Back ArrowLogo
Info
Profile

ਤਿੰਨ

ਅੰਮ੍ਰਿਤਾ ਜੀ ਘਰ ਦੀ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਹਨ। ਅਸੀਂ ਪੌੜੀਆਂ ਰਾਹੀ ਉਪਰ ਜਾ ਰਹੇ ਸਾਂ। ਇਮਰੋਜ਼ ਜੀ ਦੀਆਂ ਪੇਂਟਿੰਗਸ ਨਾਲ ਉਹ ਰਾਹ ਫਬਿਆ ਹੋਇਆ ਸੀ। ਉਹਨਾਂ ਪੌੜੀਆਂ ਰਾਹੀਂ ਉਪਰ ਜਾਣਾ ਆਪਣੇ ਆਪ ਵਿਚ ਅਨੂਠਾ ਅਨੁਭਵ ਸੀ। ਅਤੇ ਦਿਲਚਸਪ ਵੀ। ਹਰ ਪੇਂਟਿੰਗ ਵਿਚ ਅੰਮ੍ਰਿਤਾ ਜੀ ਸਨ ਅਤੇ ਹਰ ਪੇਂਟਿੰਗ ਦਾ ਇਕ ਵੱਖਰਾ ਅੰਦਾਜ਼ ਸੀ, ਉਹਨਾਂ ਦੀ ਸ਼ਖਸੀਅਤ ਦਾ ਇਕ ਵੱਖਰਾ ਪਹਿਲੂ ਝਾਕ ਰਿਹਾ ਸੀ।

ਮੈਂ ਪੇਂਟਿੰਗਸ ਨੂੰ ਥੋੜ੍ਹਾ ਥੋੜ੍ਹਾ ਰੁਕ ਕੇ ਵੇਖਣਾ ਚਾਹੁੰਦੀ ਸਾਂ ਤਾਂਕਿ ਉਹਨਾਂ ਦੀ ਸ਼ਖਸੀਅਤ ਨੂੰ ਕੁਝ ਹੋਰ ਨੇੜਿਓਂ ਜਾਣ ਸਕਾਂ, ਪਹਿਚਾਣ ਸਕਾਂ।

ਕਲਾਕਾਰ ਇਮਰੋਜ਼ ਨੇ ਪੌੜੀਆਂ ਦੀ ਕੰਧ, ਲੈਂਪ ਸ਼ੇਡਸ ਆਦਿ ਸਭ ਥਾਈਂ ਆਪਣੀ ਪੈੜ ਛੱਡੀ ਹੋਈ ਸੀ। ਰੰਗੋਲੀ ਨਾਲ ਸੱਜਿਆ ਪੌੜੀਆਂ ਦਾ ਫਰਸ਼, ਉਸ ਉਪਰ ਕਿਧਰੇ ਕਿਧਰੇ ਰੱਖੇ ਹੋਏ ਸੱਜੇ-ਫ਼ਬੇ ਘੜੇ, ਸਭ ਦਾ ਤੁਅਲਕ ਵੇਖਣ ਨਾਲ ਹੀ ਸੀ। ਸਭ ਪਾਸੇ ਅੰਮ੍ਰਿਤਾ ਹੀ ਅੰਮ੍ਰਿਤਾ ਸੀ, ਜਿਵੇਂ ਇਮਰੋਜ਼ ਨੇ ਆਪਣੇ ਮਨ ਦੀ ਫੱਟੀ ਉਤੇ ਉਹਨਾਂ ਦੀ ਤਸਵੀਰ ਵਾਹੀ ਹੋਈ ਹੋਵੇ। ਜਿਵੇਂ ਇਕ ਜਿਸਮ ਤੇ ਇਕ ਰੂਹ, ਇਕ ਬੁੱਤ ਤੇ ਬਲਿਹਾਰੀ ਕੁਦਰਤ ਮਿਲ ਕੇ ਇਕ-ਆਕਾਰ ਹੋ ਰਹੇ ਹੋਣ।

ਹਾਲਾਂਕਿ ਅਸੀਂ ਹਾਲੇ ਘਰ ਅੰਦਰ ਦਾਖ਼ਲ ਨਹੀਂ ਸਾਂ ਹੋਏ, ਫਿਰ ਵੀ ਇਸਤਰ੍ਹਾਂ ਲੱਗ ਰਿਹਾ ਸੀ ਜਿਵੇਂ ਅੰਮ੍ਰਿਤਾ ਜੀ ਨਾਲ ਟੁਕੜਿਆਂ ਵਿਚ ਮੇਰੀ ਮੁਲਾਕਾਤ ਹੋ ਗਈ ਹੋਵੇ। ਜਿਵੇਂ ਉਹਨਾਂ ਦੀ ਭਿੰਨੀ ਭਿੰਨੀ ਖੁਸ਼ਬੂ ਮੈਨੂੰ ਆਉਣ ਲੱਗ ਪਈ ਸੀ, ਮੈਨੂੰ ਲੱਗ ਰਿਹਾ ਸੀ, ਜਿਵੇਂ ਉਹ ਮੇਰੇ ਨੇੜੇ ਹੀ ਕਿਤੇ ਸਨ, ਉਹ ਅੰਮ੍ਰਿਤਾ ਜਿਹੜੇ ਆਪਣੇ ਕਿਰਦਾਰਾਂ ਦਾ ਵੀ ਕੁਝ ਕੁਝ ਹਿੱਸਾ ਸਨ।

ਪੌੜੀਆਂ ਲੰਘ ਕੇ ਅਸੀਂ ਇਕ ਕਮਰੇ ਵਿਚ ਦਾਖਲ ਹੋ ਗਏ। ਉਸ ਕਮਰੇ ਦੇ ਖੱਬੇ ਪਾਸੇ ਸ਼ਾਇਦ ਭੋਜਨ ਵਾਲਾ ਕਮਰਾ ਸੀ। ਅਸੀਂ ਸੱਜੇ ਪਾਸੇ ਮੁੜੇ ਅਤੇ ਇਕ ਹੋਰ ਵੱਡੇ ਸਾਰੇ ਕਮਰੇ ਅੰਦਰ ਚਲੇ ਗਏ। ਉਥੇ ਬਹੁਤ ਸਾਰੀਆਂ ਪੇਂਟਿੰਗਸ ਅਤੇ ਕੈਲੀਗ੍ਰਾਫੀ ਦੀਆਂ ਤਸਵੀਰਾਂ ਸਨ। ਇਸ ਕਮਰੇ ਦੇ ਬਾਹਰ ਇਕ ਵੱਡੀ ਮੇਜ਼ ਸੀ, ਉਸ ਉੱਤੇ ਸੀਸਾ ਲੱਗਾ ਹੋਇਆ ਸੀ ਅਤੇ ਸ਼ੀਸ਼ੇ ਉਤੇ ਇਕ ਰੁੱਖ ਦੀ ਬਹੁਤ ਵੱਡੀ ਟਾਹਣੀ ਰੱਖੀ ਹੋਈ

13 / 112
Previous
Next