ਉਂਜ ਤਾਂ ਸਾਰੇ ਜਾਣਦੇ ਹਨ ਕਿ ਅੰਮ੍ਰਿਤਾ ਜੀ ਦੇ ਜੀਵਨ ਵਿਚ ਜੋ ਇਕ ਪੁਰਸ਼ ਹੈ, ਉਹ ਇਮਰੋਜ਼ ਹੀ ਹਨ। ਇਮਰੋਜ਼ ਜੀ ਦੇ ਜੀਵਨ ਵਿਚ ਅੰਮ੍ਰਿਤਾ ਜੀ ਤੋਂ ਬਿਨਾਂ ਦੂਸਰਾ ਕੋਈ ਵਿਅਕਤੀ ਹੀ ਨਹੀਂ ਹੈ।
ਮੈਂ ਉਹਨਾਂ ਦੇ ਹੋਣ ਦੇ ਤਲਿਸਮ ਵਿਚ ਪੂਰੀ ਤਰ੍ਹਾਂ ਡੁੱਬੀ ਹੋਈ ਸੀ।
ਅੰਮ੍ਰਿਤਾ ਜੀ ਨੇ ਸਮਾਜ ਅਤੇ ਦੁਨੀਆਂ ਦੀ ਪਰਵਾਹ ਕੀਤੇ ਬਗੈਰ ਜ਼ਿੰਦਗੀ ਆਪਣੀਆਂ ਸ਼ਰਤਾਂ ਉਤੇ ਜੀਵੀ ਹੈ। ਉਹਨਾਂ ਵਿਚ ਏਨੀ ਸ਼ਕਤੀ ਅਤੇ ਸਮਰੱਥਾ ਹੈ ਕਿ ਉਹ ਇਕੱਲੇ ਹੀ ਆਪਣੇ ਰਾਹ ਉਤੇ ਚਲ ਸਕਣ। ਮੈਂ ਅੰਮ੍ਰਿਤਾ ਜੀ ਦਾ ਸਕੂਨ ਅਤੇ ਇਮਰੋਜ਼ ਜੀ ਦੀ ਪੂਰਨਤਾ ਨੂੰ ਅਨੁਭਵ ਕਰ ਰਹੀ ਸੀ। ਉਹਨਾਂ ਦੀ ਇਕ-ਰੂਪਤਾ, ਉਹਨਾਂ ਦਾ ਆਪਸੀ ਮੇਲ ਬਿਲਕੁਲ ਉਸ ਤਰ੍ਹਾਂ ਹੀ ਸੀ ਜਿਵੇਂ ਸਵਰ ਸਪਤਕ ਵਿਚ ਖਰਜ ਅਤੇ ਪੰਚਮ ਦਾ ਮੇਲ ਹੁੰਦਾ ਹੈ।
ਉਦੋਂ ਤਕ ਅਸੀਂ ਚਾਹ ਪੀ ਚੁੱਕੇ ਸਾਂ।
ਅੰਮ੍ਰਿਤਾ ਜੀ ਆਪਣੀ ਬਿਮਾਰੀ ਦੀ ਗੱਲ ਕਰ ਰਹੇ ਸਨ। ਉਦੋਂ ਜਿਹੇ ਹੀ ਉਹਨਾਂ ਦਾ ਅਪਰੇਸ਼ਨ ਹੋਇਆ ਸੀ। ਗੱਲਾਂ ਗੱਲਾਂ ਵਿਚ ਹੀ ਮੈਂ ਨੈਚਰੋਪੈਥੀ ਦਾ ਜ਼ਿਕਰ ਛੇੜ ਦਿੱਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਕਿਸੇ ਨੈਚਰੋਪੈਥ ਨੂੰ ਵਿਖਾਉਣਾ ਚਾਹੁਣਗੇ ? ਪਹਿਲਾਂ ਤਾਂ ਉਹ ਚੁੱਪ ਰਹੇ, ਫਿਰ ਜੁਆਬ ਲਈ ਉਹ ਇਮਰੋਜ਼ ਵੱਲ ਵੇਖਣ ਲੱਗ ਪਏ। ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਬੋਲੇ, "ਠੀਕ ਐ ! ਵਿਖਾ ਲਵਾਂਗੀ।"
ਉਹਨਾਂ ਦੇ ਚਿਹਰੇ ਉੱਤੇ ਹੁਣ ਥਕਾਵਟ ਦੇ ਚਿੰਨ ਦਿਸਣ ਲੱਗ ਪਏ ਸਨ। ਸ਼ਇਦ ਉਹਨਾਂ ਨੂੰ ਆਰਾਮ ਦੀ ਜ਼ਰੂਰਤ ਸੀ। ਅਸੀਂ ਜਾਣ ਲਈ ਉੱਠੇ, ਪਰ ਜਾਣ ਤੋਂ ਪਹਿਲਾਂ ਮੈਂ ਆਪਣਾ ਵਿਜ਼ਿਟਿੰਗ ਕਾਰਡ ਦੇ ਦਿੱਤਾ ਅਤੇ ਇਹ ਵੀ ਆਖਿਆ ਕਿ ਮੈਂ ਇਕ-ਦੋ ਦਿਨਾਂ ਵਿਚ ਡਾਕਟਰ ਤੋਂ ਉਹਨਾਂ ਦੀ ਮੁਲਾਕਾਤ ਦਾ ਵਕਤ ਲੈ ਲਵਾਂਗੀ।
ਉਹਨਾਂ ਨੇ ਬਹੁਤ ਹੀ ਸੁਹਣੀ ਮੁਸਕਰਾਹਟ ਨਾਲ ਮੇਰੀ ਗੱਲ ਦਾ ਹੁੰਗਾਰਾ ਭਰਿਆ।