ਅਰਥ- ਹੇ ਪ੍ਰਭੂ ਜੀ ! ਮੈਂ ਤੈਥੋਂ ਸਦਕੇ ਹਾਂ । ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸਚੇ ਕਰਾਇਆ ਹੈ। ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਦਾ ਵੇਦ ਹੈ । ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾਂ ਦਾ ਨਾਮ ਸਿਮਰਨ ਦਾ ਧਰਮ ਆਪਣੇ ਹਿਰਦੇ ਵਿਚ ਪੱਕਾ ਕਰੋ, ਨਾਮ ਸਿਮਰਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ । ਹੇ ਭਾਈ! ਪਰਮਾਤਮਾਂ ਦਾ ਨਾਮ ਸਿਮਰਦੇ ਰਹੋ, ਮਨੁੱਖਾ ਜੀਵਨ ਦਾ ਇਹ ਧਰਮ ਆਪਣੇ ਅੰਦਰ ਪੱਕਾ ਕਰ ਲਵੋ। ਗੁਰੂ ਨੇ ਜੋ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤ ਦਾ ਉਪਦੇਸ਼ ਹੈ । ਹੇ ਭਾਈ! ਪੂਰੇ ਗੁਰੂ ਦੇ ਇਸ ਉਪਦੇਸ਼ ਨੂੰ ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ ਇਸ ਦੀ ਬਰਕਤਿ ਨਾਲ ਦੂਰ ਹੋ ਜਾਂਦੇ ਹਨ ।
ਹੇ ਭਾਈ ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾਂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾਂ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ । ਹਰਿ-ਨਾਮ ਸਿਮਰਨ ਤੋਂ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦਾ ਮੁੱਢ ਬੱਝਦਾ ਹੈ ।
ਹਰਿ ਦੂਜੜੀ ਲਾਵ, ਸਤਿਗੁਰੁ ਪੁਰਖੁ ਮਿਲਾਇਆ, ਬਲਿਰਾਮ ਜੀਉ।।
ਨਿਰਭਉ ਭੈ ਮਨੁ ਹੋਇ, ਹਉਮੈ ਮੈਲੁ ਗਵਾਇਆ, ਬਲਿਰਾਮ ਜੀਉ।।
ਨਿਰਮਲੁ ਭਉ ਪਾਇਆ, ਹਰਿਗੁਣ ਗਾਇਆ, ਹਰਿ ਵੇਖੈ ਰਾਮੁ ਹਦੂਰੇ ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ, ਮਿਲਿ ਹਰਿ ਜਨ ਮੰਗਲ ਗਾਏ ।।
ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸਬਦ ਵਜਾਏ ॥੨॥
ਪਦ ਅਰਥ : ਹਰਿ ਦੂਜੜੀ ਲਾਵ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਦੂਜੀ ਸੋਹਣੀ ਲਾਂਵ । ਸਤਿਗੁਰੁ ਪੁਰਖੁ ਮਿਲਾਇਆ-ਪ੍ਰਭ ਨੇ ਜੀਵ-ਇਸਤ੍ਰੀ ਨੂੰ ਗੁਰੂ ਮਹਾਂ ਪੁਰਖ ਮਿਲਾ ਦਿਤਾ । ਬਲਿਰਾਮ ਜੀਉ- ਹੇ ਪ੍ਰਭੂ ਜੀ! ਤੈਥੋਂ ਸਦਕੇ ਹਾਂ । ਭੈ-ਦੁਨੀਆ ਦੇ ਸਾਰੇ ਡਰਾਂ ਤੋਂ । ਨਿਰਭਉ-ਨਿਡਰ । ਹੋਇ-ਹੋ ਜਾਂਦਾ ਹੈ । ਗਵਾਇਆ-ਗੁਰੂ ਦੂਰ ਕਰ ਦੇਂਦਾ ਹੈ । ਭਉ-ਡਰ । ਨਿਰਮਲ ਭਉ-ਪਵਿਤਰ ਡਰ, ਅਦਬ ਸਤਕਾਰ । ਵੇਖੋ-ਵੇਖਦੀ ਹੈ। ਹਦੂਰੇ-ਹਾਜ਼ਰ ਨਾਜ਼ਰ, ਅੰਗ ਸੰਗ । ਆਤਮ ਰਾਮੁ ਪਸਾਰਿਆ-ਪ੍ਰਭੂ ਆਪਣੇ ਆਪ ਦਾ ਪਸਾਰਾ ਪਸਾਰ ਰਿਹਾ ਹੈ। ਸਰਬ-ਸਭ ਜੀਵਾਂ ਵਿਚ । ਭਰਪੂਰੇ-ਵਿਆਪਕ ।ਏਕੋ-ਇਕ ਹੀ। ਮਿਲਿ ਹਰ ਜਨ-ਸੰਤ ਜਨਾ ਨਾਲ ਮਿਲ ਕੇ, ਸਾਧ ਸੰਗਤਿ ਵਿਚ ਮਿਲਿ ਕੇ। ਮੰਗਲ-ਸਿਫਤਿ ਸਲਾਹ ਦੇ ਗੀਤ ।ਚਲਾਈ-ਤੋਰ ਦਿੱਤੀ । ਅਨਹਦ-ਇਕ ਰਸ ਬਿਨਾਂ ਵਜਾਇਆ। ਸ਼ਬਦ ਵਜਾਏ-ਸਿਫਤਿ ਸਲਾਹ ਦੀ ਬਾਣੀ ਦੇ ਮਾਨੋ, ਵਾਜੇ ਵਜਾ ਦੇਂਦਾ ਹੈ ।੨।