੧੭. ਤਲਾਕ :- ਆਮ ਹਾਲਤਾਂ ਵਿਚ ਤਲਾਕ ਲਈ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ । ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਪ੍ਰਣ ਤੋੜਨ ਵਾਲੇ ਗੁਰੂ ਦੇ ਦੇਣਦਾਰ ਹਨ ।
੧੮. ਪੁਨਰ ਵਿਆਹ :- ਅਨੰਦ ਕਾਰਜ ਉਪਰੰਤ, ਲੜਕੀ ਜਾਂ ਲੜਕੇ ਵਿਚੋਂ ਜੇ ਕੋਈ ਅਕਾਲ ਚਲਾਣਾ ਕਰ ਜਾਵੇ ਤਾਂ ਲੜਕੀ ਜਾਂ ਲੜਕੇ ਵਾਸਤੇ ਦੋਬਾਰਾ ਅਨੰਦ ਕਾਰਜ ਦਾ ਦੋਨਾਂ ਨੂੰ ਇਕੋ ਜਿਹਾ ਹੱਕ ਹੈ । ਸਤੀ-ਪ੍ਰਥਾ ਜਾਂ ਵਿਧਵਾ ਆਡੰਬਰਾਂ ਦੀ ਗੁਰੂ-ਘਰ ਵਿਚ ਕੋਈ ਆਗਿਆ ਨਹੀਂ। ਪੁਨਰ-ਵਿਆਹ ਦਾ ਠੀਕ ਉਹੀ ਢੰਗ ਹੈ ਜੋ ਅਨੰਦ ਕਾਰਜ ਦਾ ।
ਉਪਰੋਕਤ ਵੀਚਾਰਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਵਿਆਹ ਧਰਮ, ਨੇਕੀ, ਜੱਤ ਸੱਤ ਤੇ ਕੁਰਬਾਨੀ ਦੀ ਆਦਰਸ਼ਕ ਜੀਵਨ-ਜਾਚ ਦਾ ਜਾਮਨ ਹੈ । ਸਿੱਖੀ ਮਾਰਗ ਵਿਭਚਾਰੀਆਂ, ਵਿਕਾਰੀਆਂ, ਲੋਭੀਆਂ ਤੇ ਲੰਪਟਾਂ ਦਾ ਮਾਰਗ ਨਹੀਂ, ਇਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਦਿਕ ਆਸ਼ਕਾਂ ਅਤੇ ਕਾਮ, ਕਰੋਧ, ਲੋਭ, ਮੋਹ, ਅਹੰਕਾਰ-ਜੇਤੂ, ਸਾਈਂ ਦੇ ਪਹਿਲਵਾਨਾਂ ਦਾ ਪੰਥ ਹੈ । ਸ਼ਹਾਦਤ ਵਜੋਂ ਅਬਦਾਲੀ ਨਾਲ ਆਏ ਬਿਰਧ ਬਲੋਚ ਮੌਲਵੀ ਇਤਿਹਾਸਕਾਰ, ਕਾਜ਼ੀ ਨੂਰ ਮੁਹੰਮਦ ਦੇ ਲੰਮੇ ਚੌੜੇ ਬਿਆਨ ਵਿਚੋਂ ਇਹ ਦੋ ਸਤਰਾਂ ਹੀ ਕਾਫੀ ਹਨ –
ਜਨਾਹਮ ਨ ਬਾਸ਼ਦ ਮਿਆਨੇ ਸਗਾ ।
ਨ ਦੁਜਦੀ ਬਵਦ ਕਾਰੇ ਈ ਬਦਰਗਾਂ ।
(ਭਾਵ :- 'ਇਹਨਾਂ ਕੁੱਤਿਆਂ (ਸਿੰਘਾਂ) ਦੇ ਟੋਲੇ ਅੰਦਰ ਕੋਈ ਵਿਭਚਾਰੀ ਨਹੀਂ ਹੁੰਦਾ ਅਤੇ ਨਾਂ ਹੀ ਇਹ, ਮਾਝੀ ਖਸਲਤ ਵਾਲੇ, ਚੋਰੀ ਕਰਨਾ ਜਾਣਦੇ ਹਨ। ਵੇਖੋ, ਘਿਰਣਾ ਤੇ ਤੁਅੱਸਬ ਨਾਲ ਨੱਕੋ ਨੱਕ ਭਰੇ ਹੋਣ ਦੇ ਬਾਵਜੂਦ ਉਹ ਸਿੰਘਾਂ ਦੇ ਆਦਰਸ਼ਕ ਆਚਰਣ ਦੇ ਗੁਣ ਗਾਉਣੇ ਨਹੀਂ ਰਹਿ ਸਕਿਆ)
ਮੁੱਕਦੀ ਗੱਲ, ਜਿਥੇ ਅਨਮਤਾਂ ਵਿੱਚ ਵਿਆਹ ਦਾ ਮੰਤਵ ਕੇਵਲ ਭੋਗ ਬਿਲਾਸ, ਮੌਜ ਮੇਲਾ, ਰੂਪਕ ਖਿੱਚ ਜਾਂ ਸੰਤਾਨ-ਉਤਪਤੀ ਮਿਥਿਆ ਗਿਆ ਹੈ ਉਥੇ ਅਨੰਦ-ਵਿਆਹ ਸਦੀਵੀ ਅਨੰਦ (perpetual bliss) ਦਾ ਜਾਮਨ ਹੈ । ਇਸ ਦੀ ਅਧਾਰ-ਸ਼ਿਲਾ, ਵਚਨ-ਬਧ ਹੋ ਕੇ, 'ਸਚੇ ਆਚਾਰ' ਦੇ ਧਾਰਨੀ ਹੋਣਾ ਹੈ । ਸੱਚੇ ਸੁੱਚੇ ਆਚਾਰ ਤੇ ਸਵੱਛ ਵੀਚਾਰ ਤੋਂ ਹੀ ਇਤਬਾਰ, ਸਤਿਕਾਰ ਤੇ ਪਿਆਰ ਉਪਜੇਗਾ ਅਤੇ ਜਿਥੇ 'ਨਿਰਮਲ' ਪਿਆਰ ਹੈ ਉਥੇ ਰੱਬ ਆਪ ਵਸਦਾ ਹੈ ।