ਹਿੰਦੂ ਸ਼ਾਸਤ੍ਰ ਅਨੁਸਾਰ ਨਰੀਨਾ ਔਲਾਦ (ਲੜਕੇ) ਨੂੰ ਹੀ ਔਲਾਦ ਮੰਨਿਆ ਗਿਆ ਹੈ, ਲੜਕੀ ਨੂੰ ਨਹੀਂ । ਕਾਰਨ ? ਮਾਤਾ ਪਿਤਾ ਦੇ ਪਰਲੋਕ ਸਿਧਾਰਨ ਉਪਰੰਤ, ਪਿਤਰ ਕਿਰਿਆ ਆਦਿ ਪੁੱਤਰ ਹੀ ਭਰਵਾ ਤੇ ਕਰਵਾ ਸਕਦਾ ਹੈ, ਕੰਨਿਆ ਨਹੀਂ। ਸੋ ਏਸ ਤਰ੍ਹਾਂ ਪੁੱਤਰ ਸੁਰਗਵਾਸ ਹੋਏ ਮਾਤਾ ਪਿਤਾ ਨੂੰ ਰਾਹ ਵਿੱਚ ਪੈਂਦੀ ਬਿਖਮ ਬੈਤਰਨੀ ਨਦੀ ਪਾਰ ਕਰਨ ਤੇ ਮੋਖਸ਼ ਪ੍ਰਾਪਤ ਕਰਨ ਵਿਚ ਸਹਾਈ ਹੋ ਸਕਦਾ ਹੈ । ਏਥੋਂ ਤੱਕ ਕਿ ਇਸਤ੍ਰੀ ਨੂੰ ਨਰੀਨਾ ਔਲਾਦ ਨਿਯੋਗ ਰਾਹੀਂ, ਪਰਾਏ ਮਰਦਾਂ ਤੋਂ ਵੀ ਪ੍ਰਾਪਤ ਕਰਨ ਦੀ ਖੁਲ੍ਹ ਹੈ।
ਬ੍ਰਾਹਮਣ ਵੱਲੋਂ ਪ੍ਰਚਾਰੀ ਨਿਵਿਰਤੀ ਅਥਵਾ ਤਿਆਗ-ਬਿਰਤੀ ਦਾ ਸਿੱਟਾ ਇਹ ਨਿਕਲਿਆ ਕਿ ੨੫ ਸਾਲ ਗ੍ਰਹਿਸਥ-ਆਸ਼ਰਮ ਵਿਚ ਵਿਚਰਨ ਉਪਰੰਤ ਬਾਨ-ਪ੍ਰਸਤੀ ਤੇ ਸੰਨਿਆਸੀ ਹੋਣ ਨਾਲੋਂ ਮੋਕਸ ਦੇ ਅਭਿਲਾਸ਼ੀ ਲੋਕਾਂ ਨੇ ਬ੍ਰਹਮਚਰੀਆ ਉਪਰੰਤ ਸਿੱਧਾ ਹੀ ਸੰਨਿਆਸੀ ਬਣਨਾ ਉਚਿਤ ਜਾਤਾ । ਭਗਤਾਂ ਦੀ ਕਿਰਤ-ਕਮਾਈ ਤੋਂ ਮਾਲ ਪੂੜਾ ਛਕਣ ਵਾਲੇ ਇਹਨਾਂ ਵਿਹਲੜਾਂ ਦੇ ਟਿਕਾਣਿਆਂ ਨੂੰ ਛਾਉਣੀਆਂ ਦੀ ਸੰਗਿਆ ਦਿੱਤੀ ਗਈ । ਜੇ ਕਿਤੇ ਕੋਈ ਜਰਵਾਣਾ ਕਿਸੇ ਅਬਲਾ ਨੂੰ ਜਬਰੀ ਚੁੱਕ ਕੇ ਲੈ ਜਾਂਦਾ ਅਤੇ ਸੇਵਕ ਇਨ੍ਹਾਂ ਪਾਸ ਆ ਕੇ ਦੁਖ ਰੋਂਦਾ, ਤਾਂ ਪੂਜਾ ਦਾ ਧਾਨ ਖਾ ਖਾ ਕੇ ਅਣਖ ਤੇ ਸਾਹਸਹੀਨ ਹੋ ਚੁੱਕੇ ਇਹ ਲੋਕ ਉਸ ਨੂੰ ਇਹ ਉਪਦੇਸ਼ ਦੇ ਕੇ ਪਰਚਾਅ ਛੱਡਦੇ ' ਭਗਤੋ ਜਗਤ ਇੱਕ ਭ੍ਰਾਂਤੀ ਹੈ, ਮੋਹ ਮਿਥਿਆ ਹੈ, ਸੁਪਨਾ ਹੈ, ਏਹ ਸਭ ਪੂਰਬਲੇ ਕਰਮੋਂ ਕਾ ਫਲ ਹੈ; ਈਹਾਂ ਕੌਣ ਕਿਸੀ ਕਾ ਹੈ ? ਧੀਰਜ ਕਰੋ ਰਾਮ ਰਾਮ ਬੋਲੋ, ਰਾਮ ਭਲੀ ਕਰੇਗਾ ।
ਪੂਜਾ ਦੇ ਧਾਨ ਨਾਲ ਬੇਜਾਨ, ਬੇਹਿੱਸ ਤੇ ਬੇਗੈਰਤ ਹੋ ਚੁੱਕੇ ਧੂੰਏ ਤਾਉਣ ਵਾਲੇ ਇਹ ਤੱਪੀ, ਇਹ ਕੀ ਜਾਨਣ ਕਿ ਕਿਸੇ ਦੀ ਧੀ-ਭੈਣ ਦੀ ਬੇ-ਪਤੀ ਤੇ ਨਿਰਾਦਰੀ ਦੀ ਪੀੜ ਕਿਸ ਬਲਾ ਦਾ ਨਾਮ ਹੈ ਅਤੇ ਇਹ ਅਣਖੀ ਮਰਦਾਂ ਲਈ ਕਿਤਨੀ ਅਸਹਿ ਹੁੰਦੀ ਹੈ ।
ਇਸਤ੍ਰੀ ਨੂੰ ਪ੍ਰਭੂ ਮਾਰਗ ਵਿਚ ਇਤਨਾ, ਬਾਧਕ ਅਪਵਿੱਤਰ ਤੇ ਘਿਰਣਤ ਸਮਝਿਆ ਜਾਣ ਲੱਗਾ ਕਿ ਕਾਗਜਾਂ ਦੀ ਬਣੀ ਅਬਲਾ ਤੱਕ ਨੂੰ ਵੀ ਤੱਕਣ ਦੀ ਮਨਾਹੀ ਕਰ ਦੇਣੀ ਉਚਿਤ ਸਮਝੀ ਗਈ-
ਕਾਗਦ ਸੰਦੀ ਪੂਤਲੀ ਤਊ ਨਾ ਤ੍ਰਿਆ ਨਿਹਾਰ । (ਗੁਸਾਈਂ ਤੁਲਸੀ ਦਾਸ)
ਮਰਦ ਦਾ ਔਰਤ ਉੱਤੇ ਇਹ ਅਧਿਕਾਰ ਤੇ ਅਯੋਗ ਗਲਬਾ ਏਥੋਂ ਤੱਕ ਵਧ ਚੁੱਕਾ ਸੀ ਕਿ ਉਹ ਇਸਤ੍ਰੀ ਨੂੰ ਹੋਰ ਮਾਇਕੀ ਪਦਾਰਥਾਂ ਵਾਂਗ ਇਕ ਨਿੱਜੀ ਜਾਇਦਾਦ ਸਮਝਦਾ ਸੀ ਅਤੇ ਇਸ ਨੂੰ ਬਾਕੀ ਪਦਾਰਥਾਂ ਵਾਂਗ ਬ੍ਰਾਹਮਣਾਂ ਨੂੰ ਦਾਨ ਵੀ ਕਰ ਦਿੰਦਾ ਸੀ । ਏਥੋਂ ਤੱਕ ਕਿ ਮਰਦ, ਰਾਜੇ ਨੱਲ ਤੇ ਪਾਂਡਵਾਂ ਵਾਂਗ ਆਪਣੀ ਇਸਤ੍ਰੀ ਨੂੰ ਜੂਏ ਦੇ ਦਾਅ ਉਤੇ ਲਾਉਣ ਤੇ ਹਾਰਣ ਦਾ ਹੱਕ ਵੀ ਰੱਖਦਾ ਸੀ । ਬ੍ਰਾਹਮਣ ਨੇ ਇਕ ਮਰਦ ਨੂੰ ਕਈ ਤੀਵੀਆਂ ਰੱਖਣ ਅਤੇ ਇੱਕ ਤੀਵੀ ਨੂੰ ਕਈ ਮਰਦਾਂ ਨਾਲ ਵਿਆਹ ਕਰਨ ਦਾ ਹੱਕ ਵੀ ਦੇ ਰੱਖਿਆ ਸੀ । ਇਸਤ੍ਰੀ ਨੂੰ ਸੂਦਰ ਹੋਣ ਦੇ ਨਾਤੇ ਯੱਗਯੋ-ਪਵੀਤ (ਜੇਨਊ) ਪਾਉਣ ਦਾ ਅਧਿਕਾਰ ਵੀ ਨਹੀਂ ਸੀ ।