੧੩. ਲੜਕੇ ਲੜਕੀ ਦਾ ਘਰ :- ਗੁਰਸਿੱਖਾਂ ਵਾਸਤੇ ਲੜਕੀ ਦਾ ਘਰ ਹੋਵੇ ਜਾਂ ਲੜਕੇ ਦਾ, ਦੋਵੇਂ ਬਰਾਬਰੀ ਦਾ ਸਥਾਨ ਰੱਖਦੇ ਹਨ । ਨਾ ਹੀ ਲੜਕੇ ਵਾਲਿਆਂ ਦਾ ਸਿਰ ਉੱਚਾ ਹੈ ਅਤੇ ਨਾ ਹੀ ਲੜਕੀ ਵਾਲਿਆਂ ਦਾ ਨੀਵਾਂ, ਬਲਕਿ ਦੋਨਾਂ ਪਰਿਵਾਰਾਂ ਦੇ ਮਿਲਾਪ ਤੋਂ ਇਕ ਨਵੇਂ ਪਰਵਾਰ ਨੇ ਜਨਮ ਲੈਣਾ ਹੈ । ਲੜਕੀ ਵਾਸਤੇ ਲੜਕੇ ਦੇ ਮਾਂ-ਬਾਪ, ਭੈਣ-ਭਰਾ, ਸਬੰਧੀ ਇਸੇ ਤਰ੍ਹਾਂ ਸਤਿਕਾਰ ਯੋਗ ਅਤੇ ਪਿਆਰ ਯੋਗ ਹਨ ਜਿਸ ਤਰ੍ਹਾਂ ਕਿ ਆਪਣੇ ਅਤੇ ਇਸੇ ਤਰ੍ਹਾਂ ਲੜਕੇ ਵਾਸਤੇ ਲੜਕੀ ਦੇ ।
ਲੜਕੀ ਵਾਲਿਆਂ ਵਾਸਤੇ ਜ਼ਰੂਰੀ ਨਹੀਂ ਕਿ ਜਦੋਂ ਕਦੋਂ ਕੋਈ ਤਿਉਹਾਰ ਹੋਵੇ, ਲੜਕੀ ਘਰ ਆਵੇ ਜਾਂ ਉਹ ਕੁੜਮਾਂ ਦੇ ਜਾਣ ਤਾਂ ਕੋਈ ਵਸਤੂ ਹੱਥ ਵਿੱਚ ਕੋਈ ਫਲ, ਮਠਿਆਈ ਜਾਂ ਰੁਪਏ ਆਦਿ ਦੇਣ । ਲੜਕੀ ਦੇ ਮਾਂ-ਬਾਪ, ਲੜਕੀ ਦੇ ਘਰ ਮਿਲਣ ਜਾਂ ਕਿਸੇ ਸਬੰਧ ਵਿੱਚ ਜਾਣ ਤਾਂ ਲੰਗਰ-ਪਾਣੀ ਛੱਕਣ ਤੋਂ ਵੀ ਪਰਹੇਜ਼ ਨਹੀਂ ਕਰਨਾ । ਕਿਉਂਕਿ ਲੰਗਰ ਗੁਰੂ ਦਾ ਹੈ ਅਤੇ ਉਹ ਸਾਰੇ ਇਕ ਗੁਰਸਿੱਖ ਪਰਵਾਰ ਦੇ ਮੈਂਬਰ ਹਨ ।
ਲੜਕੇ ਨੇ ਵੀ ਇਹ ਸੋਚ ਕੇ ਸੌਹਰੇ ਘਰ ਨਹੀਂ ਜਾਣਾ ਕਿ ਉਹ ਜੁਆਈ ਹੋਣ ਦੇ ਨਾਤੇ ਵਿਸ਼ੇਸ਼ ਮਾਨ ਸਤਿਕਾਰ ਦਾ ਹੱਕ ਰੱਖਦਾ ਹੈ, ਬਲਕਿ ਇਕ ਪਰਿਵਾਰਿਕ ਮੈਂਬਰ ਦੇ ਤੌਰ ਤੇ ਹੀ ਜਾਣਾ ਅਤੇ ਮਿਲ ਬੈਠਣਾ ਹੈ ਜਿਸ ਤੋਂ ਪਰਿਵਾਰਾਂ ਵਿੱਚ ਸੱਚੇ ਪਿਆਰ ਦੀ ਨੀਂਹ ਪੱਕੀ ਹੋਵੇ
੧੪. ਘੁੰਡ :- ਅਨੰਦ-ਕਾਰਜ ਉਪਰੰਤ ਲੜਕੀ ਨੂੰ ਨੂੰਹ ਸਮਝ ਕੇ ਘੁੰਡ ਨਹੀਂ ਕਢਵਾਣਾ । ਸਿੱਖੀ ਨਾਲ ਘੁੰਡ ਦਾ ਕੋਈ ਤਾਲੁਕ ਨਹੀਂ ।
੧੫. ਤਿਉਹਾਰ :- ਕੇਵਲ ਸਿੱਖ ਤਿਉਹਾਰ ਹੀ ਮਨਾਉਣੇ ਹਨ ਜੋ ਗੁਰਪੁਰਬ, ਖਾਲਸਾ ਸਾਜਨਾ ਦਿਵਸ ਵਜੋਂ ਵਿਸਾਖੀ ਅਤੇ ਸਿੱਖ ਸੂਰਮਿਆਂ, ਸ਼ਹੀਦਾਂ ਅਤੇ ਸਿੱਖ ਇਤਿਹਾਸਕ ਵਿਅਕਤੀਆਂ ਨਾਲ ਸਬੰਧਤ ਦਿਵਸ ਹਨ। ਰੱਖੜੀ, ਟਿੱਕਾ, ਲੋਹੜੀ, ਕਰਵਾ ਚੌਥ ਜਾਂ ਕੋਈ ਹੋਰ ਵਰਤ, ਕੰਜਕਾਂ, ਨਵਰਾਤਰੇ, ਸਰਾਧ, ਗੁਗਾ ਪੂਜਾ, ਸੰਗਰਾਂਦ, ਮੱਸਿਆ, ਪੂਰਨਮਾਸੀ ਆਦਿ ਅਨਮਤੀ ਅਤੇ ਗੁਰਮਤਿ ਵਿਰੋਧੀ ਤਿਉਹਾਰ ਅਤੇ ਦਿਹਾੜੇ ਹਨ, ਜੋ ਨਹੀਂ ਮਨਾਉਣੇ ।
੧੬. ਪਰਿਵਾਰਕ ਵਾਧਾ :- ਗ੍ਰਿਹਸਥ ਮਾਰਗ ਵਿੱਚ ਪ੍ਰਵੇਸ਼ ਤੋਂ ਬਾਅਦ, ਅਕਾਲ ਪੁਰਖ ਦੇ ਹੁਕਮ ਵਿੱਚ ਅਤੇ ਉਸਦੀ ਬਖਸ਼ਿਸ਼ ਸਦਕਾ ਜੋ ਕੁਝ ਵੀ ਪਰਿਵਾਰਕ ਵਾਧਾ ਹੁੰਦਾ ਹੈ, ਜਨਮ ਲੜਕੀ ਦਾ ਹੋਵੇ ਜਾਂ ਲੜਕੇ ਦਾ, ਉਸ ਨੂੰ ਸ਼ੁਕਰਾਨੇ ਵਜੋਂ ਇਕੋ ਰੂਪ ਵਿਚ ਪਰਵਾਨ ਕਰਨਾ ਹੈ । ਲੜਕੇ ਦੇ ਜਨਮ ਸਮੇਂ ਉਚੇਚੀ ਖੁਸ਼ੀ, ਲੜਕੇ ਦੇ ਜਨਮ ਵਾਸਤੇ ਉਚੇਰੀਆਂ ਅਰਦਾਸਾਂ, ਲੜਕੀ ਦੇ ਜਨਮ ਸਮੇਂ ਸਿਰ ਨੀਵਾਂ ਸਿਟ ਲੈਣ ਦੇ, ਅਨਮਤੀ ਮਾੜੇ ਪ੍ਰਭਾਵਾਂ ਨੂੰ ਕੋਈ ਥਾਂ ਨਹੀਂ ਦੇਣੀ ।