ਚਾਰ
ਨੇਚਰੋਪੈਥ ਨਾਲ ਮਿਲਣ ਦਾ ਵਕਤ ਤੈਅ ਕਰਨ ਤੋਂ ਪਹਿਲਾਂ ਮੈਂ ਅੰਮ੍ਰਿਤਾ ਜੀ ਨੂੰ ਫੋਨ ਕੀਤਾ, ਇਹ ਜਾਨਣ ਲਈ ਕਿ ਉਹ ਨੇਚਰੋਪੈਥ ਨੂੰ ਕਦੋਂ ਮਿਲਣਾ ਚਾਹੁਣਗੇ। ਅੰਮ੍ਰਿਤਾ ਜੀ ਨੇ ਕਿਹਾ ਕਿ ਅਜੇ ਉਹ ਪਹਿਲਾਂ ਤੋਂ ਚੱਲ ਰਹੇ ਇਲਾਜ ਨੂੰ ਹੀ ਜਾਰੀ ਰੱਖਣਗੇ ਅਤੇ ਬਾਅਦ ਵਿਚ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਦੱਸਣਗੇ ਕਿ ਨੇਚਰੋਪੈਥ ਨਾਲ ਕਦੋਂ ਮਿਲਣਾ ਮੁਨਾਸਿਬ ਹੋਵੇਗਾ।
ਮੈਨੂੰ ਅੰਮ੍ਰਿਤਾ ਜੀ ਨੂੰ ਮੁੜ ਮਿਲਣ ਦੀ ਲਾਲਸਾ ਸੀ। ਇਸ ਵਾਰ ਮੈਂ ਖ਼ੁਦ-ਬਖੁਦ ਤੇ ਇਕੱਲਿਆਂ ਮਿਲਣਾ ਚਾਹੁੰਦੀ ਸਾਂ। ਮੈਂ ਉਹਨਾਂ ਨਾਲ ਬਹੁਤ ਗੱਲਾਂ ਕਰਨੀਆਂ ਸਨ।
ਪੰਜ ਸਤੰਬਰ ਨੂੰ ਤੜਕਸਾਰ ਮੇਰੇ ਫ਼ੋਨ ਦੀ ਘੰਟੀ ਖੜਕੀ। ਮੈਂ ਫੋਨ ਚੁੱਕਿਆ ਤਾਂ ਦੂਸਰੇ ਪਾਸਿਉਂ ਆਵਾਜ਼ ਆਈ, "ਉਮਾ ਜੀ, ਮੈਂ ਅੰਮ੍ਰਿਤਾ ਬੋਲ ਰਹੀ ਹਾਂ। ਤੁਸਾਂ ਨੇਚਰੋਪੈਥ ਦੀ ਗੱਲ ਕੀਤੀ ਸੀ ਨਾ! ਕਦੋਂ ਚੱਲਣਾ ਹੈ ?"
ਉਹਨਾਂ ਦੀ ਆਵਾਜ ਸੁਣ ਕੇ ਮੇਰਾ ਰੋਮ ਰੋਮ ਖਿੜ ਉਠਿਆ। ਮੈਂ ਪੁੱਛਿਆ ਕਿ ਉਹਨਾਂ ਲਈ ਕਿਹੜਾ ਵਕਤ ਠੀਕ ਰਹੇਗਾ ? ਉਹ ਬੋਲੇ, 'ਪਰਸੋਂ ਸਵੇਰੇ, ਤਕਰੀਬਨ ਨੌਂ ਵਜੇ।"
ਮੈਂ ਕਿਹਾ, "ਠੀਕ ਹੈ, ਮੈਂ ਸਾਢੇ ਨੌਂ ਵਜੇ ਦਾ ਟਾਈਮ ਲੈ ਲੈਨੀ ਆਂ ਤੇ ਨੌਂ ਵਜੇ ਤੁਹਾਡੇ ਕੋਲ ਪਹੁੰਚ ਜਾਵਾਂਗੀ।
ਇਸ ਫੋਨ ਦੀ ਮੇਰੇ ਲਈ ਬਹੁਤ ਅਹਿਮੀਅਤ ਸੀ। ਹੁਣ ਮੈਨੂੰ ਉਸ ਸ਼ਖਸ ਨੂੰ ਨੇੜਿਉਂ ਵੇਖਣ ਦਾ ਅਵਸਰ ਮਿਲ ਰਿਹਾ ਸੀ ਜਿਸਨੂੰ ਮੈਂ ਬਚਪਨ ਤੋਂ ਹੀ ਸਲਾਹੁੰਦੀ ਸਾਂ, ਜਿਸਦੇ ਲਿਖੇ ਹੋਏ ਗੀਤ ਮੈਂ ਗਾਏ ਸਨ, ਜਿਸ ਦੀਆਂ ਲਿਖੀਆਂ ਕਿਤਾਬਾਂ ਮੈਂ ਪੜ੍ਹੀਆਂ ਸਨ, ਜਿਸਦੇ ਵਿਵਾਦ ਮੈਂ ਸੁਣੇ ਸਨ ਅਤੇ ਜਿਸਦੇ ਵਿਚਾਰਾਂ ਉੱਪਰ ਮੈਂ ਸਾਹਿਤਕ ਗੋਸ਼ਟੀਆਂ ਵਿਚ ਬਹਿਸ-ਮੁਬਾਸਾ ਕੀਤਾ ਸੀ।
ਮੈਂ ਆਪਣੀ ਕਾਰ ਨੂੰ ਜਾਂਚ ਲਈ ਭੇਜਿਆ। ਮੈਂ ਹਰ ਕੀਮਤ ਉਤੇ ਇਹ ਚਾਹੁੰਦੀ ਸਾਂ ਕਿ ਟਰੈਫਿਕ ਵਿਚ ਫਸੇ ਤੋਂ ਬਿਨਾਂ ਹੀ ਮੁਲਾਕਾਤ ਲਈ ਵਕਤ ਸਿਰ ਪਹੁੰਚ ਜਾਵਾਂ। ਮੈਂ ਉਸ ਦਿਨ ਸਵੇਰੇ ਵੀ ਫ਼ੋਨ ਕਰਕੇ ਪੱਕਾ ਕਰ ਲਿਆ ਕਿ ਉਹਨਾਂ ਦੀ ਸਿਹਤ ਠੀਕ ਹੈ ਅਤੇ ਉਹ ਨੇਚਰੋਪੈਥ ਵੱਲ ਜ਼ਰੂਰ ਜਾਣਗੇ। ਇਮਰੋਜ਼ ਜੀ ਨੇ ਜਦੋਂ ਇਹ ਦੱਸਿਆ ਕਿ ਉਹ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਮੇਰੀ ਤਸੱਲੀ ਹੋ ਗਈ।