ ਤੈਨੂੰ ਬੰਨ੍ਹ ਲਿਆ ਹੈ ?"
"ਨਹੀਂ, ਮੈਨੂੰ ਇਸ ਨੇ ਬੰਦੀ ਨਹੀਂ ਬਣਾਇਆ, ਪਰ ਮੈਂ ਇਹਦੇ ਨਾਲ ਨਾਲ ਤੁਰ ਰਿਹਾ ਹਾਂ।" ਉਹਨੇ ਜੁਆਬ ਦਿੱਤਾ।
"ਕਈ ਆਰਟਿਸਟ ਕਿਸੇ ਵਿਅਕਤੀ ਵਿਸ਼ੇਸ਼ ਦਾ ਚਿਤਰ ਨਹੀਂ ਬਣਾਉਂਦੇ ਕਿਉਂਕਿ ਉਹ ਮੰਨਦੇ ਨੇ ਕਿ ਇਸਤਰ੍ਹਾਂ ਕਰਨ ਨਾਲ ਉਸ ਵਿਅਕਤੀ ਨਾਲ ਉਹਨਾਂ ਦਾ ਵਿਆਹ ਹੋ ਜਾਂਦਾ ਹੈ,'' ਅੰਮ੍ਰਿਤਾ ਨੇ ਕਿਹਾ।
"ਮੇਰੇ ਖ਼ਿਆਲ ਵਿਚ ਵਿਆਹ ਤਾਂ ਨਹੀਂ ਹੁੰਦਾ, ਹਾਂ, ਉਸ ਚਿਤਰ ਨਾਲ ਉਹਨਾਂ ਨੂੰ ਪਿਆਰ ਹੋ ਜਾਂਦਾ ਹੈ,'' ਇਮਰੋਜ਼ ਨੇ ਜੁਆਬ ਦਿੱਤਾ।
"ਪਰ ਪਿਆਰ ਵੀ ਤਾਂ ਦੈਵੀ ਸ਼ਾਦੀ ਹੀ ਹੈ," ਅੰਮ੍ਰਿਤਾ ਨੇ ਦਲੀਲ ਦਿੱਤੀ।
''ਜੇ ਵਿਆਹ ਦੇ ਨਾਲ ਤੂੰ ਦੈਵੀ ਸ਼ਬਦ ਦੀ ਵਰਤੋਂ ਕਰਦੀ ਏਂ ਤਾਂ ਤੂੰ ਪਿਆਰ ਨੂੰ ਵਿਆਹ ਵੀ ਕਹਿ ਸਕਦੀ ਏਂ।" ਇਮਰੋਜ਼ ਨੇ ਕਿਹਾ।
"ਸਰੀਰ ਦੇ ਛੇ ਚਕਰਾਂ ਵਿਚੋਂ ਲੰਘਦਿਆਂ ਹੋਇਆਂ ਜਦੋਂ ਜੋਗੀ ਸਤਵੇਂ ਚੱਕਰ ਤਕ
ਪਹੁੰਚਦੇ ਨੇ ਤਾਂ ਉਥੇ ਸ਼ਿਵ-ਸ਼ਕਤੀ ਦਾ ਵਿਆਹ ਹੁੰਦਾ ਹੈ, ਇਹ ਜੋਗੀਆਂ ਦਾ ਵਿਸ਼ਵਾਸ ਹੈ,'' ਅੰਮ੍ਰਿਤਾ ਨੇ ਕਿਹਾ।
"ਜੇ ਸ਼ਿਵ-ਸ਼ਕਤੀ ਦੇ ਮੇਲ ਨੂੰ ਵਿਆਹ ਕਿਹਾ ਜਾਂਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ !" ਇਮਰੋਜ਼ ਬੋਲੇ।
ਇਸਤਰ੍ਹਾਂ ਲਗਦਾ ਹੈ, ਇਮਰੋਜ਼ ਵਿਆਹ ਦੀ ਪ੍ਰੀਭਾਸ਼ਾ ਵਿਚ ਯਕੀਨ ਨਹੀਂ ਕਰਦੇ। ਉਹਨਾਂ ਅਨੁਸਾਰ ਪਿਆਰ ਆਪਣੇ ਆਪ ਵਿਚ ਮੁਕੰਮਲ ਹੈ, ਸੰਪੂਰਨ ਹੈ।
ਅੰਮ੍ਰਿਤਾ ਨੇ ਇਕਵਾਰ ਇਮਰੋਜ਼ ਨੂੰ ਪੁੱਛਿਆ, "ਕੁਝ ਕਲਾਕਾਰਾਂ ਦਾ ਕੋਈ ਨਾ ਕੋਈ ਮਨਭਾਉਂਦਾ ਰੰਗ ਹੁੰਦਾ ਹੈ, ਜਿਵੇਂ ਕਿਸੇ ਮਸ਼ਹੂਰ ਪੇਂਟਰ ਨੇ ਕਿਹਾ ਸੀ, 'ਮੈਨੂੰ ਲਾਲ ਰੰਗ ਬਹੁਤ ਪਸੰਦ ਹੈ, ਏਨਾ ਪਸੰਦ ਕਿ ਮੈਂ ਦੁਨੀਆਂ ਦੀ ਹਰ ਵਸਤੂ ਨੂੰ ਲਾਲ ਰੰਗ ਨਾਲ ਰੰਗ ਦੇਣਾ ਚਾਹੁੰਦਾ ਹਾਂ।" ਤੇਰਾ ਵੀ ਕੋਈ ਮਨਪਸੰਦ ਰੰਗ ਹੈ ?"
ਇਮਰੋਜ਼ ਨੇ ਕਿਹਾ, "ਹਾਂ, ਚਮਕਦੇ ਸੂਰਜ ਦਾ ਰੰਗ ਮੈਨੂੰ ਬਹੁਤ ਭਾਉਂਦਾ ਹੈ। ਅਤੇ ਮੈਨੂੰ ਚਹੁੰ ਪਾਸਿਆਂ ਤੋਂ ਘੇਰ ਲੈਂਦਾ ਹੈ। ਮੈਂ ਉਸੇ ਰੰਗ ਵਿਚ ਸਭ ਕੁਝ ਰੰਗ ਦੇਣਾ ਚਾਹੁੰਨਾ ਵਾਂ। ਸ਼ਾਇਦ ਇਸ ਲਈ ਕਿ ਮੈਂ ਉਹਦੇ ਨਾਲ ਚੜ੍ਹਦੇ ਸੂਰਜ ਦੀ ਰੌਸ਼ਨੀ ਨੂੰ ਮਿਲਦਾ ਹਾਂ।"
ਦੋਵੇਂ ਹੱਸ ਪਏ।
ਇਕ ਦਿਨ ਮੈਂ ਇਮਰੋਜ਼ ਨੂੰ ਪੁੱਛਿਆ ਕਿ ਉਹ ਆਪਣੇ ਚਿਤਰਾਂ ਦੀ ਪ੍ਰਦਰਸ਼ਨੀ ਕਿਉਂ ਨਹੀਂ ਲਾਉਂਦੇ, ਤਾਂ ਉਹਨਾਂ ਜੁਆਬ ਦਿੱਤਾ, "ਅਸੀਂ ਪ੍ਰਦਰਸ਼ਨੀ ਕਿਉਂ ਲਾਉਂਦੇ ਹਾਂ? ਇਸਦੇ ਦੋ ਕਾਰਨ ਨੇ, ਇਕ ਤਾਂ ਇਹ ਕਿ ਅਸੀਂ ਦੂਸਰਿਆਂ ਦੇ ਮੂੰਹੋਂ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਾਂ। ਦੂਸਰਾ ਇਹ ਕਿ ਅਸੀਂ ਆਪਣੇ ਚਿਤਰ ਵੇਚਣਾ ਚਾਹੁੰਦੇ ਹਾਂ। ਮੈਨੂੰ ਆਪਣੇ ਕੰਮ ਦੀ ਤਾਰੀਫ਼ ਨਹੀਂ ਚਾਹੀਦੀ ਅਤੇ ਨਾਂ ਹੀ ਮੈਂ ਆਪਣੀਆਂ ਪੇਂਟਿੰਗਸ ਵੇਚਣਾ ਚਾਹੁੰਦਾ ਹਾਂ। ਫਿਰ ਮੈਂ ਨੁਮਾਇਸ਼ ਕਿਉਂ ਲਾਵਾਂ।
"ਫਿਰ ਤੁਹਾਡੀਆਂ ਪੇਟਿੰਗਸ ਦਰਸ਼ਕਾਂ ਤਕ ਕਿਸਤਰ੍ਹਾਂ ਪਹੁੰਚਣਗੀਆਂ ?"
"ਕਲਾ ਨੂੰ ਦਰਸ਼ਕਾਂ ਦੀ ਜ਼ਰੂਰਤ ਨਹੀਂ, ਦਰਸ਼ਕਾਂ ਨੂੰ ਕਲਾ ਦੀ ਜ਼ਰੂਰਤ ਹੈ।" ਇਕ ਵਾਰ ਮੈਂ ਉਹਨਾ ਨੂੰ ਪੁੱਛਿਆ ਕਿ ਕਲਾਕਾਰਾਂ ਦੇ ਏਨੇ ਪ੍ਰੇਮ-ਸੰਬੰਧ ਕਿਉਂ ਹੁੰਦੇ ਹਨ ? ਉਹਨਾਂ ਕਿਹਾ, "ਉਹਨਾਂ ਦੀ ਸਮੱਸਿਆ ਇਹ ਹੁੰਦੀ ਹੈ, ਉਹ ਚਾਹੁੰਦੇ ਹਨ ਸਾਰੇ ਉਨ੍ਹਾਂ ਨੂੰ ਹੀ ਪਿਆਰ ਕਰਨ। ਪਰ ਮੇਰੀ ਨਜ਼ਰ ਵਿਚ ਪਿਆਰ ਦੇ ਅਰਥ ਨੇ ਆਪਣੇ ਪਿਆਰੇ ਨੂੰ ਬਿਨਾਂ ਸ਼ਰਤ ਪਿਆਰ ਕਰਨਾ, ਹਮੇਸ਼ਾ।"
ਇਮਰੋਜ਼ ਦੀਆਂ ਪੇਂਟਿੰਗਸ ਨੂੰ ਵੇਖਦਿਆਂ ਇਕ ਵਾਰ ਅੰਮ੍ਰਿਤਾ ਨੇ ਕਿਹਾ, "ਮੈਨੂੰ ਲਗਦਾ ਹੈ, ਈਡਨ ਗਾਰਡਨ ਵਿਚ ਇਮਰੋਜ਼ ਨੇ ਜਿਹੜੀ ਸੁੰਦਰਤਾ ਵੇਖੀ ਸੀ, ਉਸਨੂੰ ਉਹ ਹਾਲੇ ਤਕ ਭੁੱਲਿਆ ਨਹੀਂ। ਸ਼ਾਇਦ ਉਹੀ ਖੂਬਸੂਰਤੀ ਉੱਲਰ ਉੱਲਰ ਕੇ ਉਹਦੇ ਚਿਤਰਾਂ ਵਿਚ ਝਲਕਣ ਲੱਗ ਪੈਂਦੀ ਹੈ। ਵਰਜਿਤ ਫਲ ਤਾਂ ਸੇਬ ਸੀ ਨਾ ? ਉਸ ਕਾਰਨ ਹੀ ਆਦਮ ਅਤੇ ਹਵਾ ਨੂੰ ਈਡਨ ਗਾਰਡਨ ਵਿਚੋਂ ਕੱਢ ਦਿੱਤਾ ਗਿਆ ਸੀ। ਪਰ ਮੈਨੂੰ
ਲਗਦਾ ਹੈ, ਇਮਰੋਜ਼ ਲਈ ਉਹ ਫਲ ਸੇਬ ਨਹੀਂ ਸੀ, ਅੰਗੂਰ ਸੀ। ਇਮਰੋਜ਼ ਨੂੰ ਅੰਗੂਰ ਬਹੁਤ ਪਸੰਦ ਹਨ। ਜਿਥੇ ਵੀ ਚੰਗੇ ਅੰਗੂਰ ਵੇਖਦਾ ਹੈ, ਖਰੀਦ ਲੈਂਦਾ ਹੈ।’
ਇਸ ਤਰ੍ਹਾਂ ਹੀ ਕਿਸੇ ਪ੍ਰਸੰਗ ਵਿਚ ਅੰਮ੍ਰਿਤਾ ਨੇ ਦੱਸਿਆ, ''ਪਹਿਲਾਂ ਜਦੋਂ ਕੋਈ ਇਮਰੋਜ਼ ਨੂੰ ਮਿਲਣਾ ਚਾਹੁੰਦਾ ਸੀ ਤਾਂ ਮੈਨੂੰ ਫੋਨ ਕਰਦਾ ਸੀ, ਪੁਛਦਾ 'ਕੀ ਇਹ ਅੰਮ੍ਰਿਤਾ ਜੀ ਦਾ ਘਰ ਹੈ ? ਮੇਰੇ ਹਾਂ ਕਹਿਣ ਉਤੇ ਅਗਲਾ ਸੁਆਲ ਹੁੰਦਾ, "ਕੀ ਇਮਰੋਜ਼ ਜੀ ਹੈਨ ?" ਮੈਂ ਹਾਂ ਕਹਿ ਕੇ, ਇਮਰੋਜ਼ ਨੂੰ ਛੂਹ ਕੇ ਕਹਿੰਦੀ, "ਵੇਖ, ਅੱਜ ਕਲ੍ਹ ਲੋਕ ਤੈਨੂੰ ਮੇਰੇ ਪਤੇ ਉੱਤੇ ਲੱਭ ਲੈਂਦੇ ਨੇ।"
ਮੇਰੇ ਸਾਹਵੇਂ ਟੁਕੜਿਆਂ ਵਿਚ ਇਕ ਵੱਖਰੀ ਜਿਹੀ ਪਿਆਰ ਕਹਾਣੀ ਉਜਾਗਰ ਹੋ ਰਹੀ ਸੀ, ਅਜ ਦੇ ਜ਼ਮਾਨੇ ਦੇ ਹੀਰ-ਰਾਂਝਾ ਤੇ ਸੁਹਣੀ ਮਹੀਂਵਾਲ ਦੀ।
ਚੌਵੀ
ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਿਆਰ ਖੁਦ-ਬਖੁਦ ਤੁਰ ਰਿਹਾ ਸੀ। ਉਹਦੀ ਕੋਈ ਉਚੇਚੀ ਸੇਧ ਜਾਂ ਖ਼ਾਸ ਦਿਸ਼ਾ ਨਹੀਂ ਸੀ। ਉਸ ਬਾਰੇ ਕਿਸੇ ਨੇ ਕੋਈ ਸਕੀਮ ਵੀ ਨਹੀਂ ਸੀ ਘੜੀ, ਕੋਈ ਢੰਗ ਵੀ ਨਹੀਂ ਸੀ ਵਰਤਿਆ। ਕਿਸ ਰਾਹ ਵੱਲ ਅੰਮ੍ਰਿਤਾ ਸਰਕੀ ਸੀ, ਕੀਹਦੇ ਨਾਲ ਤੁਰੀ ਸੀ ? ਇਹ ਉਸਨੂੰ ਖੁਦ ਨੂੰ ਵੀ ਪਤਾ ਨਹੀਂ ਸੀ।
ਉਦੋਂ ਉਹ ਇਮਰੋਜ਼ ਨੂੰ ਚੰਗੀ ਤਰ੍ਹਾਂ ਨਹੀਂ ਸੀ ਜਾਣਦੀ। ਉਹ ਕੀ ਸੋਚਦੇ ਨੇ? ਉਹਨਾਂ ਦਾ ਦ੍ਰਿਸ਼ਟੀਕੋਨ ਕੀ ਸੀ ? ਉਹਨਾਂ ਦੇ ਤੌਰ-ਤਰੀਕੇ ਕੀ ਨੇ ? ਉਹ ਕੁਝ ਨਹੀਂ ਸਨ ਜਾਣਦੇ। ਇਕ ਦਿਨ ਜਦੋਂ ਉਹ ਦੋਵੇਂ ਇਕੱਠੇ ਸਨ ਤਾਂ ਅੰਮ੍ਰਿਤਾ ਨੇ ਉਹਨਾਂ ਤੋਂ ਪੁੱਛਿਆ, ''ਤੂੰ ਤਾਂ ਹਲਵਾਹਕਾਂ ਦਾ ਪੁੱਤਰ ਐ, ਤੂੰ ਫਿਰ ਪੇਂਟ ਅਤੇ ਬੁਰਸ਼ ਕਿਉਂ ਚੁੱਕ ਲਿਆ, ਹਲ ਕਿਉਂ ਨਹੀਂ ?"
ਉਹਨਾਂ ਹਸਦਿਆਂ ਹੋਇਆ ਜੁਆਬ ਦਿੱਤਾ, "ਇਹੋ ਤਾਂ ਕਰ ਰਿਹਾ ਵਾਂ। ਕਲਪਣਾ ਦੀ ਜ਼ਮੀਨ ਉੱਤੇ ਹਲ ਹੀ ਤਾਂ ਜੋਅ ਰਿਹਾ ਵਾਂ। ਜਦੋਂ ਮੈਂ ਛੋਟਾ ਸਾਂ ਤੇ ਨੇੜੇ ਤੇੜੇ ਕੋਈ ਨਹੀਂ ਸੀ ਹੁੰਦਾ, ਮੈਂ ਕਈ ਕਈ ਘੰਟੇ ਡਰਾਇੰਗ ਅਤੇ ਪੇਂਟਿੰਗ ਕਰਦਾ ਰਹਿੰਦਾ ਸਾਂ। ਮੈਨੂੰ ਦੂਰ ਦੂਰ ਤਕ ਹਲ ਅਤੇ ਖੇਤ ਹੀ ਵਿਖਾਈ ਦਿੰਦੇ ਸਨ।"
"ਉਦੋਂ ਤੂੰ ਔਰਤਾਂ ਦੀਆਂ ਤਸਵੀਰਾਂ ਨਹੀਂ ਬਣਾਈਆਂ ?" ਅੰਮ੍ਰਿਤਾ ਪੁਛਦੀ।
"ਨਹੀਂ, ਸਿਰਫ ਖੇਤ ਅਤੇ ਹਲ। ਇਹੋ ਮੇਰੇ ਧਿਆਨ ਦੇ ਕੇਂਦਰ ਸਨ।"
ਇਕ ਦਿਨ ਇਮਰੋਜ਼ ਨੇ ਪੇਂਟਿੰਗ ਬਣਾਉਂਦਿਆਂ ਆਪਣੇ ਬੁਰਸ਼ ਨਾਲ ਅੰਮ੍ਰਿਤਾ ਦੇ ਮੱਥੇ ਉੱਤੇ ਬਿੰਦੀ ਲਾ ਦਿੱਤੀ। ਉਹ ਹੱਸ ਪਏ ਤੇ ਬੋਲੇ, "ਲੈ, ਤੂੰ ਮੇਰੇ ਮੱਥੇ ਨੂੰ ਆਪਣਾ ਕੈਨਵਸ ਬਣਾ ਲਿਆ।"
ਉਹਨਾਂ ਸ਼ੀਸ਼ੇ ਵਿਚ ਵੇਖਿਆ। ਜ਼ਿੰਦਗੀ ਵਿਚ ਪਹਿਲੀ ਵਾਰ ਉਹਨਾਂ ਦੇ ਮੱਥੇ ਉਤੇ ਬਿੰਦੀ ਲੱਗੀ ਸੀ। ਉਹਨਾਂ ਅੰਦਰ ਕੁਝ ਹਿਲਜੁਲ ਹੋਈ। ਉਹਨਾਂ ਇਮਰੋਜ਼ ਨੂੰ ਸੁਆਲ ਪਾਇਆ, "ਯਥਾਰਥ ਦੀ ਵਿਆਖਿਆ ਕਿਵੇਂ ਕਰੇਗਾ ?"
"ਇਕ ਯਥਾਰਥ ਨੂੰ ਦੂਸਰੇ ਯਥਾਰਥ ਵਿਚੋਂ ਖੋਜ ਕੇ।" ਉਹਨਾਂ ਜੁਆਬ ਦਿੱਤਾ।
ਸ਼ਾਇਦ ਉਹ ਠੀਕ ਸੀ। ਇਮਰੋਜ਼ ਦੀਆਂ ਰੇਖਾਵਾਂ ਅਤੇ ਰੰਗਾਂ ਦੀ ਇਕ
ਅਸਲੀਅਤ ਹੈ ਅਤੇ ਉਹਨਾਂ ਵਿਚੋਂ ਹੀ ਦੂਸਰੀ ਅਸਲੀਅਤ ਉਦੈ ਹੁੰਦੀ ਹੈ। ਜਿਵੇਂ ਇਕ ਦਾਰਸ਼ਨਿਕ ਕਲ੍ਹ ਵਿਚੋਂ ਅੱਜ ਨੂੰ ਵੇਖ ਸਕਦਾ ਹੈ। ਜਿਵੇਂ ਕੋਈ ਅਮੂਰਤ ਵਿਚੋਂ ਯਥਾਰਥ ਨੂੰ ਵੇਖਦਾ ਹੈ। ਜਿਵੇਂ ਪਾਬਲੋ ਪਿਕਾਸੋ ਨੇ ਟ੍ਰਾਈਸਾਈਕਲ ਦੇ ਹੈਂਡਲ ਵਿਚ ਉਸਦੀ ਗੱਦੀ ਰੱਖ ਦਿੱਤੀ ਤਾਂ ਵਿਚ ਬਲਦ ਦਾ ਸਿਰ ਦਿਸਣ ਲੱਗ ਪਿਆ ਸੀ ਅਤੇ ਉਸ ਪੇਂਟਿੰਗ ਨੂੰ ਉਹਨੇ 'ਬੁਲਸ ਹੈੱਡ' ਦਾ ਨਾਂ ਦੇ ਦਿੱਤਾ ਸੀ। ਉਹਨੇ ਬਲਦ ਦੇ ਸਿਰ ਦੀ ਅਸਲੀਅਤ ਨੂੰ ਟ੍ਰਾਈ-ਸਾਈਕਲ ਦੀ ਅਸਲੀਅਤ ਵਿਚ ਵੇਖਿਆ ਅਤੇ ਇਸ ਨੂੰ ਪਿਕਾਸੋ ਨੇ ਕਲਪਨਾ ਦਾ ਸਫ਼ਰ ਆਖਿਆ।
ਜਦੋਂ ਬਾਹਰੀ ਵਸਤੂਆਂ ਨੂੰ ਅੰਤਰੀਵ ਦੀ ਅੱਖ ਵੇਖਦੀ ਹੈ ਤਾਂ ਬਹੁਤ ਸਾਰੇ ਨਵੇਂ ਆਕਾਰ ਦਿਸਣ ਲੱਗ ਪੈਂਦੇ ਹਨ। ਹਾਲਾਂਕਿ ਸ਼ਬਦ ਤਾਂ ਥੋੜ੍ਹੇ ਜਿਹੇ ਹੀ ਹੁੰਦੇ ਹਨ, ਫਿਰ ਵੀ ਉਹਨਾਂ ਤੋਂ ਹਜ਼ਾਰਾਂ ਫਿਕਰੇ ਅਤੇ ਹਜ਼ਾਰਾਂ ਮੁਹਾਵਰੇ ਉਭਰ ਕੇ ਸਾਹਮਣੇ ਆਉਂਦੇ ਹਨ। ਜਦੋਂ ਕੋਈ ਕਵਿਤਾ ਜਾਂ ਕਹਾਣੀ ਲਿਖੀ ਜਾਂਦੀ ਹੈ ਤਾਂ ਪਹਿਲੋਂ ਉਹ ਮਨ ਵਿਚ ਬਣਦੀ ਟੁਟਦੀ ਤੇ ਰਿਝਦੀ ਹੈ। …ਤੇ ਫਿਰ ਇਕ ਆਕਾਰ ਲੈ ਲੈਂਦੀ ਹੈ। ਕਲਪਨਾ ਦਾ ਯਥਾਰਥ ਹਾਸਲ ਕਰਨ ਪਿੱਛੋਂ ਹੀ ਉਹ ਰਚਨਾ ਕਾਗਜ਼ਾਂ ਉਤੇ ਲਿਖੀ ਜਾਂਦੀ ਹੈ।
"ਆਪਣੇ ਰੰਗ ਕੈਨਵਸ ਉੱਤੇ ਲਾਉਣ ਤੋਂ ਪਹਿਲਾਂ ਕੀ ਤੁਸੀਂ ਪੈਂਸਿਲ ਸਕੈੱਚ ਜਾਂ ਦਿਮਾਗ ਵਿਚ ਕੋਈ ਖ਼ਾਕਾ ਬਣਾਉਂਦੇ ਹੋ ?" ਮੈਂ ਇਮਰੋਜ਼ ਨੂੰ ਪੁੱਛਿਆ।
"ਹਾਂ, ਦੋਵੇਂ।"
"ਸੁਣਿਆ ਹੈ, ਅਮਰੀਕਨ ਪੇਂਟਰ ਈਵਾਨ ਅਲਬਾਈਟ ਨੇ ਇਕ ਪੇਂਟਿੰਗ ਉੱਤੇ ਵੀਹ ਸਾਲ ਕੰਮ ਕੀਤਾ ਅਤੇ ਉਸ ਪੇਂਟਿੰਗ ਨੂੰ ਉਹਨੇ 'ਸੰਸਾਰ ਦਾ ਸਫ਼ਰ' ਆਖਿਆ। ਕੀ ਤੁਹਾਡੇ ਨਾਲ ਵੀ ਕੁਝ ਇਹੋ ਜਿਹਾ ਹੋਇਆ ਹੈ ? ਕੀ ਤੁਸੀਂ ਵੀ ਕਦੀ ਬਹੁਤ ਸਾਰੇ ਸਾਲ ਇਕੋ ਹੀ ਪੇਂਟਿੰਗ ਉੱਤੇ ਲਾਏ ਹਨ ?"
ਉਹ ਹੱਸੇ, "ਪਿਛਲੇ ਤੀਹ ਸਾਲਾਂ ਤੋਂ ਮੈਂ ਇਕ ਹੀ ਔਰਤ ਦੀ ਤਸਵੀਰ ਬਣਾਈ ਹੈ। ਮੈਂ ਉਸਦੇ ਨੈਣ-ਨਕਸ਼ ਤਾਂ ਬਣਾ ਲਏ ਸੀ, ਪਰ ਉਸਦੇ ਮਨ ਦੀ ਤਸਵੀਰ ਬਣਾਉਂਦਿਆਂ ਹੋਇਆਂ ਮੈਨੂੰ ਤੀਹ ਸਾਲ ਲੱਗ ਗਏ ਹਨ। ਉਸ ਪੇਂਟਿੰਗ ਨੂੰ ਮੈਂ ਇਸ ਸਾਲ ਹੀ ਪੂਰਾ ਕੀਤਾ ਹੈ। ਉਹ ਇਕ ਲਾਈਨ ਦੀ ਪੇਂਟਿੰਗ ਹੈ ਜੋ ਇਕ ਸਾਜ਼ ਵਾਂਗ ਲਗਦੀ ਹੈ। ਇਹ ਪੇਂਟਿੰਗ ਕਲਪਨਾ ਦੀ ਇਕ ਪ੍ਰਕਿਰਿਆ ਹੈ, ਇਕ ਮਾਨਸਿਕ ਬਣਤਰ ਸਾਜ਼ ਦੇ ਰੂਪ ਵਿਚ ਵਿਕਸਤ ਹੋਈ ਹੈ।
ਇਮਰੋਜ਼ ਨੇ ਆਪਣੇ ਘਰ ਦੇ ਦਰਵਾਜ਼ਿਆਂ, ਕੰਧਾਂ ਅਤੇ ਖਿੜਕੀਆਂ ਉੱਤੇ ਕੁਝ ਇਸਤਰ੍ਹਾਂ ਰੰਗ ਖਿਲਾਰੇ ਹੋਏ ਨੇ ਕਿ ਸਵੇਰ ਦੇ ਸੂਰਜ ਦੀ ਪਹਿਲੀ ਕਿਰਨ ਦੇ ਆਉਂਦਿਆਂ ਹੀ ਘਰ ਦੇ ਫਰਸ਼ ਉੱਤੇ ਰੰਗਾਂ ਦਾ ਮੇਲਾ ਜਿਹਾ ਲੱਗ ਜਾਂਦਾ ਹੈ।
ਮਸ਼ਹੂਰ ਫ਼ਿਲਮ ਡਾਇਰੈਕਟਰ ਬਾਸੂ ਭੱਟਾਚਾਰੀਆ ਇਹਨਾਂ ਬਿਖਰੇ ਹੋਏ ਰੰਗਾਂ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਆਪਣੀ ਇਕ ਫ਼ਿਲਮ ਵਿਚ ਇਹਨਾਂ ਨੂੰ ਵਿਖਾਉਣ ਦੀ ਇੱਛਾ ਪਰਗਟ ਕੀਤੀ ਸੀ।
ਅੰਮ੍ਰਿਤਾ-ਇਮਰੋਜ਼ ਦੇ ਘਰ ਦੀ ਇਕ ਹੋਰ ਖਿੜਕੀ ਹੈ ਜਿਸ ਉਤੇ ਹੁਣ ਭਿੱਤ ਲਾ ਦਿੱਤੇ ਗਏ ਹਨ। ਇਹ ਖਿੜਕੀ ਉਸ ਕਮਰੇ ਵਿਚ ਖੁਲ੍ਹਦੀ ਹੈ ਜੋ ਗੈਰਾਜ ਦੇ ਉਪਰ ਬਣਿਆ ਹੋਇਆ ਹੈ। ਇਥੋਂ ਹੀ ਗਰਮੀਆਂ ਵਿਚ ਸੂਰਜ ਦੀਆਂ ਤੇਜ਼ ਕਿਰਨਾਂ ਦੀ ਰੌਸ਼ਨੀ ਅੰਦਰ ਆਉਂਦੀ ਹੈ। ਇਸ ਰੌਸ਼ਨੀ ਨੂੰ ਘੱਟ ਕਰਨ ਲਈ ਇਮਰੋਜ਼ ਨੇ ਉਥੇ ਪਰਦੇ ਲਾ ਦਿੱਤੇ, ਪਰ ਪਸੰਦ ਨਹੀਂ ਆਏ। ਫਿਰ ਬੈਂਤ ਦੀਆਂ ਚਿਕਾਂ ਮੰਗਵਾਈਆਂ ਗਈਆਂ, ਪਰ ਉਹ ਵੀ ਨਹੀਂ ਜਚੀਆਂ ਤਾਂ ਉਹਨਾਂ ਇਕ ਘੜੇ ਦੀ ਤਸਵੀਰ ਬਣਾਈ ਅਤੇ ਉਹਦੇ ਉਤੇ ਅੰਮ੍ਰਿਤਾ ਦੀ ਕਵਿਤਾ ਦੀਆਂ ਸਤਰਾਂ ਲਿਖ ਦਿੱਤੀਆਂ-
ਉਠ ਆਪਣੇ ਘੜੇ ਚੋਂ
ਪਾਣੀ ਦਾ ਕੌਲ ਦੇ
ਧੋ ਲਵਾਂਗੀ ਬੈਠ ਕੇ
ਰਾਹਾਂ ਦੇ ਹਾਦਸੇ...
ਜਦੋਂ ਅੰਮ੍ਰਿਤਾ ਨੇ ਪੁੱਛਿਆ, "ਇਹ ਸੁਹਣੀ ਦਾ ਘੜਾ ਹੈ ?"
ਤਾਂ ਇਮਰੋਜ਼ ਨੇ ਕਿਹਾ, "ਨਹੀਂ, ਇਹ ਤੇਰਾ ਘੜਾ ਹੈ।"
ਇਮਰੋਜ਼ ਨੇ ਘਰ ਨੂੰ ਕਵਿਤਾਵਾਂ ਅਤੇ ਪੇਂਟਿੰਗਜ਼ ਨਾਲ ਸਜਾਇਆ ਹੋਇਆ ਹੈ। ਉਹਨਾਂ ਦੀ ਅੱਖਰਕਾਰੀ ਵਿਚ ਇਕ ਖ਼ਾਸ ਖੂਬਸੂਰਤੀ ਹੈ, ਇਕ ਲੈਅ ਹੈ, ਜਿਸਨੂੰ ਸ਼ਾਇਦ ਕਲਾ ਦੀ ਲੈਅ ਕਿਹਾ ਜਾ ਸਕਦਾ ਹੈ। ਜਦੋਂ ਉਸ ਦੀ ਗੂੰਜ ਵਿਸ਼ਵਵਿਆਪੀ ਚੇਤਨਾ ਦੀ ਗੂੰਜ ਨਾਲ ਮਿਲ ਜਾਂਦੀ ਹੈ ਤਾਂ ਉਦੋਂ ਕਲਾ ਦੀ ਸ਼ਕਤੀ ਹੀ ਉਸ ਦੀ ਮਹਿਮਾ ਬਣ ਜਾਂਦੀ ਹੈ। ਇਮਰੋਜ਼ ਨੇ ਇਹ ਸਤਰਾਂ ਵੀ ਪੇਂਟ ਕੀਤੀਆਂ ਹਨ-
ਹਾਜ਼ੀ ਲੋਕ ਮੱਕੇ ਨੂੰ ਜਾਂਦੇ
ਅਸਾਂ ਜਾਣਾ ਤਖ਼ਤ ਹਜ਼ਾਰੇ।
ਇਹ ਸਤਰ ਇਕ ਸੂਫੀ ਸ਼ਾਇਰ ਦੀ ਹੈ ਜੀਹਦੇ ਅਨੁਸਾਰ ਜਦੋਂ ਜਿਸਮਾਨੀ ਅਤੇ ਰੂਹਾਨੀ ਇਸ਼ਕ ਪਾਣੀ ਵਾਂਗੂੰ ਹੋ ਜਾਵੇ ਤਾਂ ਉਹਦੇ ਵਿਚ ਵੰਡਣ ਵਾਲੀ ਕੋਈ ਲੀਕ ਨਹੀਂ ਰਹਿ ਜਾਂਦੀ।
ਜਿਵੇਂ ਮੱਕੇ ਨੂੰ ਰੂਹਾਨੀ ਇਸ਼ਕ ਦਾ ਸਭ ਤੋਂ ਉੱਚਾ ਦਰਜਾ ਹਾਸਲ ਹੈ, ਉਂਜ ਹੀ ਤਖ਼ਤ ਹਜ਼ਾਰਾ (ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਦੇ ਨਾਇਕ ਰਾਂਝੇ ਦਾ ਜਨਮ ਸਥਾਨ) ਆਸ਼ਿਕਾਂ ਲਈ ਸਭ ਤੋਂ ਵੱਡਾ ਤੀਰਥ ਹੈ।
ਇਮਰੋਜ਼ ਨੇ ਇਹਨਾਂ ਸ਼ਬਦਾਂ ਨੂੰ ਭੌਤਿਕ ਦ੍ਰਿਸ਼ਟੀ ਤੋਂ ਨਹੀਂ ਲਿਆ, ਉਹਨਾਂ ਨੇ
ਤਾਂ ਪ੍ਰੇਮੀ ਦੀ ਉਸ ਨਜ਼ਰ ਨੂੰ ਕੈਨਵਸ ਉੱਤੇ ਉਤਾਰਿਆ ਹੈ ਜਿਸਨੇ ਵੇਖਣ ਸਾਰ ਹੀ ਇਕ ਸਾਧਾਰਨ ਪਿੰਡ ਨੂੰ ਪੂਜਾ-ਸਥੱਲ ਬਣਾ ਦਿੱਤਾ ਹੈ। ਇਹ ਨਜ਼ਰ ਤਾਂ ਉਸ ਖੰਭ ਵਰਗੀ ਹੈ ਜੋ ਉਡਕੇ ਉਸ ਪੂਜਾ-ਸਥਾਨ ਉੱਤੇ ਪਹੁੰਚਣਾ ਚਾਹੁੰਦਾ ਹੈ। ਇਹ ਤਾਂ ਪ੍ਰਾਣੀ ਦੀ ਲੌਕਿਕ ਤੋਂ ਅਲੌਕਿਕ ਤਕ ਦੀ ਉਡਾਨ ਦੀ ਤਸਵੀਰ ਹੈ।
ਅੰਮ੍ਰਿਤਾ ਨੇ ਇਕ ਵਾਰ ਪੰਜਾਬੀ ਦੇ ਇਕ ਲੋਕਗੀਤ ਬਾਰੇ ਦੱਸਿਆ-
ਧਰਤੀ ਨੂੰ ਕਲੀ ਕਰਾ ਦੇ ਵੇ
ਨਚੂੰਗੀ ਸਾਰੀ ਰਾਤ...
ਇਹਨਾਂ ਸਾਦੀਆਂ ਜਿਹੀਆਂ ਪੰਕਤੀਆਂ ਵਿਚ ਇਕ ਅਜੇਹੀ ਸੁੰਦਰਤਾ ਹੈ ਜੋ ਸ਼ਾਇਦ ਅੱਜ ਤਕ ਇਸ ਧਰਤੀ ਉੱਤੇ ਉੱਤਰੀ ਹੀ ਨਹੀਂ। 'ਕਲੀ ਕਰਾ ਦੇ' ਬੋਲਾਂ ਵਿਚ ਇਕ ਬਹੁਤ ਵੱਡੀ ਕਰਾਂਤੀ ਦਾ ਵਾਹਦਾ ਲੁਕਿਆ ਹੋਇਆ ਹੈ, ਜਿਹੜਾ ਧਰਤੀ ਦੇ ਚਿਹਰੇ ਜ਼ੁਲਮੋ-ਸਿਤਮ ਅਤੇ ਜੁਰਮਾਂ ਨੂੰ ਮੁਕਾ ਦੇਵੇਗਾ। 'ਨਚੂੰਗੀ ਸਾਰੀ ਰਾਤ' ਵਿਚ ਜ਼ਿੰਦਗੀ ਨੂੰ ਭਰਪੂਰ ਜਿਉਣ ਦਾ ਵਾਹਦਾ ਹੈ। ਇਸ ਵਿਚ ਪੂਰੀ ਦੁਨੀਆਂ ਦੀ ਖੁਸ਼ਹਾਲੀ ਅਤੇ ਸਦਭਾਵਨਾ ਦਾ ਸੁਮੇਲ ਹੈ ਜੋ ਇਮਰੋਜ਼ ਨੇ ਆਪਣੀ ਪੇਂਟਿੰਗ ਵਿਚ ਵਿਖਾਇਆ ਹੈ।
ਫ਼ਕੀਰਾ ਆਪੇ ਅੱਲ੍ਹਾ ਹੋ !
ਇਹ ਇਕ ਹੋਰ ਪੰਕਤੀ ਹੈ ਜਿਸ ਵਿਚ ਅਨੇਕ ਤੋਂ ਇਕ ਬਣਨ ਦੀ ਇੱਛਾ ਲੁਕੀ ਹੋਈ ਹੈ। ਇਹ ਪੰਕਤੀ ਸਮੇਂ ਅਤੇ ਕਲਾਕਾਰ ਦੇ ਅਵਚੇਤਨ ਮਨ, ਦੋਵਾਂ ਨੂੰ ਹੀ ਇਤਿਹਾਸ ਦੇ ਪੰਨਿਆਂ ਵਿਚ ਲੈ ਗਈ ਹੈ। ਇਹ ਸ਼ਬਦ ਏਨੀ ਅਸਰਦਾਰ ਸ਼ੈਲੀ ਵਿਚ ਸੰਜੋਏ ਗਏ ਹਨ ਕਿ 'ਫਕੀਰਾ' ਸ਼ਬਦ ਧਰਤੀ ਦਾ ਚਿੰਨ ਅਤੇ ਸੂਰਜ 'ਅਲ੍ਹਾ' ਦਾ ਪ੍ਰਤੀਰੂਪ ਬਣਦਾ ਨਜ਼ਰ ਆਉਂਦਾ ਹੈ।
ਹਰ ਸ਼ਬਦ ਦੇ ਅੱਖਰਾਂ ਵਿਚਲੇ ਸਵਰ ਸੂਰਜ ਤਕ ਇਸਤਰ੍ਹਾਂ ਪਹੁੰਚਦੇ ਹਨ ਕਿ ਫ਼ਕੀਰ ਦੀ ਅਲ੍ਹਾ ਬਣਨ ਦੀ ਖ਼ਾਹਸ ਅੱਖਰਕਾਰੀ ਦੇ ਸਿਰਿਆਂ ਤੋਂ ਗੋਲਾਕਾਰ ਰੂਪ ਵਿਚ ਸਾਹਮਣੇ ਆਉਂਦੀ ਹੈ।
ਇਮਰੋਜ਼ ਦੀ ਉਸ ਪੇਂਟਿੰਗ ਨੂੰ, ਜਿਸ ਵਿਚ ਉਡਦੇ ਪਰਿੰਦੇ ਦੇ ਖੰਭਾਂ ਵਿਚ ਇਕ ਔਰਤ ਦਾ ਸਰੀਰ ਲਿਪਟਿਆ ਹੋਇਆ ਹੈ, ਬਹੁਤ ਢੰਗਾਂ ਨਾਲ ਸਮਝਿਆ ਜਾ ਸਕਦਾ ਹੈ। ਸ਼ਾਇਦ ਇਹ ਮਨੁੱਖ ਦੀ ਸਥੂਲ ਤੋਂ ਸੂਖਮ ਤਕ ਬਿਖਰ ਜਾਣ ਦੀ ਇੱਛਾ ਮਾਤਰ ਹੈ। ਇਮਰੋਜ਼ ਸੋਚਦੇ ਹਨ ਕਿ ਹਰ ਕ੍ਰਿਆਤਮਕ ਇੱਛਾ 'ਹੋਰ ਵਿਕਸਤ’ ਹੋਣ ਦੀ ਇੱਛਾ ਹੀ ਹੈ।
ਇਕ ਦਿਨ ਖ਼ਲੀਲ ਜਿਬਰਾਨ ਦੇ ਇਕ ਦੋਸਤ ਨੇ ਉਹਨਾਂ ਨੂੰ ਕਿਹਾ, 'ਮੈਂ ਤੇਰੇ ਉਹਨਾਂ ਸਾਰੇ ਲੇਖਾਂ ਦਾ ਇਕ ਸੰਗ੍ਰਹਿ ਤਿਆਰ ਕਰਨਾ ਚਾਹੁੰਦਾ ਹਾਂ ਜਿਹੜੇ ਤੂੰ ਆਪਣੇ ਕਾਲਮ 'ਇਕ ਅੱਥਰੂ, ਇਕ ਮੁਸਕਾਨ' ਲਈ ਲਿਖੇ ਸਨ।"
ਖ਼ਲੀਲ ਨੇ ਕਿਹਾ, "ਮੇਰੇ ਪੁਰਾਣੇ ਲੇਖ, ਮੇਰੀ ਅਲ੍ਹੜ ਜਵਾਨੀ ਦਾ ਪਰਗਟਾਵਾ ਸਨ। ਹੁਣ ਉਹ ਮੇਰੇ ਸੁਪਨਿਆਂ ਵਾਂਗੂੰ ਹੀ ਕਬਰਿਸਤਾਨ ਵਿਚ ਦਫ਼ਨਾਏ ਜਾ ਚੁਕੇ ਹਨ। ਕੀ ਹੁਣ ਤੂੰ ਉਹਨਾਂ ਦੀਆਂ ਹੱਡੀਆਂ ਇਕੱਠੀਆਂ ਕਰਨਾ ਚਾਹੁੰਦਾ ਏਂ ? ਜੋ ਜੀਅ ਆਵੇ ਕਰ, ਪਰ ਇਹ ਨਾ ਭੁੱਲੀਂ ਕਿ ਉਹਨਾਂ ਦੀਆਂ ਆਤਮਾਵਾਂ ਨੇ ਕਿਤੇ ਹੋਰ ਜਨਮ ਲੈ ਲਿਆ ਹੈ।"
ਇਸੇ ਪ੍ਰਸੰਗ ਵਿਚ ਅੰਮ੍ਰਿਤਾ ਨੇ ਕਿਹਾ ਸੀ, "ਇਹ ਸ਼ਾਇਦ ਉਹਦੀ ਇੱਛਾ ਸੀ ਕਿ ਉਹ ਪਰਪੱਕ ਹੋਣ ਵੱਲ ਵਿਕਸਤ ਹੋਵੇ, ਪਰ ਇਮਰੋਜ਼ ਦੇ ਮਾਨਸਿਕ ਅਤੇ ਅਧਿਆਤਮਕ ਵਿਕਾਸ ਦਾ ਕਾਰਨ ਕੋਈ ਇਕ ਘਟਨਾ ਨਹੀਂ, ਇਹ ਤਾਂ ਲਗਾਤਾਰਤਾ ਦਾ ਅਮਲ ਹੈ।"
ਇਮਰੋਜ਼ਾਂ ਦੀ ਪੇਂਟਿੰਗ 'ਇਕ ਹਸੀਨਾ ਇਕ ਹੋਰ ਅਦਭੁੱਤ ਪੇਂਟਿੰਗ ਹੈ। ਇਸ ਵਿਚ ਇਮਰੋਜ਼ ਨੇ ਇਕ ਔਰਤ ਦੀ ਪਿੱਠ ਵਿਖਾਈ ਹੈ, ਜਿਸਤੋਂ ਉਸ ਦੀ ਸੁੰਦਰਤਾ ਅਤੇ ਆਭਾ ਜਲਵਾਗਰ ਹੁੰਦੀ ਹੈ। ਉਸ ਦੇ ਪਿਛੋਕੜ ਵਿਚ ਤੂਫ਼ਾਨ ਦਿਸਦਾ ਹੈ, ਜਿਹੜਾ ਹਰੇ ਰੰਗ ਦੀ ਭਾਹ ਵਿਚ ਹੈ। ਇਸ ਪੇਂਟਿੰਗ ਬਾਰੇ ਅੰਤਰ ਧਿਆਨ ਹੋ ਕੇ ਅੰਮ੍ਰਿਤਾ ਕਹਿੰਦੀ ਹੈ ਕਿ ਇਹ ਜ਼ਰੂਰ ਈਡਨ ਗਾਰਡਨ ਦੀ ਬੀਬੀ ਹਵਾ ਹੋਵੇਗੀ ਜਿਹੜੀ ਆਪਣੇ ਪਿੱਛੇ ਹਰਿਆ-ਭਰਿਆ ਬਾਗ-ਬਗੀਚਾ ਛੱਡ ਕੇ ਆ ਰਹੀ ਹੈ।
ਇਮਰੋਜ਼ ਦੀ ਇਕ ਪੇਂਟਿੰਗ ਹੈ 'ਸਾਈਂ ਬੁਲ੍ਹੇਸ਼ਾਹ' । ਇਸ ਵਿਚ ਫ਼ਕੀਰ ਦਾ ਇਕ
ਸ਼ਾਹਾਨਾ ਨਜ਼ਾਰਾ ਹੈ। ਸਾਰਾ ਜਹਾਨ ਵੇਖਣ ਤੋਂ ਬਾਅਦ ਜਿਵੇਂ ਸਾਈਂ ਦੀਆਂ ਅੱਖਾਂ ਆਪਣੇ ਕੋਲ, ਆਪਣੇ ਅੰਦਰ ਮੁੜ ਪਰਤ ਆਈਆਂ ਹੋਣ। ਆਤਮਾ ਦੇ ਅਨੰਦ ਨੂੰ ਇਕ ਪਤਲੇ ਕੱਜਣ ਨੇ ਢੱਕਿਆ ਹੋਇਆ ਹੈ ਅਤੇ ਚਿਹਰੇ ਉੱਤੇ ਉਦਾਸੀ ਦੀ ਪੇਤਲੀ ਜਿਹੀ ਪਰਤ ਹੈ। ਲੋਕ ਮੰਦਰਾਂ ਅਤੇ ਮਸੀਤਾਂ ਤੋਂ ਉਦਾਸ ਅਤੇ ਭਰੇ ਮਨ ਨਾਲ ਮੁੜੇ ਆ ਰਹੇ ਹਨ। ਬੁਲ੍ਹੇ ਸ਼ਾਹ ਜਿਵੇਂ ਕਹਿ ਰਹੇ ਹੋਣ-ਖ਼ੁਦਾ ਤਾਂ ਬੰਦਿਆਂ ਦੇ ਦਿਲਾਂ ਵਿਚ ਰਹਿੰਦਾ ਹੈ, ਪਰ ਚਿਹਰਿਆਂ ਉੱਤੇ ਪੀੜ ਹਿੰਦੂ, ਮੁਸਲਮਾਨ ਜਾਂ ਕੁਝ ਵੀ ਹੋਰ ਹੋਣ ਦੀ ਹੈ। ਆਪਣੇ 'ਹੋਣ' ਦੇ 'ਨਾ ਹੋਣ' ਦੀ ਪਛਾਣ ਦਾ ਦਰਦ ਸਾਫ਼ ਦਿਸਦਾ ਹੈ।
ਉਹਨਾਂ ਦੇ ਸਿਰ ਦਾ ਕਪੜਾ ਡਿਗ ਰਿਹਾ ਹੈ। ਉਹਨਾਂ ਕੀ ਪਾਇਆ ਹੈ ਤੇ ਕੀ ਨਹੀਂ, ਇਸਦੀ ਉਹਨਾਂ ਨੂੰ ਕੋਈ ਖ਼ਬਰ ਨਹੀਂ। ਇਹ ਬੇਖ਼ਬਰੀ ਦਾ ਆਲਮ ਹੈ, ਫ਼ਕੀਰੀ ਦਾ ਆਲਮ ਹੈ।
ਇਕ ਪੇਂਟਿੰਗ ਹਜ਼ਰਤ ਤਾਹਿਰਾ ਦੀ ਹੈ। ਉਸ ਪੇਂਟਿੰਗ ਦਾ ਨਾਮ ਹੈ 'ਖ਼ੁਦਾ ਦੀ ਪਨਾਹ'। ਇਹ ਪੇਂਟਿੰਗ ਦੀਵਾਨਗੀ ਦਾ ਆਲਮ ਪੇਸ਼ ਕਰਦੀ ਹੈ, ਉਹੀ ਦੀਵਾਨਗੀ ਜੋ ਤਾਹਿਰਾ ਵਿਚ ਸੀ।
ਉਸ ਵਕਤ ਦੇ ਸੁਲਤਾਨ ਨੇ ਤਾਹਿਰਾ ਨੂੰ ਪੈਗਾਮ ਭੇਜਿਆ, ਜਿਸ ਵਿਚ ਉਸਨੇ ਮਹਿਲ ਅਤੇ ਸੁਲਤਾਨ ਦੀ ਬੇਗਮ ਦਾ ਰੁਤਬਾ ਉਹਦੇ ਲਈ ਪੇਸ਼ ਕੀਤਾ ਤਾਂ ਤਾਹਿਰਾ ਨੇ ਉਸੇ ਕਾਗ਼ਜ਼ ਉੱਤੇ ਪੈਗਾਮ ਦਾ ਜੁਆਬ ਲਿਖ ਭੇਜਿਆ-
ਸੁਲਤਾਨ।
ਇਹ ਮੁਲਕ ਅਤੇ ਹਕੂਮਤ ਤੇਰੇ ਲਈ
ਦਰਵੇਸ਼ਾਂ ਵਾਂਗੂੰ ਰਹਿਣਾ ਮੇਰੇ ਲਈ
ਜੇ ਉਹ ਮੁਕਾਮ ਬੇਹਤਰ ਹੈ ਤਾਂ ਤੇਰੇ ਲਈ
ਜੇ ਕੁਝ ਵੀ ਨਹੀਂ ਤਾਂ ਮੇਰੇ ਲਈ।
ਤਾਹਿਰਾ ਦੀਆਂ ਦੋ ਪੇਟਿੰਗਸ ਹਨ। ਇਕ ਵਿਚ ਉਸਦਾ ਚਿਹਰਾ ਇਕ ਪਤਲੇ ਜਿਹੇ ਕਪੜੇ ਨਾਲ ਢੱਕਿਆ ਹੋਇਆ ਹੈ। ਦੂਸਰੀ ਪੇਂਟਿੰਗ ਵਿਚ ਉਸ ਦੀਆਂ ਅੱਖਾਂ ਚਹੁੰ ਕਦਮਾਂ ਦੀ ਵਿੱਥ ਤੋਂ ਆਪਣੀ ਹੀ ਮੌਤ ਦਾ ਨਜ਼ਾਰਾ ਵੇਖ ਰਹੀਆਂ ਨੇ।
ਇਮਰੋਜ਼ ਦੇ ਰੰਗਾਂ ਵਿਚ ਜਾਦੂ ਹੈ। ਉਹਨੇ ਆਪਣੇ ਬੁਰਸ਼ ਨਾਲ ਤਾਹਿਰਾ ਦੇ ਨੈਣ-ਨਕਸ਼ ਕੁਝ ਇਸ ਤਰ੍ਹਾਂ ਉਲੀਕੇ ਹਨ ਕਿ ਉਹਦੇ ਚਿਹਰੇ ਤੋਂ ਦਰਵੇਸ਼ਾਂ ਦਾ ਨੂਰ ਫੁੱਟ ਫੁਟ ਪੈਂਦਾ ਹੈ।
ਇਸੇ ਤਰ੍ਹਾਂ ਗੌਤਮ ਬੁੱਧ ਦਾ ਚਿਤਰ ਅਦੁਤੀ ਹੈ। ਬੁੱਧ ਸਾਹਮਣੇ ਨਹੀਂ ਵੇਖ ਰਹੇ,
ਇਸ ਲਈ ਉਹਨਾਂ ਦਾ ਚਿਹਰਾ ਪੂਰਾ ਵਿਖਾਈ ਨਹੀਂ ਦਿੰਦਾ। ਉਹਨਾਂ ਦਾ ਕੇਵਲ ਸਿਰ ਅਤੇ ਗਰਦਨ ਦਾ ਪਿਛਲਾ ਹਿੱਸਾ ਪੇਤਲੀ ਜਿਹੀ ਧੁੰਦ ਵਿਚ ਦਿਸਦਾ ਹੈ। ਇਹ ਬੁੱਧ ਦੇ ਆਦੇਸ਼ ਅਨੁਸਾਰ ਹੈ ਕਿ ਉਹਨਾਂ ਦਾ ਕੋਈ ਚਿਤਰ ਜਾਂ ਬੁੱਤ ਨਾ ਬਣਾਇਆ ਜਾਵੇ।
ਅੰਮ੍ਰਿਤਾ ਅਤੇ ਇਮਰੋਜ਼, ਇਹਨਾਂ ਦੋ ਸਿਰਜਣਸ਼ੀਲ ਵਿਅਕਤੀਆਂ ਵਿਚ ਕਿੰਨੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਹਨ, ਪਰ ਦੋਵੇਂ ਇਕ ਦੂਸਰੇ ਦੇ ਪੂਰਕ ਹਨ।
ਪੰਝੀ
ਅੰਮ੍ਰਿਤਾ ਦੀ ਸਿਹਤ ਹੋਰ ਖ਼ਰਾਬ ਹੋ ਰਹੀ ਸੀ।
ਹੁਣੇ ਜਿਹੇ ਜਦੋਂ ਮੈਂ ਉਹਨਾਂ ਨੂੰ ਮਿਲੀ ਤਾਂ ਉਹ ਆਪਣੀ ਨਵੀਂ ਕਵਿਤਾ ਦੀ ਗੱਲ ਕਰ ਰਹੇ ਸਨ ਜਿਹੜੀ ਉਹਨਾਂ ਇਮਰੋਜ਼ ਲਈ ਲਿਖੀ ਸੀ। ਉਹ ਕੁਝ ਸਤਰਾਂ ਹੌਲੀ ਹੌਲੀ ਪੜ੍ਹ ਰਹੇ ਸਨ। ਜਦੋਂ ਉਹਨਾਂ ਕੋਲੋਂ ਏਨਾ ਉੱਚਾ ਵੀ ਨਹੀਂ ਪੜ੍ਹਿਆ ਜਾ ਸਕਿਆ ਕਿ ਮੈਂ ਸੁਣ ਲਵਾਂ ਤਾਂ ਕਾਗ਼ਜ਼ ਮੈਨੂੰ ਫੜਾ ਕੇ ਬੋਲੇ ਕਿ ਤੂੰ ਹੀ ਪੜ੍ਹ। ਮੈਂ ਪੜ੍ਹਨ ਲੱਗੀ ਪਈ-
ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸਤਰ੍ਹਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸ ਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦੀ ਰਵਾਂਗੀ
ਜਾਂ ਖੋਰੇ ਸੂਰਜ ਦੀ ਲੋਅ ਬਣਕੇ
ਤੇਰੇ ਰੰਗਾਂ ਵਿਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿਚ ਬੈਠਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀਂ ਕਿਸਤਰ੍ਹਾਂ-ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀ
ਜਾਂ ਖੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ...
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾ....
ਇਹ ਜਿਸਮ ਮੁਕਦਾ ਹੈ
ਤਾਂ ਸਭ ਕੁਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨ੍ਹਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਗੀ...
ਮੈਂ ਪੜ੍ਹਨਾ ਬੰਦ ਕੀਤਾ ਤੇ ਸਾਹ ਘੋਟੂ ਖ਼ਾਮੋਸ਼ੀ ਵਿਚ ਸੰਭਲਦਿਆਂ ਅਤੇ ਅੱਖਾਂ ਵਿਚ ਸਿੰਮ ਆਏ ਅੱਥਰੂਆਂ ਨੂੰ ਪੀਂਦਿਆਂ, ਅੱਖਾਂ ਦੀ ਰੇਤ ਵਿਚ ਜੀਰਦਿਆਂ ਮੈਨੂੰ ਕੁਝ ਪਲ ਲੱਗ ਗਏ। ਮੈਂ ਵੇਖਿਆ, ਕਿ ਉਹ ਜਿਵੇਂ ਕਿਸੇ ਗਹਿਰੀ ਸੋਚ ਤੋਂ ਪਿੱਛੋਂ ਹੌਲੀ ਹੌਲੀ ਅੱਖਾਂ ਖੋਲ੍ਹ ਰਹੇ ਸਨ। ਕੁਝ ਪਲ ਮੁੜ ਚੁੱਪ ਨੇ ਲੈ ਲਏ। ਫੇਰ ਮੇਰੇ ਵੱਲ ਵੇਖਦਿਆਂ ਹੋਇਆਂ ਹੌਲੀ ਜਿਹੀ ਬੋਲੇ, "ਤੂੰ ਇਸ ਨਜ਼ਮ ਦਾ ਅੰਗਰੇਜ਼ੀ ਅਨੁਵਾਦ ਕਰੇਂਗੀ ?"
ਮੈਂ ਉਸੇ ਚੁੱਪ ਵਿਚ ਉਹਨਾਂ ਨੂੰ ਬਾਹਵਾਂ ਵਿਚ ਭਰ ਲਿਆ ਤੇ ਕਿਹਾ, "ਹਾਂ, ਕਰਾਂਗੀ।"
ਉਸ ਦਿਨ ਸਾਡੇ ਵਿਚਕਾਰ ਕੋਈ ਹੋਰ ਗੱਲ ਨਹੀਂ ਹੋਈ। ਚੁੱਪ ਦੀ ਛਾਂ ਵਿਚ ਹੀ ਮੈਂ ਉਹਨਾਂ ਨੂੰ ਹੀਲਿੰਗ ਦਿੱਤੀ ਤੇ ਉਥੋਂ ਤੁਰ ਆਈ। ਮੇਰਾ ਮਨ ਭਾਰਾ ਸੀ ਤੇ ਇਕ ਦਮ ਸੱਖਣਾ ਵੀ, ਕੋਈ ਸੋਚ ਨਹੀਂ ਸੀ, ਕੋਈ ਭਾਵ ਨਹੀਂ ਸੀ। ਇਕ ਲੰਮੀ ਜੁਦਾਈ ਨੂੰ ਮੈਂ ਜਿਵੇਂ ਆਪਣੇ ਮੋਢਿਆਂ ਉਤੇ ਚੁੱਕੀ ਤੁਰੀ ਜਾ ਰਹੀ ਸੀ।
ਛੱਬੀ
ਖੁਸ਼ਵੰਤ ਸਿੰਘ ਛੋਟੀਆਂ ਛੋਟੀਆਂ ਸਭਾ-ਗੋਸ਼ਟੀਆਂ ਵਿਚ ਅਕਸਰ ਅੰਮ੍ਰਿਤਾ, ਇਮਰੋਜ਼ ਨੂੰ ਵੀ ਆਪਣੇ ਘਰ ਬੁਲਾ ਲੈਂਦੇ ਸਨ। ਜਦੋਂ ਉਹ ਦੋਵੇਂ ਉਹਨਾਂ ਦੇ ਸੱਦਿਆਂ ਨੂੰ ਅਣਗੌਲਿਆ ਕਰਨ ਲੱਗ ਪਏ ਤਾਂ ਇਕ ਦਿਨ ਖੁਸ਼ਵੰਤ ਸਿੰਘ ਨੇ ਅੰਮ੍ਰਿਤਾ ਨੂੰ ਫ਼ੋਨ ਕਰਕੇ ਕਿਹਾ, ''ਤੂੰ ਕਦੀ ਬਾਹਰ ਕਿਉਂ ਨਹੀਂ ਨਿਕਲਦੀ ? ਸਾਰਾ ਦਿਨ ਤੁਸੀਂ ਲੋਕ ਘਰ ਕੀ ਕਰਦੇ ਰਹਿੰਦੇ ਹੋ ?"
ਅੰਮ੍ਰਿਤਾ ਨੇ ਜੁਆਬ ਦਿੱਤਾ, “ਗੱਲਾਂ।"
ਖੁਸ਼ਵੰਤ ਸਿੰਘ ਨੇ ਫੇਰ ਪੁੱਛਿਆ, "ਏਨੀਆਂ ਕੀ ਗੱਲਾਂ ਕਰਦੇ ਓ ?"
ਜੁਆਬ ਵਿਚ ਅੰਮ੍ਰਿਤਾ ਸਿਰਫ ਹੱਸੀ।
ਇਹ ਸਮਝਣਾ ਕਿਸੇ ਲਈ ਵੀ ਔਖਾ ਹੈ ਕਿ ਅੰਮ੍ਰਿਤਾ-ਇਮਰੋਜ਼ ਹਰ ਵੇਲੇ ਕੀ ਗੱਲਾਂ ਕਰਦੇ ਰਹਿੰਦੇ ਹਨ, ਕਦੀ ਸ਼ਬਦਾਂ ਰਾਹੀਂ ਤੇ ਕਦੀ ਚੁੱਪ ਨੂੰ ਮਾਧਿਅਮ ਬਣਾ ਕੇ। ਮੈਨੂੰ ਹੈਰਾਨੀ ਹੁੰਦੀ ਸੀ, ਕਿ ਕੀ ਇਹ ਲੋਕ ਰਿਸ਼ੀਆਂ ਵਾਂਗੂੰ ਹਨ ਜੋ ਬਿਨਾਂ ਕਹੇ ਹੀ ਸਾਰੀ ਗੱਲ ਕਰ ਲੈਂਦੇ ਹਨ। ਅੰਮ੍ਰਿਤਾ ਤੇ ਇਮਰੋਜ਼ ਨੂੰ ਇਕ-ਦੂਸਰੇ ਦੇ ਨਾਲ ਹੋਣਾ ਜਾਂ ਨੇੜ-ਤੇੜੇ ਹੋਣਾ ਪਸੰਦ ਸੀ।
ਉਨ੍ਹੀਂ ਦਿਨੀਂ ਅੰਮ੍ਰਿਤਾ ਨੀਮ ਬੇਹੋਸ਼ੀ ਵਿਚ ਰਹਿਣ ਲੱਗ ਪਏ ਸਨ, ਕਦੀ ਕਦਾਈਂ ਕੇਵਲ ਇਕ-ਅੱਧ ਹਰਫ਼ ਹੀ ਬੋਲਦੇ ਸਨ। ਪਰ ਇਮਰੋਜ਼ ਲਈ ਉਹ ਹਮੇਸ਼ਾ ਹਾਜ਼ਰ ਸਨ, ਪਹਿਲਾਂ ਵਾਂਗ ਹੀ ਸੁਚੇਤ! ਹਾਲਾਂਕਿ ਪਹਿਲਾਂ ਵਾਂਗੂੰ ਇਮਰੋਜ਼ ਉਹਨਾਂ ਨਾਲ ਗੱਲਾਂ ਨਹੀਂ ਸਨ ਕਰ ਸਕਦੇ, ਪਰ ਹੁਣ ਉਹ ਆਪਣੀਆਂ ਕਵਿਤਾਵਾਂ ਰਾਹੀਂ ਉਹਨਾਂ ਨਾਲ ਗੱਲਾਂ ਕਰਨ ਲੱਗ ਪਏ ਸਨ।
ਆਪਣੀ ਕਵਿਤਾ 'ਸੁਹਣੀ' ਵਿਚ ਉਹ ਪਿਆਰ ਨਾਲ ਉਹਨਾਂ ਲਈ ਉਹਨਾਂ ਦੀ ਪਸੰਦ ਦੇ ਫੁੱਲ ਲੈ ਕੇ ਆਉਂਦੇ ਹਨ। ਚਾਹੇ ਉਹ ਨਾ ਮੰਗਣ, ਫੁੱਲਾਂ ਦੀ ਫਰਮਾਇਸ਼ ਕਰਨ ਜਾਂ ਨਾ ਕਰਨ। ਫੁੱਲ ਹੀ ਕਿਉਂ, ਉਹ ਉਹਨਾਂ ਲਈ ਫੁਲਕਾਰੀ-ਕਢਾਈ ਵਾਲੇ ਦੁਪੱਟਿਆਂ ਦਾ ਗੱਠੜ ਵੀ ਲੈ ਆਉਂਦੇ ਹਨ ਅਤੇ ਉਹਨਾਂ ਦੇ ਸਾਹਮਣੇ ਰੱਖ ਦਿੰਦੇ ਹਨ। ਭਾਵੇਂ ਉਹਨਾਂ ਵਿਚੋਂ ਕੋਈ ਵੀ ਚੁਣ ਲੈਣ। ਉਹ ਉਹਨਾਂ ਦੀ ਪਸੰਦ ਦੀ ਦਾਦ ਦਿੰਦੇ ਹਨ। ਉਹ ਲਿਖਦੇ ਹਨ-
ਪਰਸੋਂ ਮੈਂ ਪਟਿਆਲੇ ਸਾਂ
ਇਕ ਬਾਜ਼ਾਰ ਵਿਚ ਫੁਲਕਾਰੀ ਡੀਜ਼ਾਈਨ ਦੀਆਂ
ਕਈ ਰੰਗਾਂ ਵਿਚ ਚੁੰਨੀਆਂ ਹੀ ਚੁੰਨੀਆਂ ਸਨ
ਮੈਨੂੰ ਏਨੀਆਂ ਚੰਗੀਆਂ ਲੱਗੀਆਂ
ਮੈਂ ਸਾਰੀਆਂ ਦੀਆਂ ਸਾਰੀਆਂ ਲੈ ਆਇਆ
ਹਨੂਮਾਨ ਵਾਂਗ...
ਲੈ ਹੁਣ ਗੰਢ ਖੋਹਲ ਕੇ ਚੁਣ ਲੈ...
ਪਰ ਉਹ ਏਨੇ ਬਿਮਾਰ ਤੇ ਕਮਜ਼ੋਰ ਹੋ ਗਏ ਸਨ ਕਿ ਖੁਦ ਉਠ ਵੀ ਨਹੀਂ ਸਨ ਸਕਦੇ ਅਤੇ ਨਾ ਹੀ ਕਬੂਲ ਕਰ ਸਕਦੇ ਸਨ ਉਹਨਾਂ ਦੀ ਭਾਵਨਾ, ਉਹਨਾਂ ਦੀ ਭੇਂਟ। ਉਹ ਇਹ ਜਾਣਦੇ ਸਨ, ਫਿਰ ਵੀ ਕਿਤਾਬਾਂ ਦੀ ਦੁਕਾਨ ਉੱਤੇ ਜਾਂਦੇ ਹਨ ਤੇ ਅੰਮ੍ਰਿਤਾ ਹੁਰਾਂ ਲਈ ਕਜ਼ਾਨ-ਜਾਕਿਸ ਦੇ ਖ਼ਤਾਂ ਦੀ ਕਿਤਾਬ ਲੈ ਆਉਂਦੇ ਹਨ। ਪਹਿਲੋਂ ਉਹਨਾਂ ਨੂੰ ਪੜ੍ਹਨ ਲਈ ਦਿੰਦੇ ਹਨ ਤੇ ਉਹਨਾਂ ਨੂੰ ਪੁਰਾਣੇ ਦਿਨ ਯਾਦ ਕਰਾਉਂਦੇ ਹਨ ਜਦੋਂ ਉਹ ਇਕੱਠੇ ਕਿਤਾਬਾਂ ਪੜ੍ਹਦੇ ਸਨ।
'ਸੁਹਣੀ' ਵਿਚ ਅੰਮ੍ਰਿਤਾ ਨੂੰ ਸੁਹਣੀ ਆਖਦਿਆਂ ਇਮਰੋਜ਼ ਲਿਖਦੇ ਹਨ, ਸੁਹਣੀ ਨੇ ਤਾਂ ਕੱਚੇ ਘੜੇ ਦੀ ਮਦਦ ਨਾਲ ਪੰਜਾਬ ਦਾ ਦਰਿਆ ਪਾਰ ਕੀਤਾ ਸੀ, ਪਰ ਅੰਮ੍ਰਿਤਾ ਨੇ ਆਪਣੀ ਲੇਖਣੀ ਨਾਲ ਪੰਜਾਬ ਨੂੰ ਕਈ ਵਾਰ ਪਾਰ ਕੀਤਾ ਹੈ, ਪਿਛਲੀ ਅੱਧੀ ਸਦੀ ਵਿਚ।
ਆਪਣੀ ਕਵਿਤਾ 'ਆਲ੍ਹਣਾ ਘਰ' ਵਿਚ ਇਮਰੋਜ਼ ਖ਼ੁਦ ਨੂੰ ਇਕ ਖੁਲ੍ਹਾ ਘਰ ਦਸਦਿਆਂ ਲਿਖਦੇ ਹਨ-
ਮੇਰਾ ਆਲ੍ਹਣਾ ਘਰ ਮੇਰੇ ਜਿੱਡਾ
ਪਰ ਜਦੋਂ ਤੂੰ ਆ ਜਾਂਦੀ ਏਂ
ਇਹ ਮੇਰੇ ਜਿੱਡਾ ਵੀ
ਤੇ ਤੇਰੇ ਜਿੱਡਾ ਵੀ ਹੋ ਜਾਂਦਾ ਹੈ...
ਉਹ ਆਪਣਾ ਆਲ੍ਹਣਾ ਘਰ ਉਹਨਾਂ ਨੂੰ ਦਿੰਦੇ ਹੋਏ ਕਹਿੰਦੇ ਹਨ, ਇਹ ਓਨਾ ਹੀ ਵੱਡਾ ਹੈ ਜਿੰਨੇ ਉਹ ਹਨ, ਪਰ ਜਦੋਂ ਅੰਮ੍ਰਿਤਾ ਘਰ ਦੇ ਅੰਦਰ ਆ ਜਾਂਦੇ ਹਨ ਤਾਂ ਉਹ ਹੋਰ ਵੱਡਾ ਹੋ ਜਾਂਦਾ ਹੈ।
ਉਹ ਜਾਣਦੇ ਹਨ ਕਿ ਇਸ ਵਾਰ ਅੰਮ੍ਰਿਤਾ ਦੀ ਉਡਾਨ ਬਹੁਤ ਲੰਮੀ ਹੈ ਅਤੇ ਵਾਪਸੀ ਬਾਰੇ ਉਹਨਾਂ ਨੂੰ ਵੀ ਪਤਾ ਨਹੀਂ। ਜਿਸਤਰ੍ਹਾਂ ਉਹਨਾਂ ਦੇ ਘਰ ਦੇ ਤਿਣਕੇ
ਤਿਣਕੇ ਨੇ ਹਮੇਸ਼ਾ ਅੰਮ੍ਰਿਤਾ ਨੂੰ ਜੀ ਆਇਆਂ ਕਿਹਾ ਹੈ, ਉਸੇ ਤਰ੍ਹਾਂ ਉਹਨਾਂ ਨੂੰ ਅਲਵਿਦਾ ਵੀ ਕਹਿੰਦਾ ਹੈ। ਅੰਮ੍ਰਿਤਾ ਲਈ ਇਮਰੋਜ਼ ਲਿਖਦੇ ਨੇ-
ਉਹ ਕਵਿਤਾ ਜਿਉਂਦੀ ਹੈ
ਤੇ ਜ਼ਿੰਦਗੀ ਲਿਖਦੀ ਹੈ
ਤੇ ਨਦੀ ਵਾਂਗ ਚੁਪਚਾਪ ਵਗਦੀ
ਸਾਰੇ ਪਾਸੇ ਜਰਖੇਜ਼ੀ ਵੰਡਦੀ
ਜਾ ਰਹੀ ਹੈ ਸਾਗਰ ਵੱਲ
ਸਾਗਰ ਹੋਣ..
ਜਦੋਂ ਅੰਮ੍ਰਿਤਾ ਬਿਮਾਰ ਸਨ ਅਤੇ ਹਸਪਤਾਲ ਤੋਂ ਪਰਤੇ ਹੀ ਸਨ, ਮੈਂ ਜਜ਼ਬਾਤੀ
ਹੋ ਕੇ ਇਮਰੋਜ਼ ਨੂੰ ਪੁੱਛ ਬੈਠੀ, "ਅੰਮ੍ਰਿਤਾ ਏਨੇ ਬਿਮਾਰ ਨੇ, ਜਦੋਂ ਉਹ ਤੁਹਾਨੂੰ ਛੱਡ ਕੇ ਚਲੇ ਜਾਣਗੇ ਤਾਂ ਤੁਸੀਂ ਕੀ ਕਰੋਗੇ ? ਉਹ ਏਨੇ ਬਿਮਾਰ ਨੇ ਕਿ ਇਹ ਵੀ ਨਹੀਂ ਪਤਾ ਕਦੋਂ ਤਕ ਰਹਿਣ। ਤੁਹਾਡੇ ਅੰਦਰ ਕੀ ਵਿਛੋੜੇ ਦੀ ਹੂਕ ਨਹੀਂ ਉਠਦੀ ? ਉਹ ਤੁਹਾਡੀ ਜ਼ਿੰਦਗੀ ਦਾ ਕੇਂਦਰ ਹਨ। ਉਹਨਾਂ ਬਿਨਾਂ ਕੀ ਕਰੋਗੇ ਤੁਸੀਂ ?"
ਉਹ ਮੁਸਕਰਾਏ ਅਤੇ ਬੋਲੇ, "ਵਿਛੋੜੇ ਦੀ ਹੂਕ ? ਕਿਹੜਾ ਵਿਛੋੜਾ ? ਕਿਥੇ ਜਾਵੇਗੀ ਅੰਮ੍ਰਿਤਾ। ਉਹਨੇ ਇਥੇ ਹੀ ਰਹਿਣਾ ਹੈ। ਮੇਰੇ ਕੋਲ। ਮੇਰੇ ਆਲੇ-ਦੁਆਲੇ ਅਸੀਂ ਚਾਲੀ ਵਰ੍ਹਿਆਂ ਤੋਂ ਨਾਲ ਹਾਂ, ਸਾਨੂੰ ਕੌਣ ਜੁਦਾ ਕਰ ਸਕਦਾ ਹੈ ? ਮੌਤ ਵੀ ਨਹੀਂ। ਮੇਰੇ ਕੋਲ ਪਿਛਲੇ ਚਾਲ੍ਹੀਆਂ ਸਾਲਾਂ ਦੀਆਂ ਯਾਦਾਂ ਹਨ। ਸ਼ਾਇਦ ਉਸਤੋਂ ਪਿਛਲੇ ਜਨਮ ਦੀਆਂ ਵੀ, ਜੋ ਮੈਨੂੰ ਯਾਦ ਨਹੀਂ। ਇਹਨਾਂ ਨੂੰ ਮੈਥੋਂ ਕੌਣ ਖੋਹ ਸਕਦਾ ਹੈ ?"
ਮੈਂ ਵੇਖਦੀ ਰਹੀ...
ਖਾਮੋਸ਼! ....
ਖਾਮੋਸ਼ੀ ਵਿਚ !
ਸਤਾਈ
31 ਅਕਤੂਬਰ, ਦੁਪਹਿਰ ਢਲੇ ਜਦੋਂ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ ਤਾਂ ਮੈਂ ਤ੍ਰਭਕ ਗਈ। ਕੁਝ ਵਾਪਰਨ ਤੋਂ ਪਹਿਲਾਂ ਕਾਇਨਾਤ ਮਨੁੱਖ ਨੂੰ ਸ਼ਾਇਦ ਸੁਚੇਤ ਕਰ ਦਿੰਦੀ ਹੈ। ਮੈਂ ਜਿਉਂ ਹੀ ਰਸੀਵਰ ਚੁੱਕਿਆ, ਇਮਰੋਜ਼ ਦੀ ਆਵਾਜ਼ ਸੁਣਾਈ ਦਿੱਤੀ। "ਉਮਾ ਜੀ !" ਉਹ ਕੁਝ ਰੁਕੇ ਤੇ ਫਿਰ ਬੋਲੇ "ਮਾਜਾ ਚਲੀ ਗਈ।" ਮੈਂ ਕੁਝ ਨਹੀਂ ਬੋਲੀ, ਸ਼ਾਇਦ ਬੋਲ ਹੀ ਨਹੀਂ ਸਕੀ। ਬੱਸ ਏਨਾ ਹੀ ਕਿਹਾ, "ਮੈਂ ਪਹੁੰਚਦੀ ਹਾਂ।"
ਇਸਤਰ੍ਹਾਂ ਜਾਪਿਆ, ਜਿਵੇਂ ਮੈਂ ਇਸ ਖ਼ਬਰ ਨੂੰ ਸੁਣ ਚੁਕੀ ਸਾਂ ਜਾਂ ਸੁਣਨ ਦਾ ਹੀ ਇੰਤਜ਼ਾਰ ਕਰ ਰਹੀ ਸਾਂ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਸਾਂ ਕਿ ਹੁਣ ਸਿਰਫ਼ ਖ਼ਬਰ ਆਉਣੀ ਬਾਕੀ ਸੀ। ਉਂਜ ਤਾਂ ਸਾਡੇ ਸਾਰਿਆਂ ਲਈ ਅੰਮ੍ਰਿਤਾ ਜਾ ਹੀ ਚੁਕੀ ਸੀ, ਅਦਬ ਦੀ ਦੁਨੀਆਂ ਨੂੰ, ਕਵਿਤਾ ਨੂੰ ਉਹਨਾਂ ਅਲਵਿਦਾ ਕਹਿ ਦਿੱਤੀ ਸੀ। ਹੁਣ ਉਹ ਨਾ ਕੁਝ ਬੋਲਦੇ ਸਨ ਤੇ ਨਾ ਕੁਝ ਕਹਿੰਦੇ ਸਨ, ਬੱਸ ਵੇਖਦੇ ਰਹਿੰਦੇ ਸਨ ਜਾਂ ਫਿਰ ਕਦੀ ਕਦਾਈਂ 'ਇਮਾ' 'ਇਮਾ' ਕਹਿਕੇ ਇਮਰੋਜ਼ ਨੂੰ ਹਾਕ ਮਾਰਦੇ ਸਨ। ਇਮਰੋਜ਼ ਉਹਨਾਂ ਦੀਆਂ ਨਜ਼ਰਾਂ ਨੂੰ ਪੜ੍ਹ ਲੈਂਦੇ। ਸਮਝ ਲੈਂਦੇ ਕਿ ਉਹ ਕੀ ਕਹਿਣਾ ਚਾਹੁੰਦੇ ਸਨ। ਉਹਨਾਂ ਦੇ ਕੁਝ ਕਹਿਣ ਤੋਂ ਬਿਨਾਂ ਹੀ ਉਹ ਸਭ ਪੂਰਾ ਹੋ ਜਾਂਦਾ ਜੋ ਉਹ ਚਾਹੁੰਦੇ ਸਨ। ਇਮਰੋਜ਼ ਮੁਸਕਰਾਉਂਦੇ, ਕਦੀ ਕਦੀ ਮੈਨੂੰ ਵੀ ਦੱਸ ਦਿੰਦੇ ਕਿ ਉਹ ਕੀ ਕਹਿ ਰਹੇ ਸਨ। ਉਹ ਕਹਿੰਦੇ, "ਅੰਮ੍ਰਿਤਾ ਮੇਰੇ ਨਾਲ ਨਹੀਂ ਬੋਲਦੀ, ਪਰ ਉਸਦੇ ਨੈਣ ਨਕਸ਼ ਮੇਰੇ ਨਾਲ ਗੱਲਾਂ ਕਰਦੇ ਹਨ।" ਇਸੇ ਗੱਲ ਉੱਤੇ ਲਿਖੀ ਹੋਈ ਆਪਣੀ ਕਵਿਤਾ ਵੀ ਇਮਰੋਜ਼ ਨੇ ਮੈਨੂੰ ਸੁਣਾਈ ਸੀ।
ਕਲ੍ਹ ਰਾਤੀਂ ਸੁਪਨੇ ਵਿਚ ਇਕ ਔਰਤ ਵੇਖੀ
ਜਿਸਨੂੰ ਮੈਂ ਪਹਿਲੇ ਕਦੀ ਨਹੀਂ ਸੀ ਵੇਖਿਆ
ਪਰ ਮਿਲਦਿਆਂ ਹੀ ਲੱਗਾ-
ਇਸ ਬੋਲਦੇ ਨੈਣ-ਨਕਸ਼ਾਂ ਵਾਲੀ ਨੂੰ
ਕਿਤੇ ਵੇਖਿਆ ਹੋਇਆ ਹੈ।
ਦੋ ਮਨੁੱਖ ਜਦੋਂ ਇਕ-ਦੂਸਰੇ ਨੂੰ ਏਨਾ ਪਿਆਰ ਕਰਦੇ ਹੋਣ ਤਾਂ ਸ਼ਾਇਦ ਉਹਨਾਂ
ਨੂੰ ਇਕ ਦੂਸਰੇ ਨਾਲ ਗੱਲਾਂ ਕਰਨ ਦੀ ਲੋੜ ਨਹੀਂ ਪੈਂਦੀ। ਉਹ ਇਕ-ਦੂਸਰੇ ਦੇ ਚਿਹਰੇ ਪੜ੍ਹ ਲੈਂਦੇ ਹਨ। ਕੋਈ ਦੋ ਅੱਖਾਂ ਰਾਹੀਂ ਕਿਸੇ ਦੀਆਂ ਦੋ ਅੱਖਾਂ ਨੂੰ ਸਭ ਕੁਝ ਕਹਿ ਜੂ ਦਿੰਦਾ ਹੈ।
ਮੈਨੂੰ ਇਮਰੋਜ਼ ਦੇ ਕਹੇ ਹੋਏ ਬੋਲ ਯਾਦ ਆਉਂਦੇ ਹਨ :
"ਕਦੇ ਕਦੇ ਖੂਬਸੂਰਤ ਸੋਚਾਂ ਖੂਬਸੂਰਤ ਸਰੀਰ ਵੀ ਧਾਰ ਲੈਂਦੀਆਂ ਨੇ।"
ਅੱਜ ਫੇਰ ਉਸੇ ਸੋਚ ਨੇ ਇਕ ਖੂਬਸੂਰਤ ਸਰੀਰ ਤਿਆਗ ਕੇ ਇਕ ਖੂਬਸੂਰਤ ਸੋਚ ਬਣਨਾ ਸਵੀਕਾਰ ਕਰ ਲਿਆ ਸੀ।
ਮੈਂ ਛੇਤੀ ਛੇਤੀ ਉਹਨਾਂ ਦੇ ਘਰ ਪਹੁੰਚੀ। ਪਤਾ ਲੱਗਾ, ਉਹਨਾਂ ਨੂੰ ਸਮਸ਼ਾਨ ਲੈ ਗਏ ਹਨ।
ਸ਼ਮਸ਼ਾਨ ਦੀ ਵੀਰਾਨੀ ਵਿਚ ਕੁਝ ਲੋਕ ਖਲੋਤੇ ਹੋਏ ਅੱਗ ਦੇ ਲਾਂਬੂ ਵੇਖ ਰਹੇ ਸਨ। ਮੈਂ ਦੂਰੋਂ ਵੇਖਿਆ, ਸਭ ਤੋਂ ਵਖਰੇ, ਇਕ ਕੋਨੇ ਵਿਚ ਖਲੋਤੇ ਇਮਰੋਜ਼ ਇਕਟਿਕੀ ਲਾਈ ਅੱਗ ਦੀ ਲਾਟਾਂ ਵੱਲ ਵੇਖ ਰਹੇ ਸਨ। ਜਿਹੜੀਆਂ ਉਹਨਾਂ ਦੀ ਮਹਿਬੂਬਾ ਨੂੰ ਮੁੜ ਪੰਜਾਂ ਤੱਤਾਂ ਵਿਚ ਬਦਲ ਰਹੀਆਂ ਸਨ।
ਮੈਂ ਕੋਲ ਜਾ ਕੇ ਉਹਨਾਂ ਦੇ ਮੋਢੇ ਉੱਤੇ ਹੱਥ ਰਖਦਿਆਂ ਕਿਹਾ, "ਉਦਾਸ ਨਾ ਹੋਇਓ।" ਜਿਵੇਂ ਮੈਨੂੰ ਯਕੀਨ ਹੀ ਸੀ ਕਿ ਅੰਮ੍ਰਿਤਾ ਦੇ ਜਾਣ ਪਿੱਛੋਂ ਇਮਰੋਜ਼ ਉਦਾਸ ਹੋ ਜਾਣਗੇ।
ਉਹਨਾਂ ਮੁੜ ਕੇ ਵੇਖਿਆ ਅਤੇ ਬੋਲੇ, "ਉਦਾਸ ਕਿਉਂ ਹੋਵਾਂ ? ਜੋ ਮੈਂ ਨਹੀਂ ਕਰ ਸਕਿਆ ਉਹ ਕੁਦਰਤ ਨੇ ਕਰ ਦਿੱਤਾ। ਮੈਂ ਉਹਨੂੰ ਦਰਦ ਤੋਂ ਮੁਕਤੀ ਨਹੀਂ ਦਿਵਾ ਸਕਿਆ, ਉਸ ਨੇ ਦਿਵਾ ਦਿੱਤੀ। ਇਕ ਆਜ਼ਾਦ ਰੂਹ ਜਿਸਮ ਦੇ ਪਿੰਜਰੇ ਵਿਚੋਂ ਨਿਕਲ ਕੇ ਮੁੜ ਆਜ਼ਾਦ ਹੋ ਗਈ।"
ਪਿਆਰ ਵਿਚ ਮਨ ਕਵੀ ਹੋ ਜਾਂਦਾ ਹੈ। ਉਹ ਕਵੀ ਕਵਿਤਾ ਲਿਖਦਾ ਹੀ ਨਹੀਂ ਕਵਿਤਾ ਜਿਉਂਦਾ ਵੀ ਹੈ। ਕਾਇਨਾਤ ਦੇ ਭੇਤਾਂ ਨੂੰ ਜਾਣਦੇ, ਪਛਾਣਦੇ, ਖੁਸ਼ਮਿਜ਼ਾਜ਼ ਇਮਰੋਜ ਅੰਮ੍ਰਿਤਮਈ ਹੋ ਗਏ ਸਨ। ਉਸੇ ਰਾਤ ਇਮਰੋਜ਼ ਨੇ ਇਕ ਕਵਿਤਾ ਲਿਖੀ-
ਕਲ੍ਹ ਤਕ ਜ਼ਿੰਦਗੀ ਕੋਲ ਇਕ ਰੁੱਖ ਸੀ
ਜ਼ਿੰਦਾ ਰੁਖ
ਫੁੱਲਾਂ ਫਲਾਂ ਤੇ ਮਹਿਕਾਂ ਨਾਲ ਭਰਿਆ
ਪਰ ਅੱਜ
ਜ਼ਿੰਦਗੀ ਕੋਲ ਸਿਰਫ ਉਸ ਦਾ ਜ਼ਿਕਰ ਹੈ
ਜ਼ਿੰਦਾ ਜ਼ਿਕਰ
ਉਹ ਰੁਖ ਹੁਣ ਬੀਜ ਬਣ ਗਿਆ ਹੈ
ਤੇ ਬੀਜ ਹਵਾਵਾਂ ਨਾਲ ਰੱਲਕੇ
ਕਿਤੇ ਉੱਡ ਗਿਆ ਹੈ।
ਪਤਾ ਨਹੀਂ
ਕਿਸ ਧਰਤੀ ਦੀ ਤਲਾਸ਼ ਵਿਚ...
ਅਤੇ ਅੰਮ੍ਰਿਤਾ ਜੀ ਲਈ ਉਹਨਾਂ ਦੇ ਸ਼ਬਦਾਂ ਵਿਚ-
ਕਿਹੋ ਜਹੀ ਇਸ ਦੀ ਖੁਸ਼ਬੋਈ
ਫੁੱਲ ਮੋਇਆ ਪਰ ਮਹਿਕ ਨਹੀਂ ਮੋਈ
ਕਲ ਹੋਂਟਾ ਚੋਂ ਆਉਂਦੀ ਪਈ ਸੀ
ਅੱਜ ਹੰਝੂਆਂ ਚੋਂ ਆਉਂਦੀ ਪਈ ਹੈ
ਭਲਕੇ ਯਾਦਾਂ ਚੋਂ ਆਵੇਗੀ
ਸਾਰੀ ਧਰਤ ਵੈਰਾਗੀ ਹੋਈ
ਕਿਹੋ ਜਹੀ ਇਸ ਦੀ ਖੁਸ਼ਬੋਈ
ਫੁੱਲ ਮੋਇਆ ਪਰ ਮਹਿਕ ਨਹੀਂ ਮੋਈ...
ਅਸੀਂ ਅੰਮ੍ਰਿਤਾ-ਇਮਰੋਜ਼ ਨੂੰ ਵੇਖਦੇ ਰਹੇ, ਮਿਲਦੇ, ਵਿਛੜਦੇ ਤੇ ਫੇਰ ਮਿਲਦੇ। ਇਹੋ ਜਿਹੀਆਂ ਰੂਹਾਂ ਵਿਛੜਦੀਆਂ ਨਹੀਂ, ਇਕ-ਆਕਾਰ ਹੀ ਹੋ ਜਾਂਦੀਆਂ ਨੇ, ਇਕ ਦੂਸਰੇ ਵਿਚ ਸਮਾਅ ਜਾਂਦੀਆਂ ਨੇ।