ਫਿਰ ਕੁਝ ਰੁਕ ਕੇ ਕਹਿਣ ਲੱਗੇ, "ਇਹ ਆਪਣੀ ਦੇਖਭਾਲ ਲਈ ਕਿਸੇ ਹੋਰ ਨੂੰ ਨੇੜੇ ਨਹੀਂ ਆਉਣ ਦਿੰਦੀ।”
ਅੰਮ੍ਰਿਤਾ ਜੀ ਦੀ ਸਰੀਰਕ ਸ਼ਕਤੀ ਦਿਨ-ਬਦਿਨ ਘਟ ਰਹੀ ਸੀ ਅਤੇ ਇਮਰੋਜ ਉਤੇ ਉਹਨਾਂ ਦੀ ਨਿਰਭਰਤਾ ਵਧਦੀ ਜਾ ਰਹੀ ਸੀ। ਉਹਨਾਂ ਦਾ ਇਕ ਦੂਸਰੇ ਲਈ ਹੋਣਾ ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲਾ ਅਨੁਭਵ ਸੀ। ਇਕ ਦੂਸਰੇ ਦੇ ਨਾਲ ਨਾਲ, ਇਕ ਦੂਸਰੇ ਦੇ ਸਾਹਮਣੇ, ਇਕੱਠੇ ਖਾਣਾ ਖਾਂਦੇ ਹੋਏ, ਇਕ ਦੂਜੇ ਨੂੰ ਖਵਾਉਦੇ ਹੋਏ, ਇਮਰੋਜ਼ ਜੀ ਅੰਮ੍ਰਿਤਾ ਜੀ ਦੀ ਦੇਖ ਭਾਲ ਵਿਚ ਲੀਨ, ਕਦੀ ਗੱਲਾਂ ਕਰਦੇ ਹੋਏ, ਕਦੀ ਚੁੱਪ-ਗੜੁਪ, ਕਦੀ ਕਿਸੇ ਸੋਚ ਵਿਚ, ਖਿਆਲਾਂ ਵਿਚ, ਖਿਲਾਅ ਨੂੰ ਘੂਰਦੇ, ...ਮੈਂ ਉਹਨਾਂ ਦੀ ਰੂਹ ਨੂੰ ਟੁਕੜਿਆਂ ਵਿਚ ਵੇਖਿਆ ਸੀ ਅਤੇ ਮਹਿਸੂਸ ਕੀਤਾ ਸੀ।
ਅੰਮ੍ਰਿਤਾ ਜੀ ਆਪਣੀਆਂ ਕਹਾਣੀਆਂ ਵਿਚ ਅਤੇ ਆਪਣੇ ਨਾਵਲਾਂ ਦੇ ਕਿਰਦਾਰਾਂ ਵਿਚ ਖੁਦ ਹੀ ਯਾਤ੍ਰੀ ਦੀ 'ਸੁੰਦਰਨ' ਬਣ ਜਾਂਦੇ ਹਨ। 'ਇਕ ਸਵਾਲ’ ਵਿਚ ਨਾਇਕ ਦੀ ਮਾਂ ਅਤੇ ਧੀ ਬਣ ਜਾਂਦੇ ਹਨ। ਨਾਇਕ ਦੇ ਪਿਤਾ ਨਾਲ ਵਿਆਹ ਹੋ ਜਾਣ ਕਾਰਨ ਉਹ ਨਾਇਕ ਦੀ ਮਾਂ ਬਣ ਜਾਂਦੇ ਹਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਨਾਇਕ ਉਹਨਾਂ ਦਾ ਵਿਆਹ ਉਹਨਾਂ ਦੇ ਮਨਚਾਹੇ ਵਿਅਕਤੀ ਨਾਲ ਕਰਵਾ ਦਿੰਦਾ ਹੈ ਤੇ ਉਦੋਂ ਉਹ ਉਸ ਦੀ ਧੀ ਬਣ ਜਾਂਦੇ ਹਨ।
'ਅੱਕ ਦਾ ਬੂਟਾ' ਦੀ ਕਹਾਣੀ ਵਿਚ ਨਾਇਕ ਦੇ ਅਨੁਭਵ ਵਿਚ ਉਹਨਾਂ ਦਾ ਆਪਣਾ ਅਨੁਭਵ ਲੁਕਿਆ ਹੋਇਆ ਹੈ ਜੋ ਦਸਦਾ ਹੈ ਕਿ ਕਿਸ ਤਰ੍ਹਾਂ ਮਨੁੱਖ ਦੀ ਰੂਹ ਫੈਲਦੀ ਹੈ, ਵਿਸਥਾਰ ਹਾਸਲ ਕਰਦੀ ਹੈ, ਵੈਸੇ ਹੀ ਜਿਵੇਂ ਮੈਂ ਖੁਦ ਅੰਮ੍ਰਿਤਾ ਬਣ ਜਾਂਦੀ ਹਾਂ ਅਤੇ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਕੇ ਖੁਦ ਹੀ ਰੋਣ ਲੱਗ ਪੈਂਦੀ ਹਾਂ। ਨਾਇਕ ਦੀ ਗੁੰਮ ਹੋ ਗਈ ਭੈਣ ਦੀ ਯਾਦ 'ਅੱਕ ਦਾ ਬੂਟਾ' ਵਿਚ ਅੱਤ ਦੀ ਸਰਦੀ ਵਿਚ ਬੁੱਢੇ ਆਦਮੀ ਦੀ ਰਜਾਈ ਬਣ ਜਾਂਦੀ ਹੈ।
ਕਿਸ ਤਰ੍ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਸਾਰੇ ਕੁਦਰਤ ਦੇ ਇਕੋ ਹੀ ਧਾਗੇ ਵਿਚ ਬੱਝੇ ਹੋਏ ਹਾਂ। ਇਮਰੋਜ ਜੀ ਤੇ ਅੰਮ੍ਰਿਤਾ ਜੀ ਵੀ ਸ਼ਾਇਦ ਉਸੇ ਧਾਗੇ ਵਿਚ ਬੱਝੇ ਹੋਏ ਸੀ। ਉਹ ਧਾਗਾ ਨਾ ਮੈਲਾ ਹੋਇਆ ਤੇ ਨਾ ਟੁੱਟਿਆ। ਚਾਲੀ ਸਾਲ ਬੀਤ ਗਏ। ਉਹ ਦੋਵੇਂ ਅਜੇ ਤਕ ਉਸੇ ਪਿਆਰ ਦੇ ਧਾਗੇ ਵਿਚ ਬੱਝੇ ਹੋਏ ਸਨ। ਇਕ ਇਹੋ ਜਿਹੇ ਪਿਆਰ ਦੇ ਰਿਸ਼ਤੇ ਵਿਚ ਜਿਸ ਰਿਸ਼ਤੇ ਨੂੰ ਸਮਾਜਿਕ ਮੰਨਜੂਰੀ ਦੀ ਲੋੜ ਹੀ ਨਹੀਂ ਸੀ।
ਕਦੀ ਕਦੀ ਮੈਨੂੰ ਇਮਰੋਜ਼ ਜੀ ਦੀ ਪੇਂਟਿੰਗ ਵਿਚ ਅਤੇ ਅੰਮ੍ਰਿਤਾ ਜੀ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਨਾਵਲਾਂ ਦੇ ਕਿਰਦਾਰਾਂ ਵਿਚ ਇਕ ਖ਼ਾਸ ਰਿਸ਼ਤਾ ਵਿਖਾਈ ਦਿੰਦਾ ਹੈ। ਹਰ ਵਾਰ ਅੰਮ੍ਰਿਤਾ ਜੀ ਨਾਲ ਮਿਲਣ ਅਤੇ ਉਹਨਾਂ ਨਾਲ ਗੱਲਾਂ ਕਰਨ ਤੋਂ ਪਿੱਛੋਂ ਮੈਨੂੰ ਉਹਨਾਂ ਵਿਚ ਉਹਨਾਂ ਦੀ ਲੇਖਣੀ ਦੀ ਜਿਉਂਦੀ-ਜਾਗਦੀ ਝਲਕ ਵਿਖਾਈ ਦਿੰਦੀ ਹੈ ਅਤੇ ਦਿਸਦੇ ਨੇ ਉਹ ਕਿਰਦਾਰ ਜਿਹੜੇ ਉਹਨਾਂ ਆਪਣੇ ਸਾਹਿਤ ਵਿਚ ਰਚੇ। ਇਕ ਨਵਾਂ ਅਰਥ ਮਿਲਦਾ ਹੈ ਉਹਨਾਂ ਦੀਆਂ ਨਜ਼ਮਾਂ ਅਤੇ ਗੀਤਾਂ ਵਿਚੋਂ, ਜਿਹੜੀਆਂ ਉਹਨਾਂ ਲਿਖੀਆਂ ਤੇ ਮੈਂ ਗਾਈਆਂ।